1992 ਦੇ ਮਈ ਮਹੀਨੇ ਦੀ ਸੱਤ ਤਰੀਕ ਨੂੰ ਨੌਂ ਪੁਲਿਸ ਵਾਲਿਆਂ ਨੇ ਅੰਮ੍ਰਿਤਸਰ ਦੇ ਪਿੰਡ ਭੋਰਸੀ ਰਾਜਪੂਤਾਂ ਤੋਂ ਤਿੰਨ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਅਗਵਾ ਕੀਤਾ ਤੇ ਫਿਰ ਤਸ਼ੱਦਦ ਕਰਦਿਆਂ ਉਨ੍ਹਾਂ ‘ਚੋਂ ਇੱਕ ਨੂੰ ਮਾਰ ਦਿੱਤਾ। ਪੁਲਿਸ ਕਹਿੰਦੀ ਰਹੀ ਕਿ ਉਹ ਪੁਲਿਸ ਤੋਂ ਛੁੱਟ ਕੇ ਭੱਜ ਗਿਆ। ਅਜੇ ਤੱਕ ਉਹ ਨੌਜਵਾਨ ਸੁਰਜੀਤ ਸਿੰਘ ਨਾ ਘਰਦਿਆਂ ਨੂੰ ਮਿਲਿਆ ਤੇ ਨਾ ਓਹਦੀ ਲਾਸ਼ ਮਿਲੀ। ਦੂਜੇ ਦੋ ਬਚ ਗਏ।ਮਾਮਲੇ ‘ਚ ਸ਼ਾਮਲ ਇਸ ਕਾਤਲ ਪੁਲਿਸ ਟੋਲੀ ਦਾ ਮੁਖੀ ਡੀਐਸਪੀ ਬਲਕਾਰ ਸਿੰਘ ਤਰੱਕੀਆਂ ਕਰਦਾ ਕਰਦਾ ਆਈ.ਜੀ. ਦੇ ਅਹੁਦੇ ਤੱਕ ਗਿਆ ਤੇ ਰਿਟਾਇਰ ਹੋ ਗਿਆ। ਬਾਕੀ ਕੋਈ ਪੁਲਸੀਆ ਨੌਕਰੀ ਕਰ ਰਿਹਾ, ਕੋਈ ਰਿਟਾਇਰ ਹੋ ਗਿਆ ਤੇ ਕੋਈ ਮਰ ਗਿਆ। ਸੀਬੀਆਈ ਜਾਂਚ ‘ਚ ਸਾਫ ਹੋ ਗਿਆ ਕਿ ਪੁਲਿਸ ਤਸ਼ੱਦਦ ਦੌਰਾਨ ਹੀ ਸੁਰਜੀਤ ਸਿੰਘ ਜਾਨ ਤਿਆਗ ਗਿਆ ਸੀ।ਇਸ ਕਾਤਲ ਟੋਲੀ ‘ਚ ਡੀਐਸਪੀ ਬਲਕਾਰ ਸਿੰਘ ਦੇ ਨਾਲ ਇੰਸਪੈਕਟਰ ਊਧਮ ਸਿੰਘ ਤੇ ਸਾਹਿਬ ਸਿੰਘ ਅਤੇ ਥਾਣੇਦਾਰ-ਸਿਪਾਹੀ ਗੋਪਾਲ ਸਿੰਘ, ਬੀਰ ਸਿੰਘ, ਜਸਬੀਰ ਸਿੰਘ, ਤਰਸੇਮ ਸਿੰਘ, ਬਲਕਾਰ ਸਿੰਘ (ਦੂਜਾ) ਤੇ ਸਤਵੰਤ ਸਿੰਘ ਸ਼ਾਮਲ ਸਨ।
ਤਿੰਨ ਦਹਾਕੇ ਇਹ ਕਾਤਲ ਪੁਲਸੀਏ ਆਪਣੇ ਟੱਬਰਾਂ ‘ਚ ਜ਼ਿੰਦਗੀ ਦਾ ਪੂਰਾ ਆਨੰਦ ਮਾਣਦੇ ਰਹੇ, ਹੁਣ ਤੀਹ ਸਾਲਾਂ ਬਾਅਦ ਸੀਬੀਆਈ ਅਦਾਲਤ ਦੇ ਜੱਜ ਅਮਨਦੀਪ ਕੰਬੋਜ ਨੇ ਨੌਂ ਪੁਲਸੀਆਂ ‘ਚੋਂ ਤਿੰਨਾਂ ਨੂੰ ਤਿੰਨ-ਤਿੰਨ ਸਾਲ ਦੀ “ਬੇਹੱਦ ਸਖਤ” ਸਜ਼ਾ ਦਿੱਤੀ ਹੈ ਜਦਕਿ ਬਾਕੀ ਪੰਜ ਬਰੀ ਕਰ ਦਿੱਤੇ ਹਨ, ਇੱਕ ਮਰ ਗਿਆ।………….ਤੇ ਨਾਲ ਹੀ ਜ਼ਮਾਨਤ ਵੀ ਦੇ ਦਿੱਤੀ ਹੈ।
ਤਸਵੀਰ ਇਨ੍ਹਾਂ ਪੁਲਸੀਆਂ ਦੇ ਸ਼ਿਕਾਰ ਸ. ਸੁਰਜੀਤ ਸਿੰਘ ਦੀ ਹੈ, ਜਿਸਦੀ ਪਤਨੀ ਪਰਮਜੀਤ ਕੌਰ ਨੇ ਏਨਾ ਲੰਮਾ ਕੇਸ ਲੜਿਆ।
ਇਹ ਹੈ ਭਾਰਤ ਵਿੱਚ ਕਿਸੇ ਨਿਰਦੋਸ਼ ਦੇ ਕਤਲ ਦਾ ਇਨਸਾਫ!
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਅਮਨਦੀਪ ਕੰਬੋਜ ਦੀ ਅਦਾਲਤ ਨੇ ਮਈ 1992 ‘ਚ ਪੁਲਿਸ ਵਲੋਂ ਸੁਰਜੀਤ ਸਿੰਘ (28) ਵਾਸੀ ਜੱਸੋ ਨੰਗਲ ਜ਼ਿਲ੍ਹਾ ਅੰਮਿ੍ਤਸਰ ਨੂੰ ਜਬਰੀ ਚੁੱਕ ਕੇ ਲਿਜਾਣ ਅਤੇ ਉਸ ਨੂੰ ਲਾਪਤਾ ਕਰਨ ਦੇ ਮਾਮਲੇ ‘ਚ ਸੇਵਾ-ਮੁਕਤ ਆਈ. ਜੀ. ਬਲਕਾਰ ਸਿੰਘ ਸਿੱਧੂ, ਸੇਵਾ-ਮੁਕਤ ਡੀ. ਐਸ. ਪੀ. ਊਧਮ ਸਿੰਘ ਅਤੇ ਮੌਜੂਦਾ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਧਾਰਾ-365 ਵਿਚ 3-3 ਸਾਲ ਦੀ ਕੈਦ 10-10 ਹਜ਼ਾਰ ਰੁ. ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ | ਇਸ ਮਾਮਲੇ ‘ਚ ਨਾਮਜ਼ਦ ਸਤਵੰਤ ਸਿੰਘ ਨਾਂਅ ਦੇ ਪੁਲਿਸ ਕਰਮਚਾਰੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ, ਜਦਕਿ ਬੀਰ ਸਿੰਘ, ਬਲਕਾਰ ਸਿੰਘ-2, ਗੋਪਾਲ ਸਿੰਘ, ਤਰਸੇਮ ਸਿੰਘ ਅਤੇ ਜਸਬੀਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ | ਉਧਰ ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਅਦਾਲਤ ਵਲੋਂ ਬਣਦੀ ਸਜ਼ਾ ਨਹੀਂ ਦਿੱਤੀ ਗਈ, ਲਿਹਾਜ਼ਾ ਉਹ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ ਦੇਣਗੇ | ਅਦਾਲਤ ਵਲੋਂ ਤਿੰਨਾਂ ਦੋਸ਼ੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ 7 ਮਈ 1992 ਨੂੰ ਦਿਨ ਦੇ ਕਰੀਬ 11.30 ਵਜੇ ਉਨ੍ਹਾਂ ਦੇ ਪਿੰਡ ਨੂੰ ਪੰਜਾਬ ਪੁਲਿਸ ਅਤੇ ਸੀ. ਆਰ. ਪੀ. ਐਫ. ਵਲੋਂ ਘੇਰ ਲਿਆ ਗਿਆ ਸੀ | ਇਹ ਘੇਰਾਬੰਦੀ ਸ਼ਾਮ ਦੇ 6 ਵਜੇ ਤੱਕ ਜਾਰੀ ਰਹੀ | ਇਸ ਦੌਰਾਨ ਪੁਲਿਸ ਵਲੋਂ ਲਾਊਡਸਪੀਕਰ ਰਾਹੀਂ ਸਾਰੇ ਪਿੰਡ ਨੂੰ ਪਿੰਡ ਦੀ ਸਾਂਝੀ ਥਾਂ ‘ਤੇ ਇਕੱਠਾ ਹੋਣ ਲਈ ਆਖਿਆ ਗਿਆ ਅਤੇ ਪਿੰਡ ਵਾਸੀ ਸਾਂਝੀ ਥਾਂ ‘ਤੇ ਪਹੁੰਚ ਗਏ | ਇਸ ਤੋਂ ਬਾਅਦ ਡੀ. ਐਸ. ਪੀ. ਬਲਕਾਰ ਸਿੰਘ ਸਿੱਧੂ, ਥਾਣਾ ਜੰਡਿਆਲਾ ਦੇ ਉਸ ਸਮੇਂ ਦੇ ਮੁਖੀ ਊਧਮ ਸਿੰਘ, ਥਾਣੇਦਾਰ ਸਤਨਾਮ ਸਿੰਘ ਅਤੇ ਹੌਲਦਾਰ ਸਾਹਿਬ ਸਿੰਘ ਵਲੋਂ ਸੁਰਜੀਤ ਸਿੰਘ, ਜਤਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੂੰ ਆਪਣੇ ਨਾਲ ਥਾਣਾ ਜੰਡਿਆਲਾ ਗੁਰੂ ਵਿਖੇ ਲਿਜਾਇਆ ਗਿਆ |
ਅਗਲੇ ਦਿਨ ਜਦੋਂ ਪਿੰਡ ਦੀ ਪੰਚਾਇਤ ਅਤੇ ਪਰਿਵਾਰਕ ਮੈਂਬਰ ਥਾਣਾ ਜੰਡਿਆਲਾ ਵਿਖੇ ਪਹੁੰਚੇ ਤਾਂ ਥਾਣਾ ਮੁਖੀ ਊਧਮ ਸਿੰਘ ਨੇ ਸੁਰਜੀਤ ਸਿੰਘ ਨੂੰ ਛੱਡਣ ਤੋਂ ਮਨ੍ਹਾ ਕਰ ਦਿੱਤਾ | ਇਸ ਤੋਂ ਬਾਅਦ ਉਹ ਸਾਰੇ ਘਰ ਆ ਗਏ ਅਤੇ 9 ਮਈ ਦੀ ਅਖ਼ਬਾਰ ਵਿਚ ਪੁਲਿਸ ਵਲੋਂ ਸੁਰਜੀਤ ਸਿੰਘ ਨੂੰ ਪੁਲਿਸ ਹਿਰਾਸਤ ‘ਚੋਂ ਫ਼ਰਾਰ ਦੱਸਿਆ ਗਿਆ | ਉਧਰ ਪੁਲਿਸ ਨੇ 8 ਮਈ 1992 ਨੂੰ ਸੁਰਜੀਤ ਸਿੰਘ ਦੀ ਗਿ੍ਫ਼ਤਾਰੀ ਪਾ ਕੇ ਉਸ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਮਿਲੇ ਦਿਖਾ ਦਿੱਤੇ ਅਤੇ ਬਾਅਦ ਵਿਚ ਆਪਣੇ ਦਸਤਾਵੇਜ਼ਾਂ ‘ਚ ਲਿਖ ਦਿੱਤਾ ਕਿ ਸੁਰਜੀਤ ਸਿੰਘ ਨੂੰ ਜਦੋਂ ਉਹ ਮੰਡ ਏਰੀਏ ਵਿਚ ਹਥਿਆਰ ਬਰਾਮਦਗੀ ਲਈ ਲੈ ਕੇ ਗਏ ਸਨ ਤਾਂ ਸੁਰਜੀਤ ਸਿੰਘ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ ਹੋ ਗਿਆ ਸੀ, ਜਿਸ ਸੰਬੰਧੀ ਸੁਰਜੀਤ ਸਿੰਘ ‘ਤੇ ਪੁਲਿਸ ਨੇ ਇਕ ਹੋਰ ਨਵਾਂ ਮਾਮਲਾ ਦਰਜ ਕਰ ਲਿਆ ਸੀ | ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਵਲੋਂ 1996 ‘ਚ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਸੀ ਅਤੇ ਹਾਈਕੋਰਟ ਵਲੋਂ 2003 ‘ਚ ਸੀ. ਬੀ. ਆਈ. ਨੂੰ ਕੇਸ ਸੌਂਪਦਿਆਂ ਇਸ ਮਾਮਲੇ ਦੀ ਤਫਤੀਸ਼ ਕਰਨ ਦੇ ਹੁਕਮ ਦਿੱਤੇ ਸਨ | ਸੀ. ਬੀ. ਆਈ. ਵਲੋਂ ਇਸ ਮਾਮਲੇ ‘ਚ ਬਲਕਾਰ ਸਿੰਘ ਸਿੱਧੂ (ਆਈ. ਪੀ. ਐਸ.), ਊਧਮ ਸਿੰਘ, ਸਤਵੰਤ ਸਿੰਘ, ਸਾਹਿਬ ਸਿੰਘ, ਬਲਕਾਰ ਸਿੰਘ-2, ਬੀਰ ਸਿੰਘ, ਗੋਪਾਲ ਸਿੰਘ, ਤਰਸੇਮ ਸਿੰਘ ਅਤੇ ਜਸਬੀਰ ਸਿੰਘ ਨੂੰ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਧਾਰਾ-365, 342, 330, 201 ਅਤੇ 218 ਦੇ ਤਹਿਤ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ |
ਅਦਾਲਤ ‘ਚ ਪੁਲਿਸ ਨੇ ਕੋਈ ਹੋਰ ਹੀ ਪਿਸਤੌਲ ਕਰ ਦਿੱਤੀ ਪੇਸ਼ ਸੁਰਜੀਤ ਸਿੰਘ ਦੇ ਵਕੀਲਾਂ ਮੁਤਾਬਕ ਜਦੋਂ ਇਸ ਮਾਮਲੇ ‘ਚ ਪੁਲਿਸ ਵਲੋਂ ਅਦਾਲਤ ਵਿਚ ਸੁਰਜੀਤ ਸਿੰਘ ਕੋਲੋਂ ਬਰਾਮਦ ਪਿਸਤੌਲ ਅਤੇ ਰਿਕਾਰਡ ਪੇਸ਼ ਕੀਤਾ ਗਿਆ ਤਾਂ ਉਹ ਪੁਲਿਸ ਦੇ ਦਸਤਾਵੇਜ਼ਾਂ ਦੇ ਨਾਲ ਮੇਲ ਨਹੀਂ ਸੀ ਖਾ ਰਿਹਾ | ਪੁਲਿਸ ਨੇ ਪਿਸਤੌਲ ਨੂੰ ਇਕ ਨੰਬਰ ਵਾਲਾ ਹਥਿਆਰ ਦੱਸਿਆ ਸੀ, ਜਦਕਿ ਅਦਾਲਤ ‘ਚ ਪੇਸ਼ ਕੀਤੇ ਪਿਸਤੌਲ ‘ਤੇ ਕੋਈ ਨੰਬਰ ਹੀ ਨਹੀਂ ਸੀ | ਇਸੇ ਤਰ੍ਹਾਂ 6 ਗਵਾਹਾਂ ਨੇ ਅਦਾਲਤ ‘ਚ ਜੱਜ ਅੱਗੇ ਕਿਹਾ ਸੀ ਕਿ ਉਨ੍ਹਾਂ ਦੇ ਸਾਹਮਣੇ ਪੁਲਿਸ ਸੁਰਜੀਤ ਸਿੰਘ ਨੂੰ ਪਿੰਡ ‘ਚੋਂ ਚੁੱਕ ਕੇ ਲੈ ਗਈ ਸੀ, ਜਦਕਿ ਪੁਲਿਸ ਨੇ ਸੁਰਜੀਤ ਸਿੰਘ ਦੀ ਗਿ੍ਫ਼ਤਾਰੀ ਨਾਕੇ ਤੋਂ ਦਿਖਾਈ ਸੀ | ਪੁਲਿਸ ਵਲੋਂ ਆਪਣੇ ਬਣਾਏ ਦਸਤਾਵੇਜ਼ ਜਦੋਂ ਅਦਾਲਤ ਵਿਚ ਪੇਸ਼ ਕੀਤੇ ਗਏ ਤਾਂ ਉਹ ਵੀ ਕਹਾਣੀ ਦੇ ਨਾਲ ਮੇਲ ਨਹੀਂ ਸਨ ਖਾ ਰਹੇ |
10 ਦਿਨਾਂ ਬਾਅਦ ਪੁਲਿਸ ਨੇ ਸਰਪੰਚ ਰਾਹੀਂ ਸੁਨੇਹਾ ਭੇਜ ਕੇ ਸੁਰਜੀਤ ਸਿੰਘ ਦਾ ਭੋਗ ਪਾਉਣ ਲਈ ਕਿਹਾ ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਉਹ ਲਗਾਤਾਰ ਥਾਣੇ ਜਾ ਰਹੇ ਸਨ, ਪ੍ਰੰਤੂ ਪੁਲਿਸ ਉਨ੍ਹਾਂ ਨੂੰ ਇਹ ਦਿਲਾਸਾ ਦਿੰਦੀ ਰਹੀ ਕਿ 1/2 ਦਿਨਾਂ ਤੱਕ ਸੁਰਜੀਤ ਸਿੰਘ ਨੂੰ ਛੱਡ ਦਿੱਤਾ ਜਾਵੇਗਾ | ਉਹ ਇਸ ਆਸ ਦੇ ਨਾਲ ਰੋਜ਼ਾਨਾ ਆਪਣਾ ਦਿਨ ਬਤੀਤ ਕਰਦੇ ਸਨ | ਅਚਾਨਕ 10 ਦਿਨਾਂ ਬਾਅਦ ਪੁਲਿਸ ਨੇ ਪਿੰਡ ਦੇ ਸਰਪੰਚ ਰਾਹੀਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਸੁਰਜੀਤ ਸਿੰਘ ਹੁਣ ਜਿੰਦਾ ਨਹੀਂ ਹੈ, ਲਿਹਾਜ਼ਾ ਉਹ ਉਸ ਦਾ ਭੋਗ ਪਾ ਲੈਣ | ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਨੂੰ ਮਾਲ ਮੰਡੀ ਅੰਮਿ੍ਤਸਰ ਦੇ ਇੰਟੈਰੋਗੇਟ ਸੈਂਟਰ ਵਿਖੇ ਲਿਜਾ ਕੇ ਉਸ ‘ਤੇ ਭਾਰੀ ਤਸ਼ੱਦਦ ਕੀਤਾ ਗਿਆ ਸੀ |