ਸ਼ਬਦਾਂ ਦੀ ਚੋਣ ਅਤੇ ਸਟੇਟ ਵਲੋਂ ਦਿੱਤੇ ਬਿਰਤਾਂਤ (ਨੈਰੇਟਿਵ)

0
785

ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਲਈ ਜੂਨ 1984 ‘ਚ ਕੀਤੇ ਗਏ ਫੌਜੀ ਹਮਲੇ ਨੂੰ ਫੌਜ ਵੱਲੋਂ ਦਿੱਤੇ ਨਾਂ “ਅਪਰੇਸ਼ਨ ਬਲਿਊ ਸਟਾਰ” ਨਾਲ ਯਾਦ ਕਰਨਾ ਤੁਹਾਡੇ ਦਿਲੋ-ਦਿਮਾਗ ‘ਤੇ ਸਟੇਟ ਦਾ ਥੋਪਿਆ ਤੇ ਭਾਰੂ ਹੋਇਆ ਪੱਖ ਹੈ। ਅਬਦਾਲੀ ਸਣੇ ਹੋਰ ਹਮਲਾਵਰਾਂ ਦੇ ਹਮਲਿਆਂ ਨੂੰ ਅਸੀਂ ਉਨ੍ਹਾਂ ਦੇ ਜਿਹਾਦੀ ਨਾਹਰਿਆਂ ਨਾਲ ਨਹੀਂ, ਆਪਣੇ ਘੜੇ ਲਫ਼ਜ਼ਾਂ ਨਾਲ ਚੇਤੇ ਕਰਦੇ ਹਾਂ।

ਤੁਸੀਂ ਕਿਸੇ ਵੱਡੀ ਤਰਾਸਦੀ ਨੂੰ ਕਿਵੇਂ ਯਾਦ ਕਰਨਾ ਹੈ, ਇਹ ਵੀ ਸਟੇਟ ਤਹਿ ਕਰਨ ਲੱਗ ਜਾਵੇ ਤਾਂ ਚਿੰਤਾ ਦਾ ਵਿਸ਼ਾ ਹੈ। ਇਹ ਮਹਿਜ਼ ਇਤਫਾਕ ਨਹੀਂ, ਜੂਨ 84 ‘ਚ ਕੀਤੇ ਜਬਰੋ-ਜੁਲਮ ਪਿੱਛੋਂ ਸਟੇਟ ਨੇ ਸਿੱਖ ਪ੍ਰਤੀਕਿਰਿਆ ਨੂੰ ਭਾਂਪ ਕੇ ਕੰਬਣੀ ਮਹਿਸੂਸ ਕੀਤੀ।

“ਸੂਰਿਆ” ਰਸਾਲੇ ਨੇ ਜੁਲਾਈ 1984 ਦੇ ਅੰਕ ਦਾ ਸਿਰਲੇਖ ਰੱਖਿਆ “ਇਟਸ ਸਿੱਖ vs ਇੰਦਰਾ ਗਾਂਧੀ”। ਬਾਅਦ ‘ਚ ਇਸ ਨੂੰ ਸੰਤ ਭਿੰਡਰਾਂਵਾਲਿਆਂ ਤੇ ਇੰਦਰਾ ਦੀ ਨਿੱਜੀ ਲੜਾਈ ਵਜੋਂ ਪੇਸ਼ ਕਰ ਕੇ ਭਾਰਤ ਦੀ ਹਿੰਦੂਤਵੀ ਸੱਤਾ (ਸਟੇਟ) ਦੇ ਖੂਨੀ ਹੱਥ ਧੋਤੇ ਜਾਣ ਲੱਗੇ ਤੇ ਇਹ ਦਸਤੂਰ ਹੁਣ ਤੱਕ ਜਾਰੀ ਹੈ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੰਦਰਾ ਗਾਂਧੀ ਦੇ ਸਿਰ ‘ਤੇ ਸਮੁੱਚੀ ਸਿੱਖ ਕੌਮ ਨੂੰ ਮਲੀਆਮੇਟ ਕਰਨ ਦਾ ਭੂਤ ਸਵਾਰ ਸੀ, ਜਿਸ ਕੌਮ ਨੇ ਐਮਰਜੈਂਸੀ ਵੇਲੇ ਉਸਦਾ ਅੱਗੇ ਲੱਗ ਕੇ ਵਿਰੋਧ ਕੀਤਾ ਸੀ। ਉਸਦਾ ਇਹ ਸੁਫਨਾ ਉਸਦੇ ਪੁੱਤ ਰਾਜੀਵ ਅਤੇ ਉਸਦੇ ਵਾਰਸਾਂ ਨਰਸਿਮ੍ਹਾ ਰਾਓ ਵਰਗਿਆਂ ਨੇ ਵੀ ਅਗਾਂਹ ਵਧਾਇਆ।

ਪਰ ਅੱਜ ਵੀ ਸਿਰਫ ਇੰਦਰਾ ਨੂੰ ਦੋਸ਼ ਦੇਣਾ ਸਟੇਟ ਦੇ ਏਜੰਡੇ ਨੂੰ ਹੀ ਅੱਗੇ ਕਰਨਾ ਤੇ ਸਟੇਟ ਨੂੰ ਪਾਕ ਪਵਿੱਤਰ ਦੱਸਣਾ ਹੈ। ਇਹ ਸਟੇਟ ਵਲੋਂ ਦਿੱਤਾ ਬਿਰਤਾਂਤ (ਨੈਰੇਟਿਵ) ਮੰਨਣਾ ਹੈ ਕਿ ਇਹ ਜੰਗ ਇੰਦਰਾ ਬਨਾਮ ਭਿੰਡਰਾਂਵਾਲੇ ਜਾਂ ਇੰਦਰਾ ਬਨਾਮ ਸਿੱਖ ਸੀ।

ਜਦਕਿ ਅਜਿਹਾ ਨਹੀਂ ਹੈ।ਜੇਕਰ ਅਜਿਹਾ ਹੁੰਦਾ, ਤਾਂ ਸੰਤ ਭਿੰਡਰਾਂਵਾਲਿਆਂ ਦੇ ਤੁਰ ਜਾਣ ਪਿਛੋਂ ਸਿੱਖਾਂ ਨਾਲ ਹੋ ਰਿਹਾ ਜਬਰੋ ਜੁਲਮ ਖਤਮ ਹੋ ਜਾਂਦਾ।

ਇਹ ਜੰਗ ਪੰਜਾਬ vs ਹਿੰਦੋਸਤਾਨ ਸੀ, ਜੋ ਹਾਲੇ ਜਾਰੀ ਹੈ। ਕਦੇ ਖਾਣ ਵਾਲੀਆਂ ਗੋਲੀਆਂ ਨਾਲ ਤੇ ਕਦੇ ਨਸ਼ੇ ਦੀਆਂ ਗੋਲੀਆਂ ਨਾਲ। ਕਦੇ “ਅੜਤਾ ਪੰਜਾਬ” ਸਮਝ ਕੇ ਤੇ ਕਦੇ “ਉਡਤਾ ਪੰਜਾਬ” ਬਣਾ ਕੇ
ਹੁਣ ਨਾ ਇੰਦਰਾ ਹੈ, ਨਾ ਰਾਜੀਵ ਹੈ, ਨਾ ਕੇਂਦਰ ‘ਚ ਕਾਂਗਰਸ ਲੱਭਦੀ, ਭਾਜਪਾ ਦਾ ਰਾਜ ਹੈ, ……………..ਤਾਂ ਕੀ ਸਿੱਖਾਂ ਤੇ ਪੰਜਾਬ ਨਾਲ ਧੱਕਾ ਬੰਦ ਹੋ ਗਿਆ? ਸਿਰ ਨੂੰ ਝਟਕਾ ਦੇ ਕੇ ਸੋਚਿਓ ਜ਼ਰਾ।

ਸਟੇਟ ਕੋਲ ਵੱਡਾ ਮੀਡੀਆ ਤੰਤਰ ਹੈ, ਜੋ ਆਪਣੇ ਪੱਖ ਦੇ ਲਫ਼ਜ਼ ਅਤੇ ਬਿਰਤਾਂਤ ਘੜਦਾ ਤੇ ਸਾਡੇ ਦਿਮਾਗਾਂ ‘ਤੇ ਲੱਦ ਦਿੰਦਾ ਹੈ ਤੇ ਅਸੀਂ ਮਗਰ ਲੱਗ ਜਾਨੇ ਆਂ।ਅਸੀਂ ਤਾਂ ਦੋ ਦਹਾਕੇ ਦਿੱਲੀ ਦੀ ਸਿੱਖ ਨਸਲਕੁਸ਼ੀ ਨੂੰ ਮੀਡੀਏ ਮਗਰ ਲੱਗ ਕੇ ਦੰਗੇ ਈ ਕਹਿੰਦੇ ਰਹੇ।

ਸੋ ਲਫ਼ਜ਼ਾਂ ਦੀ ਚੋਣ ਨੂੰ ਸਹੀ ਕਰੀਏ, ਇਹ ਅਪਰੇਸ਼ਨ ਬਲਿਊ ਸਟਾਰ ਨਹੀਂ ਸੀ, ਨਾ ਹੀ ਅਪਰੇਸ਼ਨ ਨੀਲਾ ਤਾਰਾ ਸੀ, ਇਹ ਤਾਂ ਇਸਦੇ ਸਰਕਾਰੀ ਨਾਮ ਸਨ, ਸਾਡੇ ਲਈ ਇਹ ਤੀਜਾ ਘੱਲੂਘਾਰਾ ਸੀ, ਅੰਮ੍ਰਿਤਸਰ ਸਾਹਿਬ ਦੀ ਲੜਾਈ।
– ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ