ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਦਾ ਕਿਵੇਂ ਹੋਇਆ ਸੀ ਕਤਲ, ਕਿਸਨੇ ਕੀਤੀ ਸੀ ਮੁਖ਼ਬਰੀ

0
788

#SidhuMooseWala #SYL #NewSong #Released #BalwinderSinghjatana #SongReleased Disclaimer – Video – Pro Punjab Tv, Content Sukhpreet Singh Udhoke (Book Att Da Ant) Punjab Spectrum does not vouch for its authenticity and cannot independently verify its authenticity
ਪੂਹਲੇ ਵੱਲੋਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਵਹਿਸ਼ੀ ਕਤਲੇਆਮ’- ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਸਿੱਖ ਨੌਜਵਾਨਾਂ ਹੱਥੋਂ ਪੂਹਲੇ ਦੀ ਸੜ ਕੇ ਹੋਈ ਮੌਤ ਉਪਰੰਤ ਤਕਰੀਬਨ ਹਰ ਜ਼ੁਬਾਨ ਉਪਰ ਉਸ ਵੱਲੋਂ ਕੀਤੀਆਂ ਜ਼ਾਲਮਾਨਾ ਕਾਰਵਾਈਆਂ ਦੀ ਘੁਸਰ-ਮੁਸਰ ਹੁੰਦੀ ਰਹੀ। ਬਾਬਾ ਦੀਪ ਸਿੰਘ ਮੁਖੀ ’,’ਕਿਰਤੀ ਤਰਨਾ ਦਲ ਮਿਸਲ ਸ਼ਹੀਦਾਂ ਨਾਲ ਮੇਰਾ ਗੂੜਾ ਵਾਹ ਹੋਣ ਕਰਕੇ ਅਕਸਰ ਮੇਰੇ ਜਾਣੂ ਸੱਜਣ ਮੇਰੇ ਨਾਲ ਵੀ ਇਸ ਬਾਰੇ ਕਾਫ਼ੀ ਸਲਾਹ-ਮਸ਼ਵਰਾ ਕਰਦੇ ਰਹੇ ਪ੍ਰੰਤੂ ਅਸਲੀਅਤ ਵਿਚ ਮੈਨੂੰ ਉਹਨਾਂ ਕੋਲੋਂ ਪੂਹਲੇ ਅਤੇ ਸਿੱਖ ਜੁਝਾਰੂਆਂ ਬਾਰੇ ਕੁਝ ਵੱਧ ਸਿੱਖਣ ਦਾ ਮੌਕਾ ਮਿਲਿਆ।

ਬਾਬਾ ਦੀਪ ਸਿੰਘ ਹੋਰਾਂ ਵੱਲੋਂ ਆਪਣੇ ਜੱਦੀ ਪਿੰਡ ਵਿਖੇ ਨਿੱਜੀ ਰਿਹਾਇਸ਼ ਸਥਾਨ ਉਪਰ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸੀ। ਭੋਗ ਤੋਂ ਇਕ ਦਿਨ ਪਹਿਲਾਂ ਮੈਨੂੰ ਸ਼ਹੀਦ ਭਾਈ ਜੋਗਾ ਸਿੰਘ ਖ਼ਾਨਪੁਰ ਦੇ ਛੋਟੇ ਭਰਾ ਭਾਈ ਰਣਜੀਤ ਸਿੰਘ ਖ਼ਾਨਪੁਰ ਹੋਰਾਂ ਦੇ ਪਰਿਵਾਰ ਦਾ ਫ਼ੋਨ ਆਇਆ ਕਿ ਵੀਰ ਜੀ ਸਾਨੂੰ ਵੀ ਬਟਾਲੇ ਤੋਂ ਨਾਲ ਹੀ ਸਮਰਾਏ ਵਿਖੇ ਬਾਬਾ ਦੀਪ ਸਿੰਘ ਹੋਰਾਂ ਦੇ ਘਰ ਲੈ ਚਲਿਓ। ਮੈਂ ਵੈਸੇ ਤਾਂ ਪਿੰਡ ਤੋਂ ਸਿੱਧਾ ਹੀ ਬਾਬਾ ਦੀਪ ਸਿੰਘ ਹੋਰਾਂ ਕੋਲ ਪਹੁੰਚਣਾ ਸੀ ਪਰੰਤੂ ਖ਼ਾਨਪੁਰ ਪਰਿਵਾਰ ਨੂੰ ਲੈਣ ਮੈਨੂੰ ਬਟਾਲੇ ਦੇ ਰਸਤੇ ਜਾਣਾ ਪਿਆ। ਬਟਾਲੇ ਪਹੁੰਚਿਆ ਤਾਂ ਮੇਰੀ ਗੱਡੀ ਦਾ ਥੋੜਾ ਕੰਮ ਹੋਣ ਵਾਲਾ ਸੀ ਮੈਂ ਆਪਣੇ ਇਕ ਖ਼ਾਸ ਦੋਸਤ ਨੂੰ ਫੋਨ ਕੀਤਾ ਅਤੇ ਉਹ ਆਪਣੀ ਗੱਡੀ ਲੈ ਕੇ ਆ ਗਿਆ। ਮੈਂ ਆਪਣੀ ਗੱਡੀ ਮੈਕੇਨਿਕ ਦੇ ਹਵਾਲੇ ਕੀਤੀ ਅਤੇ ਖ਼ੁਦ ਖ਼ਾਨਪੁਰ ਪਰਿਵਾਰ ਅਤੇ ਆਪਣੇ ਦੋਸਤ ਸਮੇਤ ਬਾਬਾ ਦੀਪ ਸਿੰਘ ਹੋਰਾਂ ਦੇ ਪਿੰਡ ਵੱਲ ਨੂੰ ਤੁਰ ਪਿਆ। ਬਟਾਲੇ ਤੋਂ ਤਕਰੀਬਨ ੪੦-੪੫ ਮਿੰਟ ਦਾ ਰਸਤਾ ਹੈ। ਪੂਹਲੇ ਨੂੰ ਖ਼ਤਮ ਹੋਏ ਅਜੇ ੫-੬ ਦਿਨ ਹੀ ਹੋਏ ਸਨ। ਪੂਹਲੇ ਬਾਰੇ ਅਸੀਂ ਖਾਨਪੁਰ ਪਰਿਵਾਰ ਨਾਲ ਗੱਲਾਂ ਕਰਦੇ ਰਹੇ ਅਤੇ ਅਖੀਰ ਪੂਹਲੇ ਦੇ ਕਹਿਰ ਤੋਂ ਪੀੜਤ ਜਟਾਣਾ ਪਰਿਵਾਰ ਦੀ ਵੀ ਗੱਲ ਤੁਰ ਪਈ।

ਮੇਰੇ ਦੋਸਤ ਨੇ ਦੱਸਿਆ, ’’ਸੁਖ, ਭਾਈ ਬਲਵਿੰਦਰ ਸਿੰਘ ਜਟਾਣਾ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਦਾ ਵਿਅਕਤੀ ਸੀ। ਬਹੁਤ ਹੀ ਦੂਰ-ਅੰਦੇਸ਼ ਅਤੇ ਸਬਰ ਸਿਦਕ ਵਾਲਾ ਸੂਰਮਾ ਸੀ…….ਜਦੋਂ ਜਟਾਣੇ ਪਰਿਵਾਰ ਨਾਲ ਇਹ ਕਹਿਰ ਵਾਪਰਿਆ ਤਾਂ ਅਸੀਂ ਚੰਡੀਗੜ ਸੀ ਅਤੇ ਜਿਥੇ ਸਾਡਾ ਆਉਣ-ਜਾਣ ਸੀ ਉਥੇ ਭਾਈ ਜਟਾਣੇ ਦਾ ਕਾਫ਼ੀ ਪਿਆਰ ਸੀ।’’

ਭਾਈ ਜਟਾਣਾ ਉਥੇ ਆਇਆ…. ਮਨ ਉਪਰ ਕਿਸੇ ਤਰਾਂ ਦਾ ਬੋਝ ਨਹੀਂ ਲੱਗ ਰਿਹਾ… ਚਿਹਰੇ ਅਤੇ ਗੱਲਬਾਤ ਤੋਂ ਬਿਲਕੁਲ ਆਮ ਵਰਗਾ ਸੀ। ਬਟਾਲੇ ਤੋਂ ਇਕ ਸਾਬਕਾ ਫੌਜੀ ਅਫ਼ਸਰ (ਜੋ ਬਟਾਲੇ ਦੇ ਇਕ ਮਸ਼ਹੂਰ ਡਾ. ਸਾਹਿਬ ਦੇ ਬੇਟੇ ਸਨ, ਅਤੇ ਖਾੜਕੂਆਂ ਨਾਲ ਸੰਬੰਧਾਂ ਦੇ ਦੋਸ਼ ਵਿਚ ਪੁਲਿਸ ਨੇ ਲਾਪਤਾ ਕਰ ਦਿੱਤੇ ਸਨ) ਹੋਰਾਂ ਨੇ ਭਾਈ ਜਟਾਣੇ ਨਾਲ ਪਰਿਵਾਰ ਉਪਰ ਵਾਪਰੇ ਕਹਿਰ ਬਾਰੇ ਦੁਖ ਸਾਂਝਾ ਕੀਤਾ ਤਾਂ ਭਾਈ ਜਟਾਣਾ ਨੇ ਬੜੇ ਮਿਠਬੋਲੜੇ ਲਹਿਜੇ ਨਾਲ ਨਿਮਰਤਾ ਨਾਲ ਕਿਹਾ, ’’ਵੀਰ ਜੀ, ਜੋ ਵਾਹਿਗੁਰੂ ਦਾ ਹੁਕਮ ਹੈ…. ਬਾਕੀ ਸ਼ਾਇਦ ਸੋਡੇ (ਸਾਡੇ) ਤੇ ਗੁਰੂ ਨੇ ਇੰਝ ਹੀ ਕਿਰਪਾ ਕਰਨੀ ਸੀ ਆਪਣੇ ਚਰਨੀਂ ਲਾਉਣਾ ਸੀ… ਮੈਂ ਤਾਂ ਘਰੋਂ ਇਕੱਲਾ ਹੀ ਤੁਰਿਆ ਸੀ, ਪਰ ਵਾਹਿਗੁਰੂ ਨੇ ਪਰਿਵਾਰ ਕੋਲੋਂ ਵੀ ਸੇਵਾ ਲੈ ਲਈ, ਇਹ ਤਾਂ ਗੁਰੂ ਪਾਤਸ਼ਾਹ ਜੀ ਦੀ ਹੀ ਬਖਸ਼ਿਸ਼ ਹੈ ਨਹੀਂ ਤਾਂ ਸਿਮਰ (ਆਪਣੇ ਭਾਣਜੇ ਸਿਮਰਜੀਤ ਬਾਰੇ) ਤਾਂ ਵਿਚਾਰਾਂ ਤੁਰ ਵੀ ਨਹੀਂ ਸੀ ਸਕਦਾ ਉਹਦੇ ਸਵਾਸ ਵੀ ਪੰਥ ਦੇ ਲੇਖੇ ਲੱਗ ਗਏ।’’

ਇਹ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਸਬਰ ਦੇ ਪਿਆਰਾ ਜੋ ਇਹਨਾਂ ਕੁਝ ਹੋ ਜਾਣ ਤੇ ਵੀ ਨਾ ਭਰਿਆ। ਪੂਹਲੇ ਨਿਹੰਗ ਨੇ ਜੋ ਕੁਝ ਇਸ ਪਰਿਵਾਰ ਨਾਲ ਕੀਤਾ ਇਸ ਦੀ, ਜਾਣਕਾਰੀ ਭਾਈ ਬਲਜੀਤ ਸਿੰਘ ਨੇ ਇੰਝ ਦਿੱਤੀ ਹੈ, ਬਲਵਿੰਦਰ ਸਿੰਘ ਜਟਾਣਾ ੨੫ ਕੁ ਸਾਲ ਦੀ ਭਰ ਉਮਰ ਜੁਆਨੀ ਉਮਰ ਵਿੱਚ ਘਰ ’ਚੋਂ ਨਿਕਲ ਕੇ ਰਣ ਤੱਤੇ ਵਿੱਚ ਵੜਿਆ ਸੀ। ੧੯੮੭ ਤੋਂ ਲੈ ਕੇ ੧੯੯੧ ਤੱਕ ਉਹ ਆਪਣੇ ਇਲਾਕੇ ਅੰਦਰ ਸਰਗਰਮ ਰਿਹਾ ਤੇ ਉਸ ਨੇ ਹਿੰਦੁਸਤਾਨੀ ਸਰਕਾਰੀ ਮਸ਼ੀਨਰੀ ਦੀਆਂ ਕਈ ਮਹੱਤਵਪੂਰਨ ਚੂਲਾਂ ਹਲਾਈਆਂ, ਪਰ ਇਲਾਕੇ ਦੇ ਹਿੰਦੂ ਵੀ ਉਸ ਨੂੰ ਆਪਣਾ ਰਾਖਾ ਮੰਨਦੇ ਸਨ। ਹਿੰਦੁਸਤਾਨੀ ਹਕੂਮਤ ਉਸ ਤੇ ਦਬਾਅ ਪਾਉਣ ਲਈ ਉਸ ਦੇ ਪਿਤਾ ਚਾਚੇ ਤੇ ਭਰਾਵਾਂ ਨੂੰ ਆਏ ਦਿਨ ਥਾਣਿਆਂ ਅੰਦਰ ਲਿਆ ਕੇ ਵਹਿਸ਼ੀ ਜ਼ੁਲਮ ਦਾ ਸ਼ਿਕਾਰ ਬਣਾਉਦੀ ਰਹੀ ਪਰ ਭਾਈ ਜਟਾਣਾ ਇਸ ਦਬਾਅ ਵਿੱਚ ਆਏ ਬਿਨਾਂ ਸੰਘਰਸ਼ ਵਿੱਚ ਬੇਪਰਵਾਹੀ ਨਾਲ ਸਰਗਰਮ ਰਹੇ। ਉਨ੍ਹਾਂ ਦੇ ਕਾਰਨਾਮੇ ਹਿੰਦੁਸਤਾਨੀ ਤਖਤ ਨੂੰ ਜੜ੍ਹਾਂ ਤੋਂ ਹਿਲਾਉਣ ਵਾਲੇ ਹੁੰਦੇ ਸਨ।

ਇਸੇ ਹੀ ਚਲਦੇ ਸੰਘਰਸ਼ ਵਿੱਚ ਚੰਡੀ੍ਹਗੜ ਦੇ ਐਸ.ਐਸ.ਪੀ ਸੁਮੇਧ ਸੈਣੀ ਦੀ ਕਾਰ ਇੱਕ ਬੰਬ ਧਮਾਕੇ ਵਿੱਚ ਉੱਡਾ ਦਿੱਤੀ ਗਈ। ਸੈਣੀ ਜ਼ਖਮੀ ਹੋ ਗਿਆ।ਹਿੰਦੁਸਤਾਨੀ ਖੁਫ਼ੀਆ ਏਜੰਸੀਆਂ ਨੇ ਇਸ ਧਮਾਕੇ ਵਿੱਚ ਬਲਵਿੰਦਰ ਸਿੰਘ ਦਾ ਹੱਥ ਹੋਣਾ ਦੱਸਿਆ। ਆਮ ਤੌਰ ਤੇ ਜਦੋਂ ਕਿਸੇ ਜੁਝਾਰੂ ਸਿੰਘ ਵੱਲੋਂ ਕਿਸੇ ਕਾਰਨਾਮੇ ਨੂੰ ਸਰੰਜ਼ਾਮ ਦਿੱਤਾ ਜਾਂਦਾ ਸੀ ਤਾਂ ਹਿੰਦੁਸਤਾਨੀ ਪੁਲੀਸ ਫੋਰਸਾਂ ਉਸ ਜੁਝਾਰੂ ਦੇ ਪਰਵਾਰ ਨੂੰ ਚੁੱਕ ਕੇ ਥਾਣੇ ਲੈ ਜਾਂਦੀਆਂ ਤੇ ਤਸ਼ਦੱਦ ਕਰਦੀਆਂ ਸਨ, ਪਰ ਭਾਈ ਜਟਾਣਾ ਤੇ ਕਹਿਰਵਾਨ ਹਿੰਦੁਸਤਾਨੀ ਸਰਕਾਰੀ ਮਸ਼ੀਨਰੀ ਹੁਣ ਸ਼ਾਇਦ ਕੁਝ ਵਧੇਰੇ ਹੌਲਨਾਕ ਕਰਨ ਦਾ ਮਨ ਬਣਾ ਚੁੱਕੀ ਸੀ।

ਜ਼ਖਮੀ ਸੁਮੇਧ ਸੈਣੀ ਨੂੰ ਪ੍ਰਸਿੱਧ ਹਿੰਦੁਸਤਾਨੀ ਕੈਟ ਪੂਹਲਾ ਪੀ.ਜੀ.ਆਈ ਵਿੱਚ ਮਿਲਿਆ ਜਾਂ ਮਿਲਾਇਆ ਗਿਆ ਅੰਦਰ ਬੈਠ ਕੇ ਕੀ-ਕੀ ਗੱਲਾਂ ਹੋਈਆਂ, ਇਹ ਉਦੋਂ ਥੋੜਾ-ਥੋੜਾ ਸਪੱਸ਼ਟ ਹੋ ਗਿਆ, ਜਦੋਂ ਪੂਹਲਾ ਆਪਣੇ ਮਨ ਦੀ ਗਲ ਨੂੰ ਲੁਕਾ ਕੇ ਨਾਂ ਰੱਖ ਸਕਿਆ।ਉਸ ਨੇ ਨਸ਼ੇ ਦੀ ਲੋਰ ਵਿੱਚ ਪੱਤਰਕਾਰਾਂ ਨੂੰ ਸਪੱਸ਼ਟ ਕਹਿ ਦਿੱਤਾ ਕਿ ਸੁਮੇਧ ਸੈਣੀ ਤੇ ਹੋਏ ਹਮਲੇ ਦਾ ਬਦਲਾ ਲਿਆ ਜਾਵੇਗਾ।

ਇਹ ਬਦਲਾ ਲੈਣ ਦਾ ਢੰਗ ਹਿੰਦੁਸਤਾਨ ਦੀ ਹਕੂਮਤ ਵੱਲੋਂ ਪ੍ਰਵਾਣਿਤ ਢੰਗ ਸੀ ਜਿਸ ਅਨੁਸਾਰ ਕਿਸੇ ਜੁਝਾਰੂ ਦੇ ਕਾਰੇ ਦਾ ਬਦਲਾ ਉਸ ਦੇ ਬੇਦੋਸ਼ੇ ਸਬੰਧੀਆਂ ਤੋਂ ਲਿਆ ਜਾਂਦਾ ਹੈ ।ਮਿਤੀ ੩੦ ਅਗਸਤ ੧੯੯੧ ਦੀ ਰਾਤ ਪੈਂਦਿਆਂ ਹੀ ਨਿਹੰਗ ਬਾਣਿਆਂ ਦੇ ਹੇਠ ਲੁਕੇ ਕੁਝ ਹਥਿਆਰ ਬੰਦ ਬੰਦਿਆਂ ਦੀ ਟੋਲੀ ਖੁਮਾਣੋ ਨੇੜਲੇ ਪਿੰਡ ਜਟਾਣਾ ਵਿੱਚ ਪਹੁੰਚੀ ਅਤੇ ਬਲਵਿੰਦਰ ਸਿੰਘ ਦੇ ਨਾਂ ਦੇ ਜੁਝਾਰੂ ਦਾ ਘਰ ਪੁੱਛਦੀ ਰਹੀ ।ਪਰ ਉਸ ਪਿੰਡ ਵਿੱਚ ਕੋਈ ਬਲਵਿੰਦਰ ਸਿੰਘ ਨਾਂ ਦਾ ਜੁਝਾਰੂ ਨਹੀਂ ਸੀ।ਥੱਕ ਹਾਰ ਕੇ ਆਖਰ ਵਾਇਰਲੈੱਸ ਦਾ ਇਸਤੇਮਾਲ ਕੀਤਾ ਗਿਆ।ਇਸ ਤੋਂ ਬਾਅਦ ਇਸ ਟੋਲੀ ਨੂੰ ਸੇਧ ਮਿਲ ਗਈ ਉਹ ਪਿੰਡ ਜਟਾਣਾ ਖਮਾਣੋ ਦੇ ਕੋਲ ਨਹੀਂ,ਬਲਕਿ ਚਮਕੌਰ ਸਾਹਿਬ ਦੇ ਨੇੜੇ ਹੈ ।ਇਨ੍ਹਾਂ ਹਥਿਆਰਬੰਦ ਬੰਦਿਆਂ ਦੀ ਟੋਲੀ ਫਿਰ ਘੂਕਰ ਪਾਉਂਦੀ ਚਮਕੌਰ ਸਾਹਿਬ ਵੱਲ ਨੂੰ ਰਵਾਨਾ ਹੋ ਗਈ।

੩੦ ਅਗਸਤ ਦੀ ਅੱਧੀ ਰਾਤ ਨੂੰ ਉਲੰਘ ਕੇ ਘੜੀ ਦੀਆਂ ਸੂਈਆਂ ੩੧ ਅਗਸਤ ਦੀ ਸਵੇਰ ਵਿੱਚ ਦਾਖਲ ਹੋ ਚੁੱਕੀਆਂ ਸਨ ,ਜਦੋਂ ਇਹ ਟੋਲੀ ਚਮਕੌਰ ਸਾਹਿਬ ਨੇੜਲੇ ਪਿੰਡ ਵਿੱਚ ਦਾਖ਼ਲ ਹੋਈ ਹੁਣ ਇਸ ਟੋਲੀ ਨੇ ਕਿਸੇ ਨੂੰ ਬਲਵਿੰਦਰ ਸਿੰਘ ਦਾ ਘਰ ਪੁੱਛਣ ਦੀ ਲੋੜ ਨਹੀਂ ਸੀ ਸਮਝੀ, ਸਥਾਨਕ ਸਰਕਾਰੀ ਮਸ਼ੀਨਰੀ ਦਾ ਕੋਈ ਪੁਰਜਾ ਨਾਲ ਆ ਮਿਲਣ ਦਾ ਇਹ ਪੱਕਾ ਪ੍ਰਮਾਣ ਸੀ । ਦਿਨ ਦੇ ਤਿੰਨ ਕੁ ਵਜੇ ਦੇ ਲਗ-ਭਗ ਇਹ ਟੋਲੀ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਘਰ ਵਿੱਚ ਦਾਖਲ ਹੋਈ।ਘਰ ਵਿੱਚ ਇਸ ਵੇਲੇ ਚਾਰ ਮੈਂਬਰ ਸਨ :

ਬਲਵਿੰਦਰ ਸਿੰਘ ਦੀ ਬਿਰਧ ਦਾਦੀ ਦਵਾਰਕੀ ਕੌਰ (੮੦ਸਾਲ) ਜਟਾਣੇ ਦੀ ਚਾਚੀ (ਜੋ ਮਾਸੀ ਵੀ ਸੀ) ਜਸਮੇਰ ਕੌਰ (੪੦ ਸਾਲ) ਜਟਾਣੇ ਦੇ ਚਾਚੇ ਦੀ ਸੱਤਵੀਂ ਕਲਾਸ ’ਚ ਪੜ੍ਹਦੀ ਲੜਕੀ ਮਨਪ੍ਰੀਤ ਕੌਰ (੧੩ ਸਾਲ) ਭਾਈ ਜਟਾਣੇ ਦਾ ਪੋਲੀਓ ਗ੍ਰਸਤ ਭਾਣਜਾ ਸਿਮਰਨਜੀਤ ਸਿੰਘ (੫ ਸਾਲ) ਇਨ੍ਹਾਂ ਚਾਰਾਂ ਨੂੰ ਕਿਸ ਬੇਰਹਿਮੀ ਨਾਲ ਗੋਲੀਆਂ ਦੇ ਨਾਲ ਭੁੰਨਿਆਂ ਗਿਆ,ਇਸ ਦਾ ਅੰਦਾਜ਼ਾ ਲਾਸ਼ਾ ਨੂੰ ਵੇਖ ਕੇ ਹੀ ਲਾਇਆ ਜਾ ਸਕਦਾ ਸੀ ।ਪੋਲੀਓ ਗ੍ਰਸਤ ੫ ਸਾਲ ਦੇ ਬੱਚੇ ਨੂੰ ਮੰਜੇ ਦੇ ਉੱਪਰ ਹੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ ਜਦ ਕਿ ਬਾਕੀ ਲਾਸ਼ਾਂ ਕਮਰੇ ਅੰਦਰ ਖਿਲਰੀਆਂ ਪਈਆਂ ਸਨ ।

ਅਗਲੀ ਭਲਕ ਜਦੋਂ ਇਸ ਵਾਰਦਾਤ ਦੀ ਖਬਰ ਇਲਾਕੇ ਵਿੱਚ ਫੈਲੀ,ਅੰਦਰਲੇ ਇੱਕ ਖੁਫ਼ੀਆਂ ਪੁਲੀਸ ਦੇ ਮੁਲਾਜ਼ਮ ਨੇ ਪਿੰਡ ਦੇ ਇੱਕ ਸ਼ਖਸ਼ ਨਾਲ ਇਸ ਬਾਰੇ ਗੱਲਬਾਤ ਕਰਦਿਆਂ ਸਰਸਰੀ ਪੁਛ ਲਿਆ,
ਕਿੰਨ੍ਹੇ ਮੈਂਬਰ ਮਾਰੇ ਗਏ ਆ? ਚਾਰ………….,ਉਸ ਨੇ ਦੱਸਿਆ। ਹੈਂ…! ਚਾਰ ……..? ਮੈਂ ਤਾਂ ਸੁਣਿਆਂ ਸੀ ਪੰਜ ਮੈਂਬਰ ਨੇ ………….। ਉਸ ਖੁਫੀਆਂ ਮੁਲਾਜ਼ਮ ਨੇ ਹੈਰਾਨੀ ਨਾਲ ਕਿਹਾ।

ਉਸ ਖੁਫ਼ੀਆਂ ਮਹਿਕਮੇਂ ਦੇ ਮੁਲਾਜ਼ਮ ਦੀ ਇਸ ਹੈਰਾਨੀ ਦੀ ਸਮਝ ਵੀ ਪਰਵਾਰ ਤੇ ਇਲਾਕੇ ਦੇ ਮੈਂਬਰਾਂ ਨੂੰ ਬਾਅਦ ਵਿੱਚ ਲੱਗੀ ।ਦਰ ਅਸਲ ਇਸ ਵਾਰਦਾਤ ਤੋਂ ਪਹਿਲਾਂ ਜਦੋਂ ਸਵੇਰ ਦੇ ਸਮੇਂ ਹਿੰਦੁਸਤਾਨੀ ਪੁਲਸ ਦੀ ਟੋਲੀ ਭਾਈ ਜਟਾਣੇ ਦੇ ਘਰ ਗੇੜਾ ਮਾਰ ਕੇ ਗਈ ਸੀ ਤਾਂ ਉਸ ਸਮੇਂ ਘਰ ਵਿੱਚ ਪੰਜ ਮੈਂਬਰ ਸਨ ।ਪਰ ਉਨ੍ਹੀ ਦਿਨੀਂ ਹਿੰਦੁਸਤਾਨੀ ਪੁਲੀਸ ਦੀ ਵਹਿਸ਼ਤ ਤੋਂ ਬਚਣ ਲਈ ਪਰਿਵਾਰ ਦੇ ਮਰਦ ਮੈਂਬਰ ਘਰ ਨਹੀਂ ਸੀ ਸੌਂਦੇ, ਆਸੇ ਪਾਸੇ ਸੌਂਦੇ ਸੀ ।ਇਸ ਲਈ ਉਸ ਦਿਨ ਘਰ ਵਿੱਚ ਹਿੰਦੁਸਤਾਨੀ ਪੁਲੀਸ ਵੱਲੋਂ ਵੇਖਿਆ ਗਿਆ ਪੰਜਵਾਂ ਮੈਂਬਰ ਭਾਈ ਜਟਾਣੇ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਰਾਤ ਨੂੰ ਸੌਣ ਲਈ ਕਿਤੇ ਹੋਰ ਗਿਆ ਹੋਇਆ ਸੀ,ਜਿਸ ਕਾਰਨ ਉਹ ਬਚ ਗਿਆ ਪਰ ਹਿੰਦੁਸਤਾਨੀ ਖੁਫ਼ੀਆ ਮਹਿਕਮਾ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਹੀ ਮਾਰੇ ਜਾਣ ਦੇ ਭਰਮ ਵਿੱਚ ਸੀ।ਭਾਈ ਜਟਾਣੇ ਦੇ ਬੇਦੋਸ਼ੇ ਪਰਿਵਾਰ ’ਤੇ ਇਹ ਕਹਿਰ ਵਰਤਾ ਕੇ ਹਿੰਦੁਸਤਾਨੀ ਸਰਕਾਰੀ ਮਸ਼ੀਨਰੀ ਨੇ ਆਪਣੀ ਵੱਲੋਂ ਬਹੁਤ ਵੱਡਾ ਬਹਾਦਰੀ ਦਾ ਕਾਰਨਾਮਾ ਕਰ ਵਿਖਾਇਆ ਸੀ, ਪਰ ਖਬਰ ਮਿਲਣ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਜੋ ਪ੍ਰਤੀ ਕਰਮ ਸੀ,ਉਸ ਨੂੰ ਜੇਕਰ ਹਿੰਦੁਸਤਾਨੀ ਜਬਰ ਜ਼ੁਲਮ ਦੇ ਮੂੰਹ ਉੱਤੇ ਸਿੱਖੀ ਸਿਦਕ ਤੇ ਸਬਰ ਦੀ ਕਰਾਰੀ ਚਪੇੜ ਕਹਿ ਲਿਆ ਜਾਵੇ ਤਾਂ ਉਹ ਅਤਿ ਕਥਨੀ ਨਹੀਂ ਹੋਵੇਗੀ ।ਭਾਈ ਜਟਾਣੇ ਦਾ ਪ੍ਰਤੀਕਰਮ ਸੀ:
ਓਹਨਾਂ ਦੀ ਸਕੀਮ ਹੋਊ ਕਿ ਸਾਡੇ ਪਰਿਵਾਰ ਮਾਰ ਕੇ ਉਹ ਸਾਨੂੰ ਜਾਨੂੰਨੀ ਬਣਾ ਦੇਣਗੇ ,ਭਈ ਅਸੀਂ ਵੀ ਬਦਲਾ ਲੈਣ ਲਈ ਬੇਦੋਸ਼ੇ ਪਰਿਵਾਰ ਮਾਰਾਂਗੇ ਤੇ ਲੀਹੋਂ ਉਖੜਜਾਂਗੇ ,ਪਰ ਆਪਾਂ ਕਿਸੇ ਦਾ ਬੇਦੋਸ਼ਾ ਪਰਿਵਾਰ ਨਹੀ ਮਾਰਨਾਂ………..।’

ਫਿਰ ਵੀ ਹਿੰਦੁਸਤਾਨੀ ਸਰਕਾਰੀ ਮਸ਼ੀਨਰੀ ਭੈਭੀਤ ਸੀ ਕਿ ਜਟਾਣਾ ਕਿਤੇ ਜ਼ਖਮੀਂ ਸ਼ੇਰ ਵਾਂਗ ਕੋਈ ਵੱਡਾ ਝਪਟਾ ਨਾਂ ਮਾਰੇ ,ਇਸ ਲਈ ਭਾਈ ਜਟਾਣੇ ਦੇ ਪਿਛੇ ਪੂਰੀ ਤਾਕਤ ਝੋਕ ਦਿੱਤੀ ਗਈ ।ਪਰਿਵਾਰ ਦੇ ਕਤਲ ਤੋਂ ਠੀਕ ਚਾਰ ਦਿਨ ਬਾਅਦ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਇੱਕ ਮੁਖ਼ਬਰ ਦੀ ਮੁਖ਼ਬਰੀ ਦੇ ਆਧਾਰ ਤੇ ਹਿੰਦੁਸਤਾਨੀ ਫੋਰਸਾਂ ਦੇ ਘੇਰੇ ਵਿੱਚ ਆ ਗਏ। ਜਿਊਂਦੇ ਜੀਅ ਪੁਲੀਸ ਦੇ ਹੱਥ ਆਉਣ ਦੀ ਬਜਾਏ ਸੂਰਮਿਆਂ ਨੇ ਮੌਤ ਨੂੰ ਗਲ ਲਾਉਣ ਦਾ ਰਾਹ ਚੁਣਿਆ ਤੇ ਸਾਇਆਨਾਈਡ ਖਾ ਕੇ ਕੌਮ ਨੂੰ ਅਲਵਿਦਾ ਕਹਿ ਗਏ ।ਜਿਸ ਸਿਆਣਪ ਤੇ ਜਿਗਰੇ ਦਾ ਸਬੂਤ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਆਪਣੇ ਪਰਿਵਾਰ ਦੇ ਮਾਰੇ ਜਾਣ ਤੋਂ ਬਾਅਦ ਦਿੱਤਾ ਸੀ, ਉਸ ਨਾਲ ਉਸ ਦੇ ਬੇਦੋਸ਼ੇ ਪਰਿਵਾਰ ਦੀ ਕਾਤਲ ਹਿੰਦੇਸਤਾਨ ਦੀ ਸਮੁੱਚੀ ਸਰਕਾਰੀ ਮਸ਼ੀਨਰੀ ਦਾ ਭਾਵਨਾਤਮਕ ਪੱਧਰ ਉਪਰ ਕੱਦ ਭਾਈ ਜਟਾਣੇ ਦੇ ਕੱਦ ਸਾਂਹਵੇਂ ਵੀ ਬਹੁਤ ਹੀ ਨਿਗੂਣਾ ਜਿਹਾ ਹੋ ਕੇ ਰਹਿ ਜਾਂਦਾ ਹੈ।


ਡਾ. ਸੁਖਪ੍ਰੀਤ ਦੀ ਉਦੋਕੇ ਦੀ ਪੁਸਤਕ ਅੱਤ ਦਾ ਅੰਤ ਵਿਚੋਂ