ਭਾਈਚਾਰਕ ਸਾਂਝ ਜਾਂ ਸਾਮਰਾਜੀ ਬਿਰਤੀਆਂ?

0
530

ਭਾਈਚਾਰੇ ਦਾ ਅਰਥ ਇਹ ਨਹੀਂ ਹੁੰਦਾ ਕਿ ਕਿਸੇ ਦੀ ਸ਼ਰਾਫ਼ਤ ਦਾ ਲਾਹਾ ਲੈ ਕੇ ਉਸ ਦੇ ਘਰ ਵਿੱਚ ਘੁਸਪੈਠ ਕੀਤੀ ਜਾਵੇ। ਭਾਈਚਾਰਾ ਇੱਕ-ਦੂਜੇ ਦਾ ਸਤਿਕਾਰ ਕਰਨ ਨਾਲ਼ ਬਣਦਾ ਹੈ। ਬਹੁਤ ਸਾਰੇ ਇਲਾਕਿਆਂ ਤੋਂ ਇਹ ਖ਼ਬਰਾਂ ਆਈਆਂ ਹਨ ਕਿ ਮੁਸਲਮਾਨ ਨਮਾਜ਼ ਪੜ੍ਹਨ ਲਈ ਗੁਰਦੁਆਰੇ ਗਏ। ਮੁਸਲਮਾਨਾਂ ਕੋਲ਼ ਮਸੀਤਾਂ ਹਨ। ਉਹ ਮੁੜ-ਮੁੜ ਗੁਰਦੁਆਰਿਆਂ ਵਿੱਚ ਜਾ ਕੇ ਨਮਾਜ਼ ਕਿਉਂ ਪੜ੍ਹਦੇ ਹਨ? ਪਰ ਕੀ ਅਜਿਹੀ ਸਹਿਣਸ਼ੀਲਤਾ ਮੁਸਲਮਾਨਾਂ ਵਿੱਚ ਹੈ?

1993 ਦੀ ਗੱਲ ਹੈ। ਅਸੀਂ ਤਿੰਨ ਜਣੇ, ਹਰਮਨਦੀਪ ਸਿੰਘ, ਪ੍ਰਭਸ਼ਰਨਬੀਰ ਸਿੰਘ, ਤੇ ਮੈਂ ਦਿੱਲੀ ਗਏ। ਅਸੀਂ ਜਾਮਾ ਮਸਜਿਦ ਜਾਣ ਦੀ ਕੋਸ਼ਿਸ਼ ਕੀਤੀ। ਜਾਮਾ ਮਸਜਿਦ ਦੇ ਬਾਹਰ ਬੈਠੇ ਮੁਸਲਮਾਨ ਪਹਿਰੇਦਾਰਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਿਰਪਾਨਾਂ ਪਾ ਕੇ ਅੰਦਰ ਨਹੀਂ ਜਾ ਸਕਦੇ। ਅਸੀਂ ਕਿਹਾ ਕਿ ਕਿਰਪਾਨ ਤਾਂ ਅਸੀਂ ਕਦੇ ਵੀ ਨਹੀਂ ਲਾਹੁੰਦੇ। ਉਹ ਕਹਿਣ ਲੱਗੇ ਕਿ ਕਿਰਪਾਨਾਂ ਕੱਪੜਿਆਂ ਹੇਠਾਂ ਦੀ ਪਾ ਕੇ ਲੁਕੋ ਲਓ ਤਾਂ ਤੁਸੀਂ ਅੰਦਰ ਜਾ ਸਕਦੇ ਹੋ। ਅਸੀਂ ਕਿਹਾ ਅੰਦਰ ਘੁੰਮਦੇ ਗੋਰਿਆਂ ਦੇ ਲਿਬਾਸ ਵੇਖੋ। ਉਹ ਤਾਂ ਇਉਂ ਘੁੰਮ ਰਹੇ ਹਨ ਜਿਵੇਂ ਮਸਜਿਦ ਕੋਈ ਸੈਰ-ਸਪਾਟੇ ਵਾਲ਼ੀ ਥਾਂ ਹੋਵੇ। ਉਹ ਕਹਿਣ ਲੱਗੇ ਉਸ ਨਾਲ਼ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਤੁਸੀਂ ਜਾਣਾ ਹੈ ਤਾਂ ਕਿਰਪਾਨਾਂ ਕੱਪੜਿਆਂ ਹੇਠ ਲੁਕੋ ਲਓ। ਅਸੀਂ ਕਿਹਾ ਅਸੀਂ ਤੁਹਾਡੀ ਮਸਜਿਦ ਵੇਖੇ ਬਗ਼ੈਰ ਹੀ ਚੰਗੇ ਹਾਂ ਤੇ ਵਾਪਸ ਮੁੜ ਆਏ।

ਠੀਕ ਹੈ ਕਿ ਮੁਸਲਮਾਨਾਂ ਨੇ ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਦੇ ਐਨ ਸਾਹਮਣੇ ਨਮਾਜ਼ ਪੜ੍ਹੀ ਹੈ, ਅੰਦਰ ਨਹੀਂ। ਤੁਸੀਂ ਮੱਕੇ, ਜਾਂ ਫ਼ਿਰ ਦਿੱਲੀ ਵਾਲ਼ੀ ਜਾਮਾ ਮਸਜਿਦ, ਦੇ ਦਰਵਾਜ਼ੇ ਦੇ ਐਨ ਸਾਹਮਣੇ ਜਾ ਕੇ ਗੁਰਬਾਣੀ ਦਾ ਪਾਠ ਕਰਕੇ ਵੇਖੋ ਕੀ ਹੁੰਦਾ ਹੈ।

ਪਿਛਲੇ ਕੁਝ ਦਹਾਕਿਆਂ ਦੌਰਾਨ, ਸਿੱਖਾਂ ਨੇ ਲਿਖਤਾਂ ਅਤੇ ਅਮਲਾਂ ਰਾਹੀਂ ਮੁਸਲਮਾਨਾਂ ਨਾਲ਼ ਭਾਈਚਾਰਕ ਸਾਂਝ ਵਧਾਉਣ ਦੇ ਉਪਰਾਲੇ ਕੀਤੇ ਹਨ। ਪਰ ਜਿਸ ਤਰੀਕੇ ਨਾਲ਼ ਮੁਸਲਮਾਨ ਥਾਂ-ਥਾਂ ‘ਤੇ ਗੁਰਦੁਆਰਿਆਂ ਵਿੱਚ ਜਾ ਕੇ ਨਮਾਜ਼ਾਂ ਪੜ੍ਹ ਰਹੇ ਹਨ, ਦੋ ਵਾਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੜ੍ਹ ਆਏ ਹਨ, ਇਸ ਤੋਂ ਮੁਸਲਮਾਨਾਂ ਦੀ ਮੰਦਭਾਵਨਾ ਜ਼ਾਹਿਰ ਹੁੰਦੀ ਹੈ। ਉਹ ਸਮਝਦੇ ਹਨ ਕਿ ਸਿੱਖ ਮੂਰਖ ਹਨ ਜਿਹੜੇ ਭਾਈਚਾਰਕ ਸਾਂਝ ਦੀਆਂ ਗੱਲਾਂ ਕਰ ਰਹੇ ਹਨ। ਉਹ ਸਿੱਖਾਂ ਦੀ ਇਸ ਮੂਰਖਤਾ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਮੁਸਲਮਾਨ ਭਾਈਚਾਰਕ ਸਾਂਝ ਵਧਾਉਣ ਦੀ ਥਾਂ ਘਟਾਉਣ ਵਾਲ਼ੇ ਕੰਮ ਕਰ ਰਹੇ ਹਨ।

ਜੇ ਸਿੱਖਾਂ ਨੇ ਕਿਸੇ ਮਸੀਤ ਦੇ ਸਾਹਮਣੇ ਜਾ ਕੇ ਗੁਰਬਾਣੀ ਦਾ ਪਾਠ ਕੀਤਾ ਹੁੰਦਾ ਤਾਂ ਬਹੁਤ ਸਾਰੇ ਸਿੱਖਾਂ ਨੇ ਇਸ ਦੀ ਖੁੱਲ੍ਹ ਕੇ ਨਿਖੇਧੀ ਕਰਨੀ ਸੀ। ਉਹਨਾਂ ਨੇ ਪੁੱਛਣਾ ਸੀ ਕਿ ਗੁਰਬਾਣੀ ਪਾਠ ਲਈ ਮਸੀਤ ਦਾ ਚੁਗਿਰਦਾ ਹੀ ਕਿਉਂ ਚੁਣਿਆ ਗਿਆ? ਅਸੀਂ ਆਪਣੇ ਘਰੇ ਜਾਂ ਗੁਰਦੁਆਰੇ ਬਹਿ ਕੇ ਪਾਠ ਕਿਉਂ ਨਹੀਂ ਕਰ ਸਕਦੇ? ਇਹਨਾਂ ਸੁਆਲਾਂ ਵਾਲ਼ੇ ਲੇਖਾਂ ਅਤੇ ਟਿੱਪਣੀਆਂ ਨਾਲ਼ ਸੋਸ਼ਲ ਮੀਡੀਆ ਅਤੇ ਅਖ਼ਬਾਰ ਭਰੇ ਹੋਣੇ ਸਨ। ਇਹ ਸੁਆਲ ਜਾਇਜ਼ ਹਨ। ਸਾਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ਼ ਅਜਿਹੀਆਂ ਚਲਾਕੀਆਂ ਨਹੀਂ ਕਰਨੀਆਂ ਚਾਹੀਦੀਆਂ। ਕਿਸੇ ਦੇ ਧਰਮ-ਅਸਥਾਨ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਕੋਈ ਮੁਸਲਮਾਨ ਇਸ ਹਰਕਤ ਦਾ ਵਿਰੋਧ ਕਰਦੇ ਨਹੀਂ ਵੇਖੇ।

ਕੱਲ਼੍ਹ ਮੁਸਲਮਾਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨਮਾਜ਼ ਪੜ੍ਹਨ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਸੂਚਨਾ ਦਫ਼ਤਰ ਆਏ ਸਨ, ਨਮਾਜ਼ ਦਾ ਵਕਤ ਹੋ ਗਿਆ ਤੇ ਉਹਨਾਂ ਨੇ ਨਮਾਜ਼ ਪੜ੍ਹ ਲਈ। ਪਹਿਲੀ ਗੱਲ, ਉਹਨਾਂ ਨੂੰ ਘਰੋਂ ਤੁਰਨ ਵੇਲ਼ੇ ਪਤਾ ਨਹੀਂ ਸੀ ਕਿ ਨਮਾਜ਼ ਦਾ ਵਕਤ ਕਦੋਂ ਹੋਣਾ ਹੈ? ਜੇ ਉਹਨਾਂ ਦੇ ਮਨ ਵਿੱਚ ਵਾਕਈ ਸੁਹਿਰਦਤਾ ਹੁੰਦੀ ਤਾਂ ਉਹ ਇਸ ਗੱਲ ‘ਤੇ ਵਿਚਾਰ ਕਰਦੇ ਕਿ ਗੁਰਦੁਆਰੇ ਦੇ ਬਾਹਰ ਨਮਾਜ਼ ਪੜ੍ਹਨੀ ਠੀਕ ਨਹੀਂ ਤੇ ਮੀਟਿੰਗ ਦਾ ਸਮਾਂ ਉਸ ਹਿਸਾਬ ਨਾਲ਼ ਰੱਖਦੇ। ਦੂਜੀ ਗੱਲ, ਜਦੋਂ ਫਰਵਰੀ 2020 ਵਿੱਚ ਮੁਸਲਮਾਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨਮਾਜ਼ ਪੜ੍ਹੀ ਸੀ ਤਾਂ ਉਦੋਂ ਕਿਸੇ ਮੀਟੰਗ ਵੇਲ਼ੇ ਨਮਾਜ਼ ਦਾ ਵਕਤ ਨਹੀਂ ਸੀ ਹੋਇਆ; ਮੁਸਲਮਾਨ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨਮਾਜ਼ ਪੜ੍ਹਨ ਹੀ ਆਏ ਸਨ। ਸੁਆਲ ਹੈ ਕਿ ਉਹਨਾਂ ਨੇ ਨਮਾਜ਼ ਲਈ ਇਹੀ ਥਾਂ ਕਿਉਂ ਚੁਣੀ? ਬਾਕੀ ਇੱਕਾ-ਦੁੱਕਾ ਮੁਸਲਮਾਨ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੇ ਅੰਦਰ ਵੀ ਨਮਾਜ਼ ਪੜ੍ਹਨ ਲੱਗ ਪਏ ਹਨ। ਇਸ ਰੁਝਾਨ ਪਿੱਛੇ ਕੋਈ ਚੰਗੀ ਭਾਵਨਾ ਨਜ਼ਰ ਨਹੀਂ ਆਉਂਦੀ। ਕੋਈ ਸੁਹਿਰਦ ਮੁਸਲਮਾਨ ਇਸ ਦੀ ਨਿਖੇਧੀ ਕਰਦੇ ਨਜ਼ਰ ਨਹੀਂ ਆਉਂਦੇ। ਸਿੱਖਾਂ ਨੂੰ ਇਸ ਵਰਤਾਰੇ ਨੂੰ ਗੰਭੀਰਤਾ ਨਾਲ਼ ਸਮਝਣ ਦੀ ਲੋੜ ਹੈ। ਆਉਣ ਵਾਲ਼ੇ ਸਮੇਂ ਵਿੱਚ ਸਿੱਖਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਉਹਨਾਂ ਚੁਣੌਤੀਆਂ ਬਾਰੇ ਹੁਣੇ ਸੁਚੇਤ ਹੋਣ ਦੀ ਲੋੜ ਹੈ। ਵੇਲ਼ਾ ਲੰਘੇ ਤੋਂ ਕੁਝ ਨਹੀਂ ਕੀਤਾ ਜਾ ਸਕਦਾ।

– ਪ੍ਰਭਸ਼ਰਨਦੀਪ ਸਿੰਘ