ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਂ ਖੁੱਲ੍ਹੀ ਚਿੱਠੀ

0
1307

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਂ ਖੁੱਲ੍ਹੀ ਚਿੱਠੀ: ਏਅਰ ਇੰਡੀਆ ਬੰਬ ਧਮਾਕਿਆਂ ਅਤੇ ਮਲਿਕ ਦੇ ਕਤਲ ਵਿਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਡੂੰਘਾਈ ’ਚ ਜਨਤਕ ਜਾਂਚ ਦੀ ਮੰਗ
-ਗੁਰਪ੍ਰੀਤ ਸਿੰਘ ਕੈਨੇਡਾ (ਸੰਪਾਦਕ ਰੈਡੀਕਲ ਦੇਸੀ ਰਸਾਲਾ) email: [email protected]

ਸ਼੍ਰੀਮਾਨ ਟਰੂਡੋ ਜੀ,
ਮੈਂ ਭਾਰਤੀ ਮੂਲ ਦਾ ਇਕ ਕੈਨੇਡੀਅਨ ਨਾਗਰਿਕ ਹਾਂ ਜੋ 9/11 ਤੋਂ ਪਹਿਲਾਂ ਹਵਾਬਾਜ਼ੀ ਦਹਿਸ਼ਤਵਾਦ ਦੇ ਇਤਿਹਾਸ ਦੀ ਸਭ ਤੋਂ ਭੈੜੀ ਘਟਨਾ ਦੀਆਂ ਘਿਣਾਉਣੀਆਂ ਯਾਦਾਂ ਸੰਗ ਜਵਾਨ ਹੋਇਆ ਹਾਂ। ਮੈਂ ਸਿਰਫ਼ ਪੰਦਰਾਂ ਸਾਲਾਂ ਦਾ ਸੀ ਜਦੋਂ 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ 182 ਨੂੰ ਆਇਰਿਸ਼ ਸਾਗਰ ਉੱਪਰ ਬੰਬ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਉਸੇ ਸਮੇਂ ਨਾਰਿਤਾ ਹਵਾਈ ਅੱਡੇ ’ਤੇ ਇਕ ਹੋਰ ਧਮਾਕੇ ਵਿਚ ਦੋ ਸਮਾਨ ਸੰਭਾਲਣ ਵਾਲੇ ਮੁਲਾਜ਼ਮ ਵੀ ਮਾਰੇ ਗਏ ਸਨ। ਕੁਲ ਮਿਲਾ ਕੇ ਬਿ੍ਰਟਿਸ਼ ਕੋਲੰਬੀਆ ਤੋਂ ਰੱਖੇ ਗਏ ਬੰਬਾਂ ਨਾਲ ਹੋਏ ਧਮਾਕਿਆਂ ’ਚ 331 ਨਿਰਦੋਸ਼ ਜਾਨਾਂ ਗਈਆਂ ਸਨ।

ਜਦੋਂ ਇਹ ਖ਼ਬਰ ਆਈ ਤਾਂ ਮੈਂ ਆਪਣੇ ਪਰਿਵਾਰ ਸਮੇਤ ਆਪਣੇ ਚਚੇਰੇ ਭਾਈ ਦੇ ਵਿਆਹ ’ਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ’ਚ ਸੀ। ਸਮੁੰਦਰ ਦੇ ਤਲ ਉੱਪਰ ਤੈਰਦੇ ਮਲ਼ਬੇ ਦੀਆਂ ਟੀਵੀ ਉੱਪਰ ਦਿਖਾਈਆਂ ਦਿਲ ਕੰਬਾਊ ਤਸਵੀਰਾਂ ਅਜੇ ਵੀ ਮੇਰੇ ਚੇਤਿਆਂ ’ਚ ਹਨ।

-ਗੁਰਪ੍ਰੀਤ ਸਿੰਘ ਕੈਨੇਡਾ (ਸੰਪਾਦਕ ਰੈਡੀਕਲ ਦੇਸੀ ਰਸਾਲਾ) email: [email protected]

ਇਕ ਸਾਲ ਪਹਿਲਾਂ ਹੀ ਭਾਰਤ ਦੀ ਕੌਮੀ ਰਾਜਧਾਨੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਸਦੇ ਸਿੱਖ ਬੌਡੀਗਾਰਡਾਂ ਵੱਲੋਂ ਕੀਤੇ ਕਤਲ ਦੇ ਪ੍ਰਤੀਕਰਮ ਵਜੋਂ ਸਿੱਖ ਵਿਰੋਧੀ ਕਤਲੇਆਮ ਨਾਲ ਝੰਜੋੜੀ ਗਈ ਸੀ, ਜੋ ਜੂਨ 1984 ’ਚ ਅੰਮਿ੍ਰਤਸਰ ਵਿਚ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੋਏ ਫ਼ੌਜੀ ਹਮਲੇ ਦਾ ਬਦਲਾ ਲੈਣਾ ਚਾਹੁੰਦੇ ਸਨ। ਅੰਮਿ੍ਰਤਸਰ ਘੱਲੂਘਾਰੇ ਦੀ ਤਬਾਹੀ ਦੇ ਜ਼ਖ਼ਮ ਵੀ ਮੇਰੇ ਚੇਤਿਆਂ ’ਚ ਸਦਾ ਲਈ ਉੱਕਰੇ ਹੋਏ ਹਨ। ਉਸ ਸ਼ਹਿਰ ਵਿਚ ਰਹਿੰਦੇ ਹੋਣ ਕਾਰਨ ਅਸੀਂ ਭਾਰਤੀ ਫ਼ੌਜ ਵੱਲੋਂ ਕੀਤੀ ਤਬਾਹੀ ਦੇ ਨਿਸ਼ਾਨ ਅੱਖੀਂ ਦੇਖੇ। ਸਰਕਾਰ ਦੀ ਇਸ ਅਣਮਨੁੱਖੀ ਕਾਰਵਾਈ ਨਾਲ ਮੇਰੇ ਸਿੱਖ ਪਰਿਵਾਰ ਦੇ ਹਿਰਦੇ ਵਲੂੰਧਰੇ ਗਏ ਸਨ। ਮੈਂ ਅਤੇ ਮੇਰੇ ਪਿਤਾ ਜੀ ਡੂੰਘੇ ਰੂਪ ’ਚ ਧਾਰਮਿਕ ਬਣ ਗਏ, ਹਾਲਾਂਕਿ ਜਦੋਂ ਮੈਂ ਵੱਡਾ ਹੋਇਆ ਤਾਂ ਮੇਰੀ ਧਾਰਮਿਕ ਨਿਹਚਾ ਨਾ ਰਹੀ।
ਅਸੀਂ ਬਹੁਤ ਫ਼ਿਕਰਮੰਦ ਸੀ ਕਿਉਂਕਿ ਮੀਡੀਆ ਨੇ ਏਅਰ ਇੰਡੀਆ ਬੰਬ ਧਮਾਕਿਆਂ ’ਚ ਸਿੱਖ ਖਾੜਕੂਆਂ ਦਾ ਹੱਥ ਹੋਣ ਬਾਰੇ ਕਿਆਸ ਅਰਾਈਆਂ ਸ਼ੁਰੂ ਕਰ ਦਿੱਤੀਆਂ ਸਨ। ਦਰਅਸਲ, ਸਾਨੂੰ ਇਕ ਹੋਰ ਕਤਲੇਆਮ ਦਾ ਡਰ ਸੀ। ਭਾਵੇਂ ਉਦੋਂ ਕੁਝ ਵੀ ਅਣਸੁਖਾਵਾਂ ਨਹੀਂ ਹੋਇਆ ਫਿਰ ਵੀ ਮੈਨੂੰ ਲੱਗਦਾ ਹੈ ਕਿ ਭਾਈਚਾਰਾ ਉੱਪਰ ਤਾੜਵੀਂ ਨਜ਼ਰ ਰੱਖੀ ਜਾ ਰਹੀ ਹੈ।

ਜਦੋਂ ਮੈਂ ਜਵਾਨ ਹੋ ਕੇ ਪੱਤਰਕਾਰੀ ਦਾ ਕਿੱਤਾ ਚੁਣਿਆ ਤਾਂ ਮੈਂ ਦਰਬਾਰ ਸਾਹਿਬ ਕੰਪਲੈਕਸ ਉੱਪਰ ਕੀਤੇ ਫ਼ੌਜੀ ਹਮਲੇ ਤੋਂ ਲੈ ਕੇ ਏਅਰ ਇੰਡੀਆ ਤ੍ਰਾਸਦੀ ਤੱਕ, ਘਟਨਾਵਾਂ ਦੀ ਲੜੀ ਦੇ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਮੈਂ ਇਸ ਮੁੱਦੇ ਉੱਪਰ ਤਮਾਮ ਨਜ਼ਰੀਆਂ ਦਾ ਭੇਤੀ ਹਾਂ। ਮੈਂ ਸਾਰੇ ਵੱਖ-ਵੱਖ ਪੱਖਾਂ ਨੂੰ ਸੁਣਿਆ ਹੋਇਆ ਹੈ, ਅਤੇ ਹਿੰਸਾ ਦੇ ਦੋਵਾਂ ਪਾਸਿਆਂ ਦੇ ਪੀੜਤਾਂ ਦੇ ਦਰਦ ਨੂੰ ਮਹਿਸੂਸ ਕੀਤਾ ਹੈ। ਇਨ੍ਹਾਂ ਮੁੱਦਿਆਂ ਨੂੰ ਕਵਰ ਕਰਦੇ ਹੋਏ ਸਟੇਟ ਦੀ ਹਿੰਸਾ ਜਾਂ ਕੱਟੜਪੰਥੀਆਂ ਦੇ ਪੀੜਤਾਂ ਦੀਆਂ ਕਹਾਣੀਆਂ ਸੁਣਨ ਸਮੇਂ ਮੈਂ ਕਦੇ ਵੀ ਵਿਤਕਰਾ ਨਹੀਂ ਕੀਤਾ।

ਮੈਂ 2000 ਤੋਂ ਏਅਰ ਇੰਡੀਆ ਕੇਸ ਉੱਪਰ ਨਜ਼ਰ ਰੱਖ ਰਿਹਾ ਹਾਂ, ਜਦੋਂ ਇਕ ਸਾਬਕਾ ਸ਼ੱਕੀ ਰਿਪੁਦਮਨ ਸਿੰਘ ਮਲਿਕ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਮੈਂ ਪੰਜਾਬ ਵਿਚ ਦੀ ਟਿ੍ਰਬਿਊਨ ਅਖ਼ਬਾਰ ਲਈ ਕੰਮ ਕਰਦਾ ਸੀ ਅਤੇ ਮੇਰੀ ਡਿਊਟੀ ਮਲਿਕ ਦੇ ਜ਼ੱਦੀ ਸ਼ਹਿਰ ਫ਼ਿਰੋਜ਼ਪੁਰ ’ਚ ਲੱਗੀ ਹੋਈ ਸੀ। ਮੈਨੂੰ ਉਸਦੇ ਪਰਿਵਾਰ ’ਚੋਂ ਰਿਸ਼ਤੇਦਾਰਾਂ ਅਤੇ ਉਸਦੇ ਪੁਰਾਣੇ ਹਮ-ਜਮਾਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਮੈਨੂੰ ਉਨ੍ਹਾਂ ਤੋਂ ਪਤਾ ਲੱਗਾ ਕਿ ਉਹ ਦੁਨੀਆਂ ਭਰ ਦੇ ਹੋਰ ਸਿੱਖਾਂ ਵਾਂਗ 1984 ਦੀਆਂ ਘਟਨਾਵਾਂ ਤੋਂ ਦੁਖੀ ਸੀ। ਮੇਰੇ ਆਪਣੇ ਪਰਿਵਾਰਕ ਪਿਛੋਕੜ ਨੂੰ ਦੇਖਦੇ ਹੋਏ ਮਲਿਕ ਦਾ ਕੇਸ ਵਿਸ਼ੇਸ਼ ਨਹੀਂ ਸੀ।

ਉਪਰੋਕਤ ਦੇ ਮੱਦੇਨਜ਼ਰ ਦੋ ਉਡਾਣਾਂ ’ਤੇ ਸਵਾਰ ਨਿਰਦੋਸ਼ ਮੁਸਾਫ਼ਿਰਾਂ ਅਤੇ ਜਹਾਜ਼ ਦੇ ਅਮਲੇ ਨਾਲ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ। ਹੁਣ ਤੱਕ ਓਟਾਵਾ ਅਤੇ ਨਵੀਂ ਦਿੱਲੀ ਦੀਆਂ ਸਰਕਾਰਾਂ ਨੇ ਸਾਰਿਆਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਾਰਾ ਸਿੱਖ ਵੱਖਵਾਦੀਆਂ ਨੇ 1984 ਦਾ ਬਦਲਾ ਲੈਣ ਲਈ ਕੀਤਾ ਸੀ। ਬਾਦ ਵਿਚ ਮਲਿਕ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ, ਪਰ ਸਬੂਤਾਂ ਦੀ ਘਾਟ ਕਾਰਨ 2005 ’ਚ ਬਰੀ ਕਰ ਦਿੱਤਾ ਗਿਆ ਸੀ। ਫਿਰ ਵੀ ਅਦਾਲਤ ਨੇ 2012 ’ਚ ਇਹ ਕਹਿੰਦੇ ਹੋਏ ਕਿ ਉਸਨੂੰ ਕੋਈ ਵੀ ਹਰਜਾਨਾ ਦੇਣ ਤੋਂ ਨਾਂਹ ਕਰ ਦਿੱਤੀ ਕਿ ‘‘ਦੋਸ਼ੀ ਸਾਬਤ ਨਾ ਹੋਣ ਦਾ ਫ਼ੈਸਲਾ’’ ਉਸ ਦੇ ਨਿਰਦੋਸ਼ ਹੋਣ ਦਾ ਐਲਾਨ ਨਹੀਂ ਹੈ।

ਕਈ ਹੋਰ ਮੀਡੀਆ ਵਾਲਿਆਂ ਵਾਂਗ ਮੇਰੇ ਕੋਲ ਮਲਿਕ ਅਤੇ ਉਸ ਨਾਲ ਜੁੜੇ ਹੋਰ ਵਿਅਕਤੀਆਂ ਦੀ ਮਿਲੀਭੁਗਤ ’ਤੇ ਸ਼ੱਕ ਕਰਨ ਦੇ ਕਾਰਨ ਸਨ। ਮੈਂ ਉਸਦੀ ਅਤੇ ਤਲਵਿੰਦਰ ਸਿੰਘ ਪਰਮਾਰ, ਅਜਾਇਬ ਸਿੰਘ ਬਾਗੜੀ ਅਤੇ ਇੰਦਰਜੀਤ ਸਿੰਘ ਰਿਆਤ ਵਰਗੇ ਹੋਰ ਸੰਭਾਵਿਤ ਸ਼ੱਕੀਆਂ ਦੀ ਆਲੋਚਨਾ ਕਰਦਾ ਰਿਹਾ। ਪਰਮਾਰ 1992 ’ਚ ਭਾਰਤੀ ਪੁਲਿਸ ਹੱਥੋਂ ਮਾਰਿਆ ਗਿਆ ਸੀ, ਅਤੇ ਮਲਿਕ ਤੇ ਬਾਗੜੀ ਨੂੰ ਬਰੀ ਕਰ ਦਿੱਤਾ ਗਿਆ ਸੀ। ਇਕੱਲੇ ਰਿਆਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਭਾਵੇਂ ਕਿ ਜਾਂਚ ਚੱਲ ਰਹੀ ਹੈ ਅਤੇ ਅਜੇ ਕਿਸੇ ਸਿੱਟੇ ’ਤੇ ਨਹੀਂ ਪਹੁੰਚੀ ਹੈ। ਆਲੋਚਨਾ ਕਰਨ ਕਰਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਸਿੱਖ ਵੱਖਵਾਦੀ ਲਹਿਰ ਦੇ ਹਮਾਇਤੀ ਕਹਿ ਰਹੇ ਸਨ ਕਿ ਏਅਰ ਇੰਡੀਆ ਨੂੰ ਅੰਜਾਮ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਅਤੇ ਬਦੇਸ਼ਾਂ ’ਚ ਵਸਦੇ ਸਿੱਖ ਕਾਰਕੁਨਾਂ ਨੂੰ ਭੰਡਣ ਲਈ ਦਿੱਤਾ ਗਿਆ ਸੀ।

ਮੇਰੀ ਇੱਕੋਇਕ ਸ਼ਿਕਾਇਤ ਇਹ ਰਹੀ ਹੈ ਕਿ ਜਿਨ੍ਹਾਂ ਸਿੱਖ ਸ਼ੱਕੀਆਂ ਦੇ ਨਾਂ ਮੀਡੀਆ ’ਚ ਵਾਰ-ਵਾਰ ਸਾਹਮਣੇ ਆਏ ਹਨ, ਉਨ੍ਹਾਂ ਬਾਰੇ ਸਪੱਸ਼ਟ ਕਰਨਾ ਜ਼ਰੂਰੀ ਹੈ। ਜੇਕਰ ਉਹ ਸੱਚਮੁੱਚ ਹੀ ਨਿਰਦੋਸ਼ ਹਨ ਤਾਂ ਉਨ੍ਹਾਂ ’ਤੇ ਦੋਸ਼ ਕਿਵੇਂ ਲਗਾਏ ਗਏ? ਨਾਲ ਹੀ ਉਨ੍ਹਾਂ ਨੂੰ ਸਿੱਖ ਭਾਈਚਾਰੇ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਕੋਈ ਹੱਕ ਨਹੀਂ ਹੈ। ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਤਾਂ ਇਹ ਦਾਅਵਾ ਵੀ ਕੀਤਾ ਕਿ ਮਲਿਕ ਅਤੇ ਬਾਗੜੀ ਦੇ ਬਰੀ ਹੋਣ ਨਾਲ ਸਿੱਖਾਂ ’ਤੇ ਲੱਗਾ ਦਾਗ਼ ਮਿਟ ਗਿਆ ਹੈ, ਜਿਵੇਂ ਉਹ ਪੂਰੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਣ।

ਮੈਂ ਇਸ ਨੂੰ ਲੈ ਕੇ ਰੋਹ ’ਚ ਸੀ ਕਿ ਬੰਬ ਧਮਾਕਿਆਂ ’ਚ 80 ਬੱਚੇ ਮਾਰੇ ਗਏ ਸਨ। ਭਾਰਤੀ ਰਾਜ ਨੇ ਸਿੱਖਾਂ ਨਾਲ ਜੋ ਕੀਤਾ, ਉਸ ਨਾਲ ਉਨ੍ਹਾਂ ਨਿੱਕੀਆਂ-ਨਿੱਕੀਆਂ ਜਿੰਦਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਸਿਰਫ਼ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਸਨ।

ਪੀੜਤਾਂ ਦੇ ਪਰਿਵਾਰਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਇਸ ਮਨੋਰਥ ਨਾਲ ਮੈਂ ਬੰਬ ਧਮਾਕਿਆਂ ਦੀ 25ਵੀਂ ਵਰ੍ਹੇਗੰਢ ’ਚ ਸ਼ਾਮਿਲ ਹੋਣ ਲਈ ਆਇਰਲੈਂਡ ਗਿਆ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਜੋ ਆਪਣੇ ਪਿਆਰਿਆਂ ਨੂੰ ਚੇਤੇ ਕਰਨ ਲਈ ਉੱਥੇ ਇਕੱਠੇ ਹੋਏ ਸਨ। ਮੈਂ ਉਨ੍ਹਾਂ ਦੀਆਂ ਕਹਾਣੀਆਂ ’ਤੇ ਆਧਾਰਿਤ ਕਿਤਾਬ ਪ੍ਰਕਾਸ਼ਿਤ ਕੀਤੀ।

ਇਸ ਦੌਰਾਨ, ਬਹੁਤ ਸਾਰੀਆਂ ਸਾਜ਼ਿਸ਼ ਦੀਆਂ ਥਿਊਰੀਆਂ ਚੱਲਦੀਆਂ ਰਹੀਆਂ। ਸੌਫਟ ਟਾਰਗੇਟ ਨਾਂ ਦੀ ਇਕ ਕਿਤਾਬ ਦਾ ਸਿੱਖਾਂ ਵੱਲੋਂ ਵਿਆਪਕ ਤੌਰ ’ਤੇ ਹਵਾਲਾ ਦਿੱਤਾ ਜਾਂਦਾ ਸੀ। ਇਸ ਅਨੁਸਾਰ, ਏਅਰ ਇੰਡੀਆ ਬੰਬ ਕਾਂਡ ਰਾਅ ਦਾ ਗੁਪਤ ਕਾਰਾ ਸੀ। ਸਾਫਟ ਟਾਰਗੇਟ ਨੇ ਸ਼ੱਕੀ ਵਿਅਕਤੀਆਂ ਦੇ ਭਾਰਤੀ ਏਜੰਸੀਆਂ ਦੇ ਬੰਦਿਆਂ ਨਾਲ ਸਬੰਧਾਂ ਦੇ ਬਹੁਤ ਸਾਰੇ ਵੇਰਵਿਆਂ ਦੀ ਜਾਂਚ ਕੀਤੀ। ਪੰਜਾਬ ਵਿਚ ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਇਕ ਸਮੂਹ ਵੀ ਆਪਣੀ ਸੁਤੰਤਰ ਜਾਂਚ ਦੇ ਆਧਾਰ ’ਤੇ ਅਜਿਹੇ ਹੀ ਨਤੀਜੇ ’ਤੇ ਪੁੱਜਿਆ ਸੀ। ਮੈਂ ਇਸ ਦੀ ਰਿਪੋਰਟ ਵੀ ਕਰਦਾ ਰਿਹਾ ਹਾਂ, ਅਤੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੰਦਾ ਰਿਹਾ ਹਾਂ ਕਿ ਇਸ ਸਮੁੱਚੇ ਕਾਂਡ ਨੂੰ ਵਿਸ਼ਾਲ ਸੋਚ ਨਾਲ ਦੇਖਣ-ਪਰਖਣ ਦੀ ਲੋੜ ਹੈ। ਨਰਮਪੰਥੀ ਸਿੱਖਾਂ ਦੇ ਇਕ ਹਿੱਸੇ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਵੀ ਸ਼ੱਕ ਸੀ, ਅਤੇ ਉਨ੍ਹਾਂ ਨੇ ਵੀ ਇਸ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜੋ ਖਾੜਕੂਆਂ ’ਚ ਘੁਸਪੈਠ ਕਰ ਚੁੱਕੀਆਂ ਸਨ।

ਇਸ ਸਭ ਕਾਸੇ ਨੂੰ ਪ੍ਰਚਾਰ ਕਹਿ ਕੇ ਸੌਖਿਆਂ ਹੀ ਖਾਰਜ ਕੀਤਾ ਜਾ ਸਕਦਾ ਹੈ, ਪਰ ਤੱਥ ਮੂੰਹੋਂ ਬੋਲਦੇ ਹਨ। ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ ਇਸ ਘੁਸਰ-ਮੁਸਰ ਨੂੰ ਹੋਰ ਵੀ ਬਾਹਰਮੁਖੀ ਅਤੇ ਆਲੋਚਨਾਤਮਕ ਤੌਰ ’ਤੇ ਮੁਖ਼ਾਤਿਬ ਹੋ ਕੇ ਸਮੁੱਚੇ ਮਾਮਲੇ ਉੱਪਰ ਮੁੜ ਵਿਚਾਰ ਕੀਤੀ ਜਾਣੀ ਚਾਹੀਦੀ ਹੈ।

ਇਹ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਹੁਣ ਵੀ ਬਹੁਤੀ ਦੇਰ ਨਹੀਂ ਹੋਈ, ਖ਼ਾਸ ਕਰਕੇ 14 ਜੁਲਾਈ ਨੂੰ ਸਰੀ ’ਚ ਦਿਨ-ਦਿਹਾੜੇ ਮਲਿਕ ਦੇ ਰਹੱਸਮਈ ਕਤਲ ਤੋਂ ਬਾਦ। ਮਲਿਕ ਪਿੱਛੇ ਜਹੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਮਾਇਤੀ ਬਣ ਗਿਆ ਸੀ। ਇਸ ਤੋਂ ਪਹਿਲਾਂ, ਉਸਨੂੰ 2019 ’ਚ ਭਾਰਤ ਸਰਕਾਰ ਵੱਲੋਂ ਆਪਣੇ ਜ਼ੱਦੀ ਮੁਲਕ ’ਚ ਜਾਣ ਲਈ ਵੀਜ਼ਾ ਦਿੱਤਾ ਗਿਆ ਸੀ, ਜਿੱਥੇ ਉਹ ਅਤੇ ਉਸਦੇ ਰਿਸ਼ਤੇਦਾਰ ਰਾਅ ਦੇ ਮੁਖੀ ਨੂੰ ਮਿਲੇ ਸਨ। ਨਤੀਜੇ ਵਜੋਂ ਉਸ ਦਾ ਸਿੱਖ ਵੱਖਵਾਦੀਆਂ ਨਾਲ ਬਖੇੜਾ ਖੜ੍ਹਾ ਹੋ ਗਿਆ।

ਪਰ ਇਹ ਤਾਂ ਕਹਾਣੀ ਦਾ ਸਿਰਫ਼ ਇਕ ਹਿੱਸਾ ਹੈ, ਕਿਉਂਕਿ ਭਾਰਤੀ ਖੁਫ਼ੀਆ ਤੰਤਰ, ਮੋਦੀ ਪੱਖੀ ਮੀਡੀਆ ਅਤੇ ਉਸਦੇ ਹਮਾਇਤੀਆਂ ਨੇ ਹੋਰ ਸੰਭਾਵਿਤ ਪੱਖਾਂ ਨੂੰ ਦੇਖੇ ਬਿਨਾਂ ਹੀ ਉਸਦੇ ਸਿੱਖ ਆਲੋਚਕਾਂ ਵੱਲ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਉਸ ਦੇ ਕਤਲ ਦੇ ਸਬੰਧ ’ਚ ਦੋ ਗ਼ੈਰ-ਸਿੱਖ ਸ਼ੱਕੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਅਤੇ ਮਨੋਰਥ ਬਾਰੇ ਕੋਈ ਗੱਲ ਨਹੀਂ ਹੋ ਰਹੀ ਹੈ। ਹਾਲਾਤ ਦਰਸਾਉਦੇ ਹਨ ਕਿ ਇਹ ਸੰਭਵ ਹੈ ਕਿ ਇਕ ਪੇਸ਼ੇਵਰ ਕਤਲ ਹੋਵੇ। ਇਸੇ ਲਈ ਮੈਂ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹਾਂ।

ਆਮ ਸੂਝ ਇਹ ਮੰਗ ਕਰਦੀ ਹੈ ਕਿ ਜਾਂਚਕਰਤਾਵਾਂ ਨੂੰ ਸਾਰੀਆਂ ਸੰਭਾਵਨਾਵਾਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਗੱਲ ਨੂੰ ਰੱਦ ਨਹੀਂ ਕਰਨਾ ਚਾਹੀਦਾ।

ਫ਼ਿਲਹਾਲ ਇਹ ਦੇਖਣਾ ਹੋਵੇਗਾ ਕਿ ਇਸ ਚਰਚਿਤ ਕਤਲ ਦਾ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ। ਸਿੱਖ ਵੱਖਵਾਦੀਆਂ ਉੱਪਰ ਇਲਜ਼ਾਮ ਲਗਾਉਣਾ ਸੌਖਾ ਹੈ। ਇਸ ਲਈ ਸਵਾਲ ਇਹ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਕਿਉਂ ਮਾਰਨਗੇ ਜਿਸ ਦੇ ਕਤਲ ਦਾ ਦੋਸ਼ ਉਨ੍ਹਾਂ ਉੱਪਰ ਸਹਿਜੇ ਹੀ ਲਗਾਇਆ ਜਾ ਸਕਦਾ ਹੈ? ਕੀ ਇਹ ਸੱਚਮੁੱਚ ਉਨ੍ਹਾਂ ਦੀ ਮੱਦਦ ਕਰਦਾ ਹੈ ਜਾਂ ਇਸ ਨਾਲ ਉਨ੍ਹ੍ਹਾਂ ਦਾ ਹੋਰ ਨੁਕਸਾਨ ਹੁੰਦਾ ਹੈ? ਇਨ੍ਹਾਂ ਸਾਲਾਂ ’ਚ ਭਾਰਤੀ ਲਾਬੀ ਨੇ ਕੈਨੇਡਾ ’ਚ ਸਿੱਖ ਵੱਖਵਾਦੀਆਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ, ਹਾਲਾਂਕਿ ਇਕ ਵੱਖਰੇ ਸਿੱਖ ਹੋਮਲੈਂਡ ਲਈ ਅੰਦੋਲਨ ਭਾਰਤ ਵਿਚ ਆਪਣੀ ਖਿੱਚ ਗੁਆ ਚੁੱਕਾ ਹੈ। ਕਨੇਡਾ ਵਿਚ ਉਨ੍ਹਾਂ ਸਿਰ ਮੜ੍ਹੀ ਕੋਈ ਵੀ ਹਿੰਸਕ ਕਾਰਵਾਈ ਸਿਰਫ਼ ਹਿੰਦੂ ਬਹੁਗਿਣਤੀ ਦੀ ਪਾਲਾਬੰਦੀ ਕਰਨ, ਸਿੱਖ ਅੱਤਵਾਦ ਪ੍ਰਤੀ ਕੈਨੇਡਾ ਵੱਲੋਂ ਨਰਮਾਈ ਵਰਤਣ ਦੀ ਉਨ੍ਹਾਂ ਦੀ ਦਲੀਲ ਨੂੰ ਮਜ਼ਬੂਤ ਕਰਨ, ਅਤੇ ਮਨੁੱਖੀ ਹੱਕਾਂ ਦੇ ਘਾਣ ਦੀਆਂ ਕਹਾਣੀਆਂ ਤੇ 1984 ਬਾਬਤ ਇਨਸਾਫ਼ ਦੀ ਲੜਾਈ ਦੇ ਸੰਦਰਭ ਵਿਚ ਸਿੱਖ ਅਸੰਤੋਸ਼ ਦੀ ਕਿਸੇ ਵੀ ਆਵਾਜ਼ ਨੂੰ ਦਬਾਉਣ ’ਚ ਹੀ ਮੱਦਦ ਕਰਦੀ ਹੈ।

ਸੋ ਕਾਲਪਨਿਕ ਦੋਸ਼ੀਆਂ ਦਾ ਪਿੱਛਾ ਕਰਦੇ ਰਹਿਣ ਦੀ ਬਜਾਏ ਕਿਉ ਨਾ ਅਸਲ ਦੋਸ਼ੀਆਂ ਦੀ ਭਾਲ ਕੀਤੀ ਜਾਵੇ?

ਆਓ ਦੇਖੀਏ ਕਿ ਕਾਹਲ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ? ਇਨ੍ਹਾਂ ਵਿਚ ਹਿੰਦੂ ਅੰਧ-ਰਾਸ਼ਟਰਵਾਦੀ ਆਗੂ ਮੋਦੀ ਦੇ ਸੱਜੇ-ਪੱਖੀ ਹਮਾਇਤੀ ਹਨ, ਜਿਨ੍ਹਾਂ ਨੇ ਸੋਸਲ ਮੀਡੀਆ ਉੱਪਰ ਕਿਹਾ ਹੈ ਕਿ ਮਲਿਕ ਦਾ ਕਤਲ ਸਿੱਖ ਕੱਟੜਪੰਥੀਆਂ ਵੱਲੋਂ ਪਾਕਿਸਤਾਨੀ ਏਜੰਸੀਆਂ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ ਕਿਉਕਿ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਸ ਦੀ ਹਮਾਇਤ ਕੀਤੀ ਸੀ। ਇਸ ਦੀ ਕੋਈ ਤੁਕ ਨਹੀਂ ਬਣਦੀ; ਕੈਨੇਡਾ ਵਿਚ ਜਾਂਚ ’ਚ ਕੋਈ ਪ੍ਰਗਤੀ ਨਹੀਂ ਹੋਈ ਹੈ, ਜਦੋਂ ਕਿ ਜਿਨ੍ਹਾਂ ਕਈ ਹਿੰਦੂ ਅਤੇ ਸਿੱਖ ਆਗੂਆਂ ਨੇ 2015 ’ਚ ਮੋਦੀ ਦੀ ਵੈਨਕੂਵਰ ਫੇਰੀ ਦੌਰਾਨ ਉਸ ਦਾ ਖੁੱਲ੍ਹੇਆਮ ਸਵਾਗਤ ਕੀਤਾ ਸੀ ਉਨ੍ਹਾਂ ’ਚੋਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤਾਂ ਫਿਰ ਅਸੀਂ ਇਸ ਉੱਪਰ ਯਕੀਨ ਕਿਵੇਂ ਕਰ ਸਕਦੇ ਹਾਂ?

ਗ਼ੌਰਤਲਬ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੇ ਇਸ ਗੱਲ ਨੂੰ ਅੱਖੋਂ-ਪਰੋਖੇ ਕਰ ਦਿੱਤਾ ਕਿ ਕਿਵੇਂ 2012 ’ਚ ਅਦਾਲਤ ਵੱਲੋਂ ਮਲਿਕ ਨੂੰ ਬੇਕਸੂਰ ਕਹਿਣ ਤੋਂ ਨਾਂਹ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਮਲਿਕ ਨੂੰ ਵੀਜਾ ਦੇਣ ਦੀ ਸਿਆਣਪ ਅਤੇ ਰਾਅ ਦੇ ਮੁਖੀ ਤੱਕ ਉਸ ਦੀ ਪਹੁੰਚ ਉੱਪਰ ਕਦੇ ਕੋਈ ਸਵਾਲ ਨਹੀਂ ਉਠਾਇਆ।

ਬਦਕਿਸਮਤੀ ਨਾਲ, ਕਈ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੇ ਦੇ ਬਾਵਜੂਦ ਹੁਣ ਤੱਕ ਏਅਰ ਇੰਡੀਆ ਕਾਂਡ ਦੀਆਂ ਜਾਂਚਾਂ ਜਾਂ ਤਾਂ ਇਸ ਨਜ਼ਰੀਏ ਤੋਂ ਕੇਸ ਨੂੰ ਦੇਖਣ ’ਚ ਪੂਰੀ ਤਰ੍ਹਾਂ ਅਸਫ਼ਲ ਰਹੀਆਂ ਹਨ, ਜਾਂ ਇਸ ਨੂੰ ਬਹੁਤ ਹੀ ਦੋਚਿੱਤੀ ਨਾਲ ਛੂਹਿਆ ਗਿਆ ਹੈ। ਇਸ ਨਾਲ ਸਿਰਫ਼ ਇਸ ਵਿਸ਼ਵਾਸ ਨੂੰ ਮਜ਼ਬੂਤੀ ਮਿਲਦੀ ਹੈ ਕਿ ਕੈਨੇਡਾ ਭਾਰਤ ਸਰਕਾਰ ਦੇ ਦਬਾਅ ਹੇਠ ਹੈ। ਮਲਿਕ ਦੀ ਮੌਤ ਨਾਲ ਤੁਹਾਡੀ ਸਰਕਾਰ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਇਸ ਸੰਭਾਵਨਾ ਦੀ ਤੁਰੰਤ ਗੰਭੀਰਤਾ ਨਾਲ ਜਾਂਚ ਕਰਾਈ ਜਾਵੇ। ਤੁਹਾਡੀ ਪੁਲਿਸ ਪਹਿਲਾਂ ਹੀ ਸਧਾਰਨ ਸ਼ੱਕੀ ਲੋਕਾਂ ਉੱਪਰ ਆਪਣੀ ਤਾਕਤ ਅਤੇ ਵਸੀਲੇ ਅਜਾਈਂ ਗੁਆ ਚੁੱਕੀ ਹੈ। ਮਲਿਕ ਵਰਗੇ ਸਿੱਖ ਸ਼ਖ਼ਸਾਂ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ। ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਹੁਣ ਵਧੇਰੇ ਖ਼ਾਸ ਜਾਂਚ ਉਸ ਤੋਂ ਅੱਗੇ ਲੈ ਕੇ ਜਾਣ ਦਾ ਸਮਾਂ ਆ ਗਿਆ ਹੈ।

ਭਾਰਤ ਦੀ ਬੇਕਿਰਕ ਸਰਕਾਰ ਤਾਂ 1984 ’ਚ ਆਪਣੇ ਹੀ ਲੋਕਾਂ ਦੇ ਕਤਲ ਕਰਾਉਣ ’ਚ ਕਾਮਯਾਬ ਹੋ ਗਈ ਸੀ, ਉਹ 331 ਮਨੁੱਖੀ ਜਾਨਾਂ ਲੈਣ ਵਾਲੇ ਅਜਿਹੇ ਅਨਸਰਾਂ ਦੀਆਂ ਸੇਵਾਵਾਂ ਲੈਣ ਸਮੇਂ ਬਹੁਤਾ ਨਹੀਂ ਸੋਚੇਗੀ ਜੇ ਇਹ ਉਸ ਨੂੰ ਰਾਸ ਆਉਦਾ ਹੈ। ਆਖ਼ਿਰਕਾਰ, ਏਅਰ ਇੰਡੀਆ ਬੰਬ ਕਾਂਡ ਨੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦਾ ਨਿਆਂ ਹਾਸਲ ਕਰਨ ਦਾ ਕਾਜ ਹੀ ਬੇਅਸਰ ਬਣਾ ਦਿੱਤਾ ਸੀ।

ਇਹ ਗੱਲ ਪਹਿਲਾਂ ਹੀ ਸਥਾਪਿਤ ਹੋ ਚੁੱਕੀ ਹੈ ਕਿ ਪਰਮਾਰ ਵਰਗੇ ਬੰਦਿਆਂ ਵੱਲੋਂ ਦਿੱਤੀਆਂ ਧਮਕੀਆਂ ਦੇ ਮੱਦੇਨਜ਼ਰ ਏਅਰ ਇੰਡੀਆ ਬੰਬ ਕਾਂਡ ਨੂੰ ਰੋਕਿਆ ਜਾ ਸਕਦਾ ਸੀ। ਘੱਟੋ-ਘੱਟ ਏਅਰ ਇੰਡੀਆ ਜਾਂ ਭਾਰਤ ਸਰਕਾਰ ਕੁਝ ਚਿਰ ਲਈ ਉਡਾਣਾਂ ਰੱਦ ਕਰ ਸਕਦੀ ਸੀ। ਪਰ ਅਜਿਹਾ ਕਦੇ ਨਹੀਂ ਕੀਤਾ ਗਿਆ। ਇਸ ਦੀ ਬਜਾਏ ਸਗੋਂ ਹਮਲਾਵਰਾਂ ਨੂੰ ਸਾਜ਼ਿਸ਼ ਘੜਨ ਅਤੇ ਆਪਣੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਲਈ ਕਾਫ਼ੀ ਸਮਾਂ ਦਿੱਤਾ ਗਿਆ। ਬਾਦ ਵਿਚ ਜਦੋਂ ਪਰਮਾਰ 1992 ’ਚ ਭਾਰਤੀ ਪੁਲਿਸ ਦੇ ਜਾਲ ’ਚ ਫਸ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਖ਼ਤਮ ਕਰ ਦਿੱਤਾ। ਇਸ ਤੋਂ ਸਿਰਫ਼ ਇਹੀ ਪਤਾ ਲੱਗਦਾ ਹੈ ਕਿ ਇਹ ਕਿਸੇ ਵਧੇਰੇ ਘਿਣਾਉਣੇ ਕਾਰੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਸੀ।

ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਤੁਹਾਡੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਸੱਚ ਦੀ ਖ਼ਾਤਰ ਕੈਨੇਡੀਅਨ ਸੁਰੱਖਿਆ ਅਤੇ ਖੁਫ਼ੀਆ ਅਧਿਕਾਰੀਆਂ ਨੂੰ ਇਹ ਜ਼ਰੂਰ ਕਹੋ ਕਿ ਉਹ ਮਰ ਚੁੱਕੇ ਅਤੇ ਜਿਊਂਦੇ ਦੋਵੇਂ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਅਤੇ ਕੈਨੇਡਾ ਵਿਚ ਭਾਰਤੀ ਏਜੰਟਾਂ ਦੇ ਨਾਪਾਕ ਸਬੰਧਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ। ਇਸ ਸਮੇਂ, ਭਾਰਤ ਦਾ ਮੀਡੀਆ ਅਤੇ ਖੁਫ਼ੀਆ ਏਜੰਸੀਆਂ ਮਲਿਕ ਦੇ ਕਤਲ ਬਾਰੇ ਬਹੁਤ ਜ਼ਿਆਦਾ ਬੇਲੋੜਾ ਹੋ-ਹੱਲਾ ਮਚਾ ਰਹੀਆਂ ਹਨ ਅਤੇ ਵੈਨਕੂਵਰ ਵਿਚ ਸਿੱਖ ਕਾਰਕੁਨਾਂ ਨੂੰ ਭੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਜ਼ਰੂਰੀ ਹੈ ਕਿ ਕੈਨੇਡਾ ਉਨ੍ਹਾਂ ਦੀਆਂ ਨਾਕਾਮੀਆਂ ਅਤੇ ਸਾਡੇ ਮੁਲਕ ਦੇ ਸਮਾਜੀ-ਸਿਆਸੀ ਮਾਹੌਲ ਨੂੰ ਵਿਗਾੜਨ ਲਈ ਉਨ੍ਹਾਂ ਵੱਲੋਂ ਖੇਡੀਆਂ ਜਾ ਰਹੀਆਂ ਚਾਲਾਂ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਵੇ। ਉਮੀਦ ਹੈ, ਤੁਸੀਂ ਭਾਈਚਾਰੇ ਦੇ ਉਸ ਵਿਅਕਤੀ ਦੀ ਆਵਾਜ਼ ਜ਼ਰੂਰ ਸੁਣੋਗੇ ਜਿਸ ਦੀ ਹਰ ਖ਼ਬਰ ਉੱਪਰ ਤਿੱਖੀ ਨਜ਼ਰ ਹੈ।

(ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ)