ਅਸਲ ਕਾਰਣ ਕੀ ਹੋ ਸਕਦਾ ਹੈ ?

0
282

ਨਫਰਤ ਫੈਲਾਉਣ ਵਾਲੇ, ਨਸਲਕੁਸ਼ੀ ਦੀਆਂ ਧਮਕੀਆਂ ਦੇਣ ਵਾਲੇ ਸੁਧੀਰ ਸੂਰੀ ਦੇ ਕਤਲ ਨੂੰ ਪੰਜਾਬ ਪੁਲਿਸ ਵਲੋਂ “Hate crime” ਕਹਿਣ ਦਾ ਅਸਲ ਕਾਰਣ ਕੀ ਹੋ ਸਕਦਾ ਹੈ ?

ਸੂਰੀ ਦੇ ਕਤਲ ਦੀ ਪੜਤਾਲ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੇ ਇਸ ਨੂੰ ਹੇਟ ਕ੍ਰਾਈਮ ਜਾਣੀਕਿ ਨਫਰਤੀ ਅਪਰਾਧ ਕਿਹਾ ਹੈ। ਕੀ ਪੰਜਾਬ ਪੁਲੀਸ ਦੇ ਚੋਟੀ ਦੇ ਅਫ਼ਸਰਾਂ ਨੂੰ ਹੇਟ ਕ੍ਰਾਈਮ ਦਾ ਮਤਲਬ ਨਹੀਂ ਪਤਾ? ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਅਸਪਸ਼ਟਤਾ ਹੋਵੇ।

ਇੱਥੇ ਅਸੀਂ ਹੇਟ ਕ੍ਰਾਈਮ ਦੇ ਅਰਥਾਂ ਦਾ ਸਕਰੀਨ ਸ਼ਾਟ ਪਾ ਰਹੇ ਹਾਂ।

ਹੇਟ ਕ੍ਰਾਈਮ ਉਦੋਂ ਹੁੰਦਾ ਹੈ ਜਦੋਂ ਕਿਸੇ ਨੂੰ ਉਸ ਦੇ ਰੰਗ, ਨਸਲ, ਧਰਮ, ਜਾਤ, ਬੋਲੀ ਆਦਿ ਕਰਕੇ ਨਿਸ਼ਾਨਾ ਬਣਾਇਆ ਜਾਵੇ ਨਾ ਕਿ ਉਸ ਦੇ ਨਿੱਜੀ ਜਾਂ ਸਿਆਸੀ ਕਾਰਨਾਂ ਕਰਕੇ, ਜਿਵੇਂ ਨਵੰਬਰ 1984 ਵਿਚ ਸਿੱਖਾਂ ਨੂੰ ਦਿੱਲੀ ਅਤੇ ਮੁਲਕ ਦੇ ਹੋਰ ਹਿੱਸਿਆਂ ਵਿੱਚ ਬਣਾਇਆ ਗਿਆ ਸੀ। ਜਿਵੇਂ ਪਿਛਲੇ ਕੁਝ ਸਾਲਾਂ ਤੋਂ ਮੁਸਲਮਾਨਾਂ ਨੂੰ ਸਿਰਫ਼ ਉਨ੍ਹਾਂ ਦੀ ਪਛਾਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਂ ਜਿਵੇਂ ਪਾਕਿਸਤਾਨ ਜਾਂ ਅਫ਼ਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬਰਮਾ ਵਿੱਚ ਰੋਹਿੰਗੀਆ ਮੁਸਲਮਾਨ ਉੱਥੋਂ ਦੇ ਬੋਧੀ ਬਹੁਗਿਣਤੀ ਵੱਲੋਂ ਕੀਤੇ ਜਾਂਦੇ ਹੇਟ ਕ੍ਰਾਈਮ ਦਾ ਨਿਸ਼ਾਨਾ ਬਣਦੇ ਹਨ।
ਇਕ ਅੱਕੇ ਹੋਏ ਸਿੱਖ ਨੌਜਵਾਨ ਨੇ ਸੂਰੀ ਵੱਲੋ ਲਗਾਤਾਰ ਨਫ਼ਰਤ ਭਰੀ ਭੜਕਾਊ ਬਿਆਨਬਾਜ਼ੀ ਦੇ ਪ੍ਰਤੀਕਰਮ ਵਜੋਂ ਉਸਦਾ ਕਤਲ ਕਰ ਦਿੱਤਾ। ਇਹ ਕਤਲ ਸੂਰੀ ਦੀ ਧਾਰਮਿਕ ਪਛਾਣ ਕਰਕੇ ਨਹੀਂ ਹੋਇਆ। ਉਸ ਦੀ ਆਪਣੀ ਸ਼ਖ਼ਸੀਅਤ, ਜਿਹੜੀ ਕਿ ਨਫ਼ਰਤ ਨਾਲ ਲਬਾਲਬ ਭਰੀ ਹੋਈ ਸੀ, ਉਸ ਕਰਕੇ ਹੋਇਆ।

ਜਦੋਂ ਇਕ ਰਾਹੁਲ ਨਾਂ ਦਾ ਛੋਕਰਾ ਉਸ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਦੀ ਧਮਕੀ ਦੇ ਰਿਹਾ ਸੀ ਤਾਂ ਇਹ ਕੋਈ ਨਿਵੇਕਲੀ ਗੱਲ ਨਹੀਂ ਸੀ। ਉਹ ਸੂਰੀ ਦੀ ਹੀ ਭਾਸ਼ਾ, ਜਿਹੜੀ ਉਹ ਆਪਣੇ ਸਾਥੀਆਂ ਵਿੱਚ ਬਹਿ ਕੇ ਹੋਰ ਵੀ ਸਪਸ਼ਟ ਬੋਲਦਾ ਹੋਏਗਾ, ਉਸ ਨੂੰ ਦੁਹਰਾ ਰਿਹਾ ਸੀ। ਸੂਰੀ ਦੇ ਇਸ ਨਫ਼ਰਤੀ ਪ੍ਰਚਾਰ ਕਾਰਨ ਹੀ ਉਸ ਤੇ ਖਿਲਾਫ ਪੰਜ ਕੇਸ ਵੀ ਦਰਜ ਸਨ ਤੇ ਉਹ ਜੇਲ੍ਹ ਯਾਤਰਾ ਵੀ ਕਰ ਚੁੱਕਾ ਸੀ।
ਇਸ ਕਤਲ ਦੇ ਠੀਕ ਜਾਂ ਗਲਤ ਹੋਣ ਬਾਰੇ ਵੱਖ ਵੱਖ ਰਾਵਾਂ ਵੀ ਹੋ ਸਕਦੀਆਂ ਹਨ। ਕਈਆਂ ਨੂੰ ਇਹ ਗ਼ਲਤ ਵੀ ਲੱਗ ਸਕਦਾ ਹੈ। ਪਰ ਇਸ ਨੂੰ ਗ਼ਲਤ ਮੰਨਦਿਆਂ ਵੀ ਇਹ ਹੇਟ ਕ੍ਰਾਈਮ ਵਾਲੀ ਕੈਟੇਗਰੀ ‘ਚ ਨਹੀਂ ਆਉਂਦਾ।

ਜਾਪਦਾ ਹੈ ਕਿ ਜਦੋਂ ਇਸ ਕੇਸ ਵਿੱਚ ਕੋਈ ਵੱਡੀ ਸਾਜ਼ਿਸ਼ ਸਾਹਮਣੇ ਨਹੀਂ ਆਈ ਤੇ ਕੋਈ ਛੋਟਾ ਮੋਟਾ ਸਬੂਤ ਵੀ ਕਿਸੇ ਹੋਰ ਨੂੰ ਸ਼ਾਮਲ ਕਰਨ ਲਈ ਨਹੀਂ ਮਿਲਿਆ ਤਾਂ ਦਿੱਲੀਓਂ ਆਏ ਆਦੇਸ਼ਾਂ ‘ਤੇ ਪੁਲੀਸ ਅਫ਼ਸਰਾਂ ਨੇ ਇਸ ਨੂੰ ਹੇਟ ਕ੍ਰਾਈਮ ਕਹਿ ਦਿੱਤਾ। ਵੈਸੇ ਤਾਂ ਪੰਜਾਬ ਪੁਲੀਸ ਵਿੱਚ ਪਹਿਲਾਂ ਹੀ ਫਿਰਕੂ ਮਾਨਸਿਕਤਾ ਵਾਲੇ ਅਫਸਰ ਬੈਠੇ ਨੇ।

ਅੱਜ ਕੱਲ੍ਹ ਦੁਨੀਆਂ ਭਰ ਵਿੱਚ ਖ਼ਾਸ ਕਰਕੇ ਅਮਰੀਕਾ ਅਤੇ ਕੈਨੇਡਾ ਵਗੈਰਾ ਵਿੱਚ ਹਿੰਦੂਤਵੀਆਂ ਵਲੋਂ ਹੇਟ ਕ੍ਰਾਈਮ-ਦੰਗਿਆਂ, ਨਫ਼ਰਤੀ ਪ੍ਰਚਾਰ ਆਦਿ ਦਾ ਕਾਫੀ ਮੁੱਦਾ ਬਣ ਰਿਹਾ ਹੈ। ਹਿੰਦੂਤਵੀ ਇਸ ਗੱਲ ਤੋਂ ਕਾਫੀ ਪ੍ਰੇਸ਼ਾਨ ਹਨ।

ਇਕ ਪਾਸੇ ਉਹ ਇਹ ਚਾਹੁੰਦੇ ਨੇ ਕਿ ਉਹ ਮੁਲਕ ਵਿੱਚ ਆਪਣੇ ਹਿਸਾਬ ਨਾਲ ਘੱਟ ਗਿਣਤੀਆਂ ਦੇ ਕਤਲ, ਉਨ੍ਹਾਂ ਦੇ ਖ਼ਿਲਾਫ਼ ਨਫ਼ਰਤ ਜਾਂ ਉਨ੍ਹਾਂ ਨੂੰ ਦਬੱਲ ਕੇ ਰੱਖਣ ਦੇ ਆਪਣੇ ਇਰਾਦੇ ਪੂਰੇ ਕਰ ਸਕਣ ਪਰ ਦੂਜੇ ਪਾਸੇ ਦੁਨੀਆਂ ਵਿਚ ਇਸ ਗੱਲ ਦਾ ਰੌਲਾ ਵੀ ਨਹੀਂ ਪੈਣਾ ਚਾਹੀਦਾ।

ਹੇਟ ਕ੍ਰਾਈਮ ਦਾ ਇਹ ਜੁਮਲਾ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਤੇ ਉਥੇ ਦੀਆਂ ਸਰਕਾਰਾਂ ਨੂੰ ਪ੍ਰਭਾਵਤ ਕਰਨ ਲਈ ਲਈ ਘੜਿਆ ਹੈ।

ਇਸ ਦਾ ਦੂਜਾ ਮਕਸਦ ਮੁਲਕ ਭਰ ਵਿੱਚ ਸਿੱਖਾਂ ਨੂੰ ਹੋਰ ਬਦਨਾਮ ਕਰਨਾ ਅਤੇ ਪੰਜਾਬ ਵਿੱਚ ਉਨ੍ਹਾਂ ‘ਤੇ ਹੋਰ ਤਸ਼ੱਦਦ ਲਈ ਜ਼ਮੀਨ ਤਿਆਰ ਕਰਨਾ ਹੈ। ਨਾਲ ਹੀ ਬਾਹਰਲੇ ਸੂਬਿਆਂ ਵਿੱਚ ਰਹਿੰਦੇ ਸਿੱਖਾਂ ਨੂੰ ਹੋਰ ਦਹਿਸ਼ਤਜ਼ਦਾ ਕਰਨਾ ਅਤੇ ਉਨ੍ਹਾਂ ਦੀ ਅਸੁਰੱਖਿਆ ਨੂੰ ਬਲੈਕਮੇਲਿੰਗ ਲਈ ਵਰਤਣਾ ਹੈ।

ਹਿੰਦੂ ਅਤੇ ਸਿੱਖਾਂ ਵਿੱਚ ਨਵੇਂ ਸਿਰਿਓਂ ਫ਼ਿਰਕੂ ਨਫ਼ਰਤ ਖੜ੍ਹੀ ਕਰਨੀ, ਇਸ ਦਾ ਵੱਡਾ ਮਕਸਦ ਹੈ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਗਟਾਇਆ ਗਿਆ ਖ਼ਦਸ਼ਾ ਬਿਲਕੁਲ ਜਾਇਜ਼ ਹੈ।

ਇਸ ਖ਼ਿਲਾਫ਼ ਵੱਡੇ ਪੱਧਰ ‘ਤੇ ਆਵਾਜ਼ ਚੁੱਕਣ ਦੀ ਲੋੜ ਹੈ

ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੀ ਇਹ ਡਿਊਟੀ ਬਣਦੀ ਸੀ ਪਰ ਉਹ ਬੇਈਮਾਨੀ ਅਤੇ ਨਖਿੱਧਪੁਣੇ ਨਾਲ ਭਰੇ ਹੋਏ ਨੇ, ਨਾ ਉਨ੍ਹਾਂ ਨੂੰ ਇਸ ਗੱਲ ਦੀ ਸਮਝ, ਨਾ ਹੀ ਉਨ੍ਹਾਂ ਵਿੱਚ ਮਾੜੀ ਜਿਹੀ ਵੀ ਇਸ ਗੱਲ ਪ੍ਰਤੀ ਕੋਈ ਸੰਵੇਦਨਸ਼ੀਲਤਾ ਹੈ।

ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਵਕੀਲ ਸਾਹਿਬਾਨ, ਕਾਰਕੁੰਨ ਜਾਂ ਹੋਰ ਵਕੀਲਾਂ ਨੂੰ ਇਸ ਮਸਲੇ ‘ਤੇ ਪੰਜਾਬ ਪੁਲੀਸ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਇਹ ਕਤਲ ਹੇਟ ਕ੍ਰਾਈਮ ਦੀ ਕੈਟੇਗਰੀ ‘ਚ ਕਿਵੇਂ ਹੋਊ?

ਹੇਟ ਕ੍ਰਾਈਮ ਦਾ ਅਸਲੀ ਦੋਸ਼ੀ ਸੂਰੀ ਅਤੇ ਉਸਦੇ ਨਾਲ ਦੇ ਸਨ ਤੇ ਹਨ। ਨਸਲਕੁਸ਼ੀ ਦੀਆਂ ਧਮਕੀਆਂ ਦੇਣੀਆਂ, ਉਸ ਲਈ ਮਾਹੌਲ ਤਿਆਰ ਕਰਨਾ, ਵੱਡੇ ਹੇਟ ਕ੍ਰਾਈਮ ਹਨ, ਜੋ ਸੂਰੀ ਜਿਓਂਦੇ ਜੀਅ ਕਰਦਾ ਰਿਹਾ ਤੇ ਉਸਦੇ ਮਰਨ ਤੋਂ ਬਾਅਦ ਉਸਦੇ ਕੁਝ ਕੁ ਨਾਲ ਦੇ ਹੁਣ ਵੀ ਕਰ ਰਹੇ ਹਨ।

ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਵਿੱਚ ਨਫਰਤੀ ਸੋਚ ਵਾਲੇ ਸੂਰੀ ਦੇ ਕਤਲ ਲਈ ਹੇਟ ਕ੍ਰਾਈਮ ਲਫ਼ਜ਼ ਉਦੋਂ ਵਰਤ ਰਹੇ ਨੇ, ਜਦੋਂ ਸੋਸ਼ਲ ਮੀਡੀਆ, ਖ਼ਾਸ ਕਰਕੇ ਟਵਿੱਟਰ ‘ਤੇ ਹਿੰਦੂਤਵੀਆਂ ਵੱਲੋਂ ਸ਼ਰ੍ਹੇਆਮ ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਹੋ ਰਿਹਾ ਹੈ ਤੇ ਇਹੀ ਪ੍ਰਚਾਰ ਕੱਲ੍ਹ ਨੂੰ ਉਨ੍ਹਾਂ ਦੇ ਖ਼ਿਲਾਫ਼ ਹੇਟ ਕ੍ਰਾਈਮ ਜਾਂ ਹੋਰ ਕਤਲੇਆਮ ਦਾ ਰਾਹ ਖੋਲ੍ਹੇਗਾ।

ਉਮੀਦ ਹੈ ਕਿ ਸਿੱਖਾਂ ਦੇ ਜ਼ਿੰਮੇਵਾਰ ਰਾਜਸੀ, ਧਾਰਮਿਕ ਤੇ ਸਮਾਜਿਕ ਆਗੂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਸਵਾਲ ਕਰਨਗੇ ਕਿ ਇਹ ਵਾਰਦਾਤ ਹੇਟ ਕ੍ਰਾਈਮ ਕਿਵੇਂ ਕਹੀ ਜਾ ਸਕਦੀ ਹੈ?
#Unpopular_Opinions #Unpopular_Facts #Unpopular_Ideas