ਪੰਜਾਬੀ ਟ੍ਰਿਬਿਊਨ ਵਿਚ ਭਗਤ ਸਿੰਘ ਦੇ ਭਾਸ਼ਾ ਬਾਰੇ ਲੇਖ ਦੇ ਅਰਥਾਂ ਦਾ ਅਨਰਥ

0
286

ਅੱਜ 28 ਸਤੰਬਰ 2022 ਨੂੰ ਪੰਜਾਬੀ ਟ੍ਰਿਬਿਊਨ ਵਿਚ ਸਰਬਜੀਤ ਸਿੰਘ ਵਿਰਕ ਐਡਵੋਕੇਟ ਦਾ “ਸ਼ਹੀਦ ਭਗਤ ਸਿੰਘ ਦਾ ਸੰਘਰਸ਼ ਤੇ ਲਿਖਤਾਂ” ਵਿੱਚ ਲੇਖਕ ਨੇ ਭਗਤ ਸਿੰਘ ਦੇ ਕਹੇ ਜਾਂਦੇ ਲੇਖ “ਪੰਜਾਬ ਮੇਂ ਭਾਸ਼ਾ ਔਰ ਲਿੱਪੀ ਕਿ ਸਮੱਸਿਆ” ਦਾ ਹਵਾਲਾ ਦਿੰਦਿਆਂ ਉਸ ਨੂੰ ਪੰਜਾਬੀ ਮਾਂ ਬੋਲੀ ਦੇ ਵੱਡੇ ਮੁਦਈ ਵਜੋਂ ਸਾਬਤ ਕਰਨ ਦਾ ਯਤਨ ਕੀਤਾ।

ਭਗਤ ਸਿੰਘ ਦੇ ਇਸ ਲੇਖ ਬਾਰੇ ਅਸੀਂ ਪਹਿਲਾਂ ਆਪਣੀ ਵਿਸਥਾਰਤ ਲਿਖਤ “ਭਗਤ ਸਿੰਘ ਅਤੇ ਸਿੱਖ ਮਾਨਸਿਕਤਾ ਨੂੰ ਸਮਝਦਿਆਂ – ਮੌਜੂਦਾ ਤਲਖੀ ਦੀ ਜਡ਼੍ਹ ਕਿੱਥੇ?” ਵਿੱਚ ਜ਼ਿਕਰ ਕੀਤਾ ਸੀ। ਅਸਲ ਵਿੱਚ ਭਗਤ ਸਿੰਘ ਦੇ ਆਖੇ ਜਾਂਦੇ ਇਸ ਲੇਖ ਦਾ ਸਾਰਾ ਜ਼ੋਰ ਇਸ ਗੱਲ ‘ਤੇ ਹੈ ਕਿ ਪੰਜਾਬੀ ਭਾਸ਼ਾ ਦਾ ਸਾਹਿਤ ਅਤੇ ਗੁਰਮੁਖੀ ਲਿਪੀ ਊਣੀਆਂ ਹਨ ਅਤੇ ਪੰਜਾਬੀ ਬੋਲੀ ਨੂੰ ਦੇਵਨਾਗਰੀ ਲਿਪੀ ਵਿਚ ਲਿਖਿਆ ਜਾਣਾ ਚਾਹੀਦਾ ਹੈ।
ਸਮਝ ਨਹੀਂ ਆਉਂਦੀ ਐਡਵੋਕੇਟ ਵਿਰਕ ਨੇ ਇਸ ਤਰ੍ਹਾਂ ਦੀ ਗਲਤ ਬਿਆਨੀ ਕਿਉਂ ਕੀਤੀ ਹੈ। ਵੈਸੇ ਤਾਂ ਭਗਤ ਸਿੰਘ ਦਾ ਇਸ ਇਸ ਲੇਖ ਦਾ ਲੇਖਕ ਹੋਣਾ ਹੀ ਸ਼ੱਕ ਦੇ ਘੇਰੇ ਵਿੱਚ ਹੈ ਪਰ ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ਉਸੇ ਦੀ ਲਿਖਤ ਹੈ ਤਾਂ ਉਸ ਦੇ ਮੂਲ ਭਾਵ ਦੇ ਖ਼ਿਲਾਫ਼ ਕਿਵੇਂ ਨਤੀਜਾ ਕੱਢਿਆ ਜਾ ਸਕਦਾ ਹੈ ? ਆਪਣੀ ਪਿਛਲੀ ਲਿਖਤ ਵਿਚ ਅਸੀਂ ਭਗਤ ਸਿੰਘ ਦੇ ਉਸ ਕਥਿਤ ਲੇਖ ਬਾਰੇ, ਉਸ ਦੇ ਪਰਿਵਾਰ ਦੇ ਆਰੀਆ ਸਮਾਜੀ ਪਿਛੋਕੜ ਅਤੇ ਇਸ ਲੇਖ ਨੂੰ ਛਪਵਾਉਣ ਵਾਲੇ ਸੱਜਣ ਦੇ ਆਰੀਆ ਸਮਾਜੀ ਹੋਣ ਬਾਰੇ ਹੇਠ ਲਿਖੀ ਚਰਚਾ ਕੀਤੀ ਸੀ:

“ਜੇ ਤੁਸੀਂ ਉਸ ਦੇ ਪੰਜਾਬੀ ਬਨਾਮ ਹਿੰਦੀ ਉੱਪਰ ਵਿਚਾਰਾਂ ਨੂੰ ਅੱਜ ਜਸਟੀਫਾਈ ਨਹੀਂ ਕਰ ਸਕਦੇ ਤਾਂ ਉਸ ਦੇ ਬਾਕੀ ਮੁੱਦਿਆਂ ਤੇ ਵਿਚਾਰਾਂ ਦਾ ਵੀ ਆਲੋਚਨਾਤਮਕ ਵਿਸ਼ਲੇਸ਼ਣ ਹੋ ਸਕਦਾ ਹੈ। ਇਸ ਵਿਸ਼ਲੇਸ਼ਣ ਨਾਲ ਉਸਦੀ ਦਲੇਰੀ ਅਤੇ ਕੁਰਬਾਨੀ ਛੋਟੇ ਨਹੀਂ ਹੋ ਜਾਂਦੀ। ਜੇ ਭਾਸ਼ਾ ਤੇ ਉਸਦੇ ਵਿਚਾਰਾਂ ਨੂੰ ਜਸਟੀਫਾਈ ਕਰਦੇ ਹੋ ਤਾਂ ਫਿਰ ਉਸਦੀ ਵਿਚਾਰਧਾਰਾ ਤੇ ਸੁਆਲ ਉੱਠਣੇ ਲਾਜ਼ਮੀ ਨੇ। ਹਿੰਦੀ ਅਤੇ ਪੰਜਾਬੀ ਭਾਸ਼ਾ ਤੇ ਉਸ ਦੇ ਪ੍ਰਗਟਾਏ ਵਿਚਾਰ ਅਸਲ ‘ਚ ਭਾਸ਼ਾਈ ਬਸਤੀਵਾਦ ਦੇ ਖਾਤੇ ਵਿਚ ਜਾ ਪੈਂਦੇ ਨੇ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਉਲਟ ਉਸ ਦੀਆਂ ਦਲੀਲਾਂ ਨਾ ਸਿਰਫ ਉਸ ਦੀ ਪੰਜਾਬੀ ਅਤੇ ਗੁਰਮੁਖੀ ਬਾਰੇ ਸਮਝ ਦੇ ਪੇਤਲੇਪਣ ਨੂੰ ਹੀ ਪ੍ਰਗਟ ਕਰਦੀਆਂ ਹਨ ਸਗੋਂ ਉਸ ਦੀ ਇਸ ਉਪ ਮਹਾਂਦੀਪ ਦੀ ਨਸਲੀ ਭਾਸ਼ਾਈ ਅਤੇ ਅਕੀਦਿਆਂ ਦੀ ਵੰਨ ਸੁਵੰਨਤਾ ਤੋ ਬਿਲਕੁਲ ਅੱਖਾਂ ਮੀਟਣ ਵਾਲੀਆਂ ਜ਼ਾਹਰ ਹੁੰਦੀਆਂ ਨੇ। ਪੰਜਾਬੀ ਅਤੇ ਗੁਰਮੁਖੀ ਬਾਰੇ ਉਸ ਦੇ ਵਿਚਾਰ ਬਿਲਕੁਲ ਆਰੀਆ ਸਮਾਜੀਆਂ ਵਾਲੇ ਸਨ। ਇਨ੍ਹਾਂ ਸਿਰੇ ਦੇ ਗੈਰ ਵਿਗਿਆਨਕ ਵਿਚਾਰਾਂ (ਜੇ ਇਹ ਵਾਕਈ ਉਸ ਦੇ ਹਨ ) ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਉਸ ‘ਤੇ ਕਿੰਨਾ ਸੀ।

ਜ਼ਿਕਰਯੋਗ ਗੱਲ ਹੈ ਕਿ ਆਰੀਆ ਸਮਾਜੀਆਂ ਨੇ ਉਰਦੂ ਤੋਂ ਇਲਾਵਾ ਹੋਰ ਭਾਸ਼ਾਵਾਂ ਅਤੇ ਲਿਪੀਆਂ ਦਾ ਵਿਰੋਧ ਇਸ ਤਰ੍ਹਾਂ ਨਹੀਂ ਕੀਤਾ, ਜਿਵੇਂ ਪੰਜਾਬੀ ਅਤੇ ਗੁਰਮੁਖੀ ਦਾ ਕੀਤਾ। ਦਿਲਚਸਪ ਗੱਲ ਹੈ ਕੇ ਭਗਤ ਸਿੰਘ ਨੂੰ ਵੀ ਹੀਣਾਪਣ ਸਿਰਫ ਪੰਜਾਬੀ ਅਤੇ ਗੁਰਮੁਖੀ ਵਿਚੋ ਹੀ ਲੱਭਾ। ਪੰਜਾਬੀ ਅਤੇ ਗੁਰਮੁਖੀ ਦੇ ਉਲਟ ਇਹੋ ਜਿਹੀਆਂ ਦਲੀਲਾਂ ਸਿਰਫ ਉਹ ਹੀ ਦੇ ਸਕਦਾ ਹੈ, ਜਿਸ ਨੂੰ ਨਾ ਇਨ੍ਹਾਂ ਦੀ ਸਮਰੱਥਾ ਦਾ ਪਤਾ ਹੋਵੇ ਜਾਂ ਫਿਰ ਸਿਰਫ ਨਫਰਤ ਹੋਵੇ, ਜਿਹੜੀ ਆਮ ਤੌਰ ‘ਤੇ ਖੰਡ ਨਾਲ ਲਪੇਟ ਕੇ, ਨਰਮ ਕਰ ਕੇ ਪੇਸ਼ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਖਿਲਾਫ ਇਹੋ ਜਿਹੀਆਂ ਥੋਥੀਆਂ ਦਲੀਲਾਂ ਹੀ ਆਰੀਆ ਸਮਾਜੀ ਅਤੇ ਜਨ ਸੰਘ ਵਾਲੇ ਪੰਜਾਬੀ ਸੂਬਾ ਬਣਨ ਤੱਕ ਦਿੰਦੇ ਰਹੇ ਅਤੇ ਕਈਆਂ ਕੋਲ ਹਾਲੇ ਵੀ ਇਸ ਤੋਂ ਅਗਾਂਹ ਕੁਝ ਨਹੀਂ ਹੈ। ਉਸਦੇ ਲੇਖ ਵਿਚਲੀ ਇਹ ਟੂਕ, “ਏਕ ਰਾਸ਼ਟਰ ਬਨਾਨੇ ਕੇ ਲੀਏ ਏਕ ਭਾਸ਼ਾ ਹੋਨਾ ਅਵਸ਼ਯਕ ਹੈ“- ਬਾਰੇ ਦੱਸੋ ਇਹ ਵਿਚਾਰ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਵਿਚਾਰ ਨਾਲੋਂ, ਜਾਂ ਅਮਿਤ ਸ਼ਾਹ ਦੇ ਵਿਚਾਰਾਂ ਨਾਲੋਂ ਵੱਖਰਾ ਕਿਵੇਂ ਹੈ? ਚੰਗਾ ਹੋਵੇ ਜੇ ਉਸਦਾ ਭਾਣਜਾ ਜਗਮੋਹਨ ਸਿੰਘ ਤੇ ਭਗਤ ਸਿੰਘ ਦੇ ਹੋਰ ਸੈਕੂਲਰ, ਤਰਕਵਾਦੀ ਅਖਵਾਉਣ ਵਾਲੇ ਪੈਰੋਕਾਰ ਇਸ ਲੇਖ ਵਿਚ ਮੁਸਲਮਾਨਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਤੇ ਆਪਣੀ ਸਥਿਤੀ ਸਪੱਸ਼ਟ ਕਰਨ ਤੇ ਇਹ ਵੀ ਦੱਸਣ ਕਿ ਇਹ ਸੰਘ ਅਤੇ ਭਾਜਪਾ ਦੇ ਵਿਚਾਰਾਂ ਨਾਲੋਂ ਕਿਵੇਂ ਵੱਖਰੇ ਹਨ।”

“ਇਹ ਹੁਣ ਉਸਦੇ ਵਿਚਾਰਧਾਰਕ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਪੱਸ਼ਟ ਕਰਨ ਕਿ ਕੀ ਇਹ ਵਾਕਈ ਉਸਦੇ ਵਿਚਾਰ ਸਨ ਕਿ ਜਾਂ ਇਹ ਸੰਭਾਵਨਾ ਹੈ ਕਿ ਉਸਦੇ ਫਾਂਸੀ ਲੱਗਣ ਤੋਂ ਦੋ ਸਾਲ ਬਾਅਦ ਉਸਦੇ ਖਾਤੇ ਪਾਇਆ ਗਿਆ। ਇਹ ਪੱਕਾ ਹੈ ਕਿ ਜਿਸਨੇ ਉਸਦੇ ਨਾਂ ‘ਤੇ ਇਹ ਛਾਪਿਆ, ਉਹ ਕੋਈ ਵੱਡਾ ਆਰੀਆ ਸਮਾਜੀ ਵਿਦਵਾਨ ਸੀ ਤੇ ਉਸਨੇ ਹੋਰ ਕਿਤਾਬਾਂ ਤੋਂ ਇਲਾਵਾ ਆਰੀਆ ਸਮਾਜ ਦੇ ਸਿਧਾਂਤਾਂ ‘ਤੇ ਵੱਡੀ ਕਿਤਾਬ ਲਿਖੀ।

ਭਗਤ ਸਿੰਘ ਤੇ ਉਸ ਦਾ ਪਰਿਵਾਰ ਆਰੀਆ ਸਮਾਜੀ ਸੀ। ਭਾਵੇਂ ਕਿ ਉਸ ਵੇਲੇ ਤੇ ਕਈ ਲੋਕ ਹੁਣ ਵੀ ਆਰੀਆ ਸਮਾਜ ਨੂੰ ਇਕ ਸਮਾਜ ਸੁਧਾਰਕ ਲਹਿਰ ਦੇ ਤੌਰ ਉਤੇ ਦੇਖਦੇ ਨੇ ਪਰ ਇਹ ਹਿੰਦੂਤਵੀ ਧਾਰਾਵਾਂ ਵਿੱਚੋਂ ਸਭ ਤੋਂ ਜ਼ਿਆਦਾ ਸੱਜੇ ਪੱਖੀ ਅਤੇ ਨਸਲਵਾਦੀ ਲਹਿਰ ਸੀ। 1925 ਵਿਚ ਬਣੀ ਆਰ ਐਸ ਐਸ ਨਾਲੋਂ ਵੀ ਜ਼ਿਆਦਾ ਕੱਟੜ। ਪੰਜਾਬ ਵਿੱਚ ਫ਼ਿਰਕਾਪ੍ਰਸਤੀ ਦੀਆਂ ਜੜ੍ਹਾਂ ਅਸਲ ਵਿਚ ਆਰੀਆ ਸਮਾਜ ਨੇ ਲਾਈਆਂ। ਅਸਲ ਵਿਚ ਸੁਧਾਰਵਾਦੀ ਏਜੰਡੇ ਦੇ ਨਾਲ ਆਰੀਆ ਸਮਾਜੀਆਂ ਨੇ ਸਿਰੇ ਦਾ ਫਿਰਕੂ ਜ਼ਹਿਰ ਪੰਜਾਬ ਦੀ ਫਿਜ਼ਾ ਵਿੱਚ ਘੋਲਿਆ। ਉਸ ਦੇ ਅਸਰ ਤੋਂ ਪੰਜਾਬ ਹਾਲੇ ਤੱਕ ਵੀ ਤਾਬੇ ਨਹੀਂ ਆਇਆ।”
ਆਪਣੀ ਪਿਛਲੀ ਲਿਖਤ ਵਿਚ ਅਸੀਂ ਇਹ ਟਿੱਪਣੀਆਂ ਵੀ ਕੀਤੀਆਂ ਸਨ :

“ਜਦੋਂ ਉਹ ਫਾਂਸੀ ਚੜ੍ਹਿਆ, ਉਹ 23 ਸਾਲ ਦਾ ਨੌਜਵਾਨ ਸੀ। ਉਹ ਹਾਲੇ ਬੌਧਿਕ ਅਤੇ ਅਨੁਭਵੀ ਵਿਕਾਸ ਕਰ ਰਿਹਾ ਸੀ। ਪਰ ਉਸ ਦੇ ਨਾਂ ਉਤੇ ਵਿਚਾਰਧਾਰਕ ਦੁਕਾਨ ਚਲਾਉਣ ਵਾਲਿਆਂ ਨੇ ਇਹ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਕਿ ਭਗਤ ਸਿੰਘ ਜੋ ਲਿਖ ਗਿਆ, ਉਹ ਅੰਤਮ ਸੱਚ ਹੈ ਤੇ ਬਾਕੀ ਸਾਰਾ ਕੁਝ ਉਸ ਦੀ ਕਸਵੱਟੀ ਉਤੇ ਪਰਖਿਆ ਜਾਵੇ। ਇਹ ਕਸਵੱਟੀ ਘੜਨ ਤੋਂ ਪਹਿਲਾਂ ਜਾ ਇਸ ਨੂੰ ਘੜਦਿਆਂ – ਘੜਦਿਆਂ ਕਈ ਕੁਝ ਹੋਰ ਉਸ ਦੇ ਨਾਂ ਉਤੇ ਲਿਖ ਕੇ ਪਾ ਦਿੱਤਾ ਗਿਆ ਤੇ ਨਾਲ ਹੀ ਇਨ੍ਹਾਂ ਲਿਖਤਾਂ ਦੀ ਅਸਲੀਅਤ ਬਾਰੇ ਕਿਸੇ ਵੀ ਸੁਆਲ ਦਾ ਜੁਆਬ ਫਤਵਿਆਂ ਨਾਲ ਦਿੱਤਾ ਜਾਣ ਲੱਗਾ। ਕਿਸੇ ਵੀ ਅਜਿਹੀ ਆਵਾਜ਼ ਜਾਂ ਸੁਆਲ ਕਰਨ ਵਾਲੇ ਨੂੰ ਦੱਬਣ ਲਈ ਬੌਧਿਕ ਦਾਬਾ ਅਤੇ ਭੀੜ ਦਾ ਰੌਲਾ ਦੋਵੇਂ ਵਰਤੇ ਗਏ। ਕਈ ਸਿਰਫ ਕਿਤਾਬਾਂ ਦਾ ਧੰਦਾ ਕਰਨ ਵਾਲੇ ਤੇ ਸਿੱਖਾਂ ਨੂੰ ਘੋਰ ਨਫਰਤ ਕਰਨ ਵਾਲੇ ਇਸ ਸਾਰੇ ਕੁਝ ਵਿਚ ਸ਼ਾਮਲ ਸਨ।”

“ਕਈ ਤਰਕਸ਼ੀਲਤਾ ਦੇ ਠੇਕੇਦਾਰ ਜਿਹੜੇ ਵੈਸੇ ਬੜੇ ਮਾਣ ਨਾਲ ਮਿੱਥਾਂ ਤੋੜਦੇ ਨੇ, ਇਸ ਗੱਲ ਉਤੇ ਬਿਲਕੁਲ ਕੋਈ ਤਰਕ ਕਰਨ ਨੂੰ ਤਿਆਰ ਨਹੀਂ ਕਿ ਜੇ ਸੱਚੀ ਤਰਕਸ਼ੀਲ ਨਜ਼ਰ ਨਾਲ ਵੇਖਿਆ ਜਾਵੇ ਤਾਂ ਕਾਫੀ ਜਿਆਦਾ ਸੰਭਾਵਨਾ ਹੈ ਕਿ ਭਗਤ ਸਿੰਘ ਦੇ ਖਾਤੇ ਪਾਈਆਂ ਸਾਰੀਆਂ ਲਿਖਤਾਂ ਉਸ ਦੀਆਂ ਨਹੀਂ ਹਨ। ਇਨ੍ਹਾਂ ਲਿਖਤਾਂ ਦੇ ਸਰੋਤਾਂ ਅਤੇ ਉਨ੍ਹਾਂ ਸਰੋਤਾਂ ਦੀ ਭਰੋਸੇਯੋਗਤਾ ਬਾਰੇ ਇਹ ਕੋਈ ਤਰਕ ਸੁਣਨ ਜਾਂ ਪੜ੍ਹਨ ਨੂੰ ਤਿਆਰ ਨਹੀਂ, ਜੇ ਕੋਈ ਕਰੇ ਤਾਂ ਜੁਆਬ ‘ਚ ਫਤਵੇ। ਘੱਟੋ ਘੱਟ ਇਸ ਵਿਦਵਤਾ ਵਾਲੇ ਮਸਲੇ ‘ਤੇ ਤਾਂ ਖੁੱਲੀ ਵਿਚਾਰ ਹੋ ਸਕਦੀ ਹੈ। ਜੇ ਇਸ ਸਾਰੇ ਕੁਝ ਦੁਆਲੇ ਵਾਕਈ ਤਰਕ ਅਤੇ ਸੰਜੀਦਗੀ ਨਾਲ ਵਿਚਾਰ ਹੋਵੇ ਤਾਂ ਕਈ ਮਿੱਥਾਂ ਟੁੱਟਣ ਦਾ ਖਤਰਾ ਹੈ। ਪਰ ਸਵਾਲ ਇਹ ਹੈ ਕਿ ਭਗਤ ਸਿੰਘ ਦੁਆਲੇ ਕਈ ਮਿੱਥਾਂ ਘੜਣ ਦਾ ਅਸਲੀ ਫਾਇਦਾ ਕਿਸਨੂੰ ਹੁੰਦਾ ਹੈ? ਕੀ ਭਗਤ ਸਿੰਘ ਨੂੰ ਕਿਸੇ ਮਿੱਥ ਦੀ ਲੋੜ ਹੈ ?”
ਇੱਕ ਹੋਰ ਦਿਲਚਸਪ ਗੱਲ ਹੈ ਕਿ ਇੰਟਰਨੈੱਟ ‘ਤੇ ਲੱਭਦਿਆਂ ਇਸ ਲੇਖ ਦਾ ਹਿੰਦੀ ਦਾ ਮੂਲ ਪਾਠ ਅਤੇ ਉਸ ਦੀ ਅੰਗਰੇਜ਼ੀ ਵਿਚ ਉਲੱਥਾ ਤਾਂ ਝੱਟ ਲੱਭ ਜਾਂਦੇ ਨੇ ਪਰ ਪੰਜਾਬੀ ਵਿੱਚ ਇਸ ਦਾ ਮੁਕੰਮਲ ਉਲੱਥਾ ਨਿਗ੍ਹਾ ਨਹੀਂ ਪਿਆ। ਹੋ ਸਕਦਾ ਹੈ ਕਿਸੇ “ਇਕ ਦੇਸ਼ ਇਕ ਭਾਸ਼ਾ ਇਕ ਲਿਪੀ ” ਪ੍ਰੇਮੀ ਨੇ ਇਸ ਦਾ ਉਲੱਥਾ ਕੀਤਾ ਵੀ ਹੋਵੇ ਤੇ ਅਸੀਂ ਹੀ ਉਸ ਨੂੰ ਲੱਭਣ ਵਿਚ ਨਾਕਾਮ ਹੋਈਏ। ਭਗਤ ਸਿੰਘ ਦਾ ਪੈਰੋਕਾਰ ਅਖਵਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਇਸ ਮੁਕੰਮਲ ਲੇਖ ਨੂੰ ਪੰਜਾਬੀ ਵਿੱਚ ਉਲੱਥਾ ਕਰਾ ਕੇ ਵੰਡਣ ਤਾਂ ਕਿ ਲੋਕਾਂ ਨੂੰ ਭਾਸ਼ਾ ਤੇ ਲਿਪੀ ਅਤੇ ਮੁਸਲਮਾਨਾਂ ਦੇ ਕੱਟੜਪੰਥੀ ਹੋਣ ਬਾਰੇ ਅਸਲੀ ਵਿਚਾਰਾਂ ਦਾ ਸਹੀ ਅਰਥਾਂ ਵਿੱਚ ਪਤਾ ਲੱਗ ਸਕੇ।

ਪੰਜਾਬੀ ਟ੍ਰਿਬਿਊਨ ਵਿੱਚ ਛਪੇ ਇਸ ਲੇਖ ਨੇ ਇੱਕ ਵਾਰ ਫੇਰ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਭਗਤ ਸਿੰਘ ਦੇ ਖਾਤੇ ਪਾਈਆਂ ਜਾਂਦੀਆਂ ਲਿਖਤਾਂ ਦੀ ਪੜਚੋਲ ਦੋਵੇਂ ਦ੍ਰਿਸ਼ਟੀਕੋਣਾਂ ਤੋਂ ਕਿ ਕੀ ਇਹ ਉਸੇ ਦੀਆਂ ਲਿਖਤਾਂ ਹਨ ਤੇ ਦੂਸਰਾ ਉਸ ਦੀਆਂ ਇਨ੍ਹਾਂ ਲਿਖਤਾਂ ਦੀ ਰੌਸ਼ਨੀ ਵਿੱਚ ਉਸ ਦੀ ਅਸਲੀ ਵਿਚਾਰਧਾਰਾ ਕੀ ਉੱਘੜਦੀ ਜਾਂ ਉੱਭਰਦੀ ਹੈ। #Unpopular_Opinions