ਜਿਵੇਂ ਬਰੈਂਪਟਨ ਵਿੱਚ ਹੋਈ ਲੜਾਈ ਤੋਂ ਬਾਅਦ 119 ਜਣੇ ਡਿਪੋਰਟ ਕਰ ਦੇਣ ਦੀ ਗੱਪ ਭਾਰਤੀ ਮੀਡੀਏ ਦਾ ਸ਼ਿੰਗਾਰ ਬਣੀ ਸੀ, ਉਵੇਂ ਸਰੀ ‘ਚ ਪੁਲਿਸ ਅਧਿਕਾਰੀ ਨਾਲ ਤਕਰਾਰ ਤੋਂ ਬਾਅਦ 40 ਜਣੇ ਡਿਪੋਰਟ ਕਰਨ ਦੀ ਗੱਪ ਵਾਇਰਲ ਹੋਈ ਹੈ। ਬਰੈਂਪਟਨ ਤੇ ਸਰੀ, ਦੋਵੇਂ ਘਟਨਾਵਾਂ ‘ਚ ਜ਼ਿੰਮੇਵਾਰ ਵਿਅਕਤੀਆਂ ਦੀ ਪੁਲਿਸ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਚਾਰਜ ਲੱਗਣਗੇ, ਅਦਾਲਤ ਵਿੱਚ ਕੇਸ ਚਲਾ ਕੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਡਿਪੋਰਟ ਕੀਤਾ ਜਾ ਸਕਦਾ ਹੈ। ਇਨ੍ਹਾਂ ਸ਼ੱਕੀਆਂ ਦੀ ਗਿਣਤੀ ਬਾਰੇ ਪੁਲਿਸ ਬੁਲਾਰਿਆਂ ਨੇ ਕੋਈ ਵੀ ਜਾਣਕਾਰੀ ਹੋਣ ਤੋਂ ਨਾਂਹ ਕਰ ਦਿੱਤੀ ਹੈ। ਪਰ ਇਹ 119 ਤੇ 40 ਵਾਲਾ ਅੰਕੜਾ ਪਤਾ ਨਹੀਂ ਕੋਲ਼ੋਂ ਹੀ ਕਿਵੇਂ ਬਣਾ ਲਿਆ, ਜਿਸਦਾ ਕੈਨੇਡਾ ਵਿੱਚ ਪੁਲਿਸ ਨੂੰ ਵੀ ਗਿਆਨ ਨਹੀਂ।ਏਨਾ ਜ਼ਰੂਰ ਹੈ ਕਿ ਕੁਝ ਪਹਿਲਾਂ ਵੀ ਡਿਪੋਰਟ ਕੀਤੇ ਸਨ ਤੇ ਕੁਝ ਹੁਣ ਵੀ ਕੀਤੇ ਜਾਣਗੇ ਪਰ ਜਾਂਚ ਤੋਂ ਬਾਅਦ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਸਰੀ । ਗੁਰਪ੍ਰੀਤ ਸਿੰਘ ਸਹੋਤਾ । ਚੜ੍ਹਦੀ ਕਲਾ – ਸਰੀ ਦੇ ਸਟਰਾਅਬੇਰੀ ਹਿੱਲ ਇਲਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਕੁਝ ਪੰਜਾਬੀ ਨੌਜਵਾਨਾਂ ਦੀ ਤਕਰਾਰ ਬਾਰੇ ਜੋ ਵੀਡੀਓ ਘੁੰਮ ਰਹੀ ਹੈ, ਉਸ ਬਾਰੇ ਸਰੀ ਆਰਸੀਐਮਪੀ ਨੇ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਉਸ ਇਲਾਕੇ ‘ਚ ਕੰਮ ਕਰਦੇ ਇੱਕ ਸਕਿਓਰਟੀ ਗਾਰਡ ਦੀ ਪੁਲਿਸ ਨੂੰ ਸ਼ਿਕਾਇਤ ਵਾਸਤੇ ਕਾਲ ਗਈ ਸੀ ਕਿ ਇੱਕ ਗੱਡੀ ਬੀਤੇ ਤਿੰਨ ਘੰਟਿਆਂ ਤੋਂ ਬਹੁਤ ਉੱਚੀ ਆਵਾਜ਼ ਕਰਦੀ ਹੋਈ, ਇੱਥੇ ਗੇੜੀਆਂ ਕੱਢ ਰਹੀ ਹੈ ਅਤੇ ਇਸ ਨਾਲ ਆਲੇ-ਦੁਆਲੇ ਦੇ ਵਪਾਰ ਤੇ ਗਾਹਕ ਪਰੇਸ਼ਾਨ ਹੋ ਰਹੇ ਹਨ।
ਸ਼ਿਕਾਇਤ ਦੇ ਹੱਲ ਲਈ ਜਦੋਂ ਪੁਲਿਸ ਅਧਿਾਕਰੀ ਉੱਥੇ ਪੁੱਜਿਆ ਤਾਂ ਉਸਨੇ ਦੇਖਿਆ ਕਿ ਇਹ ਗੱਡੀ ਉੱਥੇ ਮੌਜੂਦ ਸੀ ਅਤੇ ਇਸ ਦਾ ਮਫਲਰ (ਸਾਇਲੰਸਰ) ਬਦਲ ਕੇ ਇਸ ਤਰਾਂ ਕਰਵਾਇਆ ਹੋਇਆ ਸੀ ਕਿ ਇਹ ਵਧੇਰੇ ਆਵਾਜ਼ ਕੱਢੇ। ਇਹ ਟਰੈਫਿਕ ਨਿਯਮ ਦੀ ਉਲੰਘਣਾ ਹੈ, ਜਿਸ ਬਦਲੇ ਪੁਲਿਸ ਅਧਿਕਾਰੀ ਵਲੋਂ ਗੱਡੀ ਦੇ ਚਾਲਕ ਨੂੰ ਟਿਕਟ ਦਿੱਤੀ ਗਈ ਅਤੇ ਨਾਲ ਹੀ ”ਨੋਟਿਸ ਆਫ ਆਰਡਰ” ਦਿੱਤਾ ਗਿਆ ਕਿ ਗੱਡੀ ਦਾ ਮਫਲਰ (ਸਾਇਲੰਸਰ) ਸਹੀ ਕਰਵਾ ਕੇ ਮੁੜ ਜਾਂਚ ਕਰਵਾਈ ਜਾਵੇ।
ਉਸਤੋਂ ਬਾਅਦ ਉਸ ਪੁਲਿਸ ਅਧਿਾਕਰੀ ਨਾਲ ਜੋ ਵਿਹਾਰ ਕੀਤਾ ਗਿਆ, ਉਹ ਬਹੁਤਿਆਂ ਨੇ ਵੀਡੀਓ ਵਿੱਚ ਦੇਖ ਲਿਆ ਹੈ। ਪੁਲਿਸ ਮੁਤਾਬਕ ਪੁਲਿਸ ਅਧਿਕਾਰੀ ਨੇ ਕਨੂੰਨ ਮੁਤਾਬਕ ਕੰਮ ਕੀਤਾ ਅਤੇ ਇਸ ਵਿੱਚ ਕਿਸੇ ਵੀ ਤਰਾਂ ਦੇ ਨਸਲਵਾਦ ਦਾ ਕੋਈ ਮਸਲਾ ਹੀ ਨਹੀਂ ਹੈ।
ਪੁਲਿਸ ਬੁਲਾਰੀ ਸਰਬਜੀਤ ਕੌਰ ਸੰਘਾ ਨੇ “ਚੜ੍ਹਦੀ ਕਲਾ” ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕਿ ਅਕਸਰ ਸਾਨੂੰ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਕੁਝ ਹੁੱਲੜਬਾਜ਼ ਸਟਰਾਅਬੇਰੀ ਹਿੱਲ ਇਲਾਕੇ ‘ਚ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਕਾਰਨ ਆਮ ਲੋਕ ਉੱਥੇ ਜਾਣੋਂ ਵੀ ਡਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸ਼ਹਿਰ ਉਨ੍ਹਾਂ ਦਾ ਹੈ, ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਉਹ ਪੁਲਿਸ ਕਾਲ ਕਰਨ, ਤੁਰੰਤ ਕਾਰਵਾਈ ਕੀਤੀ ਜਾਵੇਗੀ ਪਰ ਉਹ ਡਰ ਦੇ ਮਾਹੌਲ ਵਿੱਚ ਨਾ ਜਿਓਣ ਅਤੇ ਨਾ ਹੀ ਸਟਰਾਅਬੇਰੀ ਹਿੱਲ ਪਲਾਜ਼ੇ ਵਿੱਚ ਜਾਣਾ ਬੰਦ ਕਰਨ। ਉਲਟਾ ਆਮ ਵਾਂਗ ਉੱਥੇ ਜਾਣ, ਬਿਲਕੁਲ ਵੀ ਨਾ ਘਬਰਾਉਣ।ਇਸ ਘਟਨਾ ‘ਚ ਸ਼ਾਮਲ ਦੂਜੀ ਧਿਰ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ।
ਸੰਘਾ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ। ਵੀਡੀਓ ਰਿਕਾਰਡਿੰਗ ਵਿੱਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ’ਚੋਂ ਵਾਪਸ ਵੀ ਭੇਜਿਆ ਜਾ ਸਕਦਾ ਹੈ।