ਕੈਨੇਡਾ ਵਿੱਚ ਮੂਲ ਨਿਵਾਸੀ ਬੱਚਿਆਂ ਨਾਲ ਈਸਾਈ ਕੈਥੋਲਿਕ ਚਰਚ ਦੀ ਅਗਵਾਈ ਹੇਠ ਹੋਏ ਜ਼ੁਲਮਾਂ ਤੇ ਕਤਲੇਆਮ ਨੂੰ ਕੈਨੇਡਾ ਦੀ ਪਾਰਲੀਮੈਂਟ ਨੇ ਆਖਰ ਬਹੁਮਤ ਨਾਲ “ਨਸਲਕੁਸ਼ੀ” ਮੰਨ ਲਿਆ ਹੈ।
ਐਨਡੀਪੀ ਐਮਪੀ ਲੀਹਾ ਗੇਜ਼ਨ ਨੇ ਜੂਨ ਮਹੀਨੇ ਵੀ ਨਸਲਕੁਸ਼ੀ ਦਾ ਮਤਾ ਲਿਆਂਦਾ ਸੀ, ਜੋ ਪਾਸ ਨਾ ਹੋ ਸਕਿਆ। ਪਰ ਅਗਲੇ ਹੀ ਮਹੀਨੇ ਈਸਾਈਆਂ ਦੇ ਸਰਬਉੱਚ ਆਗੂ ਪੋਪ ਫਰਾਂਸਿਸ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਇਨ੍ਹਾਂ ਹੌਲਨਾਕ ਜ਼ੁਲਮਾਂ ਨੂੰ ‘ਨਸਲਕੁਸ਼ੀ’ ਕਹਿੰਦਿਆਂ ਅਫਸੋਸ ਪ੍ਰਗਟਾ ਦਿੱਤਾ।
ਸ਼ਾਇਦ ਇਹੀ ਕਾਰਨ ਬਣਿਆ ਕਿ ਹੁਣ ਉਹੀ ਐਮਪੀ, ਜਿਹੜੇ ਪਹਿਲਾਂ ਇਸ ਮਤੇ ਦਾ ਵਿਰੋਧ ਕਰ ਰਹੇ ਸਨ, ਹੁਣ ਹੱਕ ਵਿੱਚ ਹੋ ਗਏ ਕਿ ਜੇਕਰ ਈਸਾਈਆਂ ਦਾ ਸਰਬਉੱਚ ਧਾਰਮਿਕ ਆਗੂ ਆਪਣੀ ਚਰਚ ਵਲੋਂ ਕੀਤੇ ਜ਼ੁਲਮਾਂ ਨੂੰ ‘ਨਸਲਕੁਸ਼ੀ’ ਮੰਨ ਰਿਹਾ ਹੈ ਤਾਂ ਉਹ ਕਿਵੇਂ ਰੋਕ ਸਕਦੇ ਹਨ!
ਐਨਡੀਪੀ ਐਮਪੀ ਲੀਹਾ ਗੇਜ਼ਨ ਅਤੇ ਉਸਦਾ ਸਾਥ ਦੇਣ ਵਾਲੇ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ ਇਸ ਕਤਲੇਆਮ ਨੂੰ ‘ਨਸਲਕੁਸ਼ੀ’ ਮਨਵਾ ਕੇ ਹੀ ਸਾਹ ਲਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ