25 ਸਤੰਬਰ,2022,ਦਿਨ ਐਤਵਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਆਨੰਦਪੁਰ ਸਾਹਿਬ ਦੀ ਪਾਵਨ ਸਰਜ਼ਮੀਨ ‘ਤੇ ਦਸ਼ਮੇਸ਼ ਪਿਤਾ ਦੇ ਘਰ ਦੀਆਂ ਅਸੀਸਾਂ ਲੈਣੀਆਂ ਹਨ। ਅਰਦਾਸ ਕਰੋ ਕਿ ਅੰਮ੍ਰਿਤ ਛਕਣ ਦਾ ਇਹ ਦਿਨ ਇਤਿਹਾਸਕ ਹੋ ਜਾਏ ਅਤੇ ਪੰਜਾਬ ਦੇ ਵਾਰਸਾਂ ਦਾ ਇਹ ਕਾਫਲਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਜਾਏ,ਪੰਜਾਬ ਦੇ ਲੋਕਾਂ ਨੂੰ ਸਿਰ ਜੋੜ ਕੇ ਅਗਲੇ ਰਸਤਿਆਂ ਵੱਲ ਵਧਣ ਲਈ ਪ੍ਰੇਰਨਾ ਦਾ ਸਰਸਬਜ਼ ਚਸ਼ਮਾ ਸਾਬਤ ਹੋ ਜਾਏ ਅਤੇ ਪੰਜਾਬ ਦੇ ਆਕਾਸ਼ ‘ਤੇ ਦਸਮੇਸ਼ ਪਿਤਾ ਦੀ ਯਾਦ ਦਾ ਨਵਾਂ ਸੂਰਜ ਚੜ੍ਹੇ।
ਅੰਮ੍ਰਿਤ ਦਾ ਪਵਿੱਤਰ ਤੋਹਫਾ ਕਿਸੇ ਕਿਸੇ ਨੂੰ ਹੀ ਨਸੀਬ ਹੁੰਦਾ ਹੈ।ਇਸ ਦੀ ਮਹਾਨਤਾ, ਮਹੱਤਤਾ ਤੇ ਵਡਿਆਈ ਸਿੱਖ-ਯਾਦ ਵਿੱਚ ਧੁੰਦਲੀ ਪੈਂਦੀ ਜਾ ਰਹੀ ਹੈ।ਅੰਮ੍ਰਿਤਧਾਰੀ ਸਿੰਘਾਂ ਵਿੱਚ “ਧਾਰਮਿਕ ਚੇਤਨਾ” ਦਾ ਪ੍ਰਵਾਹ ਤਾਂ ਚੱਲਦਾ ਹੈ ਪਰ ਇਸ ਦੀ ਬੁਨਿਆਦ ‘ਤੇ ਦਸਮੇਸ਼ ਪਿਤਾ ਵੱਲੋਂ ਉਸਾਰੀ ਗਈ ਰਾਜਨੀਤਕ ਚੇਤਨਾ ਸਿੱਖ-ਯਾਦ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ। ਸੰਤ ਜਰਨੈਲ ਸਿੰਘ-ਦੌਰ ਵਿਚ ਇਸ ਚੇਤਨਾ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਸੀ।
,25 ਸਤੰਬਰ ਨੂੰ ਕੀ ਹੋਵੇਗਾ? ਜਾਂ ਕੀ ਹੋਣਾ ਚਾਹੀਦਾ ਹੈ?ਉਸ ਦਿਨ ਧਾਰਮਿਕ ਚੇਤਨਾ ਦੀ ਨੀਂਹ ਉੱਤੇ ਰਾਜਨੀਤਕ ਚੇਤਨਾ ਦੇ ਨਵੇਂ ਫੁੱਲ ਖਿੜਨਗੇ ਅਤੇ “ਅਸੀਂ ਇਤਿਹਾਸ ਵਿਚ ਕਦੇ ਕੀ ਸਾਂ ਅਤੇ ਅੱਜ ਕੀ ਹਾਂ” ਦੀ ਦਾਸਤਾਨ ਨੂੰ ਨਵੇਂ ਅਰਥ ਮਿਲਣਗੇ ਅਤੇ “ਰੁੱਤ ਨਵਿਆਂ ਦੀ ਆਈ ਏ”ਦੀ ਆਵਾਜ਼ ਨੂੰ ਇੱਕ ਨਵੀਂ ਸ਼ਕਤੀ,ਇਕ ਨਵਾਂ ਹੁਲਾਰਾ,ਇੱਕ ਨਵਾਂ ਬਲ ਅਤੇ ਜੋਸ਼ ਮਿਲੇਗਾ।”ਹਿੰਮਤ ਅਤੇ ਹੌਸਲੇ”ਇੱਕ ਵਾਰ ਮੁੜ ਪੰਜਾਬ ਦੀ ਧਰਤੀ ‘ਤੇ ਮਾਰਚ ਕਰਨਗੇ। “ਨਾ ਡਰਨਾ ਤੇ ਨਾ ਡਰਾਉਣਾ” ਦਾ ਨੌਵੇਂ ਪਾਤਸ਼ਾਹ ਦਾ ਸੰਦੇਸ਼ ਹਰ ਘਰ ਤੱਕ ਪਹੁੰਚ ਜਾਵੇਗਾ ।
ਖੰਡੇ ਬਾਟੇ ਦੇ ਅੰਮ੍ਰਿਤ ਦੀ ਇਤਿਹਾਸਕ ਘਟਨਾ ਪਿੱਛੋਂ ਇਤਿਹਾਸ ਵਿੱਚ ਦੋ ਧਿਰਾਂ ਆਹਮੋ ਸਾਹਮਣੇ ਹਨ।ਇਕ ਧਿਰ ਨੇ ਇਤਿਹਾਸ ਸਿਰਜਿਆ ਹੈ ਜਦਕਿ ਦੂਜੀ ਧਿਰ ਨੇ ਰੁਕਾਵਟਾਂ ਪਾਈਆਂ ਹਨ ਅਤੇ ਪਾ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕਿ “ਬੁਲੇਟ ਫਾਰ ਬੁਲੇਟ”ਯਾਨੀ ਗੋਲੀ ਦੇ ਜਵਾਬ ਵਿੱਚ ਗੋਲੀ ਪੁਸਤਕ ਦੇ ਲੇਖਕ ਰਿਬੇਰੋ ਨੂੰ ਖਾਲਸਈ ਸੰਘਰਸ਼ ਨੂੰ ਕੁਚਲਣ ਲਈ ਵਿਸ਼ੇਸ਼ ਤੌਰ ਤੇ ਮੁੰਬਈ ਤੋਂ ਪੰਜਾਬ ਵਿੱਚ ਲਿਆਂਦਾ ਗਿਆ ਸੀ। ਉਹ ਆਪਣੀ ਕਿਤਾਬ ਵਿੱਚ ਰਾਜਨੀਤਕ ਚੇਤਨਾ ਨੂੰ ਖ਼ਤਰੇ ਦੇ ਰੂਪ ਵਿੱਚ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਦੇ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਜੋ ਅੰਮ੍ਰਿਤ ਛਕਾ ਰਹੇ ਹਨ,ਉਹ ਅਸਲ ਵਿੱਚ ਰਾਜਨੀਤਕ ਚੇਤਨਾ ਪੈਦਾ ਕਰ ਰਹੇ ਹਨ। ਇਸ ਲਈ ਉਹ ਬਾਬਾ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ।
ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਉੱਤੇ ਹਮਲੇ ਪਿੱਛੋਂ ਭਾਰਤੀ ਫੌਜ ਨੇ ਆਪਣੇ ਇਕ ਮੈਗਜ਼ੀਨ “ਬਾਤ ਚੀਤ” ਵਿੱਚ ਅੰਮ੍ਰਿਤਧਾਰੀ ਸਿੰਘਾਂ ਨੂੰ ਦਹਿਸ਼ਤਗਰਦ ਕਿਹਾ ਸੀ। ਇਹ ਗੱਲਾਂ ਸਾਡੀਆਂ ਯਾਦਾਂ ਵਿਚ ਰਹਿਣੀਆਂ ਚਾਹੀਦੀਆਂ ਹਨ।ਸਿਰਫ਼ ਯਾਦਾਂ ਤੱਕ ਹੀ ਨਹੀਂ ਸਗੋਂ ਇਨ੍ਹਾਂ ਯਾਦਾਂ ਨੂੰ “ਪਰ ਤੇ ਪੈਰ” ਲੱਗਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਇਤਿਹਾਸ ਦੇ ਆਪ ਮਾਲਕ ਬਣ ਸਕੀਏ ਤਾਂ ਜੋ ਸਾਡੇ ਦਰਦ ਦੀ ਵਿਆਖਿਆ ਸਾਡੇ ਆਪਣੇ ਲੋਕ ਕਰਨ।
ਕੀ ਇਤਿਹਾਸ ਚੁੱਪ ਚਾਪ ਘਾਹ ਵਾਂਗ ਵਧਦਾ ਅਤੇ ਫੈਲਦਾ ਹੈ? ਪਾਸਤਰਨਾਕ ਆਪਣੇ ਪ੍ਰਸਿੱਧ ਨਾਵਲ “ਡਾਕਟਰ ਜ਼ਿਵਾਗੋ” ਵਿੱਚ ਤਾਂ ਕੁਝ ਕੁਝ ਇਸ ਤਰ੍ਹਾਂ ਹੀ ਕਹਿੰਦੇ ਹਨ। ਪਰ “ਸਹਿਜੇ ਰਚਿਓ ਖਾਲਸਾ” ਦੇ ਮਹਾਨ ਲੇਖਕ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਹਨ ਕਿ “ਨਹੀਂ,ਨਹੀਂ,ਕਦੇ ਕਦੇ ਇਸ ਵਿੱਚ ਗਰਜਵਾਂ ਨਾਦ ਵੀ ਹੁੰਦਾ ਹੈ”। ਅੰਮ੍ਰਿਤਪਾਲ ਸਿੰਘ ਆਪਣੀਆਂ ਮੁਲਾਕਾਤਾਂ ਵਿੱਚ ਜਦੋਂ ਵੱਖ ਵੱਖ ਮਸਲਿਆਂ ਅਤੇ ਵਿਸ਼ਿਆਂ ਉੱਤੇ ਟਿੱਪਣੀ ਕਰਦੇ ਹਨ ਤਾਂ ਉਨ੍ਹਾਂ ਟਿੱਪਣੀਆਂ ਵਿੱਚ ਇੱਕ ਤਰ੍ਹਾਂ ਨਾਲ ਗਰਜਵੇਂ ਨਾਦ ਦੇ ਧੁੰਦਲੇ ਇਸ਼ਾਰੇ ਮਿਲਦੇ ਹਨ।
ਗਰਜਵੇਂ ਨਾਦ ਦੀ ਕੀ ਵਿਆਖਿਆ ਹੋ ਸਕਦੀ ਹੈ? ਜਾਂ ਕੀ ਹੋਣੀ ਚਾਹੀਦੀ ਹੈ?ਜਾਂ ਅੰਮ੍ਰਿਤਪਾਲ ਸਿੰਘ ਨੂੰ ਹੀ ਡੂੰਘੇ ਧਿਆਨ ਵਿਚ ਰੱਖ ਕੇ ਖੁਦ ਹੀ ਇਸ ਦੀ ਵਿਆਖਿਆ ਕਰਨੀ ਚਾਹੀਦੀ ਹੈ।
ਆਮ ਤੌਰ ਤੇ ਗਰਜਵੇਂ ਨਾਦ ਦੇ ਇਕਹਿਰੇ ਅਰਥ ਲਏ ਜਾਂਦੇ ਹਨ।ਕੁਝ ਇਸ ਨੂੰ ਸਿੱਧਮ ਸਿੱਧਾ ਹਥਿਆਰਬੰਦ ਸੰਘਰਸ਼ ਨਾਲ ਵੀ ਜੋੜਦੇ ਹਨ,ਪਰ ਇਹ ਵੀ ਵੇਖਣਾ ਪੈਣਾ ਹੈ ਕਿ ਕੀ ਇਹ ਸਮੇਂ ਦੀ ਲੋਡ਼ ਹੈ ਤੇ ਕੀ ਸੰਗਤਾਂ ਇਸ ਲਈ ਤਿਆਰ ਵੀ ਹਨ?
ਇਹ ਵਿਚਾਰ ਵੀ ਪਾਇਆ ਜਾ ਰਿਹਾ ਹੈ ਕਿ ਗਰਜਵਾਂ ਨਾਦ ਢਹਿੰਦੀ ਕਲਾ ਵਾਲੀ ਹਾਲਤ ਨੂੰ ਚੜ੍ਹਤਲ ਵਾਲੀ ਅਵਸਥਾ ਵੱਲ ਲੈ ਕੇ ਜਾਂਦਾ ਹੈ,ਜਿੱਥੇ ਤਿੱਖੇ ਅਤੇ ਦ੍ਰਿੜ੍ਹ ਇਰਾਦੇ ਨਾਲ ਲੈਸ ਜਥੇਬੰਦਕ ਰਾਜਨੀਤਕ ਸੰਘਰਸ਼ ਦੀ ਲੋੜ ਹੈ। ਇਸ ਸੰਘਰਸ਼ ਦਾ ਨਿਸ਼ਾਨਾ ਹੁਰੀਅਤ ਵਰਗਾ ਜਾਂ ਇਸ ਤੋਂ ਵੱਖਰਾ ਇਕ ਵੱਡਾ ਸਿਆਸੀ ਬਦਲ ਕਾਇਮ ਕਰਨਾ ਹੈ ਜਿਸ ਦੇ ਜ਼ਰੀਏ ਵਰਤਮਾਨ ਚੋਣ ਪ੍ਰਣਾਲੀ ਨੂੰ ਰੱਦ ਕਰਕੇ ਆਜ਼ਾਦੀ ਦੀ ਮੰਜ਼ਿਲ ਵੱਲ ਕਦਮ ਪੁੱਟੇ ਜਾਣ।
ਦੋਸਤੋ,ਪੰਜਾਬ ਦੇ ਹਾਲਾਤ ਇਹ ਦੱਸ ਰਹੇ ਹਨ ਕਿ ਪੰਜਾਬ ਵਿੱਚ ਇੱਕ ਵੱਡਾ ਅਤੇ ਭਿਆਨਕ ਖਲਾਅ ਹੈ-ਧਾਰਮਕ ਵੀ ਅਤੇ ਰਾਜਨੀਤਕ ਵੀ।ਇਸ ਸਮੇਂ ਕੋਈ ਵੀ ਰਾਜਨੀਤਕ ਪਾਰਟੀ ਇਸ ਖਲਾਅ ਨੂੰ ਭਰਨ ਦੇ ਨਾਂ ਹੀ ਸਮਰੱਥ ਹੈ,ਨਾ ਹੀ ਯੋਗ ਹੈ,ਨਾ ਹੀ ਗੰਭੀਰ ਹੈ ਅਤੇ ਨਾ ਹੀ ਕਿਸੇ ਵੀ ਪਾਰਟੀ ਨੂੰ ਉਹ ਹਮਾਇਤ ਹਾਸਲ ਹੈ ਜੋ ਦਿਲਾਂ ਵਿੱਚੋਂ ਆਉਂਦੀ ਹੈ।
ਸਭ ਰਾਜਨੀਤਕ ਪਾਰਟੀਆਂ ਦਾ ਘਸਿਆ ਪਿਟਿਆ ਰਵਾਇਤੀ ਕਲਚਰ ਹੈ,ਰਵਾਇਤੀ ਤਰਜ਼-ਏ- ਜ਼ਿੰਦਗੀ ਹੈ,ਰਵਾਇਤੀ ਸੋਚ ਤੇ ਸਮਝ ਹੈ ਅਤੇ ਰਵਾਇਤੀ ਹੀ ਆਗੂ ਹਨ ਜੋ ਸਭ ਦੇ ਸਭ ਥੋੜ੍ਹੇ ਬਹੁਤੇ ਫ਼ਰਕ ਨਾਲ ਰਾਜਨੀਤਕ ਖੜੋਤ ਦਾ ਘੇਰਾ ਤੋੜਨ ਦੀ ਇਨਕਲਾਬੀ ਹਿੰਮਤ ਨਹੀਂ ਰੱਖਦੇ। ਧਾਰਮਿਕ ਆਗੂ ਵੀ ਇਸੇ ਹੀ ਰਾਹ ਦੇ ਪਾਂਧੀ ਹਨ।
ਕੋਈ ਇਹੋ ਜਿਹਾ ਆਗੂ ਵੀ ਨਜ਼ਰ ਨਹੀਂ ਆਉਂਦਾ ਜੋ ਆਪਣੀ ਝੁੱਗੀ ਨੂੰ ਅੱਗ ਲਾ ਕੇ ਤਮਾਸ਼ਾ ਵੇਖਣ ਦਾ ਨਿਰਾਲਾ ਸ਼ੌਕ ਰੱਖਦਾ ਹੋਵੇ ਅਤੇ ਨਿਰਭਉ ਤੇ ਨਿਰਵੈਰ ਹੋ ਕੇ ਪੰਜਾਬ ਦੀ ਅਗਵਾਈ ਕਰਨ ਦੇ ਸਮਰੱਥ ਹੋਵੇ ਤੇ ਸੰਗਤਾਂ ਵੀ ਉਸ ਵਿਚ ਪੂਰਨ ਭਰੋਸਾ ਰੱਖਦੀਆਂ ਹੋਣ।ਪਰ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ ਵਿੱਚ ਇਹੋ ਜਿਹੀਆਂ ਨਿਸ਼ਾਨੀਆਂ ਤੇ ਇਸ਼ਾਰੇ ਕੁਝ ਕੁਝ ਮਿਲਦੇ ਹਨ;ਹਾਲਾਂਕਿ ਉਸ ਨੇ ਇਸ਼ਕ ਦੀ ਇਸ ਭੀੜ੍ਹੀ ਗਲੀ ਵਿਚੋਂ ਅਜੇ ਲੰਘਣਾ ਹੈ, ਅਜੇ ਕਰੜੇ ਇਮਤਿਹਾਨ ਆਉਣੇ ਹਨ।
ਕੀ ਉਸ ਨੇ ਇਹ ਅਵਸਥਾ ਹਾਸਲ ਕਰ ਲਈ ਹੈ: ਤੂਫ਼ਾਨ ਹਮੇ ਵੋਹ ਰਾਸ ਆਇਆ, ਕਿ ਸਫੀਨਾ ਛੋੜ ਦੀਆ ਹਮ ਨੇ। (ਜਾਂ) ਸਾਹਿਲ ਕਰੇਗਾ ਯਾਦ ਉਸੀ ਨਾਮੁਰਾਦ ਕੋ ,ਕਸ਼ਤੀ ਜਿਸ ਨੇ ਭੰਵਰ ਮੇਂ ਉਤਾਰ ਦੀ।
ਦੂਜੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਧੁਰ ਅੰਦਰ 1947 ਤੋਂ ਪਿੱਛੋਂ ਹਰ ਖੇਤਰ ਵਿੱਚ ਪੰਜਾਬ ਨਾਲ ਹੋਏ ਜ਼ੁਲਮਾਂ,ਧੱਕਿਆਂ ਅਤੇ ਬੇਇਨਸਾਫ਼ੀਆਂ ਵਿਰੁੱਧ ਗੁੱਸਾ ਤੇ ਰੋਹ ਸਿਖ਼ਰ ਉੱਤੇ ਪੁੱਜ ਗਿਆ ਲੱਗਦਾ ਹੈ।ਇਹ ਗੁੱਸਾ ਵੱਡੇ ਤਰਕ ਵਿੱਚ ਅਤੇ ਸੁੱਚੇ ਜਜ਼ਬਿਆਂ ਅਤੇ ਵਿਚਾਰਾਂ ਨਾਲ ਉਸਦੇ ਬਿਆਨਾਂ ਰਾਹੀਂ ਪਰਗਟ ਵੀ ਹੋ ਰਿਹਾ ਹੈ ।ਪਰ ਇਨ੍ਹਾਂ ਬਿਆਨਾਂ ਬਾਰੇ ਦੁਸ਼ਮਣ,ਦੋਸਤ,ਹਮਦਰਦ ਤੇ ਸ਼ਰੀਕ ਆਪਣੇ ਆਪਣੇ ਅਰਥ ਕੱਢ ਰਹੇ ਹਨ। ਇਹ ਵੀ ਇੱਕ ਹਕੀਕਤ ਹੈ ਕਿ ਲੋਕ ਅਤੇ ਵਿਸ਼ੇਸ਼ ਕਰਕੇ ਨੌਜਵਾਨ ਵੇਖ ਰਹੇ ਹਨ ਕਿ ਦੀਪ ਸਿੱਧੂ ਤੋਂ ਪਿੱਛੋਂ ਉਹ ਤੇ ਉਸ ਦੇ ਸਾਥੀ ਇਤਿਹਾਸ ਦੇ ਇਨ੍ਹਾਂ ਨਾਜ਼ੁਕ ਪਲਾਂ ਵਿੱਚ ਕਿਹੜਾ ਮੋੜ ਕੱਟਦੇ ਹਨ ਜੋ ਪੰਜਾਬ ਦੀ ਤਕਦੀਰ ਨੂੰ ਬਦਲਣ ਵਿੱਚ ਇਤਿਹਾਸਕ ਰੋਲ ਅਦਾ ਕਰੇ।
ਇਸ ਸੱਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਰਤਮਾਨ ਖਲਾਅ ਵਿੱਚ ਪੰਜਾਬ ਦੀ ਜਵਾਨੀ ਉਸ ਵੱਲ ਉਲਰੀ ਹੋਈ ਹੈ। ਪਰ ਕੀ ਇਹ ਭਾਵਨਾਵਾਂ ਸੁੱਚੇ ਜਜ਼ਬਿਆਂ ਦਾ ਜਥੇਬੰਧਕ ਮੇਲਾ ਬਣ ਗਿਆ ਹੈ?ਇਸ ਦਾ ਢੁੱਕਵਾਂ ਤੇ ਵਧੀਆ ਜਵਾਬ ਵੀ ਅੰਮ੍ਰਿਤਪਾਲ ਕੋਲ ਹੀ ਹੈ।