ਮੈਲਬਨ ਸ਼ਹਿਰ ਦਾ ਪਤਵੰਤਾ ਗਾਇਕ ਨਿਰਵੈਰ ਸਿੰਘ ਕਿਸੇ ਜੋੜੇ ਦੀ ਮਾੜੀ ਡਰੈਵਰੀ ਕਰਕੇ ਜਹਾਨੋਂ ਤੁਰ ਗਿਆ। ਜੋੜੇ ਦਾ ਨਾਮ ਤੇ ਚਮੜੀ ਦਾ ਰੰਗ ਪੁਲਸ ਤੇ ਅਖ਼ਬਾਰਾਂ ਵੱਲੋਂ ਜਨਤਕ ਨਹੀਂ ਕੀਤਾ ਗਿਆ। ਦੂਜੇ ਪਾਸੇ ਕਿਸੇ ਪੰਜਾਬੀ ਨੇ ਲਾਹਣ ਡੱਫ ਮਾੜੀ ਡਰੈਵਰੀ ਕੀਤੀ ਤੇ ਕੁਝ ਅੱਲੜ੍ਹ ਮੁੰਡੇ ਕੁੜੀਆਂ ਨੂੰ ਜ਼ਖਮੀ ਕਰ ਦਿੱਤਾ। ਹਰ ਖ਼ਬਰੀ ਅਦਾਰੇ ਨੇ ਮੁੰਡੇ ਦਾ ਨਾਮ, ਰੰਗ ਤੇ ਪਿੱਛੋਕੜ ਤੋਂ ਲੈਕੇ ਆਸਟ੍ਰੇਲੀਆ ‘ਚ ਓਹਦਾ ਕੀ ਸਟੇਟਸ ਆ, ਸਭ ਜਨਤਕ ਕੀਤਾ। ਤਾਂ ਜੋ ਨਸਲੀ ਗੋਰੇ ਖੁੱਲ੍ਹੇ ਰੂਪ ‘ਚ ਟਿੱਪਣੀਆਂ ਕਰ ਸਕਣ। ਆਪਣਿਆਂ ਨੇ ਵੀ ਗੋਰਿਆਂ ਦੀ ਹਾਂ ‘ਚ ਹਾਂ ਭਰੀ। ਹੁੱਭ ਹੁੱਭ ਖ਼ਬਰ ਸਾਂਝੀ ਕੀਤੀ ਤੇ ਰਟਿਆ ਰਟਾਇਆ ਰਾਗ ਅਲਾਪਿਆ ਕਿ ‘ਡਿਪੋਰਟ ਹਿੰਮ’। ਇਹੋ ਜਹੀਆਂ ਘਟਨਾਵਾਂ ‘ਚ ਇਹ ਵਰਤਾਰਾ ਆਮ ਆ, ਦੋਸ਼ੀ ਨੂੰ ਮਾੜਾ ਕਹਿਣਾ ਜਾਂ ਨਹੀਂ, ਏ ਅਸੀਂ ਓਹਦੇ ਚੰਮ ਦਾ ਰੰਗ ਵੇਖਕੇ ਤੈਅ ਕਰਦੇ ਆ।
ਨਾਂ ਤੇ ਸਹੀ ਨਿਰਵੈਰ ਸਿੰਘ ਨੂੰ ਨਹੱਕੀ ਮੌਤ ਮਾਰਨ ਵਾਲਾ ਜੋੜਾ ਸੀ, ਤੇ ਨਾਂ ਹੀ ਪੀ ਕੇ ਗੱਡੀ ਚਲਾਓਣ ਵਾਲਾ ਪੰਜਾਬੀ ਮੁੰਡਾ। ਪਰ ਅਸੀਂ ਹਮੇਸ਼ਾ ਚੰਗਾ ਵਿਹਾਰ ਕਰਨ ਦਾ ਸਾਰਾ ਨੈਤਿਕ ਬੋਝ ਸਿਰਫ਼ ਆਪਣੇ ਤੇ ਸਮਝਦੇ ਹਾਂ। ਕਿਸੇ ਮਾੜੀ ਘਟਨਾ ਦੇ ਦੋਸ਼ੀ ਗੋਰੇ ਨੂੰ ਅਸੀਂ ਇੰਝ ਮਾਫ਼ ਕਰਦੇ ਹਾਂ ਜਿਵੇਂ ਇਹਨੂੰ ਬਹੁਤ ਸਾਰੇ ਦੋਸ਼ਾਂ ਤੋਂ ਰੱਬੀ ਰਿਆਇਤ ਮਿਲੀ ਹੋਵੇ। ਤੇ ਕਿਸੇ ਆਪਣੇ ਦੋਸ਼ੀ ਦੀ ਗੱਲ ਕਰਨ ਲੱਗੇ ਅਸੀਂ ਇੰਝ ਕਰਦੇ ਹਾਂ ਜਿਵੇਂ ਕਿਸੇ ਇੱਕ ਦਾ ਦੋਸ਼ ਕੁੱਲ ਕੌਮ ਦੇ ਮੂਲ ਸੁਭਾਅ ਦਾ ਹਿੱਸਾ ਹੋਵੇ। ਇਹ ਸਾਡੇ ਅੰਦਰ ਗੁਲਾਮੀ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਚੋਂ ਇੱਕ ਨਿਸ਼ਾਨੀ ਏ।
ਸਾਡੇ ਅੰਦਰ ਚਿੱਟੇ ਚੰਮ ਨੂੰ ਪ੍ਰਸਨ ਕਰਨ ਦੀ ਏਨੀ ਤਲਬ ਕਿਓਂ ਆ? ਕਿਉਂਕਿ ਅਸੀਂ ਗੋਰੇ ਵੱਲੋਂ ਬਸਤੀ ਬਣਾਏ ਕਿਸੇ ਬਾਹਰਲੇ ਮੁਲਕ ਵੱਸ ਗਏ? ਜਿੱਥੇ ਉਸਨੇ ਉਸ ਧਰਤੀ ਦੇ ਸੱਭਿਆਚਾਰ, ਬੋਲੀ, ਤੇ ਜੀਵਾਂ ਦੀ ਨਸਲਕੁਸ਼ੀ ਕਰ ਆਪਣਾ ਨਿਜ਼ਾਮ ਲਾਗੂ ਕੀਤਾ! ਬਿਨਾ ਸ਼ੱਕ ਅਜੋਕਾ ਪੱਛਮੀ ਨਿਜ਼ਾਮ ਕੁਝ ਗੱਲਾਂ ‘ਚ ਚੰਗਾ। ਆਮ ਬੰਦੇ ਨੂੰ ਹਰ ਨਿੱਕੇ ਮੋਟੇ ਦਫ਼ਤਰੀ ਕੰਮ ਲਈ ਧੱਕੇ ਨਹੀਂ ਖਾਣੇ ਪੈਂਦੇ, ਨਿੱਕੇ ਨਿੱਕੇ ਕੰਮਾਂ ਲਈ ਵੱਢੀ ਨਹੀਂ ਦੇਣੀ ਪੈਂਦੀ। ਹਾਂ ਕੁਝ ਕੰਮਾਂ ਲਈ ਵੱਢੀ ਦੇ ਤਰੀਕੇ ਤੇ ਰੂਪ ਵੱਖਰੇ ਹੋ ਸਕਦੇ ਨੇ। ਕੁਝ ਨਿੱਕੇ ਨਿੱਕੇ ਅਨੁਸ਼ਾਸਨ ਜੋ ਜ਼ਿੰਦਗੀ ਨੂੰ ਸੁਖਾਲ਼ੀ ਬਣਾਓਣ ਲਈ ਜ਼ਰੂਰੀ ਹੁੰਦੇ ਨੇ, ਬਾਹਰ ਰਹਿੰਦਾ ਬੰਦਾ ਸਹਿਜੇ ਸਿੱਖ ਜਾਂਦਾ। ਬਹੁਤ ਸਾਰੀਆਂ ਦੁਨੀਆਵੀ ਸੁੱਖ ਸਹੂਲਤਾਂ ਤੇ ਪਦਾਰਥਕ ਚੀਜ਼ਾਂ ਹਰ ਬੰਦੇ ਦੀ ਪਹੁੰਚ ‘ਚ ਨੇ, ਆਰਥਿਕ ਪੱਖ ਤੋਂ ਤਗੜੇ ਹੋਣ ਦੇ ਮੌਕੇ ਵੱਧ ਨੇ। ਪਰ ਇਹ ਸਭ ਕੁਝ ਮੁਫ਼ਤ ਨਹੀਂ, ਅਸੀਂ ਇਸ ਪੱਛਮੀ ਨਿਜ਼ਾਮ ਦੀ ਕੀਮਤ ਅਦਾ ਕਰਕੇ ਇਹਦੇ ਮੈਂਬਰ ਬਣਦੇ ਆ। ਅਸੀਂ ਓਹ ਜੋ ਪੱਛਮੀ ਮੁਲਕਾਂ ‘ਚ ਸਿੱਧੇ ਤਰੀਕੇ ਆਓਦੇ ਹਾਂ, ਹਜ਼ਾਰਾਂ ਡਾਲਰ ਕਾਲਜਾਂ ਨੂੰ ਭਰਦੇ ਹਾਂ, ਹਜ਼ਾਰਾਂ ਡਾਲਰ ਇੰਮੀਗ੍ਰੇਸ਼ਨ ਮਹਿਕਮੇ ਨੂੰ ਪੂਜਦੇ ਹਾਂ, ਹਜ਼ਾਰਾਂ ਆਈਲਸ ਦੇ ਟੈਸਟਾਂ ਤੇ ਲਾਓਦੇ ਹਾਂ, ਤੇ ਫਿਰ ਜਾਕੇ ਬਾਹਰਲੇ ਨਿਜ਼ਾਮ ਦੇ ਪੱਕੇ ਮੈਂਬਰ ਤੇ ਟੈਕਸਪੇਅਰ ਬਣਦੇ ਹਾਂ। ਇੱਥੋਂ ਤੱਕ ਕਿ ਜੋ ਅਸਿੱਧੇ ਤਰੀਕੇ ਪੱਛਮੀ ਮੁਲਕਾਂ ‘ਚ ਆਓਦੇ ਨੇ, ਓਹ ਵੀ ਅਮਰੀਕਾ ਵਰਗੇ ਮੁਲਕ ‘ਚ ਹਜ਼ਾਰਾਂ ਡਾਲਰ ਬੌਂਡ ਭਰਕੇ ਫਿਰ ਜੇਲ੍ਹਾਂ ਤੋਂ ਬਾਹਰ ਨਿਕਲਦੇ ਨੇ। ਕੁੱਲ ਮਿਲਾਕੇ ਸਿੱਧੇ ਜਾਂ ਅਸਿੱਧੇ ਤਰੀਕੇ ਆਇਆ ਹਰ ਬੰਦਾ ਪੱਕੀ ਨਾਗਰਿਕਤਾ ਲੈ ਉਮਰ ਭਰ ਲਈ ਟੈਕਸਪੇਅਰ ਬਣਦਾ। ਜਿਸਦੇ ਜੰਮਣ, ਪਾਲਣ ਪੋਸ਼ਣ ਤੇ ਪੜਾਈ ਲਿਖਾਈ ਤੇ ਸਰਕਾਰ ਨੇ ਇੱਕ ਵੀ ਡਾਲਰ ਨਹੀਂ ਖ਼ਰਚਿਆ ਹੁੰਦਾ। ਕੋਈ ਸਿੱਧੇ ਤਰੀਕੇ ਆਵੇ ਜਾਂ ਅਸਿੱਧੇ, ਦੋਵਾਂ ਹਲਾਤਾਂ ‘ਚ ਅਸੀਂ ਸਰਕਾਰਾਂ ਤੇ ਭਾਰ ਨਾਂ ਬਣ ਇਹਨਾਂ ਲਈ Asset ਹੀ ਬਣਦੇ ਹਾਂ। ਹੁਣ ਇਹਦੇ ‘ਚ ਕੀ ਕੋਈ ਪੱਛਮੀ ਮੁਲਕ ਸਾਡੇ ਤੇ ਕਿਸੇ ਕਿਸਮ ਦਾ ਅਹਿਸਾਨ ਕਰਦਾ? ਹਾਂ ਅਸੀਂ ਪੱਛਮੀ ਮੁਲਕਾਂ ਦੇ ਕੱਚੇ ਜਾਂ ਪੱਕੇ ਮੈਂਬਰ ਬਣ ਇਹਨਾਂ ਨੂੰ ਆਰਥਿਕ ਤੌਰ ਤੇ ਤਗੜੇ ਜ਼ਰੂਰ ਕਰਦੇ ਆ। ਸੋ ਸੌਖੇ ਲਫਜ਼ਾਂ ‘ਚ ਇਹਨੂੰ ਦੋ ਧਿਰੀ ਵਿਹਾਰ ਕਹਿ ਲਓ।
ਬਾਹਰੀ ਨਿਜ਼ਾਮ ਓਦਾਂ ਹੀ ਆ ਜ਼ਿੱਦਾਂ ਤੁਸੀ ਚੰਡੀਗੜ੍ਹ ਵਰਗੇ ਸ਼ਹਿਰ ਦੇ ਕਿਸੇ ਮਹਿੰਗੇ ਸੈਕਟਰ ‘ਚ ਘਰ ਲੈ ਓਥੋਂ ਦੇ ਬਸ਼ਿੰਦੇ ਬਣੋ। ਤੇ ਓਸ ਸੈਕਟਰ ਦੇ ਕਾਇਦੇ ਕਾਨੂੰਨਾਂ ‘ਚ ਰਹਿ ਅਨੁਸ਼ਾਸਨ ਦੀ ਜ਼ਿੰਦਗੀ ਜਿਓਣ ਲਈ ਸ਼ਹਿਰ ਨਾਲ ਅਹਿਦ ਕਰ ਲਓ। ਇਹ ਅਹਿਦ ਚੰਡੀਗੜ੍ਹ ‘ਚ ਜੰਮਿਆ ਤੇ ਵੀ ਲਾਗੂ ਹੁੰਦਾ। ਚੰਡੀਗੜ੍ਹ ਵੱਸਕੇ ਤੁਸੀਂ ਸ਼ਹਿਰੀ ਸੁੱਖ ਸਹੂਲਤਾਂ ਦੇ ਮਾਲਕ ਤੇ ਬਣ ਜਾਂਦੇ ਓ, ਪਰ ਧਾਡੇ ਅੰਦਰੋਂ ਧਾਡੀ ਬੋਲੀ, ਸੱਭਿਆਚਾਰ ਤੇ ਧਰਮ ਸਹਿਜੇ ਸਹਿਜ ਮਨਫ਼ੀ ਹੁੰਦੇ ਜਾਂਦੇ ਨੇ। ਬਾਹਰਲੇ ਮੁਲਕਾਂ ਦੀਆਂ ਸੁੱਖ ਸਹੂਲਤਾਂ ‘ਚ ਆਰਥਿਕ ਤੌਰ ਤੇ ਮੌਲਦਿਆਂ ਧਾਡੇ ਅੰਦਰੋਂ ਪਿੰਡ ਮਰਦਾ ਜਾਂਦਾ, ਤੇ ਅਸੀਂ ਚਿੱਟੇ ਚੰਮ ਦੇ ਮੁਲਕਾਂ ‘ਚ ਭੂਰੇ ਅੰਗਰੇਜ਼ ਬਣਦੇ ਜਾਂਦੇ ਆ।
ਫਿਰ ਇਹ ਚਾਪਲੂਸੀ ਕਿਓਂ ? ਮੈਂ ਕਦੀ ਕਿਸੇ ਹੋਰ ਕੌਮ ਦਾ ਬੰਦਾ ਜੋ ਕਿਸੇ ਪੱਛਮੀ ਮੁਲਕ ‘ਚ ਰਫ਼ਿਊਜੀ ਆਇਆ ਹੋਵੇ, ਗੋਰੇ ਪ੍ਰਤੀ ਏਨਾ ਝੁਕਿਆ ਨਹੀਂ ਵੇਖਿਆ। ਜਿੰਨਾ ਅਸੀਂ ਗੋਰੇ ਦੇ ਬਣਾਏ ਨਿਜ਼ਾਮ ਦੀ ਕੀਮਤ ਤਾਰ ਓਹਦੇ ਅਹਿਸਾਨਮੰਦ ਹੁੰਦੇ ਆ। ਹਾਲਾਂਕਿ ਕਿਸੇ ਗੋਰੇ ਮੁਲਕ ਵੱਲੋਂ ਵਿੱਢੀ ਜੰਗ ਦੀ ਭੇਟ ਚੜ੍ਹੇ ਕਿਸੇ ਪੱਛੜੇ ਮੁਲਕ ਦੇ ਬਸ਼ਿੰਦੇ ਨੂੰ ਪੱਕੀ ਪਨਾਹ ਦੇਣੀ ਵੀ ਸਰਕਾਰ ਵਾਸਤੇ ਅਵਾਰਾ ਤੁਰੀ ਫਿਰਦੀ ਸੱਜਰ ਸੂਈ ਗਾਂ ਕਿੱਲੇ ਤੇ ਬੰਨ੍ਹਣ ਵਰਗਾ। ਜੀਹਦਾ ਕਿੱਲਾ ਵੀ ਸਰਕਾਰ ਨੇ ਕਦੀ ਆਪ ਪੁੱਟਿਆ ਸੀ।
ਅਸੀਂ ਕਨੇਡਾ ਦੇ ਪਲਾਜਿਆਂ ‘ਚ ਹੁੰਦੀਆਂ ਲੜਾਈਆਂ ਤੋਂ ਲੈ ਡਰੈਵਰਾਂ ਦੀਆਂ ਆਮ ਗਲਤੀਆਂ ਤੱਕ ਤੇ ਕੁੱਲ ਕੌਮ ਨੂੰ ਨੁੱਕਰੇ ਲਾ ਭੰਡਦੇ ਆ। ਦੂਜੇ ਪਾਸੇ ਗੋਰਾ ਜਿਹੜਾ ਅੱਧੀ ਦੁਨੀਆ ਨੂੰ ਬਸਤੀਆਂ ਬਣਾ ਓਥੋਂ ਦੇ ਸੱਭਿਆਚਾਰ, ਬੋਲੀਆਂ, ਧਰਮਾਂ ਤੇ ਨਸਲਾਂ ਦਾ ਘਚੋਲ਼ਾ ਕਰ ਆਇਆ, ਓਹ ਅਜੋਕੇ ਸਮੇਂ ‘ਚ ਨੈਤਿਕਤਾ ਤੇ Civilized Race ਹੋਣ ਦਾ ਸਭ ਤੋਂ ਵੱਡਾ ਝੰਡਾਬਰਦਾਰ ਆ। ਜਿੰਨੇ White man’s burden ਦੇ ਅਖੌਤੀ ਫ਼ਰਜ਼ ਅਧੀਨ ਅੱਧੀ ਦੁਨੀਆਂ ਨੂੰ ਬਸਤੀਆਂ ਬਣਾ ਓਥੋਂ ਦੀਆਂ ਰਜਵਾੜਾਸ਼ਾਹੀਆਂ ਖਤਮ ਕਰ ਦਿੱਤੀਆਂ, ਪਰ ਆਪਣੀ ਰਜਵਾੜਾਸ਼ਾਹੀ ਨੂੰ ਹੋਰ ਪੱਕਾ ਕਰਕੇ ਤੇ ਕੁੱਲ ਦੁਨੀਆ ਨੂੰ ਪੱਛਮੀ ਸੱਭਿਆਚਾਰ, ਤੇ ਤਰਜ਼ ਏ ਜ਼ਿੰਦਗੀ ਦੇ ਦਿਮਾਗੀ ਗੁਲਾਮ ਬਣਾ ਸ਼ਾਹੀ ਟੱਬਰ ਨੂੰ ਇਲਾਹੀ ਸ਼ੈਅ ਐਲਾਨ ਦਿੱਤਾ।
ਬਾਹਰਲੇ ਮੁਲਕੀ ਗੈਰ ਗੋਰਿਆਂ ਤੇ ਨਸਲੀ ਹਮਲੇ ਆਮ ਨੇ, ਕੋਈ ਗੋਰਾ ਕਿੱਡਾ ਵੀ ਨਸਲੀ ਹਮਲਾ ਕਿਓਂ ਨਾ ਕਰ ਦੇਵੇ, ਕਦੀ ਕੁੱਲ ਗੋਰੀ ਕੌਮ ਨੇ ਉਸਦਾ ਭਾਰ ਨਹੀਂ ਮੰਨਿਆ। ਇਹਨਾਂ ਦੇ ਵਿਦਵਾਨ ਸ਼ਾਹੀ ਖ਼ਾਨਦਾਨ ਦੀ ਹੋਂਦ ਤੋਂ ਲੈਕੇ ਇਤਿਹਾਸ ਵਿੱਚ ਕੀਤੀਆਂ ਨਸਲਕੁਸ਼ੀਆਂ ਨੂੰ ਵੀ ਸਮੇਂ ਦੀ ਲੋੜ ਕਹਿ ਜਾਇਜ਼ ਠਹਿਰਾਉਣ ਤੇ ਲੱਗੇ ਨੇ। ਪਰ ਸਾਡੇ ਵਾਲੇ ਚਾਰ ਮੁੰਡੇ ਕਿਸੇ ਗਲੀ ਦੀ ਨੁੱਕਰ ਤੇ ਲੜ੍ਹ ਪੈਣ ਤਾਂ ਸਾਡੇ ਆਪੂ ਬਣੇ ਸਲਾਹਕਾਰ ਸਾਨੂੰ ਗੋਰਿਆਂ ਨੂੰ ਮਾਫੀ ਦੀਆਂ ਈਮੇਲਾਂ ਘੱਲਣ ਦੀ ਸਲਾਹ ਦੇਣ ਤੁਰ ਪੈਂਦੇ ਨੇ। ਏ ਪੁੜਪੁੜੀਆਂ ‘ਚ ਝੱਸੀ ਗੁਲਾਮੀ ਨਹੀਂ ਤੇ ਹੋਰ ਕੀ ਆ!
ਗੋਰੇ ਦਾ ਧਰਮ, ਤੇ ਇਹਦੇ ਵਿੱਚੋਂ ਨਿਕਲਦਾ ਅਜੋਕਾ ਸੱਭਿਆਚਾਰ ਤੇ ਨਿਜਾਮ ਸਾਡੇ ਭਵਿੱਖ ਲਈ ਕਿੰਨਾ ਕੁ ਸਾਜਗਾਰ ਆ, ਤੇ ਗੋਰੇ ਦੇ ਇਤਿਹਾਸ ‘ਚ ਝਾਤੀ ਮਾਰਿਆਂ ਏ ਕਿੰਨੇ ਕਿਸਮ ਦੀਆਂ ਨਸਲਕੁਸ਼ੀਆਂ ਦਾ ਦੋਸ਼ੀ ਲੱਭਦਾ, ਇਹ ਵਿਸ਼ਾ ਲੰਬੀ ਗੱਲਬਾਤ ਮੰਗਦਾ। ਪਰ ਗੱਲ ਗੱਲ ਤੇ ਗੋਰਾ ਭਗਤੀ ‘ਚ ਆਉਣ ਤੋਂ ਗੁਰੇਜ਼ ਕਰੋ। ਧੌਣ ‘ਚ ਕਿੱਲਾ ਰੱਖੋ, ਕਿਉਂਕਿ ਜੋ ਸੁੱਖ ਸਹੂਲਤਾਂ ਤੁਸੀਂ ਬਾਹਰਲੇ ਮੁਲਕੀਂ ਮਾਣ ਰਹੇ ਓ, ਓਹ ਕਿਸੇ ਗੋਰੇ ਦਾ ਧਾਡੇ ਤੇ ਅਹਿਸਾਨ ਨਹੀਂ, ਧਾਡੀ ਆਪਣੀ ਕਿਰਤ ਕਮਾਈ ਆ। ਗੋਰੇ ਦੀ ਗਲਤੀ ਤੇ ਓਹਨੂੰ ਬਰੀ ਕਰਨ, ਤੇ ਆਪਣੇ ਦੀ ਨੂੰ ਕੁੱਲ ਕੌਮ ਦਾ ਕਾਰਾ ਬਣਾਕੇ ਪੇਸ਼ ਕਰਨ ਨਾਲ ਗੋਰਾ ਧਾਨੂੰ ਆਪਣੇ ਕਬੀਲੇ ‘ਚ ਨਹੀ ਲੈ ਲੈਣ ਲੱਗਾ। ਮਹਿਜ਼ ਇਸ ਬਦਲਾਅ ਨਾਲ ਕਿ ਤੁਸੀ ਅੰਦਰੋਂ ਗੋਰੇ ਵਾਂਗ ਸੋਚਣ ਲੱਗ ਪਏ ਓ, ਅਖੌਤੀ ਧਰਮ ਨਿਰਪੱਖ ਤੇ ਸੈਕੂਲਰ ਬਣ ਆਪਣੇ ਦੀ ਗਲਤੀ ਨੂੰ ਢੋਲ ਵਜਾ ਪ੍ਰਚਾਰਦੇ ਓ, ਬੱਸ ਏਨੇ ਨਾਲ ਗੋਰੇ ਨੇ ਧਾਡੇ ਕਾਲੇ ਭੂਰੇ ਕਲਬੂਤਾਂ ਨੂੰ ਗੋਰੇ ਨਹੀਂ ਮੰਨ ਲੈਣਾ। ਜੇ ਏਦਾਂ ਕੋਈ ਗੋਰਾ ਬਣਦਾ ਹੁੰਦਾ ਤਾਂ ਮਾਇਕਲ ਜੈਕਸਨ ਸਰਜਰੀਆਂ ਕਰਵਾ ਗੋਰਾ ਵੀ ਹੋ ਗਿਆ ਸੀ। ਗੋਰਿਆਂ ਪ੍ਰਵਾਨ ਨਹੀਂ ਸੀ ਕੀਤਾ ਤੇ ਅੱਜ ਮਰਨ ਮਗਰੋਂ ਕਾਲੇ ਗਾਇਕ ਵਜੋਂ ਹੀ ਜਾਣਿਆ ਜਾਂਦਾ।