Fact Check: ਸਾਬਕਾ ਪੰਜਾਬ ਦੇ CM ਚਰਨਜੀਤ ਚੰਨੀ ਦੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਾਉਣ ਦੀ ਤਸਵੀਰ ਭਗਵੰਤ ਮਾਨ ਦੀ ਕਹਿ ਕੇ ਆਪ ਸਮਰਥਕਾਂ ਵਲੋਂ ਕੀਤੀ ਗਈ ਵਾਇਰਲ
ਚੰਨੀ ਦੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਾਉਣ ਦੀ ਤਸਵੀਰ ਭਗਵੰਤ ਮਾਨ ਦੀ ਕਹਿ ਕੇ ਆਪ ਸਮਰਥਕਾਂ ਵਲੋਂ ਕੀਤੀ ਗਈ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਅਕਾਲ ਤਖ਼ਤ ਅੰਮ੍ਰਿਤਸਰ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਵਿਅਕਤੀ ਵੱਲੋਂ ਪੈਰ ਛੁਹਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ।
Punjab Spectrum ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਭਗਵੰਤ ਮਾਨ ਨਹੀਂ ਬਲਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਹੁਣ ਚਰਨਜੀਤ ਚੰਨੀ ਦੀ ਤਸਵੀਰ ਨੂੰ ਭਗਵੰਤ ਮਾਨ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਪਹਿਲਾ ਪਿਅਾਰ true love ਨੇ 2 ਸਤੰਬਰ 2022 ਨੂੰ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “ਇਹ ਹੁੰਦਾ ਜਥੇਦਾਰ ਸਾਬ ਦਾ ਰੁਤਬਾ ਤੇ ਸਤਿਕਾਰ ਰਾਜ ਦਾ ਮੁੱਖ ਮੰਤਰੀ ਜਥੇਦਾਰ ਸਾਬ ਦੇ ਪੈਰੀਂ ਹੱਥ ਲਾ ਕੇ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਦਰਸਾਉਂਦਾ ਕਦੇ ਸੁਖਬੀਰ ਬਾਦਲ ਐਨਾ ਸਤਿਕਾਰ ਕਰਦਾ ਦਿਸੇ ਤਾਂ ਜਰੂਰ ਫੋਟੋ ਸ਼ੇਅਰ ਕਰੋ”
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ – ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਜੇਕਰ ਇਸ ਤਸਵੀਰ ਨੂੰ ਵੇਖਿਆ ਜਾਵੇ ਤਾਂ ਜਿਹੜਾ ਵਿਅਕਤੀ ਜੱਥੇਦਾਰ ਹਰਪ੍ਰੀਤ ਸਿੰਘ ਦੇ ਪੈਰ ਛੁਹ ਰਿਹਾ ਹੈ ਉਸਨੇ ਗਰਮ ਕੋਟੀ ਲਪੇਟੀ ਹੋਈ ਹੈ। ਮਤਲਬ ਇਹ ਗੱਲ ਸਾਫ ਹੋ ਰਹੀ ਸੀ ਕਿ ਤਸਵੀਰ ਹਾਲੀਆ ਨਹੀਂ ਹੈ।
ਅੱਗੇ ਵਧਦਿਆਂ ਅਸੀਂ ਇਸ ਤਸਵੀਰ ਨੂੰ ਕੀਵਰਡ ਸਰਚ ਅਤੇ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਲੱਭਣਾ ਸ਼ੁਰੂ ਕੀਤਾ।
ਵਾਇਰਲ ਤਸਵੀਰ ਵਿਚ ਸਾਬਕਾ CM ਚਰਨਜੀਤ ਚੰਨੀ ਹਨ
ਸਾਨੂੰ ਇਹ ਤਸਵੀਰ ਕਈ ਪੁਰਾਣੇ ਪੋਸਟਾਂ ‘ਤੇ ਅਪਲੋਡ ਮਿਲੀ। ਫੇਸਬੁੱਕ ਯੂਜ਼ਰ Raman Buttar ਨੇ 6 ਦਿਸੰਬਰ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਅਕਾਲ ਤਖਤ ਸਾਹਿਬ ਦੇ ਜਥੇਦਾਰ ਹਮੇਸ਼ਾ ਸਿੱਖਾਂ ਲਈ ਸਰਵੋਤਮ, ਸਤਿਕਾਰਤ ਸਖਸ਼ੀਅਤ ਰਹੇ ਨੇ , ਭਾਂਵੇ ਸਿਆਸੀ ਪ੍ਰਭਾਵ ਹੇਠ ਹਮੇਸ਼ਾ ਕੰਮ ਕਰਨਾ ਪਿਆ ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਡੱਪਣ ਹੈ ਕਿ ਪੈਰੀਂ ਹੱਥ ਲਾ ਕੇ ਸਤਿਕਾਰ ਦਿੱਤਾ । ਪਤਾ ਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਕਲ ਦੀ ਕੁੰਜੀ ਕਿੱਥੇ ਗੁਆਚੀ ਪਈ ਹੈ।”
ਮਤਲਬ ਸਾਫ ਸੀ ਕਿ ਤਸਵੀਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦੀ ਹੈ ਅਤੇ ਤਸਵੀਰ ਵਿਚ ਸਾਬਕਾ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਹਨ।
ਚਰਨਜੀਤ ਸਿੰਘ ਚੰਨੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਮੁਲਾਕਾਤ ਦੀ ਹੋਰ ਜਾਣਕਾਰੀ-
ਨਤੀਜਾ- ਪੰਜਾਬ ਸਪੈੱਕਟ੍ਰਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਭਗਵੰਤ ਮਾਨ ਨਹੀਂ ਬਲਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਹੁਣ ਚਰਨਜੀਤ ਚੰਨੀ ਦੀ ਤਸਵੀਰ ਨੂੰ ਭਗਵੰਤ ਮਾਨ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।