ਭਗਤ ਸਿੰਘ ਆਲੇ ਮਸਲੇ ‘ਚ ਸਿਮਰਨਜੀਤ ਸਿੰਘ ਮਾਨ ਖਿਲਾਫ ਬੋਲਣ ਵਾਲੇ ਅੱਸੀ ਫੀਸਦੀ ਲੋਕ ਜਵਾਹਰ ਲਾਲ ਨਹਿਰੂ ਨੂੰ ਮੋਟੀ ਗਾਲ ਕੱਢਦੇ ਨੇ। ਪਰ ਉਨਾਂ ਨੂੰ ਨਹੀਂ ਪਤਾ ਕਿ ਭਗਤ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ਉਹ ਨਹਿਰੂ ਮਗਰ ਤੁਰਨ। ਜੇਕਰ ਤੁਸੀਂ ਮਾਨ ਵਿਰੋਧੀ ਹੋ ਤਾਂ ਕੀ ਭਗਤ ਸਿੰਘ ਦੇ ਆਖੇ ਲੱਗ ਕੇ ਨਹਿਰੂ ਮਗਰ ਤੁਰਨ ਲਈ ਤਿਆਰ ਹੋ ?
ਹੁਣ ਮਾਨ ਵਿਰੋਧੀ ਕਹਿਣਗੇ ਕਿ ਨਹੀਂ ਨਹੀਂ..! ਭਗਤ ਸਿੰਘ ਏਦਾਂ ਨਹੀਂ ਕਹਿ ਸਕਦਾ! ਇਹ ਅਕਸਰ ਪਹਿਲੀ ਪ੍ਰਤੀਕਿਰਿਆ ਹੁੰਦੀ ਹੈ ਜਦੋਂ ਇਤਿਹਾਸ ਸਾਡੇ ਸਾਹਮਣੇ ਘੁੰਢ ਚੁੱਕ ਕੇ ਖਲੋ ਜਾਂਦਾ।
ਮਾਨ ਦੇ ਬਿਆਨ ‘ਤੇ ਪਏ ਭਗਤ ਸਿੰਘ ਬਾਰੇ ਰੌਲੇ ਤੋਂ ਬਾਅਦ ਤੁਸੀਂ ਪਹਿਲਾਂ ਆਪਣੀ ਇਤਿਹਾਸ ਨੂੰ ਪੜਨ ਅਤੇ ਸਮਝਣ ਦੀ ਸਮਰੱਥਾ ਦਾ ਮੁਲਾਂਕਣ ਕਰੋ।
ਮਾਨ ਦੇ ਖਿਲਾਫ ਬੋਲ ਰਹੇ ਲੋਕ ਉਹ ਨੇ ਜਿੰਨਾ ਸਰਕਾਰੀ ਜਾਂ ਕਾਮਰੇਡੀ ਕਿਤਾਬਾਂ ਅਤੇ ਫਿਲਮਾਂ ‘ਚੋਂ ਭਗਤ ਸਿੰਘ ਬਾਰੇ ਗਿਆਨ ਪ੍ਰਾਪਤ ਕੀਤਾ। ਅਜਿਹੇ ਲੋਕਾਂ ਦਾ ਕੋਈ ਕਸੂਰ ਨਹੀਂ। ਹਰ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਇਤਿਹਾਸ ਬਾਰੇ ਉਨਾਂ ਹੀ ਦੱਸਿਆ ਜਾਵੇ ਜਿਸ ਨਾਲ ਸਰਕਾਰ ਚੱਲਦੀ ਰਹੇ।
ਜਦੋਂ ਤੁਸੀਂ ਸਰਕਾਰ ਤੋਂ ਬਾਹਰ ਹੋ ਕੇ ਇਤਿਹਾਸ ਪੜਦੇ ਹੋਂ ਤਾਂ ਤਹਾਨੂੰ ਪਤਾ ਲੱਗਦਾ ਹੈ ਕਿ ਭਗਤ ਸਿੰਘ ਦੀ ਤਾਂ ਕੋਈ ਸਪਸ਼ਟ ਵਿਚਾਰਧਾਰਾ ਹੀ ਨਹੀਂ ਸੀ। ਸਾਵਰਕਰ ਤੋਂ ਲੈ ਕੇ ਲੈਨਿਨ ਤੱਕ ਸਭ ਕਾਸੇ ਤੋਂ ਪ੍ਰਭਾਵਿਤ ਸੀ। ਇਤਿਹਾਸ ਦੇ ਵਿਗਿਆਨ ਦੀ ਸਧਾਰਨ ਜਿਹੀ ਸਮਝ ਨਾਲ ਤੁਸੀਂ ਇਹ ਅਸਾਨੀ ਨਾਲ ਜਾਣ ਜਾਵੋਗੇ ਕਿ ਭਗਤ ਸਿੰਘ ਦੇ ਨਾਮ ‘ਤੇ ਜਾਂ ਉਸ ਬਾਰੇ ਲਿਖੀਆਂ ਬਹੁਤੀਆਂ ਕਿਤਾਬਾਂ ਨਕਲੀ ਹਨ।
ਭਗਤ ਸਿੰਘ ਦੇ ਨਾਲੋਂ ਬੱਬਰ ਅਕਾਲੀਆਂ ਦੇ ਕਾਰਨਾਮੇ ਬਹੁਤ ਜਿਆਦਾ ਬਹਾਦਰੀ ਭਰੇ ਤੇ ਮਿਸਾਲੀ ਸਨ ਅਤੇ ਸਿਧਾਂਤਿਕ ਰੂਪ ‘ਚ ਸਪਸ਼ਟ ਸਨ। ਉਹ ਵੀ ਫਾਂਸੀ ‘ਤੇ ਹੱਸਦੇ ਹੱਸਦੇ ਚੜੇ। ਪਰ ਉਨਾਂ ਕੁਰਬਾਨੀਆਂ ਬਾਰੇ ਸਰਕਾਰ ਇਸ ਕਰਕੇ ਨਹੀਂ ਪੜਾਉਂਦੀ ਕਿਉਂਕਿ ਉਸ ਨਾਲ ਜਨਤਾ ਨੂੰ ਆਵਦੇ ਹੱਕਾਂ ਬਾਰੇ ਚਾਨਣ ਹੁੰਦਾ।
ਜਦੋੰ ਕਿ ਭਗਤ ਸਿੰਘ ਸਿਰਫ ਅੰਗਰੇਜਾਂ ਖਿਲਾਫ ਭੁਗਤਦਾ, ਨਾ ਕਿ ਰਾਸ਼ਟਰਵਾਦੀ ਹਿੰਦੀ ਬੋਲਣ ਵਾਲੀ ਸਰਕਾਰ ਖਿਲਾਫ। ਇਹੀ ਗੱਲ ਸਮਝਣ ਵਾਲੀ ਹੈ।
ਸਰਕਾਰੀ ਇਤਿਹਾਸ ਨਾ ਤਾਂ ਤਹਾਨੂੰ 1947 ਤੋਂ ਪਹਿਲਾਂ ਲੰਘੇ ਸੱਤਰ ਸਾਲਾਂ ਦੌਰਾਨ ਪੰਜਾਬ ‘ਚ ਆਰੀਆ ਸਮਾਜੀ ਵਲੋਂ ਪਾਏ ਗਏ ਗੰਦ ਬਾਰੇ ਕੁੱਝ ਦੱਸਦਾ। ਨਾ ਪੰਜਾਬੀ ਬੋਲੀ ਦੇ ਹੋਏ ਵਿਰੋਧ ਬਾਰੇ। ਨਾ ਕਿਸਾਨਾਂ ਵਿਰੁੱਧ ਉਸ ਸਮੇਂ ਦੀ ਲਾਲਾ ਲਾਜਪਤ ਰਾਏ ਅਤੇ ਕਾਂਗਰਸ ਦੀ ਸਿਆਸਤ ਬਾਰੇ।
ਤਹਾਨੂੰ ਨਹੀਂ ਪਤਾ ਕਿ ਭਾਰਤ ਵਿੱਚ ਨਾ ਹੀ ਕੋਈ ਅਜਾਦੀ ਦੀ ਲੜਾਈ ਚੱਲ ਰਹੀ ਸੀ ਅਤੇ ਨਾ ਹੀ ਇਹ ਮੰਗ ਉਸ ਸਮੇਂ ਸਿਆਸਤ ਦਾ ਕੇਂਦਰ ਬਿੰਦੂ ਸੀ।
ਉਸ ਸਮੇਂ ਸਿਆਸਤ ਦਾ ਕੇਂਦਰ ਬਿੰਦੂ ਸ਼ਾਹੂਕਾਰ ਸਨ, ਲਾਲੇ ਸਨ। ਇਹ ਕਿਸਾਨ ਅਤੇ ਮਜਦੂਰ ਵਿਰੋਧੀ ਸਨ। ਅੰਗਰੇਜਾਂ ਦੇ ਨੇੜੇ ਸਨ। ਇਨਾਂ ਨੂੰ ਸਰ ਛੋਟੂ ਰਾਮ ਅਤੇ ਸੁੰਦਰ ਸਿੰਘ ਮਜੀਠੀਆ ਵਰਗਿਆਂ ਨੇ ਚਨੌਤੀ ਦਿੱਤੀ ਤੇ ਇਕ ਸਮਾਂਤਰ ਸਿਆਸਤ ਖੜੀ ਕੀਤੀ ਜੋ ਕਿ 1920 ਤੋਂ ਲੈ ਕੇ 1947 ਤੱਕ ਚੱਲੀ। ਅੰਤ 1947 ਵਿੱਚ ਇਸ ਸਿਆਸੀ ਲੜਾਈ ‘ਚ ਸ਼ਾਹੂਕਾਰ ਲਾਲੇ ਜਿੱਤ ਗਏ ਅਤੇ ਕਿਸਾਨ ਮਜਦੂਰ ਹਾਰ ਗਏ।
ਭਗਤ ਸਿੰਘ ਸਪਸ਼ਟ ਤੌਰ ‘ਤੇ ਇਸ ਲੜਾਈ ‘ਚ ਲਾਲਿਆਂ ਅਤੇ ਸ਼ਾਹੂਕਾਰਾਂ ਵੱਲ ਭੁਗਤਿਆ। ਐਵੇਂ ਨਹੀੰ ਲਾਲਾ ਕੇਜਰੀਵਾਲ ਨੇ ਆਵਦੇ ਦਫਤਰ ‘ਚ ਭਗਤ ਸਿੰਘ ਦੀ ਫੋਟੋ ਲਵਾਈ।
ਜਿਥੋਂ ਤੱਕ ਸੰਤਾਲੀ ਤੋਂ ਪਹਿਲਾਂ ਸਿੱਖ ਸਿਆਸਤ ਦਾ ਸਵਾਲ ਸੀ ਤਾਂ ਭਾਵੇਂ ਅਰੂੜ ਸਿੰਘ ਸੀ ਜਾਂ ਕੋਈ ਹੋਰ। ਕੋਈ ਵੀ ਸਿੱਖ ਲੀਡਰ ਪੰਥ ਦਾ ਮਿਹਣਾ ਨਹੀਂ ਸੀ ਲੈਂਦਾ। ਅਕਾਲੀ ਸਿਆਸਤ ਕਾਂਗਰਸ ਦੇ ਨੇੜੇ ਸੀ ਅਤੇ ਉਸ ਸਮੇਂ ਪੰਜਾਬ ‘ਚ ਮੁਸਲਿਮ ਬਹੁਗਿਣਤੀ ਉਨਾਂ ਲਈ ਜਿਆਦਾ ਵੱਡੀ ਚੁਣੌਤੀ ਸੀ।
ਕੁਝ ਲੀਡਰਾਂ ਜਿਵੇਂ ਸੁੰਦਰ ਸਿੰਘ ਮਜੀਠੀਆਂ ਦੇ ਆਵਦੇ ਲਾਲਚ ਵੀ ਸਨ। ਪਰ ਫੇਰ ਵੀ ਉਨਾਂ ਦੀ ਸਿਆਸਤ ਕਦੇ ਸਿੱਖਾਂ ਖਿਲਾਫ ਨਹੀਂ ਸੀ। ਇਸ ਕਰਕੇ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੀ ਭੱਦੀ ਰਾਸ਼ਟਰਵਾਦੀ ਸਿਆਸਤ ਕਾਰਨ ਉਨਾਂ ਦੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਵੀ ਇਤਿਹਾਸ ਦੇ ਰਾਹਾਂ ‘ਤੇ ਉਨਾਂ ਹੀ ਭਟਕੇ ਹੋਏ ਨੇ ਜਿੰਨਾ ਮਾਨ ਨੂੰ ਮੰਦਾ ਬੋਲਣ ਆਲੇ।
ਇਤਿਹਾਸ ਨੂੰ ਇਤਿਹਾਸ ਵਾਂਗ ਪੜੋ। ਜੇ ਸਰਕਾਰੀ ਜਾਂ ਕਾਮਰੇਡੀ ਪ੍ਰੋਪੇਗੰਡੇ ਨੂੰ ਪੜੋਗੇ ਤਾਂ ਇਕ ਦਿਨ ਪਸ਼ੇਮਾਨ ਹੀ ਹੋਵੋਗੇ।
#ਮਹਿਕਮਾ_ਪੰਜਾਬੀ