‘ਲਾਲਾ ਲਾਜਪਤ ਰਾਏ ਦੀ ਚਿਤਾ ਦੀ ਰਾਖੀ’; ਭਗਤ ਪੂਰਨ ਸਿੰਘ ਜੀ ਦਾ ਅੱਖਾਂ ਖੋਲ੍ਹਣ ਵਾਲਾ ਇਤਿਹਾਸਕ ਦਸਤਾਵੇਜ਼

0
697

ਪਿੰਗਲਵਾੜਾ ਸੰਸਥਾ ਦੇ ਬਾਨੀ ਅਤੇ ਮਾਨਵਤਾ ਦੀ ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ : “ਮੇਰੇ ਜੀਵਨ ਦੀਆਂ ਬੇ-ਆਸਰੇ, ਅਪਾਹਜਾਂ, ਰੋਗੀਆਂ ਦੀ ਸੇਵਾ ਸੰਭਾਲ ਦੀਆਂ ਤੇ ਕੁਝ ਹੋਰ ਕਹਾਣੀਆਂ”। ਇਸ ਕਿਤਾਬ ਦੇ ਅਨੇਕਾਂ ਅਡੀਸ਼ਨ ਛਪ ਚੁੱਕੇ ਹਨ, ਪਰ ਇਸ ਵਿੱਚ ਇੱਕ ਅਜਿਹਾ ਇਤਿਹਾਸਕ ਬਿਰਤਾਂਤ ਅੰਕਿਤ ਹੈ, ਜੋ ਪੰਜਾਬੀ ਸਾਹਿਤ ਦੇ ਵਾਰਤਕ ਨੂੰ ਨਵਾਂ ਰੂਪ ਦੇਣ ਦੇ ਸਮਰੱਥ ਹੋਣ ਤੋਂ ਇਲਾਵਾ, ਇਤਿਹਾਸਿਕ ਭੁਲੇਖਿਆਂ ਅਤੇ ਗ਼ਲਤ ਪ੍ਰਸੰਗਾਂ ਨੂੰ ਰੱਦ ਕਰਦਾ ਹੋਇਆ, ਅੱਖਾਂ ਖੋਲ੍ਹਦਾ ਹੈ। ਆਓ ਆਰੰਭ ਵਿੱਚ, ਕਿਤਾਬ ਦੇ ਪੰਨਾ 59 ‘ਤੇ ਅੰਕਿਤ ਇਹ ਲੇਖ ਸਾਂਝਾ ਕਰਦੇ ਹਾਂ:

ਲਾਲਾ ਲਾਜਪਤ ਰਾਏ ਦੀ ਚਿਤਾ ਦੀ ਰਾਖੀ – ਲਾਲਾ ਲਾਜਪਤ ਰਾਏ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਇਕ ਸਿਰ ਕੱਢ ਆਗੂ ਹੋਏ ਸਨ। ਉਨ੍ਹਾਂ ਦੀ ਮੌਤ 17 ਨਵੰਬਰ ਵਾਲੇ ਦਿਨ ਹੋਈ ਸੀ । ਸਾਲ ਪਤਾ ਨਹੀਂ 1928 ਸੀ ਜਾਂ 1929 ਸੀ। ਮੈਨੂੰ ਲਾਲਾ ਜੀ ਦੀ ਮੌਤ ਦਾ ਪਤਾ ਸਵੇਰ ਦੇ ਅੱਠ ਕੁ ਵਜੇ ਲੱਗਿਆ ਸੀ। ਬੁੱਚੜ ਖ਼ਾਨਿਆਂ ਵਿੱਚ ਪਸ਼ੂਆਂ ‘ਤੇ ਹੋਣ ਵਾਲੇ ਕਹਿਰਾਂ ਦੇ ਕਾਰਣ ਉਨ੍ਹਾਂ ਦਿਨਾਂ ਵਿੱਚ ਮੈਂ ਚਮੜੇ ਦੀ ਜੁੱਤੀ ਪਹਿਨਣੀ ਛੱਡੀ ਹੋਈ ਸੀ , ਜਿਹੜੀ ਮੈਂ ਪੰਜਾਹ ਸਾਲ ਛੱਡੀ ਰੱਖੀ ਤੇ ਲੱਕੜ ਦੀਆਂ ਖੜ੍ਹਾਵਾਂ ਹੀ ਪਹਿਨਦਾ ਰਿਹਾ। ਮੈਂ ਕੁੜਤਾ ਪਜਾਮਾ ਪਹਿਨਣਾ ਛੱਡਿਆ ਹੋਇਆ ਸੀ। ਲੱਕ ਤੇ ਕਛਹਿਰਾ ਅਤੇ ਸਿਰ ਤੇ ਮੈਂ ਪਰਨਾ ਬੰਨ੍ਹਦਾ ਹੁੰਦਾ ਸੀ। ਇਕ ਖੇਸੀ ਸਰਦੀਆਂ ਦੀ ਰੁੱਤ ਵਿੱਚ ਮੇਰੇ ਉਤੇ ਹੁੰਦੀ ਸੀ।

ਲਾਲਾ ਜੀ ਦੀ ਮੌਤ ਦਾ ਪਤਾ ਲੱਗਦੇ ਸਾਰ ਹੀ ਮੈਂ ਉਨ੍ਹਾਂ ਦੀ ਕੋਠੀ ਵੱਲ ਨੂੰ ਤੁਰ ਪਿਆ ਸਾਂ। ਮੈਂ ਇਹ ਨਾ ਸੋਚਿਆ ਕਿ ਲਾਸ਼ ਤਾਂ ਤਿੰਨ ਚਾਰ ਵਜੇ ਤੋਂ ਪਹਿਲਾਂ ਸਾੜਨ ਵਾਸਤੇ ਨਹੀਂ ਲਿਜਾਈ ਜਾਵੇਗੀ। ਕਿਉਂਕਿ ਬਹੁਤ ਲੋਕਾਂ ਨੇ ਨੜੋਏ ਦੇ ਨਾਲ ਤੁਰਨਾ ਹੋਵੇਗਾ। ਜਿਹੜੇ ਹੋਰਨਾਂ ਸ਼ਹਿਰਾਂ ਤੋਂ ਵੀ ਆਉਣੇ ਸਨ।

ਅਰਥੀ ਦਾ ਜਲੂਸ ਦਿਨ ਦੇ ਚਾਰ ਕੁ ਵਜੇ ਲਾਲਾ ਜੀ ਦੀ ਕੋਠੀ ਲੋਕ ਸੇਵਕ ਮੰਡਲ Servent of the People Society ਤੋਂ ਚੱਲਿਆ ਅਤੇ ਯੂਨੀਵਰਸਿਟੀ ਦੇ ਸਾਹਮਣੇ ਦੀ ਸੜਕ ਤੋਂ ਲੰਘਦਾ ਹੋਇਆ ਅਨਾਰਕਲੀ ਬਾਜ਼ਾਰ ਵਿੱਚ ਵੜਿਆ। ਉਥੋਂ ਰਾਵੀ ਰੋਡ ਤੇ ਰਾਤ ਦਾ ਹਨੇਰਾ ਪੈਣ ਦੇ ਵੇਲੇ ਰਾਵੀ ਦਰਿਆ ਤੇ ਪੁੱਜਿਆ। ਮੇਰੇ ਪਾਸ ਪੈਸੇ ਤਾਂ ਉਨ੍ਹਾਂ ਦਿਨਾਂ ਵਿੱਚ ਨਹੀਂ ਹੁੰਦੇ ਹਨ, ਕਿਉਂਕਿ ਮੈਂ ਬਿਨਾਂ ਤਨਖ਼ਾਹ ਤੋਂ ਸੇਵਾ ਕਰਦਾ ਹੁੰਦਾ ਸਾਂ। ਇਸ ਲਈ ਉਸ ਦਿਨ ਮੈਂ ਰਾਤ ਤੱਕ ਸਾਰਾ ਦਿਨ ਭੁੱਖਾ ਰਿਹਾ।

ਰਸਤੇ ਵਿੱਚ ਇਕ ਗੋਰੇ ਜਿਹੇ ਮੁਸਲਮਾਨ ਨੂੰ ਲੋਕਾਂ ਨੇ ਕੁੱਟਿਆ। ਉਸ ਨੂੰ ਲੋਕੀ ਅੰਗਰੇਜ਼ ਕਰਨਲ ਲਾਰੈਂਸ ਸਮਝਦੇ ਸਨ ਕਿ ਉਸ ਨੇ ਅੰਗਰੇਜ਼ ਹੁੰਦਿਆਂ ਹੋਇਆ ਮੁਸਲਮਾਨਾਂ ਵਾਲੇ ਕੱਪੜੇ ਪਾ ਕੇ ਭਾਰਤ ਵਿੱਚ ਸਥਾਨਕ ਮੁਸਲਮਾਨ ਬਣ ਕੇ ਰਹਿਣ ਦਾ ਪਾਖੰਡ ਰਚਿਆ ਹੋਇਆ ਹੈ। ਬਹੁਤ ਵੱਡੀ ਗਿਣਤੀ ਵਿੱਚ ਲੋਕੀ ਨੜੋਏ ਦੇ ਨਾਲ ਗਏ ਸਨ।

ਜਦ ਲਾਲਾ ਜੀ ਦੀ ਚਿਤਾ ਨੂੰ ਅੱਗ ਲਾ ਦਿੱਤੀ ਗਈ ਤਾਂ ਡਾਕਟਰ ਗੋਪੀ ਚੰਦ ਭਾਰਗਵ, ਖੱਦਰ ਭੰਡਾਰ ਪਰੀ ਮਹਿਲ ਦਾ ਮੈਨੇਜਰ ਪੰਡਿਤ ਰਾਮ ਲਾਲ , ਛੋਟਾ ਮੈਨੇਜਰ ਸਰਦਾਰ ਜਸਵੰਤ ਸਿੰਘ ਤੇ ਡਾਕਟਰ ਸਾਹਿਬ ਦੇ ਚਾਚੇ ਦਾ ਪੁੱਤਰ ਮਨੋਹਰ ਲਾਲ ਚਾਰ ਜਣੇ ਖੜ੍ਹੇ ਗੱਲਾਂ ਕਰ ਰਹੇ ਸਨ। ਮੈਂ ਉਨ੍ਹਾਂ ਪਾਸ ਚਲਿਆ ਗਿਆ। ਉਹ ਸਾਰੇ ਜਣੇ ਮੈਨੂੰ ਜਾਣਦੇ ਸਨ ਕਿਉਂਕਿ ਮੈਂ ਖੱਦਰ ਭੰਡਾਰ ਤੋਂ ਖੱਦਰ ਖ਼ਰੀਦਦਾ ਹੁੰਦਾ ਸਾਂ ਤੇ ਖੱਦਰ ਦਾ ਪ੍ਰਚਾਰ ਕਰਨ ਵਾਲਾ ਵੀ ਸਾਂ। ਡਾਕਟਰ ਸਾਹਿਬ ਨਾਲ ਵੀ ਮੇਰੀ ਚੰਗੀ ਸਤਿਕਾਰ ਭਰੀ ਜਾਣ ਪਛਾਣ ਸੀ।

ਉਹ ਆਪਸ ਵਿੱਚ ਇਹ ਗੱਲ ਕਰ ਰਹੇ ਸਨ ਕਿ ਰਾਤ ਨੂੰ ਚਿਤਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ। ਇਹ ਫ਼ਿਕਰ ਉਨ੍ਹਾਂ ਨੂੰ ਇਸ ਲਈ ਪੈਦਾ ਹੋਇਆ ਕਿਉਂਕਿ ਸੰਨ 1927 ਵਿੱਚ ਸਖ਼ਤ ਹਿੰਦੂ ਮੁਸਲਿਮ ਫਸਾਦ ਹੋ ਚੁੱਕੇ ਸਨ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਕਿਹਾ, ਡਾਕਟਰ ਸਾਹਿਬ ਰਾਤ ਨੂੰ ਮੈਂ ਚਿਤਾ ਦੇ ਲਾਗੇ ਸੌਂ ਜਾਵਾਂਗਾ। ਡਾਕਟਰ ਸਾਹਿਬ ਨੇ ਦਰਿਆ ਦੇ ਲਾਗੇ ਦੇ ਕਿਸੇ ਮਕਾਨ ਵਿਚੋਂ ਮੇਰੇ ਲਈ ਇਕ ਛੋਟੀ ਜਿਹੀ ਮੰਜੀ ਮੰਗਵਾ ਲਈ ਜਿਸ ਉਤੇ ਮਸਾਂ ਦਸਾਂ ਸਾਲਾਂ ਦਾ ਮੁੰਡਾ ਸੌਂ ਸਕਦਾ ਸੀ। ਮੰਜੀ ਦੇ ਵਾਣ ਦੀ ਬੁਣਤਰ ਵਿਚੋਂ ਡੂੰਘ ਸੀ। ਮੈਂ ਮੰਜੀ ਤੇ ਲੇਟ ਗਿਆ। ਮੈਂ ਸਾਰੇ ਦਿਨ ਦਾ ਭੁੱਖਾ ਸਾਂ। ਜੇ ਮੇਰੇ ਪਾਸ ਪੈਸੇ ਹੁੰਦੇ ਤਾਂ ਮੈਂ ਰਾਵੀ ਦਰਿਆ ‘ਤੇ ਹਨ੍ਹੇਰਾ ਹੋਏ ‘ਤੇ ਪੁੱਜਣ ਦੇ ਸਮੇਂ ਤੋਂ ਬਹੁਤ ਸਮਾਂ ਪਹਿਲਾਂ ਰੋਟੀ ਕਿਸੇ ਤੰਦੂਰ ਤੋਂ ਮੁੱਲ ਲੈ ਕੇ ਖਾ ਸਕਦਾ ਸਾਂ ਜਾਂ ਕੋਈ ਹੋਰ ਵਸਤੂ ਮੂੰਗਫਲੀ ਜਾਂ ਛੋਲੇ ਚਬਾ ਕੇ ਆਪਣੀ ਭੁੱਖ ਮਿਟਾ ਲੈਂਦਾ ।

ਰਾਤ ਦੇ ਦਸ ਕੁ ਵਜੇ ਡਾਕਟਰ ਸਾਹਿਬ ਦਾ ਭਰਾ ਮਨੋਹਰ ਲਾਲ ਤੇ ਉਹਨਾਂ ਦਾ ਸੈਕਰੇਟਰੀ ਯਸ਼ਪਾਲ ਦੋਵੇਂ ਜਣੇ ਆਏ। ਮੈਂ ਆਪਣੇ ਲਈ ਪ੍ਰਸ਼ਾਦਾ ਤੇ ਪਾਲੇ ਤੋਂ ਬਚਣ ਲਈ ਕੰਬਲ ਜਾਂ ਰਜਾਈ ਦੀ ਉਡੀਕ ਕਰਨੀ ਸੀ ਪਰ ਰਾਤ ਨੂੰ ਜਿਹੜੇ ਦੋ ਬੰਦੇ ਮੇਰੇ ਪਾਸ ਆਏ ਉਹ ਰਜਾਈ ਤਲਾਈ ਕੰਬਲ ਜਾਂ ਖੇਸੀ ਕੋਈ ਕੱਪੜਾ ਵੀ ਨਾ ਲੈ ਕੇ ਆਏ। ਰੋਟੀ ਵੱਲੋਂ ਵੀ ਡਾਕਟਰ ਸਾਹਿਬ ਨੂੰ ਕੀ ਪਤਾ ਸੀ ਕਿ ਮੇਰੇ ਵਰਗੇ ਸੇਵਾ ਲਈ ਜੀਵਨ ਅਰਪਣ ਕਰਕੇ ਪੈਸਾ ਨਾ ਕਮਾਉਣ ਵਾਲੇ ਬੰਦੇ ਨੂੰ ਸਾਰਾ ਦਿਨ ਵੀ ਭੁੱਖਾ ਰਹਿਣਾ ਪਿਆ ਕਰਦਾ ਹੈ। ਉਹ ਦੋਵੇਂ ਜਣੇ ਮੈਨੂੰ ਗਲ਼ੋਂ ਲਾਹੁਣ ਲਈ ਕਿਸੇ ਹਲਵਾਈ ਦੀ ਹੱਟੀ ਤੋਂ ਦੋ ਕੁ ਪੂੜੀਆਂ ਲੈ ਕੇ ਆਏ ਜਿਹੜੀਆਂ ਤੋਲਾ ਤੋਲਾ ਭਰ ਦੀਆਂ ਹੋਣਗੀਆਂ। ਸਾਰਾ ਦਿਨ ਦੇ ਭੁੱਖੇ ਨੇ ਮੈਂ ਉਹ ਦੋ ਪੂੜੀਆਂ ਖਾਧੀਆਂ ਪਰ ਮੈਂ ਡਰਦਿਆਂ ਦਰਿਆਂ ਦਾ ਪਾਣੀ ਇਸ ਖ਼ਿਆਲ ਨਾਲ ਪੀਤਾ ਕਿ ਦਰਿਆਂ ਦਾ ਪਾਣੀ ਸ਼ਾਇਦ ਖ਼ਰਾਬ ਹੁੰਦਾ ਹੋਵੇ।

ਰਾਤ ਦੇ ਤਿੰਨ ਕੁ ਵਜੇ ਮੈਨੂੰ ਦਰਿਆ ਦੀ ਬਰੇਤੀ ਵਿੱਚ ਪਏ ਨੂੰ ਇਤਨੀ ਸਰਦੀ ਚੜ੍ਹ ਗਈ ਕਿ ਮੈਂ ਹੱਥ ਹਿਲਾਉਣ ਜੋਗਾ ਨਾ ਰਿਹਾ। ਮੈਂ ਮਨੋਹਰ ਲਾਲ ਤੇ ਯਸ਼ਪਾਲ ਦੋਹਾਂ ਨੂੰ ਆਵਾਜ਼ ਮਾਰ ਕੇ ਜਗਾਇਆ ਤੇ ਕਿਹਾ ਕਿ ਮੈਨੂੰ ਤਾਂ ਸਰਦੀ ਚੜ੍ਹ ਗਈ ਹੈ। ਯਸ਼ਪਾਲ ਨੇ ਕਿਹਾ ਕਿ ਲਾਲਾ ਜੀ ਨੂੰ ਕਹਿ ਦੇ ਕਿ ਲਾਲਾ ਜੀ ਮੈਂ ਵੀ ਤੁਹਾਡੇ ਨਾਲ ਹੀ ਆ ਰਿਹਾ ਹਾਂ। ਲਾਲਾ ਜੀ ਦੀ ਚਿਤਾ ਵਿਚੋਂ ਪੇਸ਼ਾਬ ਦੀ ਪੂਰੀ ਧਾਰ ਨਿਕਲੀ ਸੀ। ਯਸ਼ਪਾਲ ਨੇ ਮੈਨੂੰ ਆਪਣੇ ਉਤੋਂ ਗਰਮ ਕੱਪੜੇ ਦਾ ਓਵਰ ਕੋਟ ਲਾਹ ਕੇ ਦਿੱਤਾ ਪਰ ਉਸ ਕੋਟ ਨਾਲ ਮੇਰਾ ਕੀ ਸੰਵਰਨਾ ਸੀ? ਤਿੰਨ ਕੁ ਵਜੇ ਚਿਤਾ ਦਾ ਸਵਾ ਗਜ ਦੇ ਕਰੀਬ ਹਿੱਸਾ ਸੁਆਹ ਬਣ ਚੁੱਕਿਆ ਸੀ। ਗਰਮ ਸੁਆਹ ਦੇ ਉਸ ਹਿੱਸੇ ‘ਤੇ ਮੈਂ ਆਪਣੀ ਮੰਜੀ ਡਾਹ ਲਈ ਤੇ ਇਸ ਤਰ੍ਹਾਂ ਮੇਰੀ ਜਾਨ ਬਚੀ ਤੇ ਮੈਂ ਸੌਂ ਵੀ ਗਿਆ।

ਅਗਲੀ ਸਵੇਰ ਦਿਨ ਦੇ ਸਾਢੇ ਨੌਂ ਵਜੇ ਲਾਲਾ ਲਾਜਪਤ ਰਾਏ ਦਾ ਭਰਾ ਲਾਲਾ ਗਣਪਤ ਰਾਏ ਤੇ ਉਸ ਦਾ ਪੁੱਤਰ ਦੋਵੇ ਜਣੇ ਆਏ ਤਾਂ ਮੈਂ ਉਸ ਥਾਂ ਤੋਂ ਤੁਰਿਆ। ਉਸ ਵੇਲੇ ਤੱਕ ਮੈਨੂੰ ਰੋਟੀ ਖਾਧੀ ਨੂੰ 36 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ। ਅਗਲੀ ਸਵੇਰ ਮੈਨੂੰ ਲਾਲਾ ਜੀ ਦੇ ਭਰਾਵਾਂ ਨੂੰ ਉਡੀਕਣ ਦੀ ਕੋਈ ਲੋੜ ਨਹੀਂ ਸੀ। ਮੈਂ ਉਜਾਲਾ ਹੋਣ ਦੇ ਵੇਲੇ ਲਾਲਾ ਜੀ ਦੀ ਚਿਤਾ ਨੂੰ ਛੱਡ ਕੇ ਜਾ ਸਕਦਾ ਸਾਂ ਪਰ ਭੁੱਖਾ ਪਿਆਸਾ ਹੁੰਦਾ ਹੋਇਆ ਵੀ ਮੈਂ ਲਾਲਾ ਜੀ ਦੇ ਪਰਿਵਾਰ ਦੇ ਬੰਦਿਆਂ ਦੇ ਆਉਣ ਤੋਂ ਪਹਿਲਾਂ ਦਰਿਆ ਤੋਂ ਨਾ ਤੁਰਿਆ।”

ਸਾਧਾਰਨ ਪੱਧਰ ‘ਤੇ ਵੇਖਣ ਨੂੰ ਇਹ ਵਾਰਤਕ ਦਾ ਇਕ ਛੋਟਾ ਜਿਹਾ ਨਮੂਨਾ ਲੱਗਦਾ ਹੈ, ਪਰ ਜਿੰਨ੍ਹੇ ਵਿਸ਼ੇ ਅਤੇ ਸਵਾਲ ਇਸ ਵਿੱਚ ਸਮੋਏ ਹੋਏ ਹਨ, ਉਹ ਵੱਡੀਆਂ ਕਿਤਾਬਾਂ ਨੂੰ ਵੀ ਮਾਤ ਪਾਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਪੰਜਾਬੀ ਵਾਰਤਕ ਦੇ ਨਮੂਨੇ ਵਜੋਂ, ਇਸ ਨੂੰ ਕਾਲਜਾਂ- ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਵੇ, ਪਰ ਕਿਉਂਕਿ ਇਹ ਬਹੁਤ ਸਾਰੇ ਝੂਠੇ ਪ੍ਰਸੰਗਾਂ ਨੂੰ ਰੱਦ ਕਰਦਾ ਹੈ, ਸ਼ਾਇਦ ਇਸੇ ਕਾਰਨ ਇਸਦਾ ਜ਼ਿਕਰ ਹੁਣ ਤੱਕ ਨਹੀਂ ਹੋਇਆ। 17 ਨਵੰਬਰ 1928 ਦੇ ਇਤਿਹਾਸਕ ਦਿਨ ਮੌਕੇ ਲਾਲਾ ਲਾਜਪਤ ਰਾਏ ਦੇ ਸਸਕਾਰ ਅਤੇ ਹੋਰ ਘਟਨਾਵਾਂ ਨੂੰ ਅੱਖੀਂ ਡਿੱਠੇ ਹਾਲ ਵਜੋਂ ਬਿਆਨ ਕਰਨ ਵਾਲਾ ਇਹ ਲੇਖ ਡੂੰਘੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਕੁਝ ਨੁਕਤੇ ਅਤੇ ਵੱਖ-ਵੱਖ ਪਹਿਲੂ ਸਾਂਝੇ ਕਰ ਰਹੇ ਹਾਂ।

1) ਲਾਲਾ ਲਾਜਪਤ ਰਾਏ ਦੀ ਮੌਤ ਉਸ ਦੇ ਲਾਹੌਰ ਸਥਿਤ ਘਰ ਵਿਚ ਹੋਈ, ਨਾ ਕਿ ਕਿਸੇ ਹਸਪਤਾਲ ਵਿੱਚ। ਭਗਤ ਪੂਰਨ ਸਿੰਘ ਜੀ ਮੌਤ ਦੀ ਖ਼ਬਰ ਮਿਲਦਿਆਂ ਲਾਲਾ ਜੀ ਦੇ ਘਰ ਵੱਲ ਨੂੰ ਸਵੇਰੇ ਚੱਲ ਪਏ।ਇਹ ਵੀ ਇਤਿਹਾਸਕ ਤੱਥ ਹੈ ਕਿ ਸਾਈਮਨ ਕਮਿਸ਼ਨ ਦਾ 30 ਅਕਤੂਬਰ 1928 ਨੂੰ ਵਿਰੋਧ ਹੋਇਆ ਤੇ ਲਾਜਪਤ ਰਾਏ ਦੀ ਮੌਤ 17 ਨਵੰਬਰ1928 ਨੂੰ ਹੋਈ।

2) ਲਾਲਾ ਲਾਜਪਤ ਰਾਏ ਦੀ ਅਰਥੀ ਸਸਕਾਰ ਲਈ ਲਿਜਾਂਦੇ ਹੋਏ “ਰਸਤੇ ਵਿਚ ਇਕ ਗੋਰੇ ਜਿਹੇ ਮੁਸਲਮਾਨ ਨੂੰ ਲੋਕਾਂ ਨੇ ਕੁੱਟਿਆ।”ਇਹ ਇਤਿਹਾਸਕ ਤੱਥ ਬਿਆਨ ਕਰਦਾ ਵਾਕ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਲਾਲਾ ਜੀ ਹਿੰਦੂ ਮਹਾਂ ਸਭਾ ਦੇ ਆਗੂ ਸਨ ਅਤੇ ਉਨ੍ਹਾਂ ਦੀ ਅਰਥੀ ਨਾਲ ਹਿੰਦੂ ਲੋਕ ਹੀ ਜਾ ਰਹੇ ਸਨ। ‘ਅਰਥੀ ਲਿਜਾਂਦੇ ਸਮੇਂ’ ਹਜੂਮ ਵੱਲੋਂ ਮੁਸਲਿਮ ਨੌਜਵਾਨ ਨੂੰ ਅੰਗਰੇਜ਼ ਸਮਝ ਕੇ ਕੁੱਟਣਾ ਮਜ਼੍ਹਬੀ ਨਫਰਤ ਦਾ ਇਕ ਘਿਨਾਉਣਾ ਵਰਤਾਰਾ ਹੈ।

3) ਲਾਲਾ ਜੀ ਦੀ ਚਿਤਾ ਨੂੰ ਅੱਗ ਲਾਉਣ ਤੋਂ ਮਗਰੋਂ ਉੱਥੇ ਮੌਜੂਦ ਆਗੂ “ਆਪਸ ਵਿੱਚ ਵਿਚਾਰ ਇਹ ਗੱਲ ਕਰ ਰਹੇ ਸਨ ਕਿ ਰਾਤ ਨੂੰ ਚਿਤਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ। ਇਹ ਫ਼ਿਕਰ ਉਨ੍ਹਾਂ ਨੂੰ ਇਸ ਲਈ ਪੈਦਾ ਹੋਇਆ ਕਿਉਂਕਿ ਸੰਨ 1927 ਵਿੱਚ ਸਖ਼ਤ ਹਿੰਦੂ ਮੁਸਲਿਮ ਫਸਾਦ ਹੋ ਚੁੱਕੇ ਸਨ।” ਇਸ ਬਿਰਤਾਂਤ ਤੋਂ ਸਪੱਸ਼ਟ ਹੈ ਕਿ ਲਾਲਾ ਜੀ ਕੱਟੜ ਹਿੰਦੂ ਆਗੂ ਹੋਣ ਨਾਤੇ ਮੁਸਲਿਮ ਵਿਰੋਧੀ ਸੋਚ ਲਈ, ਫਿਰਕੂ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਸਨ। ਇਸੇ ਕਾਰਨ ਹੀ ਮੌਜੂਦ ਆਗੂਆਂ ਨੂੰ ਖਤਰਾ ਸੀ ਕਿ ਲਾਲਾ ਲਾਜਪਤ ਰਾਏ ਦੀ ਚਿਤਾ ਨੂੰ ਕਿਧਰੇ ਮੁਸਲਿਮ ਨੁਕਸਾਨ ਨਾ ਪਹੁੰਚਾਉਣ।

4)”ਰਾਤ ਨੂੰ ਚਿਤਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ”। ਛੋਟਾ ਜਿਹਾ ਵਾਕ ਵੱਡੇ ਸਵਾਲ ਖੜ੍ਹੇ ਕਰਦਾ ਹੈ ਕਿ ਜੇ ਲਾਲਾ ਜੀ ਪੰਜਾਬ ਦੇ ਜਾਂ ਦੇਸ਼ ਦੇ ਵੱਡੇ ਆਗੂ ਸਨ, ਜਿਵੇਂ ਕਿ ਉਨ੍ਹਾਂ ਨੂੰ ‘ਪੰਜਾਬ ਕੇਸਰੀ’ ਕਿਹਾ ਜਾਂਦਾ ਹੈ, ਤਾਂ ਫਿਰ ਚਿਤਾ ਦੀ ਰਾਖੀ ਲਈ ਕੋਈ ਬੰਦਾ ਲੱਭਣ ਲਈ ਸਮੱਸਿਆ ਕਿਉਂ ਆ ਰਹੀ ਸੀ? ਜ਼ਾਹਰ ਹੈ ਕਿ ਲਾਲਾ ਜੀ ਦੇ ਨੜੋਏ ਨਾਲ ਜਾਣ ਵਾਲੇ ਬਹੁਤੇ ਡਰਾਕਲ ਕਿਸਮ ਦੇ ਜਾਂ ਭਾਂਜਵਾਦੀ ਸਨ, ਨਾ ਕਿ ਡਟ ਕੇ ਖਡ਼੍ਹਨ ਵਾਲੇ। ਲਾਲਾ ਜੀ ਦੇ ਨਾਂ ‘ਤੇ ਵੱਡੀਆਂ- ਵੱਡੀਆਂ ਡੀਂਗਾਂ ਮਾਰਨ ਵਾਲੇ ਇਸ ਸੱਚਾਈ ਨੂੰ ਜਾਣਨ ਤੋਂ ਬਾਅਦ ਕੀ ਕਹਿਣਗੇ ਕਿ ਉਨ੍ਹਾਂ ਦੇ ਆਗੂ ਦੇ ਸਿਵੇ ਦੀ ਰਾਖੀ ਕਰਨ ਲਈ ਕੋਈ ਇੱਕ ਵੀ ਬੰਦਾ ਨਹੀਂ ਸੀ ਥਿਆਉਂਦਾ। ਜੇਕਰ ਇਹ ਹੱਡਬੀਤੀ ਭਗਤ ਪੂਰਨ ਸਿੰਘ ਬਿਆਨ ਨਾ ਕਰਦੇ, ਤਾਂ ਇਸ ਸੱਚਾਈ ਕਦੇ ਜੱਗ ਜ਼ਾਹਰ ਨਹੀਂ ਸੀ ਹੋਣੀ।

5) “ਚਿਤਾ ਦੀ ਰਾਖੀ ਦਾ ਫਿਕਰ” ਜਤਾਉਣ ਵਾਲਿਆਂ ਵਿੱਚ ਮੋਹਰੀ ਆਗੂ ਸੀ ਡਾ ਗੋਪੀਚੰਦ ਭਾਰਗਵ। ਇਹ ਉਹੀ ਸ਼ਖ਼ਸ ਸੀ, ਜੋ ਬਾਅਦ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਤੇ ਜਿਸਨੇ ਮਰਦਮ-ਸ਼ੁਮਾਰੀ ਮੌਕੇ ਪੰਜਾਬੀ ਵਿਰੋਧੀ ਭੂਮਿਕਾ ਅਦਾ ਕੀਤੀ। ਇਸ ਦੀ ਸੋਚ ਕਿਸ ਤਰੀਕੇ ਨਾਲ ਸਿੱਖ ਵਿਰੋਧੀ ਰਹੀ, ਇਸ ਦੀਆਂ ਅਨੇਕਾਂ ਮਿਸਾਲਾਂ ਹਨ ਪਰ ਲਾਲਾ ਲਾਜਪਤ ਰਾਏ ਦੀ ਦੀ ਰਾਖੀ ਲਈ ਕੋਈ ਮਹਾਸ਼ਾ- ਸੰਘੀ ਨਾ ਬਹੁੜਿਆ, ਬਲਕਿ ਅਜਿਹੀ ਮੌਕੇ ਵੀ ਹੌਂਸਲਾ ਇਕ ਸਿੱਖ ਨੇ ਦਿਖਾਇਆ ਤੇ ਉਹ ਸੀ ਭਗਤ ਪੂਰਨ ਸਿੰਘ।

6) ਲਾਲਾ ਜੀ ਦੇ “ਸਿਵੇ ਦੀ ਰਾਖੀ” ਲਈ ਖ਼ੁਦ ਨੂੰ ਪੇਸ਼ ਕਰਦੇ ਹੋਏ ਭਗਤ ਜੀ ਲਿਖਦੇ ਹਨ, “ਮੈਂ ਕਿਹਾ, ਡਾਕਟਰ ਸਾਹਿਬ ਰਾਤ ਨੂੰ ਮੈਂ ਚਿਤਾ ਦੇ ਲਾਗੇ ਸੌਂ ਜਾਵਾਂਗਾ।” ਦਿਲਚਸਪ ਗੱਲ ਇਹ ਹੈ ਕਿ ਜਿਸ ਲਾਲਾ ਜੀ ਨੇ ਕੈਨੇਡਾ ਦੇ ਗ਼ਦਰੀ ਯੋਧੇ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦਾ ਇਸ ਕਰਕੇ ਵਿਰੋਧ ਕੀਤਾ ਕਿ ਉਹ ਸਿੱਖ ਆਗੂ ਹਨ ਨਾ ਕਿ ਸਾਰਿਆਂ ਦੇ ਸਾਂਝੇ ਅਤੇ ਗ਼ਦਰੀਆਂ ਦੇ ਫੰਡਾਂ ਦੀ ਦੁਰਵਰਤੋਂ ਵੀ ਕੀਤੀ, ਜਿਸ ਬਾਰੇ ਗ਼ਦਰੀ ਬਾਬੇ ਸੋਹਣ ਸਿੰਘ ਭਕਨਾ ਜੀ ਅਤੇ ਕਈ ਹੋਰ ਅਨੇਕਾਂ ਮਿਸਾਲਾਂ ਦੇ ਕੇ ਲਿਖਦੇ ਹਨ, ਉਸੇ ਲਾਲਾ ਜੀ ਦੀ ਚਿਤਾ ਦੀ ਰਾਖੀ ਇਕ ਸਿੱਖ ਨੇ ਕੀਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਖ਼ੁਦ ਡਾਕਟਰ ਗੋਪੀ ਚੰਦ ਭਾਰਗਵ ਜਾਂ ਲਾਲਾ ਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਚਿਤਾ ਕੋਲ ਸੌਣ ਦਾ ਭੈਅ ਖਾਂਦਾ ਸੀ, ਪਰ ਸਿੱਖ ਨਿਡਰ ਹੋ ਕੇ ਸੌਂਣ ਲਈ ਤਿਆਰ ਹੋ ਗਿਆ। ਇੱਥੋਂ ਹੀ ਗੁਰੂ ਸਿਧਾਂਤ ‘ਨਾ ਭੈ ਦੇਣਾ ਅਤੇ ਨਾ ਭੈ ਸਹਿਣਾ’ ਰੂਪਮਾਨ ਹੁੰਦਾ ਹੈ।

7) ਸਿਵੇ ਦੀ ਰਾਖੀ ਲਈ ਨਿਸ਼ਕਾਮ ਸੇਵਾ ਦੇਣ ਵਾਲੇ ਨੌਜਵਾਨ ਭਗਤ ਪੂਰਨ ਸਿੰਘ ਦੇ ਇਹ ਸ਼ਬਦ ਹਿਰਦਾ ਵਲੂੰਧਰਨ ਵਾਲੇ ਹਨ, “ਡਾਕਟਰ ਸਾਹਿਬ (ਮਹਾਸ਼ਾ ਆਗੂ ਡਾ ਗੋਪੀਚੰਦ ਭਾਰਗਵ ਸਾਬਕਾ ਮੁੱਖ ਮੰਤਰੀ ਪੰਜਾਬ) ਨੇ ਦਰਿਆ ਦੇ ਲਾਗੇ ਦੇ ਕਿਸੇ ਮਕਾਨ ਵਿੱਚੋਂ ਮੇਰੇ ਲਈ ਇਕ “ਛੋਟੀ ਜਿਹੀ ਮੰਜੀ” ਮੰਗਵਾ ਲਈ, ਜਿਸ ਉੱਤੇ ਮਸਾਂ ਦਸਾਂ ਸਾਲਾਂ ਦਾ ਮੁੰਡਾ ਸੌਂ ਸਕਦਾ ਸੀ। ਮੰਜੀ ਦੇ ਵਾਣ ਦੀ ਬੁਣਤਰ ਵਿੱਚੋਂ ਡੂੰਘ ਸੀ।” ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਵੱਡੇ ਨੇਤਾ ਅਖਵਾਉਣ ਵਾਲੇ ਲੋਕ ਕਿੰਨੀ ਨੀਵੀਂ ਸੋਚ ਦੇ ਮਾਲਕ ਹੋ ਸਕਦੇ ਹਨ। ਸਿਵੇ ਦੀ ਰਾਖੀ ਕਰਨ ਵਾਲੇ ਵਿਅਕਤੀ ਪ੍ਰਤੀ ਅਜਿਹੀ ਨਕਾਰਾਤਮਕ ਭਾਵਨਾ ਸ਼ਰਮਨਾਕ ਹੈ।

8) ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ, ਗਿਰੀ ਹੋਈ ਸੋਚ ਦਾ ਇੱਕ ਹੋਰ ਪੱਖ ਇਹ ਵੀ ਹੈ ਜਿਸ ਨੂੰ ਭਗਤ ਪੂਰਨ ਸਿੰਘ ਬਿਆਨ ਕਰਦੇ ਹਨ, “ਮੈਂ ਆਪਣੇ ਲਈ ਪ੍ਰਸ਼ਾਦਾ ਤੇ ਪਾਲੇ ਤੋਂ ਬਚਣ ਲਈ ਕੰਬਲ ਜਾਂ ਰਜਾਈ ਦੀ ਉਡੀਕ ਕਰਨੀ ਸੀ, ਪਰ ਰਾਤ ਨੂੰ ਜਿਹੜੇ ਦੋ ਬੰਦੇ ਮੇਰੇ ਪਾਸ ਆਏ, ਉਹ ਰਜਾਈ ਤਲਾਈ ਕੰਬਲ ਜਾਂ ਖੇਸੀ, ਕੋਈ ਕੱਪੜਾ ਵੀ ਨਾ ਲੈ ਕੇ ਆਏ।” ਇਸ ਤੋਂ ਵੱਡੀ ਕੋਹਝੀ ਸੋਚ ਕੀ ਹੋ ਸਕਦੀ ਹੈ ਕਿ ਜਿਨ੍ਹਾਂ ਦੇ ਪਿਓ ਦੇ ਸਿਵੇ ਦੀ ਰਾਖੀ, ਕੋਈ ਨਿਸ਼ਕਾਮ ਸੇਵਾਦਾਰ ਕਰ ਰਿਹਾ ਹੋਵੇ, ਉਸਦੇ ਲਈ ਸਿਆਲ ਦੀ ਰਾਤ ਨੂੰ ਦੋ ਲੀੜੇ ਤਕ ਵੀ ਨਾ ਲਿਆਉਣੇ। ਇਹ ਅਸਲੀਅਤ ਜੱਗ ਜ਼ਾਹਰ ਭਗਤ ਪੂਰਨ ਸਿੰਘ ਜੀ ਦੇ ਕਾਰਨ ਹੀ ਹੋ ਸਕੀ ਹੈ, ਨਹੀਂ ਤਾਂ ਕਦੇ ਵੀ ਨਾ ਹੁੰਦੀ।

9) ਪੰਜਾਬੀ ਵਿਰੋਧੀ ਮੁੱਖ ਮੰਤਰੀ ਡਾ ਗੋਪੀਚੰਦ ਭਾਰਗਵ ਦੀ ਇਕ ਹੋਰ ਅਸਲੀਅਤ ਨੂੰ ਬਿਆਨ ਕਰਦੇ ਭਗਤ ਜੀ ਲਿਖਦੇ ਹਨ, “ਰੋਟੀ ਵੱਲੋਂ ‘ਡਾਕਟਰ ਸਾਹਿਬ ਨੂੰ ਕੀ ਪਤਾ ਸੀ’ ਕਿ ਮੇਰੇ ਜੈਸੇ ਸੇਵਾ ਲਈ ਜੀਵਨ ਅਰਪਣ ਕਰਕੇ ਪੈਸਾ ਨਾ ਕਮਾਉਣ ਵਾਲੇ ਬੰਦੇ ਨੂੰ, ਸਾਰਾ ਦਿਨ ਵੀ ਭੁੱਖਾ ਰਹਿਣਾ ਪਿਆ ਕਰਦਾ ਹੈ।” ਦੁਖਾਂਤ ਇਸ ਗੱਲ ਦਾ ਹੈ ਕਿ ਗੋਪੀਚੰਦ ਭਾਰਗਵ ਨੇ ਪੰਜਾਬ ਨੂੰ ਹਰ ਪੱਧਰ ਤਕ ਲੁੱਟਿਆ ਅਤੇ ਪੰਜਾਬੀ ਬੋਲੀ ਨਾਲ ਧ੍ਰੋਹ ਕਮਾਇਆ, ਪਰ ਜਿਸ ਸੇਵਾਦਾਰ, ਭਗਤ ਪੂਰਨ ਸਿੰਘ ਨੇ ਸੇਵਾ ਲਈ ਜੀਵਨ ਅਰਪਣ ਕੀਤਾ ਤੇ ਕੋਈ ਧਨ ਨਾ ਕਮਾਇਆ, ਇਹ ਖੁਦਗਰਜ਼ ਅਤੇ ਮੌਕਾਪ੍ਰਸਤ ਲੋਕ ਉਸ ਨੂੰ ਭੋਜਨ ਵੀ ਨਾ ਦੇ ਸਕੇ।

10) ਨਵੰਬਰ ਮਹੀਨੇ ਲਾਲਾ ਲਾਜਪਤ ਰਾਏ ਦੇ ਸਿਵੇ ਦੀ ਰਾਖੀ ਕਰਦਿਆਂ ਜੋ ਦੁੱਖ ਤੇ ਕਸ਼ਟ ਭਗਤ ਪੂਰਨ ਸਿੰਘ ਨੇ ਸਹਾਰਿਆ, ਉਸ ਨੂੰ ਬਿਆਨ ਕਰਦਿਆਂ ਉਹ ਲਿਖਦੇ ਹਨ, “ਰਾਤ ਦੀ ਤਿੰਨ ਕੁ ਵਜੇ ਮੈਨੂੰ ਦਰਿਆ ਦੀ ਬਰੇਤੀ ਵਿੱਚ ਪਏ ਨੂੰ, ਇਤਨੀ ਸਰਦੀ ਚੜ੍ਹ ਗਈ ਕਿ ਮੈਂ ਹੱਥ ਹਿਲਾਉਣ ਜੋਗਾ ਨਾ ਰਿਹਾ। ਮੈਂ ਮਨੋਹਰ ਲਾਲ ਤੇ ਯਸ਼ਪਾਲ ਦੋਹਾਂ ਨੂੰ ਆਵਾਜ਼ ਮਾਰ ਕੇ ਜਗਾਇਆ ਤੇ ਕਿਹਾ ਕਿ ਮੈਨੂੰ ਤਾਂ ਸਰਦੀ ਚੜ੍ਹਦੀ ਹੈ। ਯਸ਼ਪਾਲ ਨੇ ਕਿਹਾ ਕਿ ‘ਲਾਲਾ ਜੀ ਨੂੰ ਕਹਿ ਦੇ ਕਿ ਲਾਲਾ ਜੀ ਮੈਂ ਵੀ ਤੁਹਾਡੇ ਨਾਲ ਹੀ ਆ ਰਿਹਾ ਹਾਂ।” ਇਨਸਾਨੀਅਤ ਦੇ ਪੱਧਰ ਤੋਂ ਡਿੱਗੇ ਹੋਏ ਇਹ ਸ਼ਬਦ ਲਾਲਾ ਲਾਜਪਤ ਰਾਏ ਦੇ ਨਜ਼ਦੀਕੀ, ਉਸ ਸੇਵਾਦਾਰ ਨੂੰ ਕਹਿ ਰਹੇ ਹਨ, ਜੋ ਚਿਤਾ ਦੀ ਰਾਖੀ ਕਰ ਰਿਹਾ ਹੈ ਕਿ ਲਾਲੇ ਦੇ ਬਲਦੇ ਸਿਵੇ ਵਿੱਚ ਹੀ ਸੜ-ਮਰ ਜਾ। ਇਹ ਸ਼ਬਦ ਕਿਸੇ ਹੋਰ ਨੂੰ ਨਹੀਂ, ਭਗਤ ਪੂਰਨ ਸਿੰਘ ਨੂੰ ਆਖੇ ਗਏ ਅਤੇ ਕਿਸੇ ਹੋਰ ਨੇ ਨਹੀਂ, ਲਾਲੇ ਦੇ ਨਜ਼ਦੀਕੀਆਂ ਨੇ ਕਹੇ। ਨਿਸ਼ਕਾਮ ਸੇਵਾ ਦਾ ਇਹ ਸਿਲਾ ਦੇਣ ਦੀ, ਅਕ੍ਰਿਤਘਣਤਾ ਦੀ ਮਿਸਾਲ ਕਿੱਥੋਂ ਲੱਭਣੀ ਸੀ, ਜੇਕਰ ਭਗਤ ਪੂਰਨ ਸਿੰਘ ਦੀ ਇਹ ਇਤਿਹਾਸਕ ਬਿਰਤਾਂਤ ਅਤੇ ਹੱਡਬੀਤੀ ਨਾ ਬਿਆਨਦੇ।

11) ਆਮ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਸਿਵਿਆਂ ਤੋਂ ਡਰ ਲੱਗਦਾ ਹੈ, ਪਰ ਭਗਤ ਪੂਰਨ ਸਿੰਘ ਜੀ ਦੀ ਬਹਾਦਰੀ ਅਤੇ ਦਲੇਰੀ ਭਰੀ ਸੋਚ ‘ਚੋਂ ਇਹ ਸ਼ਬਦ ਝਲਕਦੇ ਹਨ, “ਤਿੰਨ ਕੁ ਵਜੇ ਚਿਤਾ ਦਾ ਸਵਾ ਗਜ਼ ਦੇ ਕਰੀਬ ਹਿੱਸਾ ਸੁਆਹ ਬਣ ਚੁੱਕਿਆ ਸੀ। ਗਰਮ ਸੁਆਹ ਦੇ ਉਸ ਹਿੱਸੇ ‘ਤੇ ਮੈਂ ਆਪਣੀ ਮੰਜੀ ਡਾਹ ਲਈ ਤੇ ਇਸ ਤਰ੍ਹਾਂ ਮੇਰੀ ਜਾਨ ਬਚ ਗਈ ਅਤੇ ਮੈਂ ਸੌਂ ਵੀ ਗਿਆ।”ਇਹ ਨਿਡਰਤਾ ਭਗਤ ਪੂਰਨ ਸਿੰਘ ਜੀ ਦੇ ਆਤਮਕ ਬਲ ਅਤੇ ਮਾਨਵੀ ਉੱਚਤਾ ਨੂੰ ਬਿਆਨ ਕਰਦੀ ਹੈ। ਲਾਲੇ ਦੇ ਸਿਵੇ ਦੇ ਇਕ ਹਿੱਸੇ ‘ਤੇ ਮੰਜੀ ਡਾਹ ਕੇ ਬੇਖ਼ੌਫ਼ ਸੌਂ ਜਾਣ ਵਾਲੇ, ਭਗਤ ਪੂਰਨ ਸਿੰਘ ਹੀ ਹੋ ਸਕਦੇ ਹਨ, ਨਾ ਕਿ ਲਾਲੇ ਦੇ ਡਰੂ ਸੇਵਕ।

(ਡਾ ਗੁਰਵਿੰਦਰ ਸਿੰਘ) 604 825 1550

12) ਇਸ ਵਾਰਤਕ ਦੀ ਇਕ ਹੋਰ ਸਤਰ ਕਈ ਭੇਤ ਖੋਲ੍ਹਦੀ ਹੈ, “ਲਾਲਾ ਜੀ ਦੀ ਚਿਤਾ ਵਿੱਚੋਂ ਪਿਸ਼ਾਬ ਦੀ ਪੂਰੀ ਧਾਰ ਨਿਕਲੀ ਸੀ”। ਇਸ ਗੱਲ ਨੂੰ ਸਮਝਣ ਲਈ ਇਹ ਜਾਣਨਾ ਹੋਵੇਗਾ ਕਿ ਲਾਲਾ ਲਾਜਪਤ ਰਾਏ ਗੁਰਦੇ ਦਾ ਮਰੀਜ਼ ਸੀ ਅਤੇ ਉਸ ਦਾ ਸਰੀਰ ਪਾਣੀ ਨਾਲ ਫੁੱਲਿਆ ਹੋਇਆ ਸੀ। ਲਾਲਾ ਲਾਜਪਤ ਰਾਏ ਦੀ ਮੌਤ ਦੇ ਕਾਰਨਾਂ ਵਿੱਚੋਂ ਇੱਕ ਇਹ ਬਿਮਾਰੀ ਵੀ ਪ੍ਰਮੁੱਖ ਰਹੀ ਅਤੇ ਕਿਡਨੀ ਦੇ ਫ਼ੇਲ੍ਹ ਹੋਣ ਕਾਰਨ ਲਾਲੇ ਦੀ ਮੌਤ ਹੋਈ। ਇਹ ਨਿਰਆਧਾਰ ਹੈ ਕਿ ਇਹ ਮੌਤ ਡਾਂਗਾਂ ਦੀਆਂ ਸੱਟਾਂ ਵੱਜਣ ਕਾਰਨ ਹੋਈ ਹੈ। ਸਿਵਿਆਂ ਵਿੱਚ ਸਰੀਰ ਨੂੰ ਸੇਕ ਲੱਗਣ ਮਗਰੋਂ, ਲਾਸ਼ ਦੀ ਪੇਟ ਅੰਦਰੋਂ ਜਮ੍ਹਾਂ ਹੋਇਆ ਪਾਣੀ ਇੱਕੋ ਦਮ ਬਾਹਰ ਨਿਕਲਿਆ, ਜਿਸ ਬਾਰੇ ਭਗਤ ਪੂਰਨ ਸਿੰਘ ਜੀ ਲਿਖਦੇ ਹਨ ਕਿ ਪਿਸ਼ਾਬ ਦੀ ਧਾਰ ਨਿਕਲੀ ਸੀ। ਇਹ ਸੁਣੀ ਸੁਣਾਈ ਗੱਲ ਨਹੀਂ, ਸਗੋਂ ਅੱਖੀਂ ਦੇਖੀ ਹੈ ਅਤੇ ਸਿਵੇ ਦੀ ਰਾਖੀ ਕਰਨ ਵਾਲੇ ਦੇ ਬਿਆਨ ਹਨ।

10) ‘ਪੰਜਾਬ ਕੇਸਰੀ’ ਕਹੇ ਜਾਂਦੇ ਲਾਲਾ ਲਾਜਪਤ ਰਾਏ ਦੇ ਵਾਰਸਾਂ ਦੀ ਅਸਲੀਅਤ ਬਿਆਨ ਕਰਦਿਆਂ ਭਗਤ ਜੀ ਲਿਖਦੇ ਹਨ, “ਅਗਲੀ ਸਵੇਰ ਦਿਨ ਦੇ ਸਾਢੇ ਨੌਂ ਵਜੇ ਲਾਲਾ ਲਾਜਪਤ ਰਾਏ ਦਾ ਭਰਾ ਲਾਲਾ ਗਣਪਤ ਰਾਏ ਤੇ ਉਸ ਦਾ ਪੁੱਤਰ ਦੋਵੇਂ ਜਣੇ ਆਏ, ਤਾਂ ਮੈਂ ਉਸ ਥਾਂ ਤੋਂ ਤੁਰਿਆ। ਉਸ ਵੇਲੇ ਤਕ ਮੈਨੂੰ ਰੋਟੀ ਖਾਧੀ ਨੂੰ 36 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ।” ਜਿਨ੍ਹਾਂ ਦਾ ਬਾਪ ਜਾਂ ਭਾਈ ਮਰਿਆ, ਉਸ ਦੇ ਵਾਰਸ ਤਾਂ ਟਹਿਲਦੇ ਹੋਏ ਅਗਲੇ ਦਿਨ ਪਹੁੰਚਦੇ ਹਨ, ਪਰ ਜੋ ਨਿਸ਼ਕਾਮ ਸੇਵਾ ਕਰਦਿਆਂ ਸਮਰਪਣ ਦੀ ਭਾਵਨਾ ਨਾਲ ਪਹਿਰਾ ਦੇ ਰਿਹਾ ਸੀ, ਉਹ ਛੱਤੀ ਘੰਟੇ ਤੋਂ ਭੁੱਖਾ ਪਿਆਸਾ ਹੋਵੇ, ਉਸ ਦੀ ਕਿਸ ਨੂੰ ਪ੍ਰਵਾਹ ਨਹੀਂ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ।

11) ਜਿਸ ਨੂੰ ਅੱਜ ਦੇਸ਼ ਦੀ ਆਜ਼ਾਦੀ ਦਾ ਅਲੰਬਰਦਾਰ ਕਿਹਾ ਜਾਂਦਾ ਹੈ, ਉਸ ਦੀ ਚਿਤਾ ਰਾਖੀ ਕਰਨ ਵਾਲੇ ਮਹਾਨ ਸੇਵਾਦਾਰ ਦੇ ਇੱਕ ਕਥਨ ਵਿਚਾਰਨ ਯੋਗ ਹਨ, “ਮੈਂ ਉਜਾਲਾ ਹੋਣ ਦੇ ਵੇਲੇ ਲਾਲਾ ਜੀ ਦੀ ਚਿਤਾ ਨੂੰ ਛੱਡ ਕੇ ਜਾ ਸਕਦਾ ਸਾਂ, ਪਰ ਭੁੱਖਾ ਪਿਆਸਾ ਹੁੰਦਾ ਹੋਇਆ ਵੀ ਮੈਂ ਲਾਲਾ ਜੀ ਦੇ ਪਰਿਵਾਰ ਦੇ ਬੰਦਿਆਂ ਦੇ ਆਉਣ ਤੋਂ ਪਹਿਲਾਂ ਦਰਿਆ ਤੋਂ ਨਾ ਤੁਰਿਆ।” ਦਰਿਆ ਰਾਵੀ ਦੇ ਕਿਨਾਰੇ ‘ਤੇ ਲਾਲਾ ਲਾਜਪਤ ਰਾਏ ਦੇ ਸਿਵੇ ਦੀ ਰਾਖੀ ਕਰਨ ਦੀ ਜੋ ਜ਼ਿੰਮੇਵਾਰੀ ਅਤੇ ਪ੍ਰਣ ਭਗਤ ਪੂਰਨ ਸਿੰਘ ਜੀ ਨੇ ਕੀਤਾ ਸੀ, ਉਹ ਨਿਭਾਇਆ।

ਦੂਸਰੇ ਪਾਸੇ ਜਿਸ ਸੱਚਾਈ ਨੂੰ ਅੱਜ ਤਕ ਜ਼ਾਹਰ ਨਹੀਂ ਕੀਤਾ ਗਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਸਸਕਾਰ ਤਕ ਦੀ ਹਕੀਕਤ ਕੀ ਸੀ, ਭਗਤ ਪੂਰਨ ਸਿੰਘ ਜੀ ਦੇ ਬਿਰਤਾਂਤ ਦੇ ਇਸ ਨਮੂਨੇ ਨੇ ਭਾਵਪੂਰਤ ਸ਼ਬਦਾਂ ਰਾਹੀਂ ਜ਼ਾਹਿਰ ਕਰ ਦਿੱਤੀ ਹੈ। ਇਸ ਤੋਂ ਉੱਠੇ ਸਵਾਲਾਂ ਬਾਰੇ ਵਿਚਾਰ ਕਰਨਾ, ਅੱਜ ਸਮੇਂ ਦੀ ਲੋੜ ਹੈ। ਲਾਲਾ ਲਾਜਪਤ ਰਾਏ ਦੀ ਮੌਤ ਕੁਦਰਤੀ ਸੀ, ਨਾ ਕਿ ਇਹ ਸਿਆਸੀ ਕਤਲ ਸੀ, ਇਸ ਤੋਂ ਸਪੱਸ਼ਟ ਹੁੰਦਾ ਹੈ। ਲਾਲਾ ਜੀ ਦੇ ਸਿਵੇ ਦੀ ਰਾਖੀ ਕਰਨ ਦੀ ਤਾਂ ਲੋੜ ਪਈ ਕਿਉਂਕਿ ਉਸ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਖਤਰਾ ਸੀ, ਕਿਉਂਕਿ ਲਾਲਾ ਲਾਜਪਤ ਰਾਏ ਕੱਟੜਵਾਦੀ ਰਾਸ਼ਟਰੀ ਹਿੰਦੂ ਨੇਤਾ ਸੀ ਅਤੇ ‘ਭਾਰਤ ਨੂੰ ਹਿੰਦੂ ਰਾਸ਼ਟਰ’ ਬਣਾਉਣਾ ਚਾਹੁੰਦਾ ਸੀ। ਇਸੇ ਕਾਰਨ ਮੁਸਲਮਾਨਾਂ ਅੰਦਰ ਉਸ ਪ੍ਰਤੀ ਵਿਰੋਧ ਸੀ। ਅੱਜ ਵੀ ਅਜਿਹੀਆਂ ਫਾਸ਼ੀਵਾਦੀ ਤਾਕਤਾਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹਰ ਕੋਸ਼ਿਸ਼ ਕਰ ਰਹੀਆਂ ਹਨ।

ਭਗਤ ਪੂਰਨ ਸਿੰਘ ਜੀ ਨੇ ਸੱਚੇ- ਸੁੱਚੇ ਸਿੱਖ ਵਜੋਂ ਉਹ ਫ਼ਰਜ਼ ਨਿਭਾਇਆ, ਜੋ ਲਾਲਾ ਜੀ ਦੇ ਡਰਾਕਲ ਪਰਿਵਾਰਕ ਮੈਂਬਰ ਜਾਂ ਉਸ ਦੇ ਅਨੁਆਈ ਨਾ ਨਿਭਾ ਸਕੇ। ਇਸ ਸਿੱਖ ਦੇ ਮਹਾਨ ਚਰਿੱਤਰ ਦਾ ਖੂਬਸੂਰਤ ਪ੍ਰਮਾਣ ਹੈ ਅਤੇ ਇਹ ਇਤਿਹਾਸਕ ਦਸਤਾਵੇਜ਼, ਸੰਭਾਲਣਯੋਗ ਹੈ।

(ਡਾ ਗੁਰਵਿੰਦਰ ਸਿੰਘ) 604 825 1550