ਭਾਈ ਅੰਮ੍ਰਿਤਪਾਲ ਸਿੰਘ ਦੇ ਯਿਸੂ ਮਸੀਹ ਵਾਲੇ ਬਿਆਨ ਬਾਰੇ… ਬਾਈਬਲ ‘ਚ ਹੁਣ ਤੱਕ ਅਨੇਕਾਂ ਬਦਲਾਅ ਕੀਤੇ ਜਾਂ ਚੁੱਕੇ ਨੇ, ਤੇ ਅੱਗੇ ਭਵਿੱਖ ‘ਚ ਹੋਰ ਵੀ ਹੋ ਸਕਦੇ ਨੇ। ਬਾਈਬਲ ‘ਚ ਕਈ ਬਦਲਾਅ ਮੌਡਰਨ ਜ਼ਮਾਨੇ ਮੁਤਾਬਕ ਵੀ ਕੀਤੇ ਜਾਂਦੇ ਰਹੇ ਨੇ। ਪੱਛਮੀ ਗੋਰੇ ਵਿਦਵਾਨਾਂ ‘ਚ ਏ ਬਹਿਸ ਦਾ ਵਿਸ਼ਾ ਵੀ ਆ ਕਿ ਕੀ ਵਾਕਿਆ ਹੀ ਕਦੀ ਜੀਸਸ ਨਾਮ ਦਾ ਬੰਦਾ ਕੋਈ ਦੁਨੀਆ ਤੇ ਹੋਇਆ ਸੀ? ਵਿਦਵਾਨਾਂ ਮੁਤਾਬਕ ਇਸਾਈਅਤ ਦੀ ਗੁੰਝਲ਼ਦਾਰ ਸ਼ੁਰੂਆਤ ਤੇ ਅੱਗੇ ਬਣੀਆਂ ਵੱਖੋ ਵੱਖਰੀਆਂ ਸੰਪਰਦਾਵਾਂ ਦੇ ਇਤਿਹਾਸ ਨੂੰ ਫਰੋਲਣ ਤੇ ਕਿਸੇ ਸਹੀ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਦਾ। ਬਾਹਰਲੇ ਕਿਸੇ ਮੁਲਕ ‘ਚ ਯਿਸੂ ਦੀ ਹੋਂਦ ਅਤੇ ਇਸਾਈਅਤ ਤੇ ਕਿਸੇ ਕਿਸਮ ਦਾ ਸਵਾਲ ਚੁੱਕਣ ਤੇ ਕੋਈ ਪਰਚਾ ਨਹੀਂ ਹੁੰਦਾ। ਤਾਂ ਹੀ ਜੀਸਸ ਦੀ ਹੋਂਦ ਅਤੇ ਇਸਾਈਅਤ ਦੇ ਇਤਿਹਾਸ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਅਤੇ ਬਹਿਸਾਂ ਚੱਲਦੀਆਂ ਰਹਿੰਦੀਆਂ ਨੇ।
ਉੰਝ ਯਿਸੂ ਮਸੀਹ ਦੇ ਇਤਿਹਾਸ ਬਾਰੇ ਬਰਤਾਨੀਆ ਦੇ ਸਰਕਾਰੀ ਚੈਨਲ ਬੀਬੀਸੀ ਵੱਲੋਂ ਬਣਾਈ ਇਕ ਡਾਕੂਮੈਂਟਰੀ ਵੀ ਆ। ਇਸ ਡਾਕੂਮੈਂਟਰੀ ਵਿੱਚ ਇਸ ਗੱਲ ‘ਤੇ ਤੱਥਾਂ ਸਹਿਤ ਸਵਾਲ ਚੁੱਕੇ ਗਏ ਨੇ, ਕਿ ਕੀ ਯਿਸੂ ਸੱਚ ਮੁੱਚ ਸਲ਼ੀਬ ‘ਤੇ ਚੜਨ ਤੋਂ ਬਾਅਦ ਮਰ ਗਿਆ ਸੀ ? ਜੇ ਕੋਈ ਇਹੀ ਸਵਾਲ ਭਾਰਤ ‘ਚ ਪੁੱਛ ਲਵੇ ਤੇ ਪਰਚਾ ਹੋਜੂ।
ਭਾਈ ਅੰਮ੍ਰਿਤਪਾਲ ਸਿੰਘ ‘ਤੇ ਪਰਚਾ ਕਰਵਾਉਣ ਤੋਂ ਪਹਿਲਾਂ ਜੇ ਪੰਜਾਬ ਦੇ ਪਾਸਟਰ ਬੀਬੀਸੀ ‘ਤੇ ਪੰਜਾਬ ਪੁਲਿਸ ਨੂੰ ਕਹਿਕੇ ਪਰਚਾ ਕਰਵਾ ਦੇਣ ਤੇ ਅਸੀਂ ਆਪ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਛੱਡਕੇ ਆਵਾਂਗੇ।
ਦੂਜੀ ਗੱਲ ਤਰਕ ਕਰਨ ਦੀ। ਕੀ ਭਾਈ ਅੰਮ੍ਰਿਤਪਾਲ ਸਿੰਘ ਨੇ ਤਰਕ ਕੀਤਾ ਹੈ ? ਤੇ ਕੀ ਸਿੱਖ ਗੁਰੂ ਸਾਹਿਬਾਨਾਂ ਤੇ ਤਰਕ ਨਹੀਂ ਕੀਤਾ ਜਾ ਸਕਦਾ ?
ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦੁਰ ਜੀ ਅਤੇ ਓਹਨਾਂ ਦੀ ਅੰਸ਼ ਬੰਸ਼ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ। ਇੰਝ ਸ਼ਹੀਦ ਹੋਏ ਕਿ ਕੁੱਲ ਹੀ ਖਤਮ ਹੋ ਗਈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕਰਨ ਲੱਗਿਆਂ ਗਲੀਆਂ ਵਿੱਚ ਘੜੀਸ ਕੇ ਨਹੀਂ ਸੀ ਲਿਜਾਇਆ ਗਿਆ। ਉਹ ਆਪ ਚੱਲ ਕੇ ਗਏ ਅਤੇ ਸ਼ਾਂਤ ਚਿੱਤ ਹੋਕੇ ਸ਼ਹੀਦੀ ਦਿੱਤੀ। ਚਾਰ ਸਾਹਿਬਜ਼ਾਦੇ ਵੀ ਆਪ ਹੀ ਸ਼ਹਾਦਤ ਦੇਣ ਵਾਸਤੇ ਆਪਣੇ ਗੁਰੂ ਪਿਤਾ ਅੱਗੇ ਪੇਸ਼ ਹੋਏ।
ਸ਼ਹੀਦੀ ਆਪਣੇ ਆਪ ਵਿੱਚ ਕਰਾਮਾਤ ਹੈ। ਕਿਉਂਕਿ ਸ਼ਹੀਦ ਦੇ ਮਨ ਵਿੱਚ ਇਸ ਨਾਸਵਾਨ ਸੰਸਾਰ ਵਾਸਤੇ ਕੋਈ ਚਾਹ ਨਹੀੰ ਹੁੰਦੀ। ਇਸ ਕਰਕੇ ਗੁਰੂਆਂ ਦੀ ਸ਼ਹੀਦੀ ‘ਤੇ ਤੱਥਾਂ ਨਾਲ ਜਿਸਨੇ ਤਰਕ ਕਰਨਾ ਕਰ ਲਓ।
ਦੂਜੇ ਪਾਸੇ ਇਸਾਈਅਤ ਵੱਲੋਂ ਪ੍ਰਚਾਰੇ ਜਾਂਦੇ ਇਤਿਹਾਸ ਮੁਤਾਬਕ ਯਿਸੂ ਸ਼ਹੀਦ ਨਹੀਂ ਹੋਇਆ। ਉਸਨੇ ਕਰਾਮਾਤ ਵਿਖਾਈ ਅਤੇ ਜਿਊਂਦਾ ਹੋ ਗਿਆ। ਉਸ ਦੀ ਇਹ ਕਰਾਮਾਤ ਹੀ ਸਾਬਤ ਕਰਦੀ ਹੈ ਕਿ ਉਸਦੀ ਸਲੀਬ ‘ਤੇ ਚੜਨ ਦੀ ਕੋਈ ਇੱਛਾ ਨਹੀਂ ਸੀ। ਉਸ ਦੇ ਮਨ ਵਿੱਚ ਜਿਉਣ ਦੀ ਇੱਛਾ ਬਾਕੀ ਸੀ। ਇਸ ਕਰਕੇ ਜਦੋਂ ਉਹ ਆਪਣੇ ਆਪ ਨੂੰ ਸਲੀਬ ‘ਤੇ ਚੜਨ ਤੋਂ ਨਾ ਬਚਾ ਸਕਿਆ ਤਾਂ ਉਹ ਕਰਾਮਾਤ ਵਿਖਾਕੇ ਜਿਊਂਦਾ ਹੋ ਗਿਆ।
ਇਸ ਕਰਕੇ ਜੇ ਤੁਹੀਂ ਮੰਨਦੇ ਓ ਕਿ ਯਿਸੂ ਜਿਉਂਦਾ ਹੋ ਗਿਆ ਸੀ ਤੇ ਇਹ ਵੀ ਮੰਨੋ ਕਿ ਉਹ ਆਪਣੇ ਆਪ ਨੂੰ ਸਲੀਬ ‘ਤੇ ਚੜਨ ਤੋਂ ਬਚਾ ਨਹੀੰ ਸਕਿਆ ਸੀ। ਇਹੋ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਕਹੀ ਆ, ਤੇ ਇਸ ਵਿੱਚ ਗਲਤ ਕੀ ਆ?
ਸਿੱਖ ਗੁਰੂ ਸਾਹਿਬਾਨਾਂ ਨੇ ਕਿਸੇ ਮਰੇ ਨੂੰ ਜਿਊਂਦੇ ਕਰਨ ਦੀ ਕਰਾਮਾਤ ਨਹੀਂ ਵਿਖਾਈ। ਸਿੱਖਾਂ ਦਾ ਇਹ ਦਾਅਵਾ ਵੀ ਨਹੀਂ ਕਿ ਅਸੀਂ ਕਿਸੇ ਮਰੇ ਨੂੰ ਜਿਊਂਦਾ ਕਰ ਸਕਦੇ ਹਾਂ। ਅਸੀਂ ਮੌਤ ਨੂੰ ਸੱਚ ਕਰਕੇ ਜਾਣਦੇ ਹਾਂ।
ਸਿੱਖ ਇਤਿਹਾਸ ਵਿੱਚ ਰਾਏ ਬੁਲਾਰ ਜੀ ਦੇ ਚਲਾਣੇ ਸਮੇਂ ਦੀ ਇੱਕ ਸਾਖੀ ਮਿਲਦੀ ਆ। ਕਿ ਗੁਰੂ ਨਾਨਕ ਪਾਤਸ਼ਾਹ ਰਾਏ ਬੁਲਾਰ ਜੀ ਦਾ ਅੰਤਲਾ ਸਮਾਂ ਨੇੜੇ ਹੋਣ ਦਾ ਪਤਾ ਲੱਗਣ ਤੇ ਭਾਈ ਮਰਦਾਨੇ ਨੂੰ ਨਾਲ ਲੈਕੇ ਤਲਵੰਡੀ ਪਹੁੰਚੇ। ਪਾਤਸ਼ਾਹ ਨੇ ਰਾਏ ਬੁਲਾਰ ਜੀ ਦਾ ਸੀਸ ਆਪਣੀ ਗੋਦ ‘ਚ ਰੱਖਿਆ। ਅਤੇ ਰਾਏ ਬੁਲਾਰ ਜੀ ਨੇ ਪਾਤਸ਼ਾਹ ਦੀ ਗੋਦ ‘ਚ ਪ੍ਰਾਣ ਤਿਆਗੇ। ਰਾਏ ਬੁਲਾਰ ਜੀ ਦੇ ਪਰਿਵਾਰ ਚੋਂ ਕਿਸੇ ਮੈਂਬਰ ਨੇ ਗੱਲ ਆਖੀ ਕਿ “ਸਾਨੂੰ ਤਾਂ ਲੱਗਦਾ ਸੀ ਕਿ ਹੁਣ ਬਾਬਾ ਨਾਨਕ ਜੀ ਆ ਗਏ ਨੇ, ਅੱਬੂ ਜੀ ਦੀ ਉਮਰ ਲੰਮੇਰੀ ਹੋ ਜਾਵੇਗੀ”। ਜਿਸ ਮਗਰੋਂ ਪਾਤਸ਼ਾਹ ਨੇ ਬਚਨ ਉਚਾਰੇ
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥
ਭਾਵ ਇਸਤ੍ਰੀ, ਪੁੱਤਰ, ਪਿਉ, ਭਰਾ, ਤੇ ਹੋਰ ਸੰਗੀ ਸਾਥੀ, ਇਹਨਾਂ ਵਿਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੁੰਦਾ। ਜਦੋਂ ਮੌਤ ਆ ਗਈ, ਤਾਂ ਕੋਈ ਵੀ ਤਹਾਨੂੰ ਹੱਥ ਫੜ ਰੋਕ ਨਹੀਂ ਸਕਦਾ, ਕੋਈ ਵੀ ਤਹਾਨੂੰ ਏਥੇ ਰੱਖ ਨਹੀਂ ਸਕਦਾ।
ਜਿਊਂਦਾ ਕਰਨ ਦੀ ਕਰਾਮਾਤ ਵਿਖਾਓਣਾ ਕਰਕੇ ਬਾਬਾ ਅਟੱਲ ਰਾਏ ਜੀ ਨੂੰ ਮਿਲੀ ਸਜ਼ਾ ਵੀ ਸਿੱਖ ਇਤਿਹਾਸ ਵਿੱਚ ਦਰਜ ਹੈ। ਹੁਣ ਅੰਮ੍ਰਿਤਪਾਲ ਸਿੰਘ ਦੀ ਸਟੇਟਮੈਂਟ ਨੂੰ ਗਲਤ ਕਹਿਣ ਵਾਲੇ ਸਿੱਖ ਵਿਦਵਾਨ ਦੱਸਣ ਕਿ ਯਿਸੂ ਮਸੀਹ ਮਰਿਆ ਸੀ ਜਾਂ ਨਹੀਂ?
ਮੌਤ ਤੇ ਕਾਬੂ ਪਾਓਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਪਾਸਟਰ ਮੁਰਦਿਆਂ ਨੂੰ ਜਿਊਂਦਾ ਕਰਨ ਵਾਲਾ ਪਖੰਡ ਨਿੱਤ ਕਰਦੇ ਨੇ। ਫਿਰ ਪਾਸਟਰਾਂ ਨੂੰ ਏ ਸਵਾਲ ਕਿਓ ਨਹੀਂ ਪੁੱਛਿਆ ਜਾ ਸਕਦਾ ਕਿ ਜੇਕਰ ਧਾਡੇ ਰੱਬ ਕੋਲ ਆਪਣੇ ਆਪ ਨੂੰ ਅਤੇ ਕਿਸੇ ਹੋਰ ਨੂੰ ਮੌਤ ਤੋਂ ਮੁਕਤ ਕਰਨ ਦੀ ਤਾਕਤ ਨਹੀਂ ਸੀ ਤੇ ਧਾਡੇ ਕੋਲ ਇਹ ਤਾਕਤ ਕਿੱਥੋਂ ਕਿੱਥੋਂ ਆਈ?
ਪਿੱਪਲ਼ ਸਿੰਘ