ਮਸਲਾ ਇਹ ਨਹੀਂ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਕਿਤਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਿਹਾ। ਸਰਕਾਰਾਂ ਨੇ ਪੂਰਾ ਜੋਰ ਲਾ ਲਿਆ। ਪਰ ਸੰਤਾਂ ਨੂੰ ਲੋਕਾਂ ਨੇ ਅੱਤਵਾਦੀ ਨਹੀਂ ਮੰਨਿਆ। ਇਥੋਂ ਤੱਕ ਕੇ ਸੁਬਰਮਨੀਅਮ ਸੁਆਮੀ ਵਰਗੇ ਕੱਟੜ ਹਿੰਦੂਵਾਦੀ ਵੀ ਸੰਤਾਂ ਨੂੰ ਅੱਤਵਾਦੀ ਨਹੀਂ ਮੰਨਦੇ, ਸੰਤ ਹੀ ਮੰਨਦੇ ਨੇ। ਇਸ ਕਰਕੇ ਇਹ ਵਹਿਮ ਕੱਢ ਦਿਉ ਕਿ ਜੇ ਪੰਜਾਬੀ ਯੂਨੀਵਰਸਿਟੀ ਲਿਖਦੂਗੀ ਤਾਂ ਅਗਲੀ ਪੀੜੀ ਸੰਤਾਂ ਨੂੰ ਅੱਤਵਾਦੀ ਮੰਨਣ ਲੱਗਪੂਗੀ। ਇਹ ਮਸਲਾ ਨਹੀਂ।ਫੇਰ ਮਸਲਾ ਕੀ ਹੈ ? ਮਸਲਾ ਇਹ ਹੈ ਕਿ ਜੋ ਕਿਤਾਬ ਸੰਤਾਂ ਨੂੰ ਅੱਤਵਾਦੀ ਕਹਿਣ ਕਰਕੇ ਲੋਕਾਂ ਦੀ ਨਿਗ੍ਹਾ ‘ਚ ਆਈ ਹੈ। ਉਸ ਦਾ ਪੱਧਰ ਕਿੰਨਾ ਮਾੜਾ। ਯੂਨੀਵਰਸਿਟੀ ਦੀ ਕਿਤਾਬ ਹੋਵੇ ਤੇ ਪੱਧਰ ਐਨਾ ਮਾੜਾ ਹੋਵੇ!ਇਸ ਕਿਤਾਬ ‘ਚ ਲਿਖਿਆ, “ਇਧਰ ਭਿੰਡਰਾਂਵਾਲੇ ਨੇ ਹਿੰਦੂਆਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ। ਹਾਲਾਤ ਏਨੇ ਸੰਗੀਨ ਹੋ ਗਏ ਕਿ ਇਸ ਸਥਿਤੀ ਨੂੰ ਹੋਰ ਜਿਆਦਾ ਅੱਗੇ ਨਹੀਂ ਪਾਇਆ ਜਾ ਸਕਦਾ ਸੀ। ਸੋ ਸਥਿਤੀ ਨੂੰ ਨਜਿੱਠਣ ਲਈ ਸਰਕਾਰ ਨੇ ਫੌਜੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ। ਫੌਜੀ ਕਾਰਵਾਈ ਨੂੰ ਆਪਰੇਸ਼ਨ ਬਲਿਊ ਸਟਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕਾਰਵਾਈ ਤਹਿਤ ਗੁਰਦਵਾਰਿਆਂ ਵਿਚ ਛੁਪੇ ਹੋਏ ਅੱਤਵਾਦੀਆਂ ਨੂੰ ਉਥੋਂ ਕੱਢਣ ਲਈ 3 ਜੂਨ ਤੋਂ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਗਈ।” ਪੰਜਾਬੀ ਯੂਨੀਵਰਸਿਟੀ ਦਾ ਕੋਈ ਪ੍ਰੋਫੈਸਰ, ਭਾਵੇਂ ਕਿੰਨਾ ਹੀ ਵੱਡਾ ਕਾਮਰੇਡ, ਸੈਕੂਲਰ, ਲਿਬਰਲ ਜਾਂ ਹਿੰਦੂਤਵੀ ਹੋਵੇ, ਬਾਂਹ ਕੱਢ ਕੇ ਕਹਿ ਦੇਵੇ ਕਿ ‘ਉਪ੍ਰਰੇਸ਼ਨ ਬਲੂ ਸਟਾਰ’ ਇਸ ਕਰਕੇ ਹੋਇਆ ਕਿਉਂ ਕਿ ਸੰਤਾਂ ਨੇ ਹਿੰਦੂਆਂ ਨੂੰ ਮਾਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਸੀ। ਐਡਾ ਝੂਠ !
ਯੂਨੀਵਰਸਿਟੀ ਨੇ ਸਿੱਖਾਂ ਖਿਲਾਫ ਪ੍ਰੋਪੇਗੰਢਾ ਕਰਨਾ, ਕਰੇ, ਰੱਜ ਕੇ ਕਰੇ। ਪਰ ਕੋਈ ਲੈਵਲ ਤਾਂ ਰੱਖੇ। ਭਾਈ ਯੂਨੀਵਰਸਿਟੀ ਦੇ ਪ੍ਰਫੈਸਰੋ, ਸਰਕਾਰ ਨੇ ਥੱਲੜੇ ਲੈਵਲ ਦਾ ਪ੍ਰੋਪੇਗੰਡਾ ਕਰਨ ਲਈ ਸ਼ਿਵ ਸੈਨਾ ਪਾਲੀ ਹੋਈ ਆ। ਤੁਸੀਂ ਤਿੰਨ ਤਿੰਨ ਲੱਖ ਰੁਪਇਆ ਤਨਖਾਹ ਲੈਂਦੇ ਹੋ ਸਰਕਾਰ ਤੋਂ। ਕੰਮ ਤੁਹਾਡਾ ਸ਼ਿਵ ਸੈਨਾ ਤੋਂ ਵੀ ਥੱਲੜੇ ਲੈਵਲ ਦਾ। ਹੈਰਾਨੀ ਨਹੀਂ ਹੋਵੇਗੀ ਜੇ ਕੱਲ ਨੂੰ ਪੰਜਾਬੀ ਯੂਨੀਵਰਿਸਟੀ ਉਹ ਗੱਪ ਵੀ ਛਾਪ ਦੇਵੇ ਕਿ ਦਰਬਾਰ ਸਾਹਿਬ ਚੋਂ ਨੰਗੀਆਂ ਔਰਤਾਂ ਵੀ ਮਿਲੀਆਂ ਸੀ ਜੋ ਗੁਲਾਮ ਬਣਾ ਕੇ ਰੱਖੀਆਂ ਗਈਆਂ ਸੀ। ਕਿਉਂ ਕਿ ਭਾਰਤ ਸਰਕਾਰ ਨੇ ਐਹੋ ਜਿਹੇ ਬਹੁਤ ਗੱਪ ਰੋੜੇ ਸੀ। ਫੌਜੀ ਕਾਰਵਾਈ ਨੂੰ ਜਾਇਜ਼ ਠਹਰਾਉਣ ਲਈ।ਇਤਿਹਾਸ ਵਿੱਚ ਕਰਨੋਲਜੀ ਦਾ ਵੀ ਬਹੁਤ ਮਹੱਤਵ ਹੁੰਦਾ। ਲੇਖਕ ਨੇ ਲਗਦਾ ਦਸ ਕਿਤਾਬਾਂ ਖੋਲ ਰੱਖੀਆਂ ਸੀ। ਇਕ ਲਾਇਨ ਇਕ ਕਿਤਾਬ ਚੋਂ ਚੱਕੀ। ਦੂਜੀ ਕਿਸੇ ਹੋਰ ਚੋਂ। ਤੀਜੀ ਕਿਸੇ ਹੋਰ ਚੋਂ। ਸਹੀ ਕਰਨੋਲਜੀ ਤੋਂ ਬਿਨ੍ਹਾ ਇਤਿਹਾਸ ਦੀ ਵਿਆਖਿਆ ਕਰਨੀ ਅਸੰਭਵ ਹੈ। ਵੀਸੀ ਸਾਹਬ, ਜੇ ਤੁਸੀਂ ਸਰਕਾਰ ਦੀਆਂ ਖੁਸ਼ੀਆਂ ਲੈਣੀਆਂ ਤਾਂ ਆਏਂ ਨਹੀਂ ਮਿਲਣੀਆਂ। ਆਏਂ ਤਾਂ ਸਰਕਾਰ ਤੁਹਾਨੂੰ ਨਖਿੱਧ ਸਮਝੇਗੀ। ਪ੍ਰੋਪੇਗੰਡਾ ਉਹ ਹੁੰਦਾ ਜੋ ਗੁੜ ‘ਚ ਵਲੇਟ ਕੇ ਦਿੱਤਾ ਜਾਵੇ। ਸਿੱਖਾਂ ਖਿਲਾਫ ਐਦਾਂ ਦਾ ਪ੍ਰੋਪੇਗੰਡਾ ਨਾ ਕਰੋ, ਜਿਸ ਨੂੰ ਪੜ੍ਹ ਕੇ ਸਿੱਖਾਂ ਦੇ ਦੁਸ਼ਮਣਾਂ ਦਾ ਵੀ ਹਾਸਾ ਨਿਕਲ ਜਾਵੇ।
#ਮਹਿਕਮਾ_ਪੰਜਾਬੀ
ਸ਼੍ਰੋਮਣੀ ਕਮੇਟੀ ਚਾਲੂ ਜਿਹਾ ਬਿਆਨ ਦੇ ਕੇ ਨਾ ਸਾਰੇ – ਪੰਜਾਬੀ ਯੂਨੀਵਰਸਿਟੀ ਦੀ ਕਿਤਾਬ ਦੇ ਮੁੱਦੇ ‘ਤੇ ਸ੍ਰੋਮਣੀ ਕਮੇਟੀ ਨੇ ਚਾਲੂ ਜਿਹਾ ਬਿਆਨ ਦਿੱਤਾ ਹੈ। ਇਸ ਵਿੱਚ ਯੂਨੀਵਰਸਿਟੀ ਨੂੰ ਚਿੱਠੀ ਲਿਖਣ ਦੀ ਗੱਲ ਹੈ। ਕਮੇਟੀ ਦਾ ਬਿਆਨ ਸਿਰਫ ਸੰਤਾਂ ਨੂੰ ਅੱਤਵਾਦੀ ਕਹਿਣ ਦੇ ਦੁਆਲੇ ਘੁੰਮਦਾ ਹੈ। ਗੱਲ ਸਿਰਫ ਸੰਤਾਂ ਨੂੰ ਅੱਤਵਾਦੀ ਲਿਖਣ ਦੀ ਨਹੀੰ ਹੈ। ਪੰਜਾਬੀ ਸੂਬੇ ਦੇ ਸਮੁੱਚਾ ਇਤਿਹਾਸ ਤੋਂ ਲੈ ਕੇ ਸਾਰੀ ਕਿਤਾਬ ਇੰਝ ਲਿਖੀ ਗਈ ਹੈ ਜਿਵੇਂ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਵਲੋਂ ਲਿਖੀ ਗਈ ਹੋਵੇ। ਕਿਤਾਬ ਵਿੱਚ ਸਿਖਾਂ ਨੂੰ ਹਰੇਕ ਪਹਿਲੂ ‘ਤੇ ਕਲੇਸ਼ੀ ਸਾਬਤ ਕੀਤਾ ਗਿਆ ਹੈ। ਇੰਝ ਲਗਦਾ ਹੈ ਕਿ ਜਿਵੇਂ ਸਰਕਾਰ ਤਾਂ ਗਲਤ ਐਕਸ਼ਨ ਲੈਣ ਵਾਸਤੇ ਮਜਬੂਰ ਸੀ।ਇਸ ਕਰਕੇ ਸ਼੍ਰੋਮਣੀ ਕਮੇਟੀ ਸਿਰਫ ਚਾਲੂ ਜਿਹੇ ਬਿਆਨ ਨਾਲ ਨਾ ਸਾਰੇ। ਇਹ ਆਪਣੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਵਿਦਵਾਨਾਂ ਨੂੰ ਕਹੇ ਕਿ ਸਾਰੀ ਕਿਤਾਬ ਦੀ ਇਕ ਅਕਾਦਮਿਕ ਤਰੀਕੇ ਨਾਲ ਅਲੋਚਨਾ ਕਰਨ ਅਤੇ ਲਿਖਤੀ ਰੂਪ ਵਿੱਚ ਵਾਈਸ ਚਾਂਸਲਰ ਨੂੰ ਭੇਜਣ।
ਸਿਰਫ ਐਨਾ ਹੀ ਕਾਫੀ ਨਹੀਂ ਹੈ। ਸਿਰਫ ਪੰਜਾਬੀ ਯੂਨੀਵਰਿਸਟੀ ਹੀ ਨਹੀਂ। ਪੰਜਾਬ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਟੀਆਂ ਬਾਰੇ ਅਧਿਐਣ ਕੀਤਾ ਜਾਵੇ। ਕਿ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਪਿਛਲੇ ਪਝੱਤਰ ਸਾਲ ਦੇ ਇਤਿਹਾਸ ਨੂੰ ਪੜਾ ਰਹੇ ਨੇ। ਯੂਨੀਵਰਸਟੀਆਂ ਨੇ ਇਸ ਸਬੰਧ ਵਿੱਚ ਕਿਸ ਤਰਾਂ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਪੜਨ ਨੂੰ ਦਿੱਤੀਆਂ ਨੇ । ਜਾਂ ਇਸ ਵਿਸ਼ੇ ‘ਤੇ ਯੂਨੀਵਰਸਟੀਆਂ ਵਲੋਂ ਵਿਦਿਆਰਥੀਆਂ ਨੂੰ ਕਿਹੜੀਆਂ ਕਿਤਾਬਾਂ ਨੂੰ ਪੜਨ ਦੀ ਸਲਾਹ ਦਿੱਤੀ ਹੈ। ਸ੍ਰੋਮਣੀ ਕਮੇਟੀ ਦੇ ਸਿੱਖ ਰਿਸਰਚ ਬੋਰਡ ਵਲੋਂ ਇਕ ਪੂਰਾ ਅਧਿਐਣ ਹੋਣਾ ਚਾਹੀਦਾ ਹੈ। ਜੋ ਕੰਮ ਅਧਿਐਣ ਬੋਰਡ ਦਾ ਹੋਣਾ ਚਾਹੀਦਾ ਸੀ ਉਹ ਕੰਮ ਫੇਸਬੁੱਕ ‘ਤੇ ਆਮ ਸਿੱਖ ਨੂੰ ਕਰਨਾ ਪੈ ਰਿਹਾ ਹੈ।
#ਮਹਿਕਮਾ_ਪੰਜਾਬੀ
ਸਾਵਧਾਨ ! ਇਤਿਹਾਸ ਬਦਲ ਹੀ ਨਹੀਂ, ਕਲੰਕਤ ਕਰ ਰਹੀ ਹੈ ਪੰਜਾਬੀ ਯੂਨੀਵਰਸਟੀ। ਆਰ ਐਸ ਐਸ ਅਤੇ ਹਿੰਦੂਤਵੀਆਂ ‘ਤੇ ਇਲਜਾਮ ਲੱਗਦਾ ਕਿ ਉਹ ਭਾਰਤ ਦਾ ਇਤਿਹਾਸ ਬਦਲ ਰਹੇ ਨੇ ਪਰ ਜੋ ਪੰਜਾਬੀ ਯੂਨੀਵਰਸੀਟੀ ਦਾ ਗੁੱਤ ਵਾਲਾ ਵੀਸੀ, ਉਸਦਾ ਕਾਮਰੇਡ ਸਲਾਹਕਾਰ ਤੇ ਮੁਸਲਮਾਨ ਰਾਜਨੀਤੀ ਸ਼ਾਸਤਰ ਦਾ ਇਤਿਹਾਸਕਾਰ ਗੰਦ ਘੋਲ ਰਹੇ ਨੇ ਉਸ ਸਾਹਮਣੇ ਸੰਘੀ ਵੀ ਸ਼ਰਮ ਨਾਲ ਮਰ ਮਿਟਣ।
ਠੀਕ ਆ ਯੂਨੀਵਰਸਟੀ ਸਰਕਾਰੀ ਅਦਾਰਾ ਏ ਤੇ ਸਰਕਾਰ ਦੀ ਬੋਲੀ ਬੋਲਣੀ ਹੁੰਦੀ ਏ ਪਰ ਸਰਕਾਰੀ ਪ੍ਰੋਫੈਸਰਾਂ ਦਾ ਕੋਈ ਕਿਰਦਾਰ, ਇਕਲਾਖ, ਜ਼ੁੰਮੇਵਾਰੀ, ਨੈਤਿਕਤਾ ਨਾ ਵੀ ਹੋਵੇ, ਤੱਥਾਂ ਦੀ ਤਾਂ ਕਦਰ ਹੋਣੀ ਚਾਹੀਦੀ ਹੈ। ਬਦਨੀਤੀ ਲਫਜ ਛੋਟਾ ਹੈ ਇਸ ਲਈ ਪਾਠਕਾਂ ਤੋੰ ਮੁਆਫੀ ਸਹਿਤ ‘ਹਰਾਮਜਦਗੀ’ ਲਫਜ ਯੋਗ ਸਮਝ ਕੇ ਵਰਤ ਰਹੇ ਹਾਂ। ਕਿ ਇਹ ਰਾਜਨੀਤੀ ਸ਼ਾਸਤਰ ਨਹੀਂ ਯੂਨੀਵਰਸਟੀ ਦਾ ‘ਹਰਮਾਜਦਗੀ’ ਸ਼ਾਸਤਰ ਹੈ। ਪੱਤਰ ਵਿਹਾਰ ਕੋਰਸ ਲਈ ਯੂਨੀਵਰਸਟੀ ਵੱਲੋੰ ਛਾਪੀ ਕਿਤਾਬ ਵਿਚ ਯੂਨੀਵਰਸਟੀ ਦੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਦਾ ਲੇਖ ਲਾਇਆ ਗਿਆ ਹੈ। 2005 ਚ ਛਪੀ ਉਹਦੀ ਕਿਤਾਬ ਪੰਜਾਬ ਦੀ ਰਾਜਨੀਤੀ ਵਿੱਚੋੰ ਹੈ। ਇਸ ਲੇਖ ਦਾ ਉਦੇਸ਼ ਪੰਜਾਬ ‘ਚ ਹਿੰਦੂਆਂ ਤੇ ਸਿੱਖਾਂ ਦਰਮਿਆਨ ਅੱਗ ਲਾਉਣਾ ਹੈ। ਇਸਦਾ ਮਿਆਰ ਕੰਧਾਂ ਤੇ ਚਿਪਕਾਏ ਜਾਂਦੇ ਕਾਮਰੇਡੀ ਪਰਚਿਆਂ ਤੋੰ ਵੱਧ ਕੇ ਨਹੀਂ। ਸਰੋਤਾਂ ਦੀ ਲੰਬੀ ਸੂਚੀ ਦੇ ਬਾਵਜੂਦ ਬਹੁਤੀਆਂ ਗੱਲਾਂ ਮਨਘੜ੍ਹਤ ਤੇ ਸਰਕਾਰੀ ਏਜੰਸੀਆਂ ਦੇ ਪ੍ਰਾਪੇਗੰਢੇ ਚੋ ਚੁੱਕ ਕੇ ਛਾਪ ਦਿੱਤੀਆਂ ਗਈਆਂ ਨੇ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਹਿੰਦੂਆਂ ਦੇ ਕਤਲੇਆਮ ਲਈ ਸੱਦਾ ਦਿੰਦੇ ਦੱਸਿਆ ਹੈ। ਸਿੱਖਾਂ ਦੀ ਨਸ਼ਲਕੁਸ਼ੀ ਲਈ ਇਕ ਅੱਖਰ ਨਹੀਂ ਲਿਖਿਆ, ਸਗੋੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ, ਦਿੱਲੀ ਦੀ ਸਿੱਖ ਨਸ਼ਲਕੁਸ਼ੀ ਸਣੇ ਸਿੱਖਾਂ ਦੇ ਕਤਲੇਆਮ ਨੂੰ ਬਹੁਤ ਬੇਸ਼ਰਮੀ ਨਾਲ ਜਾਇਜ ਠਹਿਰਾਇਆ ਗਿਆ ਹੈ। ਸਿੱਖਾਂ ਖਿਲਾਫ ਹੋਈ ਹਰ ਘਿਨੌਣੀ ਕਾਰਵਾਈ ਲਈ ਕਸੂਰਵਾਰ ਸਿੱਖਾਂ ਨੂੰ ਦਸਿਆ ਗਿਆ ਹੈ। ਕਿ ਏਨਾ ਨੇ ਸਰਕਾਰ ਦੀ ਫਲਾਣੀ ਗੱਲ ਨਹੀਂ ਮੰਨੀ ਇਸ ਲਈ ਸਰਕਾਰ ਨੇ ਫਲਾਣੀ ਕਾਰਵਾਈ ਕੀਤੀ।ਇਤਿਹਾਸਕਾਰੀ ਨੂੰ ਕਲੰਕਤ ਕਰਦਿਆਂ ਦਰਬਾਰ ਸਾਹਿਬ ਨਾਲ ਜੋੜ ਕੇ ਇਕ 1996 ਦਾ ਝੂਠਾ ਵਾਕਿਆ ਦਰਜ ਕਰ ਦਿੱਤਾ ਹੈ। ਅਸੀਂ ਯੂਨੀਵਰਸਟੀ ਦੇ ਵੀਸੀ, ਪ੍ਰੋਫੈਸਰਾਂ ਤੇ ਹੋਰ ਲੱਲੀ ਛੱਲੀ ਨੂੰ ਚੁਣੌਤੀ ਦਿੰਦੇ ਹਾਂ ਕਿ ਕਿ ਜੇ ਅਕਾਦਮਿਕ ਨੈਤਿਕਤਾ ਦਾ ਇਕ ਕਿਣਕਾ ਵੀ ਤੁਹਾਡੇ ਅੰਦਰ ਮੌਜੂਦ ਹੈ ਤਾਂ 1996 ਦੀ ਉਸ ਘਟਨਾ ਦਾ ਕੋਈ ਤੱਥ ਪੇਸ਼ ਕਰੋ। ਨਹੀਂ ਤੇ ਪਾਠਕ ਤੁਹਾਡੀ ਗੁੱਤ ਮੁੰਨ ਦੇਣਗੇ।
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥
ਯੂਨੀਵਰਸਟੀ ਦੇ ਕਿਸੇ ਪ੍ਰੋਫੈਸਰ ਕੋਲੋੰ ਦਿਆਨਦਾਰੀ, ਲਿਆਕਤ ਦੀ ਆਸ ਕਰਨਾ ਤਾਂ ਮੱਸਿਆ ਵਾਲੀ ਰਾਤ ਚੰਨ ਵੇਖਣ ਵਰਗੀ ਜਿੱਦ ਹੈ। ਪਰ ਮਨੁੱਖੀ ਅਧਿਕਾਰ ਦੀ ਪੜਾਈ ਕਰਵਾਉਣ ਦਾ ਖੇਖਣ ਕਰਨ ਵਾਲੀ ਯੂਨੀਵਰਸਟੀ ਖਾੜਕੂ ਸੰਘਰਸ਼ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਕਿੰਨੀ ਨਖਿੱਧ ਪਹੁੰਚ ਰੱਖਦੀ ਹੈ। ਉਹ (ਨੱਥੀ ਕੀਤਾ) ਮਨੁੱਖੀ ਅਧਿਕਾਰਾਂ ਵਾਲਾ ਟੱਪਾ ਪੜ ਕੇ ਪਤਾ ਲਗਦਾ ਹੈ। ਦੋ ਲੱਖ ਦੇ ਕਰੀਬ ਸਿੱਖ ਕਤਲ ਕੀਤੇ ਤੇ ਉਜਾੜੇ ਗਏ। ਝੂਠੇ ਮੁਕਾਬਲਿਆਂ ਤੇ ਥਾਣਿਆ ‘ਚ ਬੇਪੱਤ ਕੀਤੀਆਂ ਬੀਬੀਆਂ ਬਾਰੇ ਤੇ ਕਾਮਰੇਡਾਂ ਦੇ ਗੜ ‘ਚ ਬੈਠੇ ਮੁਸਲਮਾਨ ਰਾਸ਼ਟਰਵਾਦੀ ਪ੍ਰੋਫੈਸਰ ਨੇ ਲਿਖਣਾ ਹੀ ਕੀ ਸੀ, ਦੁੱਧ ਚੁੰਘਦੇ ਬਾਲਾਂ ਦੇ ਕਤਲ ਬਾਰੇ ਇੱਕ ਅੱਖਰ ਨਹੀਂ ਸਰਿਆ। ਪੰਜਾਬੀ ਯੂਨੀਵਰਸਟੀ ਲਈ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਮਿਸਾਲ ਵੇਖੋ , ਲੇਖਕ ਲਿਖਦਾ ਹੈ ਕਿ ਖਾੜਕੂ ਅਖਬਾਰਾਂ ਵਿਚ ਮਨ ਮਰਜੀ ਦੀਆਂ ਖਬਰਾਂ ਲਵਾ ਕੇ ਮਨੁੱਖੀ ਆਜਦੀ ਦਾ ਘਾਣ ਕਰਦੇ ਸਨ।
ਸਾਡੇ ਕੋਲ ਉਹ ਲਫਜ ਨਹੀਂ ਜਿਸ ਨਾਲ ਯੂਨੀਵਰਸਟੀ ਦੀ ਇਸ ਅਕਾਦਮਿਕਤਾ ਨੂੰ ਫਿਟਕਾਰਿਆ ਜਾਵੇ। ਪਰ ਇਹ ਲੇਖ ਛਾਪ ਕੇ ਯੂਨੀਵਰਸਟੀ ਨੇ ਸਾਫ ਕਰ ਦਿੱਤਾ ਹੈ ਕਿ ਕਾਮਰੇਡ, ਸੈਕੂਲਰ, ਲਿਬਰਲ, ਕਥਿਤ ਦਲਿਤ ਮੁਸਲਮਾਨ ਤੇ ਸੰਘੀ ਆਦਿ ਸਿੱਖਾਂ ਦੀ ਨਿਆਰੀ ਹਸਤੀ ਦੇ ਇਕੋ ਜਿਹੇ ਦੁਸ਼ਮਣ ਹਨ। ਦਿੱਲੀ ਦੇ ਇਸ਼ਾਰੇ ਤੇ ਗੁੰਨੇ ਜਾ ਰਹੇ ਝੂਠ ਨੂੰ ਭਾਵੇਂ ਇਤਿਹਾਸਕਾਰੀ ਕਹੀ ਜਾਣ ਪਰ ਸਿੱਖ ਇਸ ਸਰਕਾਰੀ ਇਤਿਹਾਸਕਾਰੀ ਤੇ ਪ੍ਰਾਪੇਗੰਡੇ ਸਾਹਿਤ ਨੂੰ ਕਦੇ ਵੀ ਪ੍ਰਵਾਨ ਨਹੀੰ ਕਰਨਗੇ। ਪੰਜਾਬੀ ਯੁਨੀਵਰਸਟੀ ਦਾ ਨੰਗੇ ਹੋ ਕੇ ਨੱਚਣ ਲਈ ਧੰਨਵਾਦ। ਯੂਨੀਵਰਸਟੀ ਨਾਲ ਜੁੜੇ ਸੁਹਿਰਦ ਸੱਜਣਾ ਨੂੰ ਬੇਨਤੀ ਹੈ ਕਿ ਕਾਮਰੇਡਾਂ ਤੇ ਕਾਂਗਰਸੀ ਨੁਮਾ ਰਾਸ਼ਟਰਵਾਦੀਆਂ ‘ਤੇ ਵੀ ਨਿਗਾ ਰੱਖੀ ਜਾਵੇ। ਇਹ ਦਿੱਲੀ ਦੇ ਆਖੇ ਪੰਜਾਬ ਨੂੰ ਅੱਗ ਲਾਉਣ ਤੇ ਫਨਾਹ ਕਰਨ ਦਾ ਕੋਈ ਮੌਕਾ ਹੱਥੋੰ ਨਹੀਂ ਜਾਣ ਦਿੰਦੇ। ਇਹ ਕੀ ਲਿਖ ਬੋਲ ਰਹੇ ਨੇ ਉਹਦਾ ਨੋਟਿਸ ਲਿਆ ਜਾਵੇ।
#ਮਹਿਕਮਾ_ਪੰਜਾਬੀ
ਪੰਜਾਬੀ ਯੂਨੀਵਰਸਿਟੀ ਦਾ ਪ੍ਰੋਪੇਗੰਡਾ ਸਿਲੇਬਸ ਡਿਗਰੀ ਵਿਚੋਂ ਪਾਸ ਕਰਵਾ ਸਕਦਾ ਹੈ ਇਸ ਤੋਂ ਵੱਧਕੇ ਦੱਸੇ ਇਤਿਹਾਸ ਦੀ ਕੋਈ ਬੁੱਕਤ ਨਹੀਂ। ਇਹ ਕਾਣਾ ਇਤਿਹਾਸ ਹੈ। ਜਿਹਨੇ ਆਪਣੀ ਮਰਜ਼ੀ ਮੁਤਾਬਕ ਹਲਾਤ, ਸਮਾਂ ਅਤੇ ਘੱਲੂਘਾਰੇ ਦੀ ਵਿਆਖਿਆ ਕਰ ਦਿੱਤੀ। ਇਸ ਸਿਲੇਬਸ ਨੇ ਪੰਜਾਬ ਦੀ ਤਾਸੀਰ ਨਾਲ ਜਾਣ ਪਛਾਣ ਨਹੀਂ ਕਰਵਾਉਣੀ। ਪੰਜਾਬ ਅਤੇ ਘਾਲਣਾ ਅਤੇ ਸਿੱਖ ਜਲੌਅ ਨੂੰ ਬਾਹਰ ਬੈਠਾ ਜੈਮੀ ਕੂਪਰ ਯੂਨੀਵਰਸਿਟੀ ਦੇ ਸਿਲੇਬਸ ਨਾਲੋਂ ਕਿਤੇ ਬਿਹਤਰ ਬਿਆਨ ਕਰਦਾ ਹੈ। ਕੀ ਜੈਮੀ ਕੂਪਰ ਪਾਗਲ ਹੈ ? ਨਹੀਂ ਉਹ ਈਮਾਨਦਾਰ ਹੈ। ਯੂਨੀਵਰਸਿਟੀ ਤਿੰਨ ਸੂਬਿਆਂ ਦਾ ਨਾਮ ਲਿਖਕੇ ਕਤਲੋਗਾਰਦ ਦੱਸ ਰਹੀ ਹੈ। ਉਹ ਇਹ ਦੱਸੇ ਕਿ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਕਿੰਝ 3 ਦਿਨਾਂ ਵਿਚ ਹਜ਼ਾਰਾਂ ਸਿੱਖ ਨਫ਼ਰਤ ਵਿਚ ਮਾਰ ਦਿੱਤਾ।ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਿੱਚ ਕਿਹੜੇ ਸਿੱਖਾਂ ਨਫ਼ਰਤ ਵਿਚ ਹਿੰਦੂ ਕਤਲ ਕੀਤਾ।
ਜੇ ਪੰਜਾਬ ਵਿੱਚ ਹਿੰਦੂਆਂ ਬਾਰੇ ਨਫ਼ਰਤ ਹੁੰਦੀ ਤਾਂ ਘਟਨਾਵਾਂ ਇਹ ਨਹੀਂ ਹੋਣੀਆਂ ਸਨ। ਘਟਨਾਵਾਂ ਦੀ ਵਿਆਖਿਆ ਵਿੱਚ ਕਹਿੰਦੇ ਕਹਾਉਂਦੇ ਸਕਾਲਰ ਪ੍ਰੋਫੈਸਰ ਨਿਖੇੜਾ ਕਰਨ ਕਿ ਨਫ਼ਰਤ ਵਿਚ ਹੋਈ ਹਿੰਸਾ ਕਿਹੜੀ ਹੁੰਦੀ ਹੈ ਅਤੇ ਰਾਜਸੀ ਕਤਲ ਕਿਹੜੇ ਹੁੰਦੇ ਹਨ ਅਤੇ ਕਤਲ ਅੰਜਾਮ ਦੇ ਏਜੰਸੀਆਂ ਦੇ ਏਜੰਡੇ ਕਿਹੜੇ ਹੁੰਦੇ ਹਨ ? ਪੰਜਾਬ ਦਾ ਇਤਿਹਾਸ ਤਾਂ ਢਾਡੀਆਂ,ਕਵੀਸ਼ਰਾਂ ਅਤੇ ਲੋਕ ਜ਼ੁਬਾਨਾਂ ਵਿਚ ਆਪ ਮੁਹਾਰੇ ਬੋਲਦਾ ਹੈ। ਲਿਖਤ ਇਤਿਹਾਸ ਦੀ ਨਜ਼ਰ ਹੋਰ ਹੁੰਦੀ ਹੈ ਅਤੇ ਪ੍ਰੋਪੇਗੰਡਾ ਸਿਲੇਬਸੀ ਡਿਗਰੀ ਪਾਸ ਕਰਨ ਨੂੰ ਬਣਾਈ ਵਿਆਖਿਆ ਆਖਰੀ ਸੱਚ ਨਹੀਂ ਹੁੰਦਾ।
#ਮਹਿਕਮਾ_ਪੰਜਾਬੀ