ਪੱਕੇ ਪ੍ਰਵਾਸ ਦੇ ਲਾਲਚ ‘ਚ ਵਿਕਦੀ ਵਿੱਦਿਆ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਠੱਗੀ ਤੇ ਸ਼ੋਸ਼ਣ ਆ। ਇਸ ਖੇਡ ‘ਚ ਖੇਡਦੇ ਅਨੇਕਾਂ ਖਿਡਾਰੀ ਕਈ ਵਾਰ ਸ਼ੋਸ਼ਣ ਕਰਨ ਦੇ ਨਾਲ ਨਾਲ ਸਮਾਜ ਸੁਧਾਰਕ ਦਾ ਮਖੌਟਾ ਵੀ ਪਾ ਲੈਂਦੇ ਨੇ। ਆਪਣੇ ਹੀ ਕਿੱਤੇ ਵਾਲੀ ਦੂਜੀ ਧਿਰ ਨੂੰ ਦੋਸ਼ੀ ਦੱਸ ਆਪਣੇ ਦੋਸ਼ ਧੋਂਦੇ ਨੇ। ਪ੍ਰਵਾਸ ਦੇ ਕਾਰੋਬਾਰ ‘ਚ ਬਾਹਰਲੀਆਂ ਸਰਕਾਰਾਂ ਵੱਲੋਂ ਆਪਣੀ ਆਰਥਿਕਤਾ ਨੂੰ ਤਗੜੀ ਕਰਨ ਤੇ ਪਲ਼ਿਆ ਪਲ਼ਾਇਆ ਨੌਜਵਾਨ ਵਰਕਰ ਆਪਣੇ ਮੁਲਕ ਲਿਆਉਣ ਲਈ ਸਟੂਡੈਂਟ ਵੀਜ਼ਾ ਸਭ ਤੋਂ ਲਾਭਦਾਇਕ ਤਰੀਕਾ। ਇਸ ਵਰਤਾਰੇ ‘ਚ ਵਿਨੇ ਹਰੀ ਵਰਗੀਆਂ ਨਿੱਕੀਆਂ ਮੱਛੀਆਂ ਨੂੰ ਦੋਸ਼ੀ ਦੱਸਣਾ ਦਿੱਲੀ ਦੇ ਜ਼ੁਲਮਾਂ ਵਿਰੁੱਧ ਬਾਦਲਾਂ ਨੂੰ ਗਾਲ ਮੰਦਾ ਕਰਕੇ ਗੁੱਸਾ ਠੰਡਾ ਕਰਨ ਵਰਗੀ ਗੱਲ ਆ।
ਵਿੱਦਿਆ ਦੁਨੀਆ ਤੇ ਇੱਕ ਵੱਡਾ ਕਾਰੋਬਾਰ ਆ। ਬਾਹਰਲੇ ਮੁਲਕੀਂ ਕੌਫੀ ਬਣਾਓਣ ਤੇ ਇੱਟਾਂ ਲਾਓਣ ਜਹੇ ਹਾਸੋਹੀਣੇ ਕੋਰਸ ਨੇ। ਜਿੰਨਾ ਨੂੰ ਕਰਕੇ ਵੀ ਬੰਦਾ ਇੱਲ ਤੋਂ ਕੁੱਕੜ ਨਹੀਂ ਸਿੱਖਦਾ। ਸਿੱਖਣਾ ਫਿਰ ਵੀ ਕਿਸੇ ਨੂੰ ਉਸਤਾਦ ਧਾਰ ਕੇ ਹੀ ਪੈਂਦਾ। ਕਿਸੇ ਕੰਮ ਦੇ ਤੁਸੀ ਕਿੰਨੇ ਵੀ ਮਾਹਰ ਹੋਵੋ, ਓਨਾ ਚਿਰ ਮਾਈਨੇ ਨਹੀਂ ਰੱਖਦਾ ਜਿੰਨਾ ਚਿਰ ਧਾਡੇ ਕੋਲ ਓਸ ਕੰਮ ਦਾ ਸਰਟੀਫਿਕੇਟ ਨਹੀਂ। ਪੁਰਾਤਨ ਤੌਰ ਤਰੀਕਿਆਂ ‘ਚ ਬੰਦਾ ਸ਼ੌਂਕ ਨਾਲ ਕੰਮ ਸਿੱਖਦਾ ਤੇ ਕਰਦਾ ਸੀ। ਪਰ ਵਿੱਦਿਆ ਦੇ ਕਾਰੋਬਾਰ ਨੇ ਹਰ ਕਿੱਤੇ ਨੂੰ ਸਰਟੀਫਿਕੇਟਾਂ ਦਾ ਪਾਬੰਦ ਕਰਤਾ। ਕਨੇਡਾ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵੋਕੇਸ਼ਨਲ ਕਾਲਜਾਂ ਵੱਲੋਂ ਵੇਚੀ ਜਾਂਦੀ ਮਹਿੰਗੀ ਵਿੱਦਿਆ ਬਹੁਤਿਆਂ ਨੂੰ ਡਿਪਲੋਮੇ ਡਿਗਰੀ ਦਾ ਕਾਗਜ਼ ਲੈਮੀਨੇਸ਼ਨ ਕਰਵਾ ਕੇ ਰੱਖਣ ਦੀ ਤਸੱਲੀ ਦੇਣ ਨਾਲੋਂ ਵੱਧ ਵੁੱਕਤ ਨਹੀਂ ਰੱਖਦੀ। ਕੁਝ ਸਿੱਖਣ ਦੇ ਬਚੇ ਇੱਕੋ ਇੱਕ ਤਰੀਕੇ ਤਹਿਤ ਬੰਦੇ ਨੂੰ ਫਿਰ ਕਿਸੇ ਚੰਗੇ ਕਾਲਜ ਯੂਨੀਵਰਸਿਟੀ ਜਾਣਾ ਹੀ ਪੈਂਦਾ।
ਤੰਤਰ ਦਾ ਸ਼ੋਸ਼ਣ ਕਿਸੇ ਆਮ ਖਾਸ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਨਾਲੋਂ ਕਿਤੇ ਵੱਡਾ। ਬਲਕਿ ਤੰਤਰ ਇਸ ਸ਼ੋਸ਼ਣ ਦੀ ਸ਼ੁਰੂਆਤ ਕਰਦਾ ਤੇ ਆਮ ਖਾਸ ਨੂੰ ਸ਼ੋਸ਼ਣ ਕਰਨ ਤੇ ਸ਼ੋਸ਼ਿਤ ਹੋਣ ਦਾ ਰਾਹ ਦਿੰਦਾ। ਜੇ ਇੱਕ ਕੌਮਾਂਤਰੀ ਵਿਦਿਆਰਥੀ ਕਿਸੇ ਜੁਗਾੜੂ ਕਾਲਜ ਨੂੰ ਘਰੇਲੂ ਵਿਦਿਆਰਥੀ ਨਾਲ਼ੋਂ ਪੰਜ ਗੁਣਾ ਵੱਧ ਫ਼ੀਸ ਦਿੰਦਾ ਤੇ ਇਹਦੇ ‘ਚ ਫ਼ਾਇਦਾ ਕੀਹਦਾ? ਕਾਲਜ ਤੇ ਸਰਕਾਰ ਦਾ। ਫਿਰ ਪੜ੍ਹਾਈ ਤੋਂ ਮਗਰੋਂ ਪੱਕੀ ਨਾਗਰਿਕਤਾ ਦੇ ਦਿੱਤੇ ਅਸਿੱਧੇ ਵਾਅਦੇ ਨੂੰ ਪੂਰਾ ਕਰਨ ਲਈ ਬੰਦੇ ਦੀ ਓ ਘੀਸੀ ਕਰਾਈ ਜਾਂਦੀ ਆ ਕਿ ਜਿਹੜੇ ਬੌਲ਼ਦਾਂ ਵਾਂਗੂੰ ਕੰਮ ਕਰਦੇ ਤੇ ਕਾਲਜ ਦੀਆਂ ਫ਼ੀਸਾਂ ਭਰਦੇ ਚਿੰਤਾ ਰੋਗ ਨਾਲ ਗ੍ਰਸਤ ਨਹੀਂ ਹੋਏ ਹੁੰਦੇ ਓ ਪੱਕੇ ਹੋਣ ਦੇ ਚੱਕਰ ‘ਚ ਹੋ ਜਾਂਦੇ ਨੇ। ਜੇ ਸਾਰੇ ਰਾਹ ਪੱਧਰੇ ਵੀ ਹੋਣ ਤਾਂ ਵੀ ਬੰਦਾ ਹਰ ਦੋ ਸਾਲੀਂ ਆਈਲਸ ਦਾ ਇਮਤਿਹਾਨ ਦਿੰਦਾ ਹੀ ਆਰਥਿਕ ਤੇ ਮਾਨਸਿਕ ਤੌਰ ਤੇ ਅੱਧਮੋਇਆ ਹੋ ਜਾਂਦਾ।
ਬਾਹਰਲੇ ਕਾਲਜ ਯੂਨੀਵਰਸਿਟੀਆਂ ਸਰਕਾਰਾਂ ਦੀਆਂ ਜਰਸੀ ਗਾਵਾਂ ਨੇ। ਸਰਕਾਰ ਇਹਨਾਂ ਨੂੰ ਨੱਥ ਕਿਓ ਪਾਊ? ਮਾਈਗ੍ਰੇਸ਼ਨ ਏਜੰਟ ਤੇ ਐਜੂਕੇਸ਼ਨ ਕਨਸਲਟੰਟ ਇਹਨਾਂ ਗਾਵਾਂ ਦਾ ਪੱਠਾ ਦੱਥਾ ਕਰਨ ਵਾਲੇ ਨੇ। ਚੰਗਾ ਜਾਂ ਮਾੜਾ ਏਜੰਟ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ। ਇਸ ਕਿੱਤੇ ‘ਚ ਸ਼ੋਸ਼ਣ ਉੱਤਲੇ ਸਿਰਿਓਂ ਸ਼ੁਰੂ ਹੁੰਦਾ, ਨਾ ਕਿ ਵਿਨੇ ਹਰੀ ਵਰਗੇ ਕਰਦੇ ਨੇ। ਨਾਂ ਵਿਨੇ ਹਰੀ ਨੇ ਏ ਵਿੱਦਿਆ ਦਾ ਮਾਡਲ ਤਿਆਰ ਕੀਤਾ ਤੇ ਨਾਂ ਹੀ ਓ IDP ਦਾ ਸਿਧਾਂਤਕਾਰ ਆ ਜਿੰਨੇ ਇਸ ਮਾਡਲ ‘ਚ ਅਨੇਕਾਂ ਤਰੀਕਿਆਂ ਦੇ ਸ਼ੋਸ਼ਣਾਂ ਚੋਂ ਇੱਕ ਤਰੀਕਾ ਆਈਲਸ ਦਾ ਇਮਤਿਹਾਨ ਹਰ ਦੋ ਸਾਲ ਬਾਅਦ ਦੁਬਾਰਾ ਦੇਣ ਦੀ ਸ਼ਰਤ ਰੱਖੀ ਆ।
ਜੇ ਮੈਂ ਕੱਲ੍ਹ ਨੂੰ ਇਸ ਕਿੱਤੇ ‘ਚ ਆ ਗਿਆ ਤੇ ਏ ਨਾਂ ਸਮਝਿਓ ਕਿ ਸਮਾਜ ਦਾ ਭਲਾ ਕਰਨ ਆਇਆ। ਨਿਰੋਲ ਛਿੱਲੜਾਂ ਕਮਾਉਣ ਆਊ।
ਪਿੱਪਲ਼ ਸਿੰਘ