ਇਸਾਈ “ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ’ਚ” Crusade ਦਾ ਨਾਅਰਾ ਦੇ ਰਹੇ ਹਨ। ਆਪਣੇ ਆਮ ਲੋਕ ਇਸ ਸ਼ਬਦ ਦੇ ਅਰਥ ਨਹੀੰ ਸਮਝਦੇ ਇਸ ਕਰਕੇ ਚੁੱਪ ਬੈਠੇ ਹਨ। ਇਸ ਦਾ ਅਰਥ ਹੈ ਕਿ ਕਿਸੇ ਖਿੱਤੇ ਦਾ ਧਰਮ ਤਬਦੀਲ ਕਰਨ ਲਈ ਕੋਈ ਜ਼ੋਰਦਾਰ ਵੱਡੀ ਤਕੜੀ ਮਹਿੰਮ ਸ਼ੁਰੂ ਕਰਨੀ। ਗਿਆਰਵੀਂ ਬਾਰਵੀਂ ਸਦੀ’ਚ ਯੂਰਪ ਦੇ ਇਸਾਈ ਗੋਰਿਆਂ ਨੇ ਮੁਸਲਮਾਨਾਂ ਤੋਂ ਜੇਰੂਸਲੇਮ ਦਾ ਕਬਜਾਂ ਛਡਵਾਉਣ ਲਈ ਜਿਹੜੀਆਂ ਲੜਾਈਆਂ ਲੜੀਆਂ ਉਸ ਨੂੰ Crusade ਦਾ ਨਾਮ ਦਿੱਤਾ ਗਿਆ ਸੀ। ਹੁਣ ਇਹ ਪੰਜਾਬ ਦੇ ਇਸਾਈ ਪਾਸਟਰ ਅੰਮ੍ਰਿਤਸਰ ਸਾਹਿਬ ਨੂੰ ਸਿੱਖਾਂ ਤੋਂ ਖੋਹ ਕੇ ਇੱਥੇ ਇਸਾਈਅਤ ਦਾ ਬੋਲਬਾਲਾ ਕਰਨਾ ਚਾਹੁੰਦਾ ਹਨ। ਇਹ ਆਪਣੇ ਵੱਲੋੰ ਜੰਗ ਦਾ ਐਲਾਨ ਕਰ ਚੁੱਕੇ ਹਨ ਕਿ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਧਰਮ ਤੇ ਸੱਭਿਆਚਾਰ ਬਦਲ ਕੇ ਇਸ ਨੂੰ ਇਸਾਈਅਤ ਦੇ ਰੰਗ’ਚ ਰੰਗਣਾ ਹੈ।
ਸੋਚੋ ਕੀ ਇਹ ਲੋਕ ਆਹ ਨਾਅਰਾ ਮੱਕੇ ਜਾ ਕੇ ਦੇ ਸਕਦੇ ਹਨ? ਮੱਕਾ ਛੱਡੋ ਕੀ ਇਹ ਬਨਾਰਸ ਜਾ ਕੇ ਇਹ ਨਾਅਰਾ ਦੇ ਸਕਦੇ ਹਨ ਕਿ ਅਸੀੰ ਇੱਥੋੰ ਦਾ ਧਰਮ ਤਬਦੀਲ ਕਰਨਾ ਹੈ।
ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਬਾਹਰ ਵਾਲੇ ਸੋਚ ਲੈਣ ਉੱਥੇ ਇਸਾਈਆਂ ਦਾ ਰਾਜ ਹੈ। ਕੀ ਸਿੱਖਾ ਨੇ ਵੈਟੀਕਨ ਸਿਟੀ’ਚ ਜਾ ਕੇ ਧਰਮਯੁੱਧ ਦਾ ਐਲਾਨ ਕੀਤਾ ਹੈ ਕਿ ਅਸੀਂ ਇੱਥੇ ਕੋਈ ਇਸਾਈ ਨਹੀਂ ਰਹਿਣ ਦੇਣਾ? ਇਸ ਧਮਕੀ ਦਾ ਕੋਈ ਡਰ ਨਹੀਂ। ਜੇਕਰ ਪੰਜਾਬ’ਚ ਸਿੱਖ ਨਾ ਰਹੇ ਤਾਂ ਬਾਹਰ ਹੋਣ ਜਾਂ ਨਾ ਹੋਣ ਕੋਈ ਫ਼ਰਕ ਨਹੀਂ ਪੈਂਦਾ।
ਇਹ ਤਾਂ ਸਿੱਖਾਂ ਦੀ ਢਿੱਲ ਹੈ ਕਿ ਇਹਨਾਂ ਨੂੰ ਹੁਣ ਤੱਕ ਬਰਦਾਸ਼ਤ ਕੀਤਾ। Crusade ਦਾ ਨਾਅਰਾ ਆਪਣੇ ਆਪ’ਚ ਇੱਕ ਮਿਲਟਰੀ campaign ਦਾ ਸੰਕੇਤ ਹੈ। ਅੰਮ੍ਰਿਤਸਰ ਸਾਹਿਬ ਜਾਂ ਪੰਜਾਬ’ਚ ਇਸ ਨਾਮ ਹੇਠ ਇਹਨਾਂ ਦਾ ਕੋਈ ਪੋਸਟਰ ਜਾਂ ਇਸ਼ਤਿਹਾਰ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ, ਪ੍ਰੋਗਰਾਮ ਤਾਂ ਦੂਰ ਦੀ ਗੱਲ। – ਸਤਵੰਤ ਸਿੰਘ
ਕਈ ਕਾਮਰੇਡ ਅਤੇ ਤਰਕਸ਼ੀਲ ਬਿਰਤੀ ਵਾਲੇ ਲੋਕ “ਸਿਰ ਵਾਰਨ ਅਤੇ ਸਿਰ ਵਰਤਣ” ਤੇ ਝੂਠੇ ਬਿਰਤਾਂਤ ਖੜੇ ਕਰ ਰਹੇ ਹਨ। ਇਹਨਾਂ ਦਾ ਮੰਨਣਾ ਹੈ ਕਿ ਸਿਰ ਵਰਤਣ ਲਈ ਹਨ, ਵਾਰਨ ਲਈ ਨਹੀੰ। ਜਦ ਧਰਮ ਤੋਂ ਸਿਰ ਵਾਰਨ ਦੀ ਗੱਲ ਆਉਂਦੀ ਹੈ ਤਾਂ ਇਹ ਆਪਣਾ ਘਸਿਆ ਪਿਟਿਆ ਬਿਰਤਾਂਤ ਲੈ ਕੇ ਹਾਜ਼ਰ ਹੋ ਜਾਂਦੇ ਹਨ। ਇਹ ਲੋਕ ਸਾਬਤ ਕਰਨਾ ਚਾਹੁੰਦੇ ਹਨ ਕਿ ਜਿਨ੍ਹਾਂ ਨੇ ਹੁਣ ਤੱਕ ਧਰਮ ਲਈ ਸਿਰ ਵਾਰੇ ਉਹਨਾਂ ਦੇ ਸਿਰ ਕੰਮ ਨਹੀੰ ਕਰਦੇ ਸਨ ਭਾਵ ਉਹਨਾਂ ਨੂੰ ਅਕਲ ਜਾਂ ਸੋਝੀ ਨਹੀਂ ਸੀ।
ਪਰ ਸਿੱਖਾਂ ਲਈ ਇਹ ਕੋਈ ਦੋਵਾਂ ਗੱਲਾਂ’ਚੋਂ ਇੱਕ ਚੁਣਨ ਵਾਲੀ ਗੱਲ ਨਹੀਂ ਹੈ। ਸਿੱਖ ਧਰਮ ਲਈ ਸਿਰ ਵਾਰਨ ਦਾ ਫੈਸਲਾ ਸਿਰ ਵਰਤ ਕੇ ਹੀ ਕਰਦੇ ਹਨ। ਜਦ ਪੰਥ ਦੇ ਵਾਲੀ ਦਸਵੇਂ ਗੁਰੂ ਨੇ ਸਿਰ ਮੰਗਿਆ ਸੀ ਤਾਂ ਪਿਆਰੇ ਦਿਆ ਸਿੰਘ ਨੇ ਸਿਰ ਵਰਤ ਕੇ ਹੀ ਸੀਸ ਭੇਟ ਕੀਤਾ ਸੀ। ਭਲਾ ਉਸ ਤੋੰ ਵਧੀਆ ਹੋਰ ਸਿਰ ਕੀ ਵਰਤਿਆ ਜਾ ਸਕਦਾ ਸੀ। ਉਸ ਦਿਨ ਤੋਂ ਬਾਅਦ ਇਹ ਸਿਲਸਿਲਾ ਉਵੇਂ ਹੀ ਚੱਲਦਾ ਹੈ। ਦੁਨੀਆਵੀ ਭੀੜਾਂ’ਚ ਤੁਰੇ ਫਿਰਦਿਆਂ ਨੂੰ ਅੱਜ ਵੀ ਕਲ਼ਗੀਆਂ ਵਾਲਾ ਵਾਜ ਮਾਰ ਲੈਂਦਾ ਹੈ। ਸਾਡਾ ਸਿਰ ਵਰਤਣਾ ਤੇ ਵਾਰਨਾ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਸਾਡੇ ਸ਼ਹੀਦਾਂ ਨੇ ਸਿਰ ਵਰਤ ਕੇ ਹੀ ਦੁਨੀਆਵੀ ਚੀਜ਼ਾਂ ਤੋਂ ਵੱਡਾ ਗੁਰੂ ਨੂੰ ਸਮਝਿਆ ਹੈ। ਸਿੱਖ ਕੌਮ ਦੀ ਇਹ ਸਦੀਆਂ ਦੀ ਪਰੈਕਟਸ ਹੈ। ਸਿੱਖਾਂ ਨੇ ਆਪਣਾ ਆਪ ਗੁਰੂ ਤੋਂ ਵਾਰਨ ਲਈ ਆਪਣੇ ਸੀਸ ਗੁਰੂ ਅੱਗੇ ਹਾਜ਼ਰ ਕੀਤੇ ਹਨ ਅਤੇ ਕਰਦੇ ਰਹਿਣਗੇ। ਧਰਮ-ਯੁੱਧ’ਚੋੰ ਚੁਸਤੀ ਨਾਲ ਸਿਰ ਵਰਤਣ ਦੀ ਚੁਤਰਾਈ ਕਰਕੇ ਖਿਸਕ ਜਾਣਾ ਸਿੱਖ ਸੱਭਿਆਚਾਰ ਦਾ ਹਿੱਸਾ ਨਹੀੰ। ਇਹ ਤਰਕਸ਼ੀਲਾਂ,ਕਾਮਰੇਡਾਂ ਜਾਂ ਮਿਸ਼ਨਰੀਆਂ ਦਾ ਸੱਭਿਆਚਾਰ ਹੋ ਸਕਦਾ ਹੈ। ਇਸ ਲਈ ਆਪਣੀ ਸਿੱਖਿਆ ਆਪਣੇ ਕੋਲ ਰੱਖੋ, ਸਿੱਖਾਂ ਨੂੰ ਮੱਤਾਂ ਨਾ ਦਵੋ। – ਸਤਵੰਤ ਸਿੰਘ
“ਮੈਂ ਨਾਸਤਕ ਕਿਉਂ ਹਾਂ” ਨੂੰ ਵੰਡਣ ਤੋਂ ਲੈ ਕੇ ਇਸਾਈ ਪਾਸਟਰਾਂ ਵੱਲੋਂ ਸ਼ਰ੍ਹੇਆਮ ਚਮਤਕਾਰਾਂ ਦੇ ਦਾਅਵਿਆਂ ‘ਤੇ ਚੁੱਪ ਤੱਕ – -ਪੰਜਾਬ ਵਿਚਲੇ ਤਰਕਸ਼ੀਲਾਂ ਦਾ ਸਫ਼ਰ-
ਕਈ ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਵਾਲੇ ਛੋਟੇ ਮੋਟੇ ਬਾਬਿਆਂ, ਜਿਹੜੇ ਭੂਤ ਪ੍ਰੇਤ ਕੱਢਦੇ ਸਨ, ਉਨ੍ਹਾਂ ਦੇ ਪਾਖੰਡਾਂ ਨੂੰ ਨੰਗਾ ਕਰਦੇ ਸਨ। ਫਿਰ ਕੁਝ ਸਾਲਾਂ ਤੋਂ ਭਗਤ ਸਿੰਘ ਦੀ ਲਿਖਤ ਕਹੀ ਜਾਂਦੀ “ਮੈਂ ਨਾਸਤਕ ਕਿਉਂ ਹਾਂ” ਨੂੰ ਵੱਡੇ ਪੱਧਰ ‘ਤੇ ਛਾਪ ਕੇ ਵੰਡਦੇ ਰਹੇ। ਇਸ ਦਾ ਵੈਸੇ ਵੀ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੇ। ਭਗਤ ਸਿੰਘ ਦੇ ਬਿੰਬ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਸਿੱਖ ਵਿਰਾਸਤ ਅਤੇ ਇਤਿਹਾਸ ਦੇ ਨਾਇਕਾਂ ਨੂੰ ਕੈਂਸਲ ਕਰਨ ਅਤੇ ਨਾਸਤਕਤਾ ਦੇ ਪ੍ਰਚਾਰ ਲਈ ਵਰਤਣ ਦਾ ਕੰਮ ਹੋਇਆ।
ਹੁਣ ਪਿਛਲੇ ਕੁਝ ਸਾਲਾਂ ਤੋਂ ਇਸਾਈ ਪਾਸਟਰ ਵੱਡੇ ਪੱਧਰ ‘ਤੇ ਲੋਕਾਂ ਦੇ ਭੂਤ ਪ੍ਰੇਤ ਤਾਂ ਕੱਢ ਹੀ ਰਹੇ ਨੇ, ਇਸ ਦੇ ਨਾਲ ਹੀ ਉਹ ਗੰਭੀਰ ਬਿਮਾਰੀਆਂ ਦਾ ਇਲਾਜ ਚਮਤਕਾਰਾਂ ਨਾਲ ਕਰਨ ਦਾ ਦਾਅਵਾ ਕਰ ਰਹੇ ਨੇ। ਸੈਂਕੜੇ ਵੀਡੀਓ ਤੁਰੀਆਂ ਫਿਰਦੀਆਂ ਨੇ, ਜਿਨ੍ਹਾਂ ਵਿੱਚ ਉਹ ਇਕੱਠੇ ਹੀ ਲੋਕਾਂ ਵਿਚੋਂ ਪ੍ਰੇਤ ਆਤਮਾਵਾਂ ਕੱਢ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਇਸ ਮਸਲੇ ‘ਤੇ ਤਲਖ਼ੀ ਵੀ ਪੈਦਾ ਹੋ ਰਹੀ ਹੈ।
ਪਰ ਛੋਟੇ ਛੋਟੇ ਬਾਬਿਆਂ ਦਾ ਪਿੱਛਾ ਕਰਨ ਵਾਲੀ ਤਰਕਸ਼ੀਲ ਸੁਸਾਇਟੀ ਦੇ ਆਗੂ, ਜਿਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਵੀ ਸਭ ਤੋਂ ਵੱਡੀ ਚਿੰਤਾ ਧਰਮ, ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਮੁਹਾਵਰੇ ਦੀ ਵਰਤੋਂ ਸੀ, ਭੂਤ ਕੱਢਣ ਦੇ ਇਸ ਵੱਡੇ ਕਾਰੋਬਾਰ ‘ਤੇ ਚੁੱਪ ਨੇ। ਹਾਲੇ ਤੱਕ ਕੋਈ ਮਿੱਤਰ ਨਹੀਂ ਬੋਲਿਆ। ਭਗਤ ਸਿੰਘ ਦੀ ਵਿਰਾਸਤ ਦਾ ਦਾਅਵੇਦਾਰ ਉਸ ਦਾ ਭਾਣਜਾ ਪ੍ਰੋ ਜਗਮੋਹਨ ਸਿੰਘ ਤੇ ਉਸਦੇ ਨਾਲ ਦੇ ਵੀ ਬਿਲਕੁਲ ਚੁੱਪ ਨੇ।
ਇਹ ਚੁੱਪ ਕਿਉਂ?
#Unpopular_Opinions