ਝੂਠਾ ਮੁਕਾਬਲਾ: ਦੋ ਪੁਲੀਸ ਮੁਲਾਜ਼ਮਾਂ ਤੇ ਅਕਾਲੀ ਆਗੂ ਨੂੰ ਉਮਰ ਕੈਦ

0
347

ਝੂਠਾ ਮੁਕਾਬਲਾ: ਦੋ ਪੁਲੀਸ ਮੁਲਾਜ਼ਮਾਂ ਤੇ ਅਕਾਲੀ ਆਗੂ ਨੂੰ ਉਮਰ ਕੈਦ – ਇਕ ਮੁਲਜ਼ਮ ਬਰੀ; ਦੋ ਹਾਲੇ ਵੀ ਫਰਾਰ; ਪਰਿਵਾਰ ਨੂੰ ਅੱਠ ਸਾਲ ਬਾਅਦ ਮਿਲਿਆ ਇਨਸਾਫ਼

ਲੁਧਿਆਣਾ, 10 ਅਕਤੂਬਰ – ਇਥੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੋ ਸਕੇ ਭਰਾਵਾਂ ਨੂੰ ਝੂਠੇ ਪੁਲੀਸ ਮੁਕਾਬਲੇ ’ਚ ਮਾਰਨ ਦੇ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਗੁਰਜੀਤ ਸਿੰਘ, ਸਿਪਾਹੀ ਯਾਦਵਿੰਦਰ ਅਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨੇ ਦੋਸ਼ੀਆਂ ਨੂੰ ਇੱਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਝੂਠੇ ਮੁਕਾਬਲੇ ’ਚ ਮਾਛੀਵਾੜਾ ਦੇ ਪਿੰਡ ਭੋਆਪੁਰ ਵਾਸੀ ਜਤਿੰਦਰ ਸਿੰਘ ਤੇ ਉਸ ਦੇ ਭਰਾ ਹਰਿੰਦਰ ਸਿੰਘ ਨੂੰ ਮਾਰਿਆ ਗਿਆ ਸੀ। ਪੀੜਤ ਪਰਿਵਾਰ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ। ਜਾਣਕਾਰੀ ਅਨੁਸਾਰ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ’ਚ 27 ਸਤੰਬਰ 2014 ਨੂੰ ਸਵੇਰੇ ਮਾਛੀਵਾੜਾ ਪੁਲੀਸ ਦੇ ਨਾਲ ਅਕਾਲੀ ਆਗੂ ਗੁਰਜੀਤ ਸਿੰਘ ਮੌਜੂਦ ਸੀ ਤੇ ਉਨ੍ਹਾਂ ਨੇ ਦੋਵੇਂ ਸਕਾ ਭਰਾਵਾਂ ਦਾ ਕਤਲ ਕਰਕੇ ਇਸ ਨੂੰ ਪੁਲੀਸ ਮੁਕਾਬਲਾ ਦਿਖਾਇਆ ਸੀ। ਜਾਂਚ ਮਗਰੋਂ ਪਤਾ ਲੱਗਿਆ ਕਿ ਇਹ ਮੁਕਾਬਲਾ ਝੂਠਾ ਹੈ। ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ’ਚ ਯਾਦਵਿੰਦਰ ਸਿੰਘ ਸਿਪਾਹੀ, ਪੰਜਾਬ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਦੇ ਨਾਲ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਕਤਲ, ਆਰਮਜ਼ ਐਕਟ ਤੇ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਇਸ ਮਾਮਲੇ ’ਚ ਮਾਛੀਵਾੜਾ ਸਾਹਿਬ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਨਾਮਜ਼ਦ ਕਰਨ ਦੇ ਨਾਲ-ਨਾਲ ਐੱਸਐੱਸਪੀ ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਐੱਸਆਈਟੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਸ ਕੇਸ ਦਾ ਚਲਾਨ ਪੇਸ਼ ਹੋਇਆ ਸੀ। ਹਾਲਾਂਕਿ ਇਸ ਮਾਮਲੇ ’ਚ ਐੱਸਐੱਚਓ ਤੇ ਉਸ ਦਾ ਰੀਡਰ ਹਾਲੇ ਵੀ ਫਰਾਰ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਹੈ।

ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਪਿੰਡ ਬੋਹਾਪੁਰ ਦੇ ਦੋ ਸਕੇ ਭਰਾਵਾਂ ਜਤਿੰਦਰ ਸਿੰਘ ਉਰਫ਼ ਗੋਲਡੀ ਅਤੇ ਹਰਿੰਦਰ ਸਿੰਘ ਉਰਫ਼ ਦੇ ਪਿਤਾ ਸਤਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ ਅਤੇ ਉਨ੍ਹਾਂ ਨੂੰ ਨਿਆਂਪਾਲਕਾ ’ਤੇ ਪੂਰਾ ਭਰੋਸਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਦੋ ਪੁੱਤਰ ਰਸੂਖ਼ਦਾਰਾਂ ਦੀਆਂ ਅੱਖਾਂ ਵਿਚ ਰੜਕਦੇ ਸਨ, ਜਿਨ੍ਹਾਂ ਨੇ ਝੂਠਾ ਪੁਲੀਸ ਮੁਕਾਬਲਾ ਬਣਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ। ਉਨ੍ਹਾਂ ਆਖਿਆ ਕਿ ਦੋ ਨੌਜਵਾਨ ਪੁੱਤਰਾਂ ਦੀ ਮੌਤ ਦਾ ਗ਼ਮ ਭੁਲਾਉਣਾ ਤਾਂ ਔਖਾ ਹੀ ਸੀ ਪਰ ਉਨ੍ਹਾਂ ਦੀ ਇਕਲੌਤੀ ਧੀ ਵੀ ਕੁਝ ਸਾਲ ਬਾਅਦ ਚੱਲ ਵਸੀ, ਜਿਸ ਕਾਰਨ ਉਹ ਹੁਣ ਮਹਿਜ਼ ਦਿਨ ਕਟੀ ਕਰ ਰਹੇ ਹਨ।

ਸਤਪਾਲ ਸਿੰਘ ਨੇ ਕਿਹਾ ਕਿ ਉਸ ਦੇ ਦੋਵੇਂ ਲੜਕੇ ਆਮ ਆਦਮੀ ਪਾਰਟੀ ਦੇ ਵਰਕਰ ਸਨ ਅਤੇ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਪਾਰਟੀ ਲਈ ਡੱਟ ਕੇ ਕੰਮ ਕੀਤਾ ਸੀ। ਦੋਵਾਂ ਪੁੱਤਾਂ ਦੀ ਮੌਤ ’ਤੇ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਦਾਅਵੇ ਕੀਤੇ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਕੁਝ ਕੁ ਚੋਣਵੇਂ ਬੰਦੇ ਹੀ ਇਸ ਇਨਸਾਫ਼ ਦੀ ਜੰਗ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ। ਸਾਬਕਾ ਵਿਧਾਇਕ ਤੇ ਮਜ਼ਦੂਰ ਵਰਗ ਦੇ ਆਗੂ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਇਨਸਾਫ਼ ਲਈ ਮਾਪਿਆਂ ਨੇ ਲੰਬੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਦੋਵੇਂ ਨੌਜਵਾਨ ਕਤਲ ਕੀਤੇ ਗਏ ਸਨ ਤਾਂ ਤਤਕਾਲੀ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਪਰਿਵਾਰ ਦਾ ਡੱਟ ਕੇ ਸਾਥ ਦੇਣਗੇ। ਇਸ ਲਈ ਉਨ੍ਹਾਂ ਨੂੰ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।