ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਲੜਾਕੂ ਜਹਾਜ਼ ਰਾਜਸਥਾਨ ਦੇ ਬਾੜਮੇਰ ਨੇੜੇ ਹਾਦਸਾਗ੍ਰਸਤ

0
693

2 Pilots Killed In Air Force’s MiG-21 Jet Crash In Rajasthan’s Barmer ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਲੜਾਕੂ ਜਹਾਜ਼ ਰਾਜਸਥਾਨ ਦੇ ਬਾੜਮੇਰ ਨੇੜੇ ਹਾਦਸਾਗ੍ਰਸਤ- ਰਾਜਸਥਾਨ ਦੇ ਬਾੜਮੇਰ ‘ਚ ਮਿੱਗ ਜਹਾਜ਼ ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ, ਰੱਖਿਆ ਮੰਤਰੀ ਨੇ ਹਵਾਈ ਸੈਨਾ ਮੁਖੀ ਤੋਂ ਲਈ ਜਾਣਕਾਰੀ

ਰਾਜਸਥਾਨ ਦੇ ਬਾੜਮੇਰ ਵਿੱਚ ਵੀਰਵਾਰ ਦੇਰ ਰਾਤ ਇੱਕ ਮਿਗ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਬਾੜਮੇਰ ਦੇ ਬੈਤੂ ਥਾਣਾ ਖੇਤਰ ਦੇ ਭੀਮਦਾ ਪਿੰਡ ‘ਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਚਸ਼ਮਦੀਦਾਂ ਮੁਤਾਬਕ ਪਿੰਡ ਵਿੱਚ ਜ਼ੋਰਦਾਰ ਧਮਾਕੇ ਨਾਲ ਲੋਕਾਂ ਨੇ ਅੱਗ ਦਾ ਇੱਕ ਗੋਲਾ ਦੇਖਿਆ। ਭਾਰਤੀ ਹਵਾਈ ਸੈਨਾ ਨੇ ਕਿਹਾ ਹੈ ਕਿ ਉਹ ਆਪਣੀ ਜਾਨ ਗੁਆਉਣ ਵਾਲੇ ਪਾਇਲਟਾਂ ਦੇ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਬਾਰੇ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਨਾਲ ਗੱਲਬਾਤ ਕੀਤੀ ਹੈ। ਏਅਰ ਚੀਫ਼ ਨੇ ਹਾਦਸੇ ਦੀ ਪੂਰੀ ਜਾਣਕਾਰੀ ਰੱਖਿਆ ਮੰਤਰੀ ਨੂੰ ਦਿੱਤੀ ਹੈ।ਜਹਾਜ਼ ਵਿੱਚ ਹੀ ਅੱਗ ਲੱਗ ਗਈ ਸੀ।

ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਨੂੰ ਉੱਪਰੋਂ ਅੱਗ ਲੱਗ ਗਈ ਸੀ, ਇਸ ਲਈ ਪਾਇਲਟ ਨੇ ਇਸ ਨੂੰ ਲੈਂਡ ਕਰਨ ਲਈ ਭੀਮਦਾ ਪਿੰਡ ਦੇ ਉੱਪਰ 2 ਤੋਂ 3 ਚੱਕਰ ਲਗਾਏ। ਆਖਿਰਕਾਰ ਜਹਾਜ਼ ਪਿੰਡ ਤੋਂ ਥੋੜ੍ਹੀ ਦੂਰੀ ‘ਤੇ ਹੀ ਕਰੈਸ਼ ਹੋ ਗਿਆ। ਜਹਾਜ਼ ਦੇ ਕਰੈਸ਼ ਹੋਣ ਦੀ ਖਬਰ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀ ਮੌਕੇ ਵੱਲ ਵਧੇ ਪਰ ਦੋਵੇਂ ਪਾਇਲਟ ਸ਼ਹੀਦ ਹੋ ਗਏ। ਘਟਨਾ ਰਾਤ ਕਰੀਬ 9 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਅੱਧਾ ਕਿਲੋਮੀਟਰ ਦੂਰ ਤੱਕ ਖਿੱਲਰਿਆ ਪਿਆ ਸੀ।

21 ਅਕਤੂਬਰ, 2021 ਨੂੰ, ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਮਿਰਾਜ 2000 ਜਹਾਜ਼ ਹਾਦਸਾਗ੍ਰਸਤ ਹੋ ਗਿਆ। 25 ਅਗਸਤ, 2021 ਨੂੰ, ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਸਿਖਲਾਈ ਮਿਸ਼ਨ ਦੌਰਾਨ ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਜਹਾਜ਼ ਹਾਦਸਾਗ੍ਰਸਤ ਹੋ ਗਿਆ। 20 ਮਈ, 2021 ਨੂੰ, ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਮਿਗ-21 ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ ਵਿੱਚ ਹਵਾਈ ਸੈਨਾ ਦਾ ਇੱਕ ਪਾਇਲਟ ਮਾਰਿਆ ਗਿਆ ਸੀ। 17 ਮਾਰਚ, 2021 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਮਿਗ-21 ਬਾਇਸਨ ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ ਵਿੱਚ ਹਵਾਈ ਸੈਨਾ ਦਾ ਇੱਕ ਗਰੁੱਪ ਕੈਪਟਨ ਮਾਰਿਆ ਗਿਆ ਸੀ। 5 ਜਨਵਰੀ, 2021 ਨੂੰ, ਇੱਕ ਮਿਗ-21 ਬਾਇਸਨ ਜਹਾਜ਼ ਰਾਜਸਥਾਨ ਦੇ ਸੂਰਤਗੜ੍ਹ ਵਿੱਚ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਿਆ ਸੀ। ਫਰਵਰੀ 2019 ਵਿੱਚ, ਆਈਏਐਫ ਦੀ ਐਰੋਬੈਟਿਕ ਟੀਮ ਸੂਰਿਆ ਕਿਰਨ ਦੇ ਦੋ ਜਹਾਜ਼ ਹਵਾ ਵਿੱਚ ਇੱਕ ਦੂਜੇ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਏ ਸਨ। ਅਕਤੂਬਰ 2017 ਵਿੱਚ, ਅਰੁਣਾਚਲ ਪ੍ਰਦੇਸ਼ ਵਿੱਚ ਤਵਾਂਗ ਨੇੜੇ ਭਾਰਤੀ ਹਵਾਈ ਸੈਨਾ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ ਸੱਤ ਲੋਕ ਮਾਰੇ ਗਏ ਸਨ। ਦਸੰਬਰ 2015 ਵਿੱਚ, ਬੀਐਸਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਦਿੱਲੀ ਹਵਾਈ ਅੱਡੇ ਦੇ ਨੇੜੇ ਕਰੈਸ਼ ਹੋ ਗਿਆ ਸੀ।


ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼

ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਕੁਲੈਕਟਰ, ਐਸਪੀ ਅਤੇ ਹਵਾਈ ਸੈਨਾ ਦੇ ਅਧਿਕਾਰੀ ਮੌਕੇ ‘ਤੇ ਰਵਾਨਾ ਹੋ ਗਏ। ਹਾਦਸੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਭਾਰਤੀ ਹਵਾਈ ਸੈਨਾ ਨੇ ਦੋ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਕ ਪਾਇਲਟ ਦੀ ਲਾਸ਼ ਬੁਰੀ ਤਰ੍ਹਾਂ ਨਾਲ ਸੜ ਗਈ ਸੀ ਜਦਕਿ ਦੂਜੇ ਦੀ ਲਾਸ਼ ਵੀ ਕਈ ਟੁਕੜਿਆਂ ਵਿਚ ਟੁੱਟ ਗਈ ਸੀ। ਮਿਗ-21 ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਪਿਛਲੇ ਸਾਲ 21 ਦਸੰਬਰ ਨੂੰ ਰਾਜਸਥਾਨ ਦੇ ਜੈਸਲਮੇਰ ਨੇੜੇ ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।