ਤੇ ਹੁਣ ਬੱਬੂ ਮਾਨ !

0
5308

ਪੰਜਾਬ ਦੇ ਗੱਭਰੂ ਪੁੱਤ ਸਿੱਧੂ ਮੂਸੇਵਾਲੇ ਦੇ ਗਾਣੇ SYL ਨੇ ਦੁਨੀਆਂ ਹਿਲਾ ਦਿੱਤੀ ਹੈ। ਜਿਨ੍ਹਾਂ ਨੂੰ ਨਹੀਂ ਪਤਾ ਉਹ SYL ਤੇ ਭਾਈ ਬਲਵਿੰਦਰ ਸਿੰਘ ਜਟਾਣਾ ਬਾਰੇ ਗੂਗਲ ਕਰ-ਕਰ ਪੜ੍ਹ ਰਹੇ ਹਨ। ਪਰ ਸਾਡੇ ਕਈ ਵੀਰਾਂ ਦੀ ਸੂਈ ਬੱਬੂ ਮਾਨ ‘ਤੇ ਹੀ ਅਟਕ ਗਈ ਹੈ ਤੇ ਹੁਣ ਉਸ ਨੂੰ ਜ਼ਲੀਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਸਾਡੇ ਲਈ ਉਹ ਹਰੇਕ ਬੰਦਾ ਪੰਜਾਬ ਦਾ ਪੁੱਤ ਹੈ ਜਿਹੜਾ ‘ਪੰਜਾਬ ਜਿਓਂਦਾ ਗੁਰਾਂ ਦੇ ਨਾਂ ਤੇ” ਦੇ ਉਲਟ ਨਹੀਂ ਭੁਗਤਦਾ। ਬੱਬੂ ਮਾਨ ਵੀ ਕੋਈ ਪੰਜਾਬ ਦਾ ਗੱਦਾਰ ਨਹੀਂ। ਸਗੋਂ ਉਹ ਇਕ ਤੋਂ ਵੱਧ ਮੌਕੇ ਪੰਜਾਬ ਦੇ ਪੱਖ ‘ਚ ਹੀ ਭੁਗਤਿਆ ਹੈ ਤੇ ਕਿਸਾਨੀ ਮੋਰਚੇ ਵੇਲੇ ਵੀ ਇਵੇਂ ਹੀ ਸੀ। ਪਿਛਲੇ 7-8 ਸਾਲ ‘ਚ ਉਹ ਹਰੇਕ ਮੌਕੇਂ ਪੰਜਾਬ ਨਾਲ ਹੀ ਖੜਿਆ ਹੈ, ਸਮੇਤ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਬੰਦੀ ਸਿੰਘਾਂ ਲਈ ਰੱਖੀ ਭੁੱਖ ਹੜਤਾਲ ਦੇ। ਯਾਦ ਰਹੇ ਖਾਲਸਾ ਨੂੰ ਵੀ ਗਦਾਰੀ ਦੇ ਫਤਵਿਆਂ ਦੇ ਦਬਾਅ ਹੇਠ ਜਾਨ ਦੇਣੀ ਪਈ ਸੀ।

ਹੁਣ ਬੱਬੂ ਮਾਨ ਨਾਲ ਵੀ ਉਹੀ ਹੋ ਰਿਹਾ ਹੈ, ਜੋ ਸਿੱਧੂ ਮੂਸੇਵਾਲੇ ਨਾਲ ਜਿਊਂਦੇ ਜੀਅ ਹੋਇਆ। ਉਸ ਨੂੰ ਜਿਊਂਦੇ ਜੀਅ ਹਰੇਕ ਛੋਟੀ ਵੱਡੀ ਗੱਲ ਜਾਂ ਗਲਤੀ ਲਈ ਪੁਣਿਆ ਗਿਆ, ਬਹੁਤੇ ਲੋਕਾਂ ਨੂੰ ਉਸ ਦੀ ਸਮਝ ਉਸ ਦੇ ਮਰਨ ਤੋਂ ਬਾਅਦ ਆਈ। ਬਥੇਰਿਆਂ ਨੂੰ ਪਛਤਾਵਾ ਵੀ ਹੋਇਆ।

ਜੇ ਪੰਜਾਬ ਦੇ ਦੋ ਪੁੱਤ ਆਪਸ ਚ ਲੜ ਪਏ ਤਾਂ ਸਾਡਾ ਕੰਮ ਉਨ੍ਹਾਂ ਦੀ ਲੜਾਈ ਨੂੰ ਵਧਾਉਣਾ ਨਹੀਂ ਸਗੋਂ ਦੋਹਾਂ ਨੂੰ ਸਮਝਾ ਕੇ ਅੱਗੇ ਚਲਾਉਣਾ ਹੋਣਾ ਚਾਹੀਦਾ ਹੈ। ਭਾਵੇਂ ਉਸ ਨੇ ਨਾਂ ਅਤੇ ਉਦਾਹਰਣਾਂ ਹੋਰ ਵਰਤੀਆਂ ਸਨ ਪਰ ਦੀਪ ਸਿੱਧੂ ਦੇ ਕਹਿਣ ਮੁਤਾਬਕ ਅਖੀਰ ਪੰਜਾਬ ਵਾਲੇ ਆਪੋ-ਆਪਣੇ ਵਖਰੇਵਿਆਂ ਦੇ ਹੁੰਦਿਆਂ ਇਧਰ ਹੀ ਭੁਗਤਣਗੇ। ਜੇ ਦੀਪ ਸਿੱਧੂ ਦੀ ਸਮਝ ਵਰਤਣੀ ਹੈ ਤਾਂ ਬੱਬੂ ਅਤੇ ਸ਼ੁਭਦੀਪ ਦੋਵੇਂ ਹੀ ਵੱਡੀ ਲਾਈਨ ਦੇ ਇੱਧਰਲੇ ਪਾਸੇ ਖੜ੍ਹੇ ਹਨ। ਦੀਪ ਨੇ ਤਾਂ ਵੱਡੀ ਲਾਈਨ ਦੇ ਇਧਰ ਲਿਆਉਣ ਦਾ ਘੇਰਾ ਰਵਨੀਤ ਬਿੱਟੂ ਤੱਕ ਵਧਾ ਦਿੱਤਾ ਸੀ ।

26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਏ ਘਟਨਾਕ੍ਰਮ ਵੇਲੇ ਅਸੀਂ ਲਗਾਤਾਰ ਕਿਸਾਨ ਆਗੂਆਂ ਖਾਸ ਕਰਕੇ ਕੁਝ ਖੱਬੇ ਪੱਖ ਲੀਡਰਾਂ ਦੀ ਕਾਫੀ ਤਿੱਖੀ ਆਲੋਚਨਾ ਕੀਤੀ ਸੀ । ਉਨ੍ਹਾਂ ਹਾਲਾਤਾਂ ਵਿਚ ਕੀਤੀ ਗਈ ਉਸ ਕੁਮੈਂਟਰੀ ‘ਤੇ ਅਸੀਂ ਅੱਜ ਵੀ ਕਾਇਮ ਹਾਂ, ਪਰ ਸਾਨੂੰ ਹੁਣ ਉਸ ਤੋਂ ਅੱਗੇ ਆਉਣ ਦੀ ਲੋੜ ਹੈ। ਅਸਲ ਵਿਚ ਪਿਛਲੇ ਦੋ ਕੁ ਸਾਲ ਵਿਚ ਸਾਰਿਆਂ ਦੀ ਸਮਝ evolve ਹੋਈ ਹੈ, ਸੋਚ ਦਾ ਘੇਰਾ ਵਧਿਆ ਹੈ। ਇਤਿਹਾਸ ਅਤੇ ਘਟਨਾਵਾਂ ਬਾਰੇ ਵੀ ਸਾਰਿਆਂ ਦੀ ਸਮਝ ਵਿੱਚ ਥੋੜ੍ਹੀ ਜਾਂ ਬਹੁਤੀ ਤਬਦੀਲੀ ਆਈ ਹੈ।

ਅਸਲ ਚ ਬੱਬੂ ਮਾਨ ਦਾ ਰੋਣਾ ਵੀ ਫਿਕਰਮੰਦੀ ‘ਚੋਂ ਉਪਜਿਆ ਸੀ। ਤੁਸੀਂ ਇਸਨੂੰ ਵੱਧ ਤੋਂ ਵੱਧ ਉਸਦੀ ਕਮਜ਼ੋਰੀ ਸਮਝ ਹੋ ਸਕਦੀ ਹੈ। ਪਰ ਇਹ ਕਮਜ਼ੋਰੀ ਵੀ ਕੌਮੀ ਫਿਕਰ ਵਾਲੀ ਸੀ। ਸਾਰਿਆਂ ਦੀ ਫ਼ਿਕਰ ਉਦੋਂ ਮੋਰਚਾ ਅਤੇ ਮੋਰਚਾ ਅਤੇ ਉੱਥੇ ਬੈਠੇ ਆਪਣੇ ਲੋਕਾਂ ਨੂੰ ਬਚਾਉਣਾ ਸੀ। ਦੁਨੀਆਂ ਭਰ ਵਿੱਚ ਵਸਣ ਵਾਲਾ ਸਾਰਾ ਪੰਜਾਬ ਆਪਣੇ ਆਪ ਨੂੰ ਮੋਰਚੇ ਵਿਚ emotionally invest ਕਰੀ ਬੈਠਾ ਸੀ। ਮੋਰਚੇ ‘ਚ ਚੁੱਭੀ ਇਕ ਸੂਈ ਸਾਰਿਆਂ ਦੇ ਨਸ਼ਤਰ ਵਾਂਗ ਵੱਜਦੀ ਸੀ। ਲੋਕਾਂ ਦੀ ਸਮਝ ਵੱਖੋ-ਵੱਖਰੀ ਸੀ ਪਰ ਮੋਰਚੇ ਪ੍ਰਤੀ ਫਿਕਰ ਅਤੇ ਸਮਰਪਣ ਤਕਰੀਬਨ ਇੱਕੋ ਜਿਹਾ ਸੀ।

ਜੇ ਇਹ ਵੀ ਮੰਨ ਲਈ ਹੈ ਕਿ ਉਸ ਵੇਲੇ ਬੱਬੂ ਮਾਨ ਨੇ ਵੱਡੀ ਗਲਤੀ ਕੀਤੀ ਸੀ ਤਾਂ ਵੀ ਇੱਕੋ ਗਲਤੀ ਨਾਲ ਉਸ ਨੂੰ ਡਿਫਾਈਨ ਨਹੀਂ ਕਰਨਾ ਚਾਹੀਦਾ। ਮੂਸੇਵਾਲੇ ਨਾਲ ਕੀਤਾ ਧੱਕਾ ਸਾਨੂੰ ਦੂਜਿਆਂ ਨਾਲ ਨਹੀਂ ਦੁਹਰਾਉਣਾ ਚਾਹੀਦਾ ।

ਤੁਹਾਡੇ ਆਪਸ ਵਿੱਚ ਵਖਰੇਵੇਂ ਹੋ ਸਕਦੇ ਨੇ ਪਰ ਦਿੱਲੀ ਨੂੰ ਸਾਡੇ ਸਾਰੇ ਦੁੱਲੇ ਰੜਕਦੇ ਨੇ। ਉਹ ਅੱਡ-ਅੱਡ ਵਿਚਾਰਧਾਰਾਵਾਂ ‘ਚ ਬੱਝੇ ਪੰਜਾਬ ਦੇ ਸਪੂਤਾਂ ਲਈ ਇੱਕੋ ਜਿਹੇ ਬੇਕਿਰਕ ਸਨ ਤੇ ਹਨ। ਤੁਹਾਡੇ ਲਈ ਪੰਜਾਬੀ ਯੋਧੇ ਇਕ ਦੂਜੇ ਦੇ ਉਲਟ ਹੋ ਸਕਦੇ ਨੇ, ਹਿੰਦੂਤਵੀਆਂ ਲਈ ਦੋਵੇਂ ਬਰਾਬਰ ਦੀ ਨਫਰਤ ਦੇ ਪਾਤਰ ਨੇ। ਇਥੋਂ ਹੀ ਸਮਝ ਲਈਏ ਕਿ ਦੀਪ ਸਿੱਧੂ ਤੇ ਮੂਸੇਵਾਲੇ ਦੇ ਜਹਾਨੋਂ ਜਾਣ ਤੋਂ ਬਾਅਦ ਹਿੰਦੂਤਵੀ ਲਾਣੇ ਦੀ ਨਫਰਤ ਇੱਕੋ ਜਿਹੀ ਸੀ।

ਬੱਬੂ ਮਾਨ ਨਾਲ ਸਿੱਧੂ ਮੂਸੇਵਾਲੇ ਦੀ ਲੜਾਈ ਉਸਦੇ ਨਾਲ ਹੀ ਖ਼ਤਮ ਹੋ ਗਈ। ਵੈਸੇ ਉਹ ਲੜਾਈ ਸ਼ਾਇਦ ਕੋਈ ਬਹੁਤੀ ਹੈ ਵੀ ਨਹੀਂ ਸੀ। ਕੋਈ ਸਿਆਣਾ ਬਜ਼ੁਰਗ ਸ਼ਾਇਦ ਦੋਵਾਂ ਨੂੰ ਕੰਨੋਂ ਫੜ ਕੇ ਇਕੋ ਮੰਜੇ ‘ਤੇ ਵੀ ਬਿਠਾ ਦਿੰਦਾ ਲਾਈਨ ਦੇ ਇੱਧਰ ਖੜ੍ਹਨ ਵਾਲਿਆਂ ਦੀਆਂ ਛੋਟੀਆਂ-ਮੋਟੀਆਂ ਗਲਤੀਆਂ ਅਣਗੌਲਣ ਦੀ ਆਦਤ ਪਾਓ। ਘੱਟੋ ਘੱਟ ਬੰਦਾ ਖਤਮ ਕਰਨ ਤੱਕ ਨਾ ਜਾਓ। ਉਹ ਵੀ ਪੰਜਾਬ ਦੀ ਹੀ ਆਵਾਜ਼ ਹੈ।
ਬਾਕੀ SYL ਗਾਣੇ ਦੀ ਥਾਹ ਹਾਲੇ ਪੈਣੀ ਹੈ, ਪਤਾ ਨਹੀਂ ਇਸਦਾ ਪ੍ਰਭਾਵ ਕਿੱਥੇ ਕੁ ਤੱਕ ਜਾਣਾ ਤੇ ਕਿੰਨਾ ਡੂੰਘਾ ਪੈਣਾ। ਸਟੇਟ ਦਾ ਵੱਡਾ ਪ੍ਰਚਾਰ ਤੰਤਰ ਵੀ ਸ਼ਾਇਦ ਇਸਦੇ ਪ੍ਰਭਾਵ ਨੂੰ ਡੱਕ ਨਾ ਸਕੇ। ਗੱਲ ਬਹੁਤੀ ਉੱਚੀ ਕਰ ਗਿਆ ਮੂਸੇਵਾਲਾ। ਗਾਣਾ ਰਪੀਟ ਮੋਡ ‘ਤੇ ਕਈ ਵਾਰੀ ਸੁਣਿਆ ਤੇ ਮਨ ਹੋਰ ਉਦਾਸ ਹੋਇਆ।

=================
#Unpopular_Opinions