ਬਰਤਾਨੀਆ ’ਚ ਟਰੱਕ ਚਾਲਕਾਂ ਦੀ ਭਾਰੀ ਕਮੀ ਨਾਲ ਹਫੜਾ-ਦਫੜੀ, ਡੂੰਘਾਇਆ ਭੋਜਨ ਸੰਕਟ, 10000 ਤੋਂ ਵੱਧ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ

0
378

ਬਰਤਾਨੀਆ ਟਰੱਕਾਂ ਤੇ ਟਰੱਕ ਚਾਲਕਾਂ ਦੀ ਕਮੀ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਸੰਕਟ ਨਾਲ ਗੁਜ਼ਰ ਰਿਹਾ ਹੈ। ਰਿਪੋਰਟ ਮੁਤਾਬਕ ਬਰਤਾਨੀਆ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋ ਗਈ ਹੈ। ਸੁਪਰ ਮਾਰਕਿਟ ਵੀ ਇਸ ਸੰਕਟ ਤੋਂ ਪ੍ਰਭਾਵਿਤ ਹੋਈ ਹੈ। ਪੈਟਰੋਲ ਪੰਪਾਂ ਤੇ ਗੈਸ ਸਟੇਸ਼ਨਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਹਨ। ਪੂਰੇ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਸਰਕਾਰ ਆਪਣੇ ਮੌਸਮੀ ਮਜ਼ਦੂਰ ਯੋਜਨਾ ਦਾ ਵਿਸਤਾਰ ਕਰਨ ਜਾ ਰਹੀ ਹੈ। ਇਸ ਕਵਾਇਦ ਤਹਿਤ ਸਰਕਾਰ 10 ਹਜ਼ਾਰ ਤੋਂ ਜ਼ਿਆਦਾ ਅਸਥਾਈ ਵੀਜ਼ਾ ਦੀ ਪੇਸ਼ਕਸ਼ ਕਰੇਗੀ ਤਾਂਕਿ ਆਸ-ਪਾਸ ਦੇ ਯੂਰਪੀ ਦੇਸ਼ਾਂ ਵਿਚ ਟਰੱਕ ਚਾਲਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਬਰਤਾਨੀਆ ਵਿਚ ਡੂੰਘੇ ਹੋਏ ਇਸ ਸੰਕਟ ਨੂੰ ਲੈ ਕੇ ਵਿਰੋਧੀਆਂ ਨੇ ਬ੍ਰੈਕਜ਼ਿਟ ਨੂੰ ਦੋਸ਼ੀ ਠਹਿਰਾਇਆ ਹੈ। ਓਥੇ ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰੀ ਵਸਤਾਂ ਦੀ ਕਮੀ ਮਹਾਮਾਰੀ ਦੇ ਮੱਦੇਨਜ਼ਰ ਇਕ ਅਸਥਾਈ ਮੁੱਦਾ ਹੈ ਜਿਸ ਨੂੰ ਹੱਲ ਕੀਤਾ ਜਾਵੇਗਾ। ਸਰਕਾਰ ਨੇ ਸ਼ਨਿਚਰਵਾਰ ਰਾਤ ਨੂੰ ਕਿਹਾ ਕਿ ਪੰਜ ਹਜ਼ਾਰ ੲੀਂਧਨ ਟੈਂਕਰ ਤੇ ਭੋਜਨ ਸਪਲਾਈ ਟਰੱਕ ਚਾਲਕ ਬਰਤਾਨੀਆ ਵਿਚ ਤਿੰਨ ਮਹੀਨੇ ਲਈ ਕੰਮ ਕਰਨ ਦੇ ਯੋਗ ਹੋਣਗੇ। ਇਹੀ ਨਹੀਂ ਕ੍ਰਿਸਮਿਸ ਦੇ ਮੌਸਮ ਵਿਚ ਸਪਲਾਈ ਨੂੰ ਪੂਰਾ ਕਰਨ ਲਈ ਯੋਜਨਾ ਨੂੰ 5,500 ਪੋਲਟਰੀ ਮਜ਼ਦੂਰਾਂ ਤਕ ਵੀ ਵਧਾਇਆ ਜਾ ਰਿਹਾ ਹੈ।


ਯੂ.ਕੇ. ਨੇ ਆਰਜ਼ੀ ਤੌਰ ‘ਤੇ 5000 ਟਰੱਕ ਡਰਾਈਵਰਾਂ ਅਤੇ 5500 ਮੁਰਗ਼ੀਖ਼ਾਨੇ ਕਾਮਿਆਂ ਲਈ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਹੈ | ਜਿਸ ਤਹਿਤ 10,500 ਟਰੱਕ ਡਰਾਈਵਰ ਅਤੇ ਪੋਲਟਰੀ ਕਰਮਚਾਰੀ ਯੂ.ਕੇ. ਦਾ ਅਸਥਾਈ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਸਰਕਾਰ ਕਿ੍ਸਮਿਸ ਦੇ ਸਮੇਂ ਵਿਚ ਕਿਸੇ ਤਰ੍ਹਾਂ ਦੇ ਪੈਣ ਵਾਲੇ ਵਿਘਨ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਹਾਲਾਂਕਿ ਸਰਕਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਵੀਜ਼ੇ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਹੀ ਦਿੱਤੇ ਜਾਣਗੇ ਜਾਂ ਹੋਰ ਦੇਸ਼ਾਂ ਦੇ ਲੋਕ ਵੀ ਇਸ ਦੇ ਯੋਗ ਹਨ | ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 5,000 ਤੇਲ ਟੈਂਕਰ ਅਤੇ ਖਾਣ ਪੀਣ ਦੇ ਸਾਮਾਨ ਦੀ ਢੋਅ-ਢੁਆਈ ਲਈ ਟਰੱਕ ਡਰਾਈਵਰ ਕਿ੍ਸਮਿਸ ਦੀ ਸ਼ਾਮ ਤੱਕ ਤਿੰਨ ਮਹੀਨਿਆਂ ਲਈ ਯੂ.ਕੇ. ਵਿਚ ਕੰਮ ਕਰਨ ਦੇ ਯੋਗ ਹੋਣਗੇ |

ਇਸ ਯੋਜਨਾ ਨੂੰ 5,500 ਮੁਰਗੀਖਾਨਾ ਕਾਮਿਆਂ ਤੱਕ ਵੀ ਵਧਾਇਆ ਜਾ ਰਿਹਾ ਹੈ | ਟਰੱਕ ਡਰਾਈਵਰਾਂ ਦੀ ਘਾਟ ਨੇ ਹਾਲ ਹੀ ਦੇ ਮਹੀਨਿਆਂ ਵਿਚ ਸੁਪਰ ਮਾਰਕੀਟਾਂ ਤੋਂ ਲੈ ਕੇ ਫਾਸਟ ਫੂਡ ਚੇਨ ਤੱਕ ਬਹੁਤ ਸਾਰੇ ਉਦਯੋਗਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹਨ | ਤੇਲ ਸਪਲਾਈ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਪੈਟਰੋਲ ਸਟੇਸ਼ਨਾਂ ‘ਤੇ ਲੰਬੀਆਂ ਕਤਾਰਾਂ ਲੱਗੀਆਂ ਹਨ | ਵਿਦੇਸ਼ੀ ਕਾਮਿਆਂ ਨੂੰ ਇਜਾਜ਼ਤ ਦੇਣ ਦੇ ਨਾਲ-ਨਾਲ, ਐਚ. ਜੀ. ਵੀ. (ਹੈਵੀ ਗੁੱਡਜ਼ ਵਹੀਕਲ) ਦੀ ਟੈਸਟਿੰਗ ਸਮਰੱਥਾ ਵਧਾਉਣ ਅਤੇ ਐਚ. ਜੀ. ਵੀ. ਲਾਇਸੈਂਸ ਵਾਲੇ ਡਰਾਈਵਰਾਂ ਨੂੰ ਤਕਰੀਬਨ 10 ਲੱਖ ਪੱਤਰ ਭੇਜ ਕੇ ਉਦਯੋਗ ‘ਚ ਵਾਪਸ ਆਉਣ ਵਿਚ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਟਰੱਕ ਡਰਾਈਵਰਾਂ ਅਤੇ ਪੋਲਟਰੀ ਕਾਮਿਆਂ ਦੀ ਭਰਤੀ ਅਕਤੂਬਰ ‘ਚ ਸ਼ੁਰੂ ਹੋਵੇਗੀ | ਇਸ ਦੇ ਨਾਲ ਹੀ ਸਰਕਾਰ ਨਵੇਂ ਡਰਾਈਵਰਾਂ ਨੂੰ ਸਿਖਲਾਈ ਦੇਣ ਅਤੇ ਟੈਸਟਾਂ ਨਰਮ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਟਰੱਕ ਡਰਾਈਵਰਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨ ਦੀ ਵੀ ਗੱਲ ਕੀਤੀ ਹੈ |