ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁੱਦੇ ਤੋਂ ਅਸਤੀਫਾ ਦਿੱਤਾ!ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਚੱਲ ਰਹੇ ਸਨ ਨਵਜੋਤ ਸਿੰਘ ਸਿੱਧੂ! ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੰਬੋਧਨ ਕਰਦੇ ਹੋਏ ਅਸਤੀਫ਼ਾ ਟਵੀਟਰ ’ਤੇ ਪਾਇਆ। ਇਸ ਵਿੱਚ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਹਾਈ ਕਮਾਨ ਨੂੰ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਸੂਤਰਾਂ ਮੁਤਾਬਕ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦੇਣ ਖ਼ਿਲਾਫ਼ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਮੰਤਰੀਆਂ ਨੂੰ ਅਹੁਦਿਆਂ ਦੀ ਵੰਡ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਚਾਨਕ ਅਸਤੀਫਾ ਦਿੱਤਾ। ਅਸਤੀਫ਼ਾ ਦੇਣ ਦੇ ਕਾਰਨਾਂ ਦਾ ਵਿਸਥਾਰ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਸਥਿਤ ਆਪਣੇ ਕਰੀਬੀ ਪਰਿਵਾਰ ਦੇ ਘਰ ਗਏ ਸਨ। ਪਰ ਮੰਤਰੀਆਂ ਨੂੰ ਅਹੁਦਿਆਂ ਦੀ ਵੰਡ ਹੋਣ ਤੋਂ ਤੁਰੰਤ ਬਾਅਦ ਅਚਾਨਕ ਹੀ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਆ ਗਈ।
ਆਮ ਆਦਮੀ ਪਾਰਟੀ (ਆਪ) ਨੇ ਅੱਜ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁਦੇ ਤੋਂ ਇਸ ਲਈ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਇਹ ਗੱਲ ਸਵੀਕਾਰ ਨਹੀਂ ਕਰ ਸਕੇ ਕਿ ਦਲਿਤ ਨੂੰ ਰਾਜ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, ‘ਇਸ ਤੋਂ ਪਤਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਵਿਰੁੱਧ ਹਨ। ਗਰੀਬ ਦਾ ਪੁੱਤਰ ਮੁੱਖ ਮੰਤਰੀ ਬਣ ਗਿਆ। ਇਹ ਸਿੱਧੂ ਸਹਿਣ ਨਹੀਂ ਕਰ ਸਕਿਆ। ਇਹ ਬਹੁਤ ਦੁਖਦਾਈ ਹੈ।’
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਨਾਲ ਰਾਜ ਵਿੱਚ ਪਾਰਟੀ ਦੀ ਅਜੀਬ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸਿੱਧੂ ਦੇ ਅਸਤੀਫੇ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਹੀਂ ਪਤਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਿੱਧੂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ| ਇਸ ਦੇ ਨਾਲ ਹੀ ਉਹ ਇਹ ਕਹਿ ਰਹੇ ਹਨ ਕਿ ਅਸੀਂ ਸਿੱਧੂ ਨਾਲ ਬੈਠ ਕੇ ਗੱਲ ਕਰਾਂਗੇ|
ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ’ਤੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਸਟੇਬਲ (ਸਥਿਰ) ਬੰਦਾ ਨਹੀਂ ਹੈ ਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਉਹ ਢੁਕਵਾਂ ਨਹੀਂ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅੱਜ ਦਿੱਲੀ ਪੁੱਜ ਗਏ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਫੇਰੀ ਹੈ। ਇਥੇ ਪੁੱਜਣ ’ਤੇ ਉਨ੍ਹਾਂ ਕਿਹਾ ਕਿ ਉਨ੍ਹ:ਾਂ ਦਾ ਦਿੱਲੀ ਵਿੱਚ ਕੋਈ ਸਿਆਸੀ ਰੁਝੇਵਾਂ ਨਹੀਂ ਹੈ।