ਪਾਕਿਸਤਾਨ ਦੇ ਸਿੰਧ ਪ੍ਰਾਂਤ ’ਚ ਕਥਾ-ਕੀਰਤਨ ਨਾਲ ਸਿੱਖੀ ਪ੍ਰਚਾਰ ਦੀ ਪਛਾਣ ਹੈ ਬੀਬੀ ਮਹਿਮਾ ਕੌਰ ਕੰਧਕੋਟ

0
556

ਕ੍ਰਿਪਾ: ਸਿੰਧੀ ਅਤੇ ਸਿੱਖੀ-ਜੀਵਨ ’ਚ ਲਿਖੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ’ਚ ਕਥਾ-ਕੀਰਤਨ ਨਾਲ ਸਿੱਖੀ ਪ੍ਰਚਾਰ ਦੀ ਪਛਾਣ ਹੈ ਬੀਬੀ ਮਹਿਮਾ ਕੌਰ ਕੰਧਕੋਟ

-ਮਾਤਾ ਪਿਤਾ ਦੀ ਸਿਖਿਆ ਨੇ ਸਿੱਖੀ ਵਿਚ ਪ੍ਰਵੇਸ਼ ਕਰਵਾਇਆ
-ਭਾਈ ਰਵਿੰਦਰ ਸਿੰਘ ਦੇ ਸ਼ਬਦ ਅਤੇ ਭਾਈ ਪਿੰਦਰਪਾਲ ਸਿੰਘ ਦੀ ਕਥਾ ਲੈ ਆਈ ਸਟੇਜਾਂ ’ਤੇ

ਔਕਲੈਂਡ (07 ਜੂਨ, 2022:-ਹਰਜਿੰਦਰ ਸਿੰਘ ਬਸਿਆਲਾ)- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਇਕ ਸ਼ਬਦ ਹੈ ‘ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ, ਜਿਸ ਨੋ ਕਰਮਿ ਪਰਾਪਤਿ ਹੋਵੈ ਜੋ ਜਨੁ ਨਿਰਮਲੁ ਥੀਵੈ॥ ਗੁਰਬਾਣੀ ਸੁਨਣਾ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਅਤੇ ਜਿਹੜਾ ਗੁਰਬਾਣੀ ਕੀਰਤਨ ਅਤੇ ਕਥਾ ਨਾਲ ਸਰਵਣ ਕਰਵਾਉਂਦਾ ਹੈ ਉਸ ਉਤੇ ਪਰਮਾਤਮਾ ਦੀ ਵੱਡੀ ਕਿ੍ਰਪਾ ਹੀ ਹੋ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੇ ਵਿਚ ਸਿੰਧ ਪ੍ਰਾਂਤ ਦੇ ਬਹੁਤ ਸਾਰੇ ਲੋਕ ਉਸ ਵੇਲੇ ਸ਼ਾਮਿਲ ਹੋਏ ਜਦੋਂ ਗੁਰੂ ਸਾਹਿਬ ਸਿੰਧ ਪ੍ਰਾਂਤ ਦੇ ਵਿਚ ਗਏ ਸਨ। ਉਨ੍ਹਾਂ ਦੀ ਸ਼ਰਧਾ ਅੱਜ ਵੀ ਉਸੇ ਪ੍ਰਕਾਰ ਹੈ ਅਤੇ ਬਾਬਾ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਸਤਿਕਾਰ ਦਿੰਦੇ ਹਨ। ਯੂ. ਟਿਊਬ ਉਤੇ ਬਹੁਤ ਸਾਰਿਆਂ ਨੇ ਵੇਖਿਆ ਹੋਵੇਗਾ ਕਿ ਇਕ ਸਿੰਧ ਪ੍ਰਾਂਤ ਦੀ ਬੀਬੀ ਬਹੁਤ ਸੋਹਣਾ ਕੀਰਤਨ ਅਤੇ ਕਥਾ ਕਰਦੀ ਹੈ, ਪਰ ਕਈ ਵਾਰ ਉਸਦੀ ਬੋਲੀ ਪੰਜਾਬੀ ਦੇ ਨਾਲ-ਨਾਲ ਦੂਜੀ ਹੋਰ ਬੋਲੀ ਚਲਦੀ ਹੈ। ਇਸ ਬੀਬੀ (ਮਹਿਮਾ ਕੌਰ) ਜੀ ਬਾਰੇ ਹੌਲੀ-ਹੌਲੀ ਜਾਣਕਾਰੀ ਕੱਢ ਕੇ ਤੁਹਾਡੇ ਨਾਲ ਸਾਂਝੀ ਕਰ ਰਿਹਾਂ ਹਾਂ ਆਸ ਹੈ ਪਸੰਦ ਆਵੇਗੀ।
ਬੀਬੀ ਮਹਿਮਾ ਕੌਰ ਕੰਧਕੋਟ: ਆਪਣੇ ਬਜ਼ੁਰਗਾਂ ਤੋਂ ਗੱਲ ਸ਼ੁਰੂ ਕਰਨ ਵਾਲੀ ਬੀਬੀ ਮਹਿਮਾ ਕੌਰ (22) ਨੇ ਦੱਸਿਆ ਕਿ ਉਹ ਨਾਨਾ ਸਵ. ਰਾਮ ਚੰਦ ਲਾਲ ਤੇ ਨਾਨੀ ਸੁਸ਼ੀਲਾ ਦੀ ਦੋਹਤੀ ਹੈ। ਪਿਤਾ ਸ੍ਰੀ ਵਾਰਿਆਲ ਦਾਸ ਅਤੇ ਮਾਤਾ ਸ੍ਰੀਮਤੀ ਸੁਨੀਤਾ ਵਾਲੇਚਾ ਹੈ। ਪਰਿਵਾਰ ਦੇ ਵਿਚ ਉਹ ਵੱਡੀ ਹੈ ਅਤੇ ਇਕ ਛੋਟਾ ਭਰਾ ਕਰਾਚੀ ਵਿਖੇ ਪੜ੍ਹਾਈ ਕਰਦਾ ਹੈ। ਉਨ੍ਹਾਂ ਬੀ.ਕਾਮ ਪਾਸ ਕੀਤੀ ਹੋਈ ਹੈ।

ਉਸਦੀ ਮਾਤਾ ਸ਼ਾਦੀ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ ਸਨ। ਸ਼ਾਦੀ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਐਨਾ ਪ੍ਰਭਾਵਤਿ ਕੀਤਾ ਕਿ ਉਹ ਵੀ ਸਿੱਖੀ ਵਾਲੇ ਪਾਸੇ ਆ ਗਏ ਤੇ ਪਰਿਵਾਰ ਦੇ ਵਿਚ ਸਿੱਖੀ ਦਾ ਬੂਟਾ ਲੱਗ ਗਿਆ। ਇਹ ਪਰਿਵਾਰ ਸ਼ਹਿਰ ਕੰਧਕੋਟ ਤਹਿਸੀਲ ਤੇ ਜ਼ਿਲ੍ਹਾ ਕਸ਼ਮੋਰ ਵਿਖੇ ਰਹਿੰਦਾ ਹੈ। ਭਾਈ ਪਿੰਦਰਪਾਲ ਸਿੰਘ 2020 ਦੇ ਵਿਚ ਡਹਿਰੀਕੀ ਵਿਖੇ ਤੁਹਾਨੂੰ ਮਿਲੇ ਅਤੇ ਭਾਈ ਹਰਜਿੰਦਰ ਸਿੰਘ 2020 ਦੇ ਵਿਚ ਇਨ੍ਹਾਂ ਨੂੰ ਮਿਲੇ ਸਨ। ਮਹਿਮਾ ਕੌਰ ਨੂੰ ਸਿੱਖੀ ਦੀ ਲਗਨ ਆਪਣੇ ਮਾਂ-ਪਿਉ ਤੋਂ ਲੱਗੀ ਸੀ। ਸਾਢੇ ਤਿੰਨ ਸਾਲ ਦੀ ਉਮਰ ਵਿਚ ਉਨ੍ਹਾਂ ਭਾਈ ਰਵਿੰਦਰ ਸਿੰਘ ਦਾ ਗਾਇਆ ਸ਼ਬਦ ‘ਨਾਨਕ ਨਾਮ ਮਿਲੇ ਤਾਂ ਜੀਵਾ’ ਕੈਸਿਟ ਦੇ ਰਾਹੀਂ ਸੁਣਿਆ ਤਾਂ ਉਸਨੂੰ ਬਹੁਤ ਚੰਗਾ ਲੱਗਾ। ਇਹ ਗੱਲ 2004 ਦੀ ਹੈ। ਉਨ੍ਹਾਂ ਆਪਣੀ ਮਾਤਾ ਨੂੰ ਪੁਛਿਆ ਸੀ ਕਿ ਇਹ ਸ਼ਬਦ ਕਿਸਨੇ ਗਾਇਆ।? ਇਸ ਸ਼ਬਦ ਨਾਲ ਐਨਾ ਪਿਆਰ ਸੀ ਕਿ ਇਹ ਬੱਚੀ ਦਿਨੇ ਰਾਤ ਇਹੀ ਸ਼ਬਦ ਸੁਣਦੀ, ਗੁਣ ਗੁਣਾਉਂਦੀ ਤੇ ਇਹ ਸ਼ਬਦ ਸੁਣ ਕੇ ਸੌਂਇਆਂ ਕਰਦੀ ਸੀ।

ਵਾਹਿਗੁਰੂ ਦੀ ਕ੍ਰਿਪਾ ਕੇ ਉਸੇ ਸਾਲ ਉਹ ਆਪਣੇ ਮਾਤਾ-ਪਿਤਾ ਅਤੇ ਇਕ ਜੱਥੇ ਨਾਲ ਸ੍ਰੀ ਖਡੂਰ ਸਾਹਿਬ (ਪੰਜਾਬ) ਵਿਖੇ ਕੀਰਤਨ ਦਾ ਪ੍ਰੋਗਰਾਮ ਸੁਨਣ ਆਏ ਸੀ। ਕੁਦਰਤੀ ਗੱਲ ਹੋਈ ਕਿ ਉਥੇ ਭਾਈ ਰਵਿੰਦਰ ਸਿੰਘ ਕੀਰਤਨ ਕਰਨ ਆਏ ਅਤੇ ਓਹੀ ਸ਼ਬਦ ‘ਨਾਨਕ ਨਾਮ ਮਿਲੇ ਤਾਂ ਜੀਵਾ’ ਤਾਂ ਇਹ ਬੱਚੀ ਮਗਰ ਪੈ ਗਈ ਕਿ ਮੈਂ ਉਨ੍ਹਾਂ ਨੂੰ ਮਿਲਣਾ ਹੈ। ਬੱਚੀ ਨੇ ਜ਼ਿਦ ਕੀਤੀ, ਪਰਿਵਾਰ ਸਟੇਜ ਪਿੱਛੇ ਜਾ ਕੇ ਖੜ ਗਿਆ ਤੇ ਆਖਿਰ ਭਾਈ ਸਾਹਿਬ ਨਾਲ ਮਿਲਾਪ ਹੋ ਗਿਆ। ਕੀਰਤਨ ਦੀ ਐਸੀ ਲਗਨ ਲੱਗੀ ਕਿ ਬਿਨਾਂ ਹਾਰਮੋਨੀਅਮ ਕੀਰਤਨ ਵਾਂਗ ਸ਼ਬਦ ਗਾਉਣ ਲੱਗੀ। ਫਿਰ ਅੰਮ੍ਰਿਤ ਕੀਰਤਨ ਗੁਟਕੇ ਤੋਂ ਹੋਰ ਪੜ੍ਹਨ ਲੱਗੀ। ਰੋਜ਼ਾਨਾ ਨਿਤਨੇਮ ਕਰਨਾ ਅਤੇ ਕੀਰਤਨ ਸਿੱਖਣ ਦੀ ਲਾਲਸਾ ਨੇ ਉਸਨੂੰ ਕੀਰਤਨ ਦਾ ਰਾਹ ਤੋਰ ਲਿਆ। ਕੀਰਤਨ ਉਨ੍ਹਾਂ ਆਪਣੇ ਮੂੰਹ ਬੋਲੇ ਭਾਈ ਅਨੀਲ ਕੁਮਾਰ ਹੋਰਾਂ ਕੋਲੋਂ ਸਿੱਖਿਆ ਤੇ ਫਿਰ ਆਨ ਲਾਈਨ ਕਲਾਸਾਂ ਲੈ ਕੇ ਸਿਖਿਆ। ਕੁਝ ਰਾਗ ਸਿੱਖੇ ਅਤੇ ਫਿਰ ਰੀਤਾਂ ਵਿਚ ਸਿੱਖਿਆ। ਪੜ੍ਹਾਈ ਦੇ ਨਾਲ-ਨਾਲ ਉਹ 18 ਕੁ ਸਾਲ ਦੀ ਉਮਰ ਵਿਚ ਕਰਨਾ ਤਾਂ ਕੀਰਤਨ ਹੀ ਚਾਹੁੰਦੇ ਸਨ ਪਰ ਵਾਹਿਗੁਰੂ ਨੇ ਕਥਾ ਵੀ ਨਾਲ ਸ਼ਾਮਿਲ ਕਰਵਾ ਲਈ। ਉਹ ਭਾਈ ਪਿੰਦਰਪਾਲ ਹੋਰਾਂ ਦੀ ਕਥਾ ਸਰਵਣ ਕਰਦੇ ਅਤੇ ਹੋਰ ਸਿੱਖਦੇ ਰਹਿੰਦੇ।

ਬੀਬੀ ਮਹਿਮਾ ਕੌਰ ਦੀ ਇਸ ਵੇਲੇ ਮੰਗਣੀ ਸ੍ਰੀ ਵਿਸ਼ਾਲ ਜਡਵਾਨੀ ਨਾਲ ਹੋਈ ਹੈ। ਉਹ ਵੀ ਗੁਰੂ ਘਰ ਦੇ ਸੇਵਕ ਹਨ। ਉਹ ਬੀਬੀ ਮਹਿਮਾ ਕੌਰ ਨੂੰ ਕੀਰਤਨ ਅਤੇ ਕਥਾ ਵਿਚ ਪੂਰਨ ਸਹਿਯੋਗ ਕਰ ਰਹੇ ਹਨ। ਬੀਬੀ ਮਹਿਮਾ ਕੌਰ ਨੇ ਦੱਸਿਆ ਕਿ ਇਥੇ ਇਕ ਮਹਿਲਾ ਲਈ ਇਕੱਲੀ ਬਾਹਰ ਨਿਕਲਣਾ ਮੁਸ਼ਕਿਲ ਹੈ, ਪਰ ਗੁਰੂ ਦੀ ਕ੍ਰਿਪਾ ਸਦਕਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਉਹ ਦੂਰ-ਦੂਰ ਤੱਕ ਕੀਰਤਨ ਕਥਾ ਦੇ ਜਾਂਦੇ ਰਹਿੰਦੇ ਹਨ। ਪੂਰੇ ਸਿੰਧ ਦੇ ਵਿਚ ਉਹ ਸੇਵਾ ਕਰਨ ਜਾਂਦੇ ਹਨ। ਸੰਗਤ ਰੂਪ ਵਿਚ ਜਿੱਥੇ ਵੀ ਸਮਾਗਮ ਹੁੰਦਾ ਹੈ ਉਥੇ ਬੀਬੀ ਜੀ ਜਾਂਦੇ ਹਨ। ਪੰਜਾਬੀ ਭਾਸ਼ਾ ਅਤੇ ਸਿੰਧੀ ਭਾਸ਼ਾ ਦੇ ਵਿਚ ਕੀਰਤਨ ਦੇ ਨਾਲ-ਨਾਲ ਕਥਾ ਕਰਕੇ ਸੰਗਤ ਨੂੰ ਸਮਝਾਉਂਦੇ ਹਨ।

ਗੁਰ ਸੰਗਤ ਯੂ. ਟਿਊਬ ਉਤੇ ਇਨ੍ਹਾਂ ਦੀਆਂ ਵੀਡੀਓਜ਼ ਵੇਖੀਆਂ ਜਾ ਸਕਦੀਆਂ ਹਨ। ਕੀਰਤਨ ਸੇਵਾ ਜੋ ਵੀ ਭੇਟਾ ਮਿਲਦੀ ਹੈ, ਉਹ ਲੈਂਦੇ ਅਤੇ ਕੋਈ ਮੰਗ ਨਹੀਂ ਕਰਦੇ। ਲਗਪਗ ਇਹ ਸਾਰੀ ਭੇਟਾ ਦੁਬਾਰਾ ਸੇਵਾ ਵਿਚ ਹੀ ਚਲੇ ਜਾਂਦੀ ਹੈ ਤੇ ਸਿਰਫ ਜ਼ਰੂਰੀ ਖਰਚੇ ਹੀ ਉਹ ਕਰਦੇ ਹਨ। ਬੀਬੀ ਮਹਿਮਾ ਕੌਰ ਦਾ ਸਾਥ ਦੇਣ ਵਿਚ ਨੈਣਾ ਕੁਮਾਰੀ ਅਤੇ ਅਸ਼ੀਸ਼ ਕੁਮਾਰ (ਤਬਲਾਵਾਦਕ) ਹਨ। ਬੀਬੀ ਮਹਿਮਾ ਕੌਰ ਅਤੇ ਸਿੰਧ ਪ੍ਰਾਂਤ ਦੇ ਵਿਚ ਸਿੱਖੀ ਦਾ ਬੋਲਬਾਲਾ ਕਰਨਾ ਸੱਚਮੁੱਚ ਸਿੱਖ ਕੌਮ ਦੇ ਲਈ ਮਾਣ ਕਰਨ ਵਾਲੀ ਗੱਲ ਹੈ। ਵਾਹਿਗੁਰੂ ਬੀਬੀ ਮਹਿਮਾ ਕੌਰ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਇਹ ਸੇਵਾ ਕਰਦੇ ਰਹਿਣ।

ਗੁਰਦੁਆਰਾ ਸੇਵਾ ਵਿਚ ਕਿਵੇਂ ਲੱਗਾ ਪਰਿਵਾਰ: ਇਸ ਸ਼ਹਿਰ ਦੇ ਵਿਚ ਸਿੰਧੀ ਪਰਿਵਾਰ (ਲਗਪਗ 5000) ਤਾਂ ਬਹੁਤ ਸਨ ਪਰ ਗੁਰਦੁਆਰਾ ਸਾਹਿਬ ਨੇੜੇ ਨਹੀਂ ਸੀ, ਜਿਸ ਕਰਕੇ ਇਥੇ ਰਹਿੰਦੇ ਪਰਿਵਾਰਾਂ ਨੇ ਇਕ ਆਲੀਸ਼ਾਨ ਤਿੰਨ ਮੰਜ਼ਿਲੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਗੁਰਦੁਆਰਾ ਸਾਹਿਬ ਦਾ ਨਾਂਅ ਰੱਖਿਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸਭਾ ਕੰਧਕੋਟ। ਇਸ ਦੀ ਨੀਂਹ 2011 ਦੇ ਵਿਚ ਬਾਬਾ ਹੇਮ ਸਿੰਘ ਦਿੱਲੀ ਵਾਲੇ ਰੱਖ ਕੇ ਗਏ ਉਸ ਵੇਲੇ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਵੀ ਆਏ ਸਨ। 2013 ਦੇ ਇਹ ਗੁਰਦੁਆਰਾ ਸਾਹਿਬ 6-7 ਕਰੋੜ ਦੀ ਲਾਗਤ ਨਾਲ ਤਿਆਰ ਹੋ ਗਿਆ ਅਤੇ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਹਿਰ ਡਹਿਰਕੀ ਤੋਂ ਲਿਆ ਕੇ ਪ੍ਰਕਾਸ਼ ਕੀਤਾ ਗਿਆ। ਇਸ ਵੇਲੇ ਇਥੇ ਚਾਰ ਸਰੂਪ ਹਨ।

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਠ ਪਾਠ ਸਾਹਿਬ ਵੀ ਹੁੰਦੇ ਹਨ। ਪੰਜਾਬੀ ਪੜ੍ਹੇ ਲਿਖੇ ਕਾਫੀ ਲੋਕ ਹਨ, ਬੱਚੇ ਅੱਗੇ ਸਿੱਖ ਰਹੇ ਹਨ। ਇਥੇ ਬੱਚੇ ਬੱਚੀਆਂ ਨੂੰ ਪੰਜਾਬੀ ਸਿਖਾ ਕੇ ਟੈਸਟ ਲਿਆ ਜਾਂਦਾ ਹੈ, ਫਿਰ ਪਾਠ ਕਰਨਾ ਸਿਖਾਇਆ ਜਾਂਦਾ ਹੈ ਅਤੇ ਪਾਠੀ ਬਣਾਇਆ ਜਾਂਦਾ ਹੈ। ਇਥੇ ਸਾਰੇ ਰਲ ਕੇ ਨਿਸ਼ਕਾਮ ਸੇਵਾ ਕਰਦੇ ਹਨ। ਇਸ਼ ਸ਼ਹਿਰ ਦੇ ਵਿਚ ਸਾਬਤ ਸੂਰਤ ਸਿੱਖ ਮਸਾਂ 3-4 ਹੀ ਹਨ ਜੋ ਕਿ ਸਿੱਖੀ ਜੀਵਨ ਵਿਚ ਪੂਰਨ ਤੌਰ ’ਤੇ ਹੁਣ ਪ੍ਰਵੇਸ਼ ਕਰ ਗਏ ਹਨ। ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਭਲਾਈ ਕੇਂਦਰ ਟ੍ਰਸਟ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਰਦਾ ਹੈ। ਟ੍ਰਸਟ ਵੱਲੋਂ ਵਿਧਵਾ ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਦਿਤੇ ਜਾਂਦੇ ਹਨ। ਟ੍ਰਸਟ ਦੇ ਵਿਚੋਂ ਹੀ 80 ਦੇ ਕਰੀਬ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ 12ਵੀਂ ਕਲਾਸ ਤੱਕ ਕਰਦੇ ਹਨ। ਇਸ ਗੁਰਦੁਆਰਾ ਸਾਹਿਬ ਵਿਖੇ ਇਕ ਹੋਰ ਟ੍ਰਸਟ ਚਲਦਾ ਹੈ ਜਿਸ ਦਾ ਨਾਂਅ ਹੈ ਗੁਰੂ ਕਲਗੀਧਰ ਮਹਾਰਾਜ ਦੁੱਖ ਦਾਰੂ ਟ੍ਰਸਟ। ਇਸ ਦੇ ਅਧੀਨ ਦੁਖੀ ਅਤੇ ਮਰੀਜ਼ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਸਾਰਾ ਇਲਾਜ ਕਰਵਾਇਆ ਜਾਂਦਾ ਹੈ। ਸਿੰਧੀ ਸੰਗਤ ਪੂਰਨ ਤੌਰ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਦਾਨ ਦੇਣ ਵਿਚ ਹਮੇਸ਼ਾਂ ਸਾਥ ਦਿੰਦੀ ਹੈ। ਇਥੇ ਅਨਾਜ ਮੰਡੀ ਹੈ ਇਥੇ ਵਪਾਰ ਦਾ ਕੰਮ ਜਿਆਦਾ ਹੈ। ਇਥੇ ਕਦੇ ਵੀ ਮੁਸਲਿਮ ਅਤੇ ਸਿੰਧੀ ਪਰਿਵਾਰ ਦਾ ਆਪਸੀ ਝਗੜਾ ਨਹੀਂ ਹੋਇਆ।

ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ 4 ਵਜੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਪੰਜ ਬਾਣੀਆਂ ਦਾ ਨਿਤਨੇਮ ਅਤੇ ਆਸਾ ਦੀ ਵਾਰ ਹੁੰਦੀ ਹੈ। ਸ਼ੁੱਕਰਵਾਰ ਸ਼ਾਮ ਨੂੰ ਸਿਰਫ ਬੀਬੀਆਂ ਦਾ ਸੁਖਮਨੀ ਸਾਹਿਬ ਪਾਠ ਕਰਨ ਦਾ ਪ੍ਰੋਗਰਾਮ ਹੁੰਦਾ ਜਿਸ ਦੇ ਵਿਚ 600-700 ਬੀਬੀਆਂ ਦਾ ਇਕੱਠ ਹੋ ਜਾਂਦਾ ਹੈ।

ਸਾਰੀਆਂ ਬੀਬੀਆਂ ਇਸ ਦਿਨ ਸਾਦਗੀ ਵਜੋਂ ਚਿੱਟੇ ਰੰਗ ਦੇ ਕੱਪੜੇ ਪਹਨਿਦੀਆਂ ਹਨ ਤਰਕ ਹੈ ਕਿ ਗੁਰਦੁਆਰਾ ਸਾਹਿਬ ਆ ਕੇ ਸਭ ਨੂੰ ਇਕ ਜਿਹਾ ਪ੍ਰਤੀਤ ਹੋਵੇ। ਕੱਪੜਿਆਂ ਕਰਕੇ ਕੋਈ ਆਪਣੇ ਆਪ ਨੂੰ ਵੱਡਾ ਛੋਟਾ ਮਹਿਸੂਸ ਨਾ ਕਰੇ। । ਇਹ ਵੀ ਖਾਸ ਗੱਲ ਹੈ ਕਿ 250-300 ਸਿੰਧੀ ਇਸਤਰੀਆਂ ਨੂੰ ਸੁਖਮਨੀ ਸਾਹਿਬ ਪਾਠ ਕੰਠ ਹੈ ਤੇ ਸਾਰੇ ਮੂੰਹ ਜੁਬਾਨੀ ਪਾਠ ਕਰਦੇ ਹਨ। ਕੀਰਤਨ ਵੀ ਬੀਬੀਆਂ ਕਰਦੀਆਂ। ਕੁਝ ਇਥੇ ਰਾਗੀ ਸਿੰਘਾਂ ਦੇ ਜੱਥੇ ਵੀ ਹਨ। ਸ਼ਰਧਾ ਦੀ ਮਿਸਾਲ ਹੀ ਹੈ ਕਿ ਲੋਕ ਆਪਣੇ ਘਰਾਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੁਝ ਦਿਨਾਂ ਲਈ ਸਤਿਕਾਰ ਵਜੋਂ ਲਿਜਾਂਦੇ ਹਨ, ਪਾਠ ਕਰਦੇ ਹਨ ਸੇਵਾ ਕਰਦੇ ਹਨ।

ਇਥੇ ਕੋਈ ਵੀ ਸ਼ੁੱਭ ਕੰਮ ਆਰੰਭ ਹੁੰਦਾ ਹੈ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ। ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਲੰਗਰ ਬਣਦਾ ਹੈ, ਗਰੀਬ ਲੋਕ ਬਰਤਨ ਲੈ ਕੇ ਆਉਂਦੇ ਨੇ ਅਤੇ ਘਰ ਲੈ ਕੇ ਜਾਂਦੇ ਹਨ। ਗੁਰਦੁਆਰਾ ਸਾਹਿਬ ਦੇ ਧਰਾਤਲ ਉਤੇ ਲੰਗਰ ਹਾਲ ਹੈ, ਪਹਿਲੀ ਮੰਜ਼ਿਲ ਉਤੇ ਦਰਬਾਰ ਹਾਲ ਅਤੇ ਤੀਜੀ ਮੰਜ਼ਿਲ ਉਤੇ ਸੁੱਖ ਅਸਥਾਨ ਅਤੇ ਗੈਲਰੀ ਹੈ। ਸਿੰਧੀ ਪਰਿਵਾਰ ਦੇ ਵਿਚ ਵੀ ਅਨੰਦ ਕਾਰਜ ਹੀ ਹੁੰਦੇ ਹਨ। ਜਦੋਂ ਇਸ ਗੁਰਦੁਆਰਾ ਸਾਹਿਬ ਨੂੰ ਚਲਾਉਣ ਦੀ ਗੱਲ ਚੱਲੀ ਤਾਂ ਇਹ ਸੇਵਾ ਬੀਬੀ ਮਹਿਮਾ ਕੌਰ ਦੇ ਪਿਤਾ ਜੀ ਦੇ ਹਿੱਸੇ ਆ ਗਈ ਅਤੇ ਹੁਣ ਤੱਕ ਕਰ ਰਹ ੇਹਨ। ਬਬੁਤ ਸਮਾਂ ਪਹਿਲਾਂ ਉਹ ਨੌਕਰੀ ਕਰਦੇ ਸਨ ਪਰ ਗੁਰੂ ਕ੍ਰਿਪਾ ਨਾਲ ਉਹ ਹੁਣ ਆਪਣਾ ਖੁਦ ਦਾ ਕਾਰੋਬਾਰ ਕਰਦੇ ਹਨ। ਗੁਰਦੁਆਰਾ ਸਾਹਿਬ ਦੀ ਕਮਾਲ ਦੀ ਸੋਹਣੀ ਹੈ ਅਤੇ ਪਾਕਿਸਤਾਨ ਯਾਤਰਾ ਕਰਨ ਵਾਲਿਆਂ ਨੂੰ ਇਥੇ ਵੀ ਬਣਦਾ ਗੇੜਾ ਲਾਉਣਾ ਚਾਹੀਦਾ ਹੈ।