‘’ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ’’

0
506

ਵੇਦ ਮਰਵਾਹਾ, ਦਿੱਲੀ ਪੁਲੀਸ ਦਾ ਮੁਖੀ (ਕਮਿਸ਼ਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ, ਦਿੱਲੀ ਪੁਲੀਸ ਨੇ ਦੋ ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ (1985 ਤੇ ਫਿਰ 1987 ਵਿਚ) ਵੇਦ ਮਰਵਾਹੇ ਨੇ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ’ ਲਿਖੀ ਜਿਸ ਦਾ ਸਿਰਲੇਖ ਹੈ – ‘ਅਨਸਿਵਲ ਵਾਰਜ਼ – ਪਥੋਲੌਜੀ ਆਫ਼ ਟੈਰਰਿਜ਼ਮ ਇਨ ਇੰਡੀਆ’। ਇਸ ਕਿਤਾਬ ਦੇ ਸਫ਼ਾ 16 ‘ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ- ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ’। ਇਸ ਦੀ ਲਿਖਤ ਵਿਚਲਾ ਵੇਰਵਾ, ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸ਼ਟਰ ਭਗਤੀ ਤੇ ਫ਼ਿਰਕੂਪੁਣੇ ਨਾਲ ਭਰਿਆ, ਪੰਜਾਬੀ ਹਿੰਦੂ ਮੂਲ ਦਾ ਮਰਵਾਹਾ ਲਿਖਦਾ ਹੈ – ”ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਸਜ਼ਾ ਹੋਈ ਅਤੇ ਬਾਅਦ ਵਿਚ ਫਾਂਸੀ ‘ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। … ਇਹ ਸਿਰਫ਼ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸ਼ਖ਼ਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਜ਼ਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿਚ ਐਸੇ ਅਸਾਧਾਰਣ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।”
ਵੇਦ ਮਰਵਾਹਾ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ – ‘ਪਹਿਲੀ ਗ੍ਰਿਫ਼ਤਾਰੀ’ ਲਿਖਤ ਅਨੁਸਾਰ -”ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿਚ ਪੁਲੀਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲੀਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿਚ ਵੀ ਦਿੱਲੀ ਪੁਲੀਸ ਦੀ ਦੁਰਗਤ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸ਼ਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫ਼ਤਾਰੀ, ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ‘ਤੇ ਹੋਈ, ਜਿਸ ਦਾ ਸਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਰ. ਕੇ. ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ, ਫ਼ੋਨ ਕਰ ਕੇ ਜਿੰਦੇ ਦੀ ਗ੍ਰਿਫ਼ਤਾਰੀ ਦੀ ‘ਵੱਡੀ ਪ੍ਰਾਪਤੀ’ ਸਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲੀਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇੱਕ ਅਚਾਨਕ ਇੱਕ ਮਾਰਕਾਖੇਜ਼ ਕੰਮ ਕੀਤਾ ਹੈ।”

ਮਰਵਾਹੇ ਦੀ ਲਿਖਤ ਦਾ ਅਗਲਾ ਸਿਰਲੇਖ ਹੈ -‘ਪੁੱਛ ਗਿੱਛ (ਇੰਟੈਰੋਗੇਸ਼ਨ)’ ਮਰਵਾਹੇ ਅਨੁਸਾਰ -”ਮੈਂ ਆਪਣੇ ਘਰੋਂ ਫ਼ੌਰਨ ਕ੍ਰਾਈਮ ਬਰਾਂਚ ਇੰਟੈਰੋਗੇਸ਼ਨ ਸੈਂਟਰ ਪਹੁੰਚਿਆ ਅਤੇ ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸ਼ੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖੱਲੜੀ ਵਿਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਅੰਦਾਜ਼ ਵਿਚ ਪੁਲੀਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲੀਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਹ ਨੂੰ ਬੜੀ ਖ਼ੁਸ਼ੀ ਸੀ। ਉਸ ਨੇ ਆਪਣੇ ਖ਼ਾਲਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜ਼ਿਦ ਕਰਦਾ ਸੀ) ਵਿਚਲੀ ਬੈਂਕ ਡਕੈਤੀਆਂ ਸਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲੀਸ ਦਾ ਪੂਰਾ ਮਜ਼ਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖ਼ਾਲਸਤਾਨੀ) ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲੀਸ ਮੁਖੀ’ ਦੇ ਤੌਰ ‘ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ ( ਨਾ ਕਿ ਮੁਜਰਮ ਦੇ ਤੌਰ ‘ਤੇ) …. ਉਸ ਨੂੰ ਫੇਰ ਅਸੀਂ ਗੁਜਰਾਤ ਪੁਲੀਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲੀਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿਚ ਲਲਿਤ ਮਾਕਨ ਐਮ. ਪੀ. ਤੇ ਅਰਜਨ ਦਾਸ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।”

ਵੇਦ ਮਰਵਾਹਾ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਦਿੰਦਾ ਹੈ। ਉਸ ਅਨੁਸਾਰ – ‘ਅਗਸਤ, 1987 ਵਿਚ ਸਿਵਲ ਲਾਈਨਜ਼ ਏਰੀਏ ਵਿਚ ਹੋਏ, ਇੱਕ ਪੁਲੀਸ ਮੁਕਾਬਲੇ ਵਿਚ ਜਿੰਦਾ ਸਖ਼ਤ ਜ਼ਖਮੀ ਹਾਲਤ ਵਿਚ, ਦਿੱਲੀ ਪੁਲੀਸ ਨੇ ਦਬੋਚ ਲਿਆ। ….. ਮੈਂ ਆਪਣੇ ਵਾਇਰਲੈੱਸ ਸੈੱਟ ‘ਤੇ ਜਿੰਦੇ ਦੀ ਗ੍ਰਿਫ਼ਤਾਰੀ ਬਾਰੇ ਸੁਣਿਆ ਅਤੇ ਕੁੱਝ ਮਿੰਟਾਂ ਵਿਚ ਹੀ ਪੁਲੀਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ‘ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ, ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜ਼ਾਕੀਆ ਲਹਿਜ਼ੇ ਵਿਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ, ਦਿੱਲੀ ਪੁਲੀਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿਚ ਵੀ ਬੇਪ੍ਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲੀਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ… ਉਸ ਦਾ ਫ਼ੌਜੀ ਹਸਪਤਾਲ ਵਿਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ, ਕਰਾਮਾਤੀ ਤੌਰ ‘ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ‘ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲੀਸ ਅਫ਼ਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ…..’
– ਡਾ : ਅਮਰਜੀਤ ਸਿੰਘ ਵਾਸ਼ਿੰਗਟਨ