ਹਜ਼ਰਤ ਮੁਹੰਮਦ ਖ਼ਿਲਾਫ਼ ਭਾਜਪਾ ਆਗੂਆਂ ਦੀਆਂ ਟਿੱਪਣੀਆਂ ਦਾ ਮਾਮਲਾ

0
984

Nupur Sharma apologises for her remarks on Prophet Muhammad after suspension from BJP – ਹਜ਼ਰਤ ਮੁਹੰਮਦ ਖ਼ਿਲਾਫ਼ ਭਾਜਪਾ ਆਗੂਆਂ ਦੀਆਂ ਟਿੱਪਣੀਆਂ ਨਾਲ ਭਾਰਤ ਖ਼ਿਲਾਫ਼ ਕੂਟਨੀਤਕ ਤੂਫ਼ਾਨ – ਅਰਬ ਮੀਡੀਆ

ਪੈਗੰਬਰ ਹਜ਼ਰਤ ਮੁਹੰਮਦ ਬਾਰੇ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਦੇ ਮੁੱਦੇ ਨੂੰ ਅਰਬ ਦੇਸ਼ਾਂ ਦੇ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ।ਐਤਵਾਰ ਨੂੰ ਕਤਰ ਦੇ ਵਿਦੇਸ਼ ਮੰਤਰਾਲੇ ਨੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਦੋਹਾ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੂੰ ਤਲਬ ਕੀਤਾ ਸੀ।ਉਨ੍ਹਾਂ ਨੂੰ ਕਤਰ ਸਰਕਾਰ ਤਰਫ਼ੋਂ ਇਸ ਬਾਰੇ ਨਰਾਜ਼ਗੀ ਭਰੀ ਪ੍ਰਤੀਕਿਰਿਆ ਦਾ ਅਧਿਕਾਰਿਤ ਨੋਟ ਸੌਂਪਿਆ ਗਿਆ।
ਕਤਰ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਆਗੂ ਦੇ ਵਿਵਾਦਪੂਰਨ ਬਿਆਨ ਉੱਪਰ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ।ਇੱਕ ਟੀਵੀ ਸ਼ੋਅ ਦੌਰਾਨ ਤਤਕਾਲੀ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਵਿਵਾਦਤ ਬਿਆਨ ਦਿੱਤਾ ਗਿਆ ਸੀ।ਇਸ ਦੇ ਨਾਲ ਹੀ ਦਿੱਲੀ ਭਾਜਪਾ ਦੇ ਨਵੀਨ ਜਿੰਦਲ ਵੱਲੋਂ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਵਿਵਾਦਿਤ ਟਵੀਟ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ।ਅਰਬ ਦੇਸ਼ਾਂ ਦੇ ਤਿੱਖੇ ਅਤੇ ਰੋਹ ਭਰੇ ਪ੍ਰਤੀਕਰਮ ਤੋਂ ਬਾਅਦ ਦੋਵਾਂ ਆਗੂਆਂ ਉੱਤੇ ਕਾਰਵਾਈ ਕਰਦੇ ਹੋਏ ਭਾਜਪਾ ਨੇ ਸ਼ਰਮਾ ਨੂੰ ਪਾਰਟੀ ‘ਚੋਂ ਮੁਅੱਤਲ ਕੀਤਾ ਹੈ ਅਤੇ ਨਵੀਨ ਜਿੰਦਲ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

ਅਫ਼ਗਾਨਿਸਤਾਨ ਦੀ ਸਰਕਾਰ ਨੇ ‘ਭਾਰਤ ਦੀ ਸੱਤਾਧਰੀ ਪਾਰਟੀ ਦੇ ਇੱਕ ਆਗੂ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਸ਼ਬਦਾਂ ਦੇ ਇਸਤੇਮਾਲ ਦੀ ਸਖ਼ਤ ਨਿੰਦਾ ਕੀਤੀ ਹੈ।’


ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇੱਕ ਟਵੀਟ ਵਿੱਚ ਲਿਖਿਆ ਹੈ, “ਅਸੀਂ ਭਾਰਤ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਉਹ ਅਜਿਹੇ ਲੋਕਾਂ ਨੂੰ ਇਸਲਾਮ ਦੀ ਬੇਅਦਬੀ ਕਰਨ ਅਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਤੋਂ ਰੋਕਣ।”


ਓਆਈਸੀ ਦਾ ਬਿਆਨ -57 ਮੁਸਲਿਮ ਮੁਲਕਾਂ ਦੇ ਸੰਗਠਨ ਆਰਗੇਨਾਇਜ਼ੇਸ਼ਨ ਆਫ਼ ਇਸਲਾਮਿਕ ਕੋਪਰੇਸ਼ਨ ਯਾਨੀ ਓਆਈਸੀ ਨੇ ਪੈਗੰਬਰ ਖ਼ਿਲਾਫ਼ ਬਿਆਨਾਂ ਦੇ ਮਾਮਲੇ ਉੱਤੇ ਨਰਾਜ਼ਗੀ ਜਤਾਈ ਹੈ।
ਓਆਈਸੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਸੰਗਠਨ ਦੇ ਮੁੱਖ ਸਕੱਤਰ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਇੱਕ ਅਧਿਕਾਰੀ ਵੱਲੋਂ ਪੈਗੰਬਰ ਬਾਰੇ ਕੀਤੀ ਗਈ ਬੇਅਦਬੀ ਦੀ ਸਖ਼ਤ ਨਿੰਦਾ ਕਰਦਾ ਹੈ।


ਓਆਈਸੀ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ”ਭਾਰਤ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ” ਸਹੀ ਕਦਮ ਚੁੱਕਣ।ਓਆਈਸੀ ਨੇ ਟਵੀਟ ਵਿੱਚ ਕਿਹਾ ਹੈ – “ਇਹ ਘਟਨਾ ਭਾਰਤ ਵਿੱਚ ਇਸਲਾਮ ਖ਼ਿਲਾਫ਼ ਵੱਧਦੀ ਨਫ਼ਰਤ ਵਿਚਾਲੇ ਅਤੇ ਅਜਿਹੇ ਸਮੇਂ ਹੋਈ ਹੈ ਜਦੋਂ ਉੱਥੇ ਮੁਸਲਮਾਨਾਂ ਖ਼ਿਲਾਫ਼ ਵੱਧਦੀ ਹਿੰਸਾ ਵਿਚਾਲੇ, ਉੱਥੇ ਮੁਸਲਮਾਨਾਂ ਖ਼ਿਲਾਫ਼ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਅਤੇ ਉਨ੍ਹਾਂ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਵੇਂ ਭਾਰਤ ਦੇ ਕਈ ਸੂਬਿਆਂ ਵਿੱਚ ਹਿਜਾਬ ਉੱਤੇ ਰੋਕ ਲਗਾਈ ਜਾ ਰਹੀ ਹੈ ਅਤੇ ਮੁਸਲਮਾਨਾਂ ਦੀ ਜਾਇਦਾਦ ਨੂੰ ਤੋੜਿਆ ਜਾ ਰਿਹਾ ਹੈ।”


ਬਹਿਰੀਨ ਨੇ ਵੀ ਜਾਰੀ ਕੀਤਾ ਬਿਆਨ – ਬਹਿਰੀਨ ਨੇ ਵੀ ਨੂਪੁਰ ਸ਼ਰਮਾ ਦੀ ਟਿੱਪਣੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਬਹਿਰੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਭਾਰਤ ਵਿੱਚ ਭਾਜਪਾ ਦੇ ਆਪਣੇ ਬੁਲਾਰੇ ਨੂੰ ਮੁਅੱਤਲ ਕੀਤੇ ਜਾਣ ਦਾ ਸਵਾਗਤ ਕਰਦੇ ਹਨ।

ਬਹਿਰੀਨ ਨੇ ਨਾਲ ਹੀ ਇਹ ਵੀ ਕਿਹਾ ਕਿ ਪੈਗੰਬਰ ਮੁਹੰਮਦ ਖ਼ਿਲਾਫ਼ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਮੁਸਲਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਧਾਰਮਿਕ ਨਫ਼ਰਤ ਨੂੰ ਭੜਕਾਇਆ ਜਾਂਦਾ ਹੈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਮਜ਼ਹਬਾਂ, ਪ੍ਰਤੀਕਾਂ ਅਤੇ ਸ਼ਖ਼ਸੀਅਤਾਂ ਦਾ ਸਤਕਿਰ ਕਰਨ ਅਤੇ ਰਾਜ ਧ੍ਰੋਹ ਤੇ ਧਾਰਮਿਕ, ਫ਼ਿਰਕੂ ਅਤੇ ਨਸਲਵਾਦੀ ਹਿੰਸਾ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੇ ਮਹਤੱਵ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।


ਪਾਕਿਸਤਾਨ ਦੀ ਪ੍ਰਤੀਕ੍ਰਿਆ
ਪਾਕਿਸਤਾਨ ਨੇ ਵੀ ਭਾਜਪਾ ਬੁਲਾਰੇ ਦੇ ਬਿਆਨ ਉੱਤੇ ਇਸਲਾਮਾਬਾਦ ਵਿੱਚ ਭਾਰਤੀ ਦੂਤਾਵਾਦ ਦੇ ਪ੍ਰਭਾਰੀ ਨੂੰ ਸੱਦ ਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਟਵਿੱਟਰ ਉੱਤੇ ਲਿਖਿਆ, ”ਪਾਕਿਸਤਾਨ ਨੇ ਭਾਰਤੀ ਜਨਤਾ ਪਾਰਟੀ ਦੇ ਦੋ ਸੀਨੀਅਰ ਆਗਆਂ ਦੇ ਬਿਆਨ ਉੱਤੇ ਇਸਲਾਮਾਬਾਦ ਵਿੱਚ ਮੌਜੂਦ ਭਾਰਤੀ ਦੂਤਾਵਾਸ ਦੇ ਮੁਖੀ ਨੂੰ ਬੁਲਾ ਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ।”

ਇਸ ਤੋਂ ਪਹਿਲਾਂ ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਉਹ ਭਾਜਪਾ ਬੁਲਾਰੇ ਦੇ ਪੈਗੰਬਰ ਮੁਹੰਮਦ ਉੱਤੇ ਦਿੱਤੇ ਗਏ ਦੁੱਖ ਪਹੁੰਚਾਉਣ ਵਾਲੇ ਬਿਆਨ ਦੀ ਮਜ਼ਬੂਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।ਸ਼ਰੀਫ਼ ਨੇ ਲਿਖਿਆ, ”ਮੈਂ ਵਾਰ-ਵਾਰ ਕਿਹਾ ਹੈ ਕਿ ਮੋਦੀ ਦੇ ਰਾਜ ਵਿੱਚ ਭਾਰਤ ਮੁਸਲਮਾਨਾਂ ਦੀ ਮਜ਼ਹਬੀ ਆਜ਼ਾਦੀ ਉੱਤੇ ਸੱਟ ਮਾਰ ਰਿਹਾ ਹੈ। ਦੁਨੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਭਾਰਤ ਦੀ ਸਖ਼ਤ ਆਲੋਚਨਾ ਕਰਨੀ ਚਾਹੀਦੀ ਹੈ। ਪੈਗੰਬਰ ਮੁਹੰਮਦ ਲਈ ਸਾਡਾ ਪਿਆਰ ਸਰਬਉੱਚ ਹੈ। ਸਾਰੇ ਮੁਸਲਮਾਨ ਪੈਗੰਬਰ ਮੁਹੰਮਦ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦੇ ਹਨ।”


ਅਲ-ਜਜ਼ੀਰਾ ਨੇ ਹਾਲਾਤਾਂ ਨੂੰ ਆਖਿਆ ਕੂਟਨੀਤਕ ਤੂਫ਼ਾਨ-ਅਲ-ਜਜ਼ੀਰਾ ਵਿੱਚ ਛਪੀ ਇੱਕ ਖ਼ਬਰ ਮੁਤਾਬਕ ਲਿਖਿਆ ਗਿਆ ਹੈ ਕਿ ਇੱਕ ਕੂਟਨੀਤਕ ਦੇ ਤੂਫ਼ਾਨ ਨੇ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ।ਖ਼ਬਰ ਵਿੱਚ ਲਿਖਿਆ ਗਿਆ ਕਿ ਨੂਪੁਰ ਸ਼ਰਮਾ ਦੇ ਪੈਗੰਬਰ ਹਜ਼ਰਤ ਉਪਰ ਦਿੱਤੇ ਗਏ ਬਿਆਨ ਦਾ ਵਿਰੋਧ ਹੋਇਆ ਹੈ ਅਤੇ ਇਸ ਤੋਂ ਬਾਅਦ ਭਾਰਤ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਹੋ ਰਹੀ ਹੈ।

ਅਲ-ਜਜ਼ੀਰਾ ਨੇ ਲਿਖਿਆ ਕਿ ਕੁਵੈਤ ਅਤੇ ਕਤਰ ਨੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ ਜਦੋਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਇੱਕ ਬਿਆਨ ਜਾਰੀ ਕਰ ਕੇ ਇਸ ਘਟਨਾਕ੍ਰਮ ਦੀ ਨਿਖੇਧੀ ਕੀਤੀ ਗਈ ਹੈ।ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਦਾ ਜ਼ਿਕਰ ਵੀ ਅਲ-ਜਜ਼ੀਰਾ ਨੇ ਆਪਣੀ ਖ਼ਬਰ ਵਿੱਚ ਕੀਤਾ ਹੈ।ਇਸ ਦੇ ਨਾਲ ਹੀ ਨੂਪੁਰ ਸ਼ਰਮਾ ਨੂੰ ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਕਥਿਤ ਧਮਕੀਆਂ ਬਾਰੇ ਵੀ ਖ਼ਬਰ ਵਿੱਚ ਲਿਖਿਆ ਗਿਆ ਹੈ।

ਨੂਪੁਰ ਸ਼ਰਮਾ ਦੀ ਮੁਅੱਤਲੀ ਬਣੀ ਅਰਬ ਨਿਊਜ਼ ਦੀ ਸੁਰਖ਼ੀ -ਅਰਬ ਨਿਊਜ਼ ਵੱਲੋਂ ਛਾਪੀ ਗਈ ਖ਼ਬਰ ਵਿੱਚ ਨੂਪੁਰ ਸ਼ਰਮਾ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਦੀ ਗੱਲ ਆਖੀ ਗਈ ਹੈ।ਅਰਬ ਨਿਊਜ਼ ਨੇ ਨੂਪੁਰ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਬਿਆਨ ਅਤੇ ਮੁਆਫ਼ੀ ਬਾਰੇ ਵੀ ਲਿਖਿਆ ਹੈ।ਇਸ ਦੇ ਨਾਲ ਹੀ ਨਵੀਨ ਜਿੰਦਲ ਵੱਲੋਂ ਕੀਤੇ ਗਏ ਟਵੀਟ ਜਿਸ ਵਿਚ ਉਨ੍ਹਾਂ ਨੇ ਆਖਿਆ ਹੈ ਕਿ ਉਹ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਹਨ, ਨੂੰ ਵੀ ਖ਼ਬਰ ਦਾ ਹਿੱਸਾ ਬਣਾਇਆ ਗਿਆ ਹੈ।ਕਤਰ, ਕੁਵੈਤ ਅਤੇ ਪਾਕਿਸਤਾਨ ਵੱਲੋਂ ਜਾਰੀ ਕੀਤੇ ਗਏ ਬਿਆਨ ਬਾਰੇ ਵੀ ਇਸ ਖ਼ਬਰ ਵਿੱਚ ਲਿਖਿਆ ਗਿਆ ਹੈ।ਜ਼ਿਕਰਯੋਗ ਹੈ ਕਿ ਕਤਰ ਅਤੇ ਕੁਵੈਤ ਨੇ ਭਾਰਤ ਦੇ ਰਾਜਦੂਤਾਂ ਨੂੰ ਤਲਬ ਕੀਤਾ ਸੀ ਅਤੇ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਲਈ ਸੀ।ਭਾਰਤ ਦੇ ਰਾਜਦੂਤਾਂ ਨੇ ਆਖਿਆ ਸੀ ਕਿ ਭਾਰਤ ਸਰਕਾਰ ਸਾਰੇ ਧਰਮਾਂ ਦਾ ਆਦਰ ਕਰਦੀ ਹੈ ਅਤੇ ਅਜਿਹੇ ਬਿਆਨ ਦੇਣ ਵਾਲੇ ਆਗੂਆਂ ਉਪਰ ਸੱਤਾਧਾਰੀ ਪਾਰਟੀ ਨੇ ਕਾਰਵਾਈ ਵੀ ਕੀਤੀ ਹੈ।


ਭਾਰਤੀ ਰਾਜਦੂਤਾਂ ਨੂੰ ਸੰਮਨ ਬਣੇ ਅਰਬ ਟਾਈਮਜ਼ ਵਿੱਚ ਚਰਚਾ ਦਾ ਵਿਸ਼ਾ-ਅਰਬ ਟਾਈਮਜ਼ ਵੱਲੋਂ ਛਾਪੀ ਗਈ ਖ਼ਬਰ ਮੁਤਾਬਕ ਭਾਰਤੀ ਰਾਜਦੂਤਾਂ ਨੂੰ ਕਤਰ ਅਤੇ ਕੁਵੈਤ ਦੁਆਰਾ ਸੰਮਨ ਕੀਤੇ ਜਾਣਾ ਮੁੱਖ ਸੁਰਖੀਆਂ ਹਨ।ਅਰਬ ਟਾਈਮਜ਼ ਨੇ ਲਿਖਿਆ ਕਿ ਕੁਵੈਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇੱਕ ਅਧਿਕਾਰਿਤ ਸ਼ਿਕਾਇਤ ਪੱਤਰ ਨੂਪੁਰ ਸ਼ਰਮਾ ਦੇ ਖ਼ਿਲਾਫ਼ ਰਾਜਦੂਤ ਨੂੰ ਸੌਂਪਿਆ ਗਿਆ ਹੈ।

ਅਰਬ ਟਾਈਮਜ਼ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਖ਼ਿਲਾਫ਼ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ।ਇਸ ਨਾਲ ਹੀ ਲਿਖਿਆ ਗਿਆ ਹੈ ਕਿ ਉਨ੍ਹਾਂ ਦਾ ਮੰਤਰਾਲਾ ਭਾਰਤ ਵੱਲੋਂ ਮੁਆਫ਼ੀ ਮੰਗਣ ਦੀ ਉਮੀਦ ਕਰਦਾ ਹੈ।ਖ਼ਬਰ ਵਿੱਚ ਇਹ ਵੀ ਲਿਖਿਆ ਗਿਆ ਕਿ ਇਸਲਾਮ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ ਅਤੇ ਭਾਰਤ ਸਮੇਤ ਦੁਨੀਆਂ ਭਰ ਦੀਆਂ ਸੱਭਿਅਤਾਵਾਂ ਦੇ ਵਿਕਾਸ ਵਿੱਚ ਇਸ ਨੇ ਅਹਿਮ ਭੂਮਿਕਾ ਨਿਭਾਈ ਹੈ।


ਭਾਜਪਾ ਆਗੂਆਂ ਖ਼ਿਲਾਫ਼ ਪਾਰਟੀ ਦੀ ਕਾਰਵਾਈ ਵੀ ਚਰਚਾ ਵਿੱਚ -ਸਾਊਦੀ ਅਰਬ ਦੇ ਸਾਊਦੀ ਗਜ਼ਟ ਵੱਲੋਂ ਛਾਪੇ ਦੀ ਖ਼ਬਰ ਮੁਤਾਬਕ ਭਾਰਤ ਸਰਕਾਰ ਵੱਲੋਂ ਅਤੇ ਭਾਜਪਾ ਵੱਲੋਂ ਕੀਤੀ ਗਈ ਕਾਰਵਾਈ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ।ਸਾਊਦੀ ਗਜ਼ਟ ਵੱਲੋਂ ਲਿਖਿਆ ਗਿਆ ਹੈ ਸਾਊਦੀ ਅਰਬ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨਾਂ ਦਾ ਨੋਟਿਸ ਲੈਂਦੇ ਹੋਏ ਨਿਖੇਧੀ ਕੀਤੀ ਗਈ ਹੈ।ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵੱਲੋਂ ਇੱਕ ਬਿਆਨ ਵੀ ਇਸ ਸਬੰਧੀ ਜਾਰੀ ਕੀਤਾ ਗਿਆ ਹੈ।ਬਿਆਨ ਵਿੱਚ ਆਖਿਆ ਗਿਆ ਹੈ ਕਿ ਇਸਲਾਮ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਭਾਰਤੀ ਜਨਤਾ ਪਾਰਟੀ ਵੱਲੋਂ ਨੂਪੁਰ ਸ਼ਰਮਾ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ ਗਿਆ ਹੈ।ਸਾਊਦੀ ਗਜ਼ਟ ਨੇ ਵੀ ਬਾਕੀ ਮੀਡੀਆ ਵਾਂਗ ਕਤਰ,ਕੁਵੈਤ ਸਰਕਾਰ ਵੱਲੋਂ ਬਾਰ ਦੇ ਰਾਜਦੂਤਾਂ ਦੇ ਤਲਬ ਕੀਤੇ ਜਾਣ ਬਾਰੇ ਲਿਖਿਆ ਗਿਆ ਹੈ।