ਸਿਆਟਲ/ਸੈਕਰਾਮੈਂਟੋ/ਸਾਨ ਫ਼ਰਾਂਸਿਸਕੋ, 26 ਸਤੰਬਰ -ਅੱਜ ਸ਼ਾਮ ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐੱਮ ਟਰੈਕ ਰੇਲ ਗੱਡੀ ਪੱਟੜੀ ਤੋਂ ਉੱਤਰ ਜਾਣ ਕਾਰਨ ਜਿੱਥੇ 3 ਲੋਕਾਂ ਦੀ ਮੌਤ ਹੋ ਗਈ, ਉੱਥੇ ਕਾਫ਼ੀ ਲੋਕ ਜ਼ਖ਼ਮੀ ਹੋ ਗਏ | ਐਮ ਟਰੈਕ ਦੇ ਬੁਲਾਰੇ ਜੇਸਨ ਅਬਰਾਮਸ ਨੇ ਦੱਸਿਆ ਕਿ ਸਿਆਟਲ ਤੋਂ ਸ਼ਿਕਾਗੋ ਨੂੰ ਜਾ ਰਹੀ ਐਮ ਪਾਇਰ ਬਿਲਡਰ ਰੇਲ ਗੱਡੀ ਦੇ 5 ਡੱਬੇ ਸ਼ਾਮ 4 ਵਜੇ ਦੇ ਕਰੀਬ ਮਨੋਟਰੇਨਾ ਸਟੇਟ ਵਿਚ ਪੱਟੜੀ ਤੋਂ ਉਤਰ ਗਏ |
ਗੱਡੀ ਵਿਚ ਤਕਰੀਬਨ 147 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ, ਜਿਨ੍ਹਾਂ ‘ਚੋਂ 3 ਲੋਕਾਂ ਦੀ ਮੌਤ ਹੋ ਹੋਣ ਦੀ ਖ਼ਬਰ ਅਤੇ ਕਾਫ਼ੀ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਬਚਾਅ ਕਾਰਜ ਵੱਡੀ ਪੱਧਰ’ਤੇ ਚਲ ਰਹੇ ਹਨ | ਮੌਕੇ ‘ਤੇ ਐਮ ਟਰੈਕ ਦੇ ਉੱਚ ਅਧਿਕਾਰੀ, ਫਾਇਰ ਫਾਈਟਰ ਅਤੇ ਪੁਲਿਸ ਕਰਮਚਾਰੀ ਅਤੇ ਹੋਰ ਅਧਿਕਾਰੀ ਲੋਕਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ |
ਘਟਨਾ ਉਪਰੰਤ ਲੋਕ ਇਕ ਦੂਜੇ ਦੀ ਮਦਦ ਕਰ ਰਹੇ ਸਨ ਅਤੇ ਫਾਇਰ ਫਾਈਟਰਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਰੇਲ ਗੱਡੀ ਵਿਚੋਂ ਬਾਹਰ ਕੱਢਣਾ ਸ਼ੁਰੂ ਕੀਤਾ | ਇਸ ਸਾਰੀ ਘਟਨਾ ਦੀ ਜਾਂਚ ਦੇ ਆਦੇਸ਼ ਐਮ ਟਰੈਕ ਅਧਿਕਾਰੀਆਂ ਨੇ ਦੇ ਦਿੱਤੇ ਹਨ |