ਉਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਦਾ ਨਾਮ ਰੌਸ਼ਨ

0
356

ਵਾਟਰਲੂ (ਓਂਟਾਰੀਓ) ਦੇ 15 ਸਾਲਾ ਹਰਦਿੱਤ ਸਿੰਘ ਨੇ ਅੰਤਰਰਾਸ਼ਟਰੀ ਵਿਗਿਆਨ ਮੇਲੇ ਵਿੱਚ ਦੁਨੀਆ ਭਰ ਦੇ ਸਾਇੰਸਦਨਾਂ ਦਾ ਧਿਆਨ ਖਿੱਚਿਆ ਹੈ। ਹਰਦਿੱਤ ਸਿੰਘ ਦਾ ਪ੍ਰੌਜੈਕਟ ਅੱਖਾਂ ਦੇ ਇਲਾਜ ਅਤੇ ਸੰਭਾਲ਼ ਨੂੰ ਸਸਤਾ ਤੇ ਕਾਰਗਰ ਕਰਨ ਵੱਲ ਨਵਾਂ ਕਦਮ ਹੈ।

ਵਾਟਰਲੂ,ਕੈਨੇਡਾ : ਕੈਨੇਡਾ ਦੇ ਪ੍ਰੋਵਿਨਸ ਉਨਟਾਰੀਓ ਨਾਲ ਸਬੰਧਤ 15 ਸਾਲਾ ਸਿੱਖ ਵਿਦਿਆਰਥੀ ਨੇ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ। ਵਾਟਰਲੂ, ਓਨਟਾਰੀਓ ਦੇ ਵਿਦਿਆਰਥੀ ਹਰਦਿੱਤ ਸਿੰਘ ਵੱਲੋ ਵਿਕਸਤ ਕੀਤੇ ਆਈ ਕੇਅਰ ਪ੍ਰੋਜੈਕਟ ਨੂੰ ਯੂਰਪੀਅਨ ਯੂਨੀਅਨ ਕੰਟੈਸਟ ਫੌਰ ਯੰਗ ਸਾਇੰਟਿਸਟਸ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਨੇ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ ।

ਯੂਰਪੀਅਨ ਯੂਨੀਅਨ ਯੁਵਾ ਵਿਗਿਆਨੀਆਂ ਵਾਸਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੁਕਾਬਲਾ ਸਪੇਨ ਦੇ ਸਲਾਮਾਨਕਾ ਵਿੱਚ ਆਯੋਜਿਤ ਕੀਤਾ ਗਿਆ ਸੀ, ਬਹੁਤ ਸਾਰੇ ਮੁਲਕਾ ਨੇ ਆਪਣੇ ਸਰਬੋਤਮ ਪ੍ਰੋਜੈਕਟ ਵਿਗਿਆਨ-ਮੇਲੇ ਨੂੰ ਭੇਜੇ ਸਨ । ਇਸੇ ਹੀ ਮੁਕਾਬਲੇ ਵਿੱਚ ਕੈਨੇਡਾ ਦੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੂੰ ਜੱਜਾਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੇ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ । ਹਰਦਿੱਤ ਸਿੰਘ ਦੁਆਰਾ ਸਪੈਕੂਲਰ ਨਾਮ ਹੇਠ ਬਣਾਇਆ ਗਿਆ ਇਹ ਅੱਖਾਂ ਦੀ ਦੇਖਭਾਲ ਵਾਲਾ ਪ੍ਰੋਜੈਕਟ ਅੱਖਾਂ ਦੇ ਇਲਾਜ ਨੂੰ ਸਸਤਾ ਅਤੇ ਵਧੇਰੇ ਪਹੁੰਚ ਯੋਗ ਬਣਾਉਣ ਵਿੱਚ ਸਹਾਇਤਾ ਕਰੇਗਾ।
ਕੁਲਤਰਨ ਸਿੰਘ ਪਧਿਆਣਾ