ਸੁਖਬੀਰ ਨੂੰ ਬੰਦੀ ਸਿੰਘਾਂ ਵਾਲੀ ਕਮੇਟੀ ‘ਚੋਂ ਵੀ ਬਾਹਰ ਕਢਵਾਉਣ ਲਈ ਭਾਜਪਾ ਕਾਲਕਾ ਅਤੇ ਦਾਦੂਵਾਲ ਰਾਹੀਂ ਦਬਾਅ ਪਵਾ ਰਹੀ?

0
493

ਸੁਖਬੀਰ ਬਾਦਲ ਦਾ ਭਵਿੱਖ!

ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਜਿਸ 13 ਮੈਂਬਰੀ ਸਬ-ਕਮੇਟੀ ਦਾ 28 ਮਾਰਚ ਨੂੰ ਗਠਨ ਕੀਤਾ ਗਿਆ ਸੀ, ਉਸਨੇ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਕਮੇਟੀ ਨੂੰ ਸੂਬੇ ਭਰ ‘ਚ ਲੋਕਾਂ ਨਾਲ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਪਤਾ ਲੱਗਿਆ ਕਿ ਲੋਕ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿਚ ਤਬਦੀਲੀ ਚਾਹੁੰਦੇ ਹਨ ਅਤੇ ਇਹ ਮੁੱਦਾ ਰਿਪੋਰਟ ਦਾ ਮੁੱਖ ਹਿੱਸਾ ਬਣਾਇਆ ਗਿਆ ਹੈ ਅਤੇ ਸਪਸ਼ਟ ਕੀਤਾ ਗਿਆ ਹੈ ਕਿ ਇਸ ਤੋਂ ਬਿਨ੍ਹਾਂ ਪਾਰਟੀ ਦੀ ਗੱਲ ਨਹੀਂ ਬਣਨੀ।ਹੁਣ ਕਈ ਮੈਂਬਰ ਲੀਡਰਸ਼ਿਪ ਵਿਚ ਤਬਦੀਲੀ ਦਾ ਵਿਰੋਧ ਕਰ ਰਹੇ ਸਨ, ਪ੍ਰੰਤੂ ਅਖੀਰ ਵਿਚ ਇਹ ਫ਼ੈਸਲਾ ਹੋਇਆ ਕਿ ਤਬਦੀਲੀ ਲਈ ਕਿਸੇ ਅਹੁਦੇਦਾਰ ਦਾ ਨਾਂਅ ਨਾ ਲਿਆ ਜਾਵੇ ਅਤੇ ਕੇਵਲ ਲੀਡਰਸ਼ਿਪ ਵਿਚ ਤਬਦੀਲੀ ਦੀ ਸਿਫ਼ਾਰਸ਼ ਕੀਤੀ ਜਾਵੇ।

ਮੀਟਿੰਗ ਵਿਚ ਕੁਝ ਮੈਂਬਰਾਂ ਨੇ ਅਕਾਲੀ ਦਲ ਪ੍ਰਧਾਨ ਦੀਆਂ ਇਨ੍ਹਾਂ ਟਿੱਪਣੀਆਂ ‘ਤੇ ਵੀ ਤਿੱਖਾ ਇਤਰਾਜ਼ ਕੀਤਾ ਕਿ ਜੇ ਉਨ੍ਹਾਂ ਨੂੰ ਪਾਸੇ ਕੀਤਾ ਜਾਣਾ ਹੈ ਤਾਂ ਉਹ ਆਪਣਾ ਕੰਮਕਾਜ ਤੇ ਵਪਾਰ ਵੇਖਣਗੇ ਅਤੇ ਪੱਕੇ ਤੌਰ ‘ਤੇ ਪਾਰਟੀ ਅਤੇ ਸਿਆਸਤ ਤੋਂ ਦੂਰ ਹੋ ਜਾਣਗੇ। ਮੈਂਬਰਾਂ ਦਾ ਕਹਿਣਾ ਸੀ ਕਿ ਜੇ ਅਸੀਂ ਪਾਰਟੀ ਨੂੰ ਮਾਂ ਕਹਿੰਦੇ ਹਾਂ ਤਾਂ ਸਾਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਤਿਆਗ ਦੀ ਭਾਵਨਾ ਵੀ ਦਿਖਾਉਣੀ ਚਾਹੀਦੀ ਹੈ।

ਅਕਾਲੀ ਦਲ ਅੰਦਰ ਇੱਕ ਨਿਵੇਕਲੀ ਬਹਿਸ ਛਿੜ ਪਈ ਹੈ। ਅਕਾਲੀ ਦਲ ‘ਚ ਜਿਹੜੇ ਸੁਖਬੀਰ ਨਾਲ ਹਾਲੇ ਵੀ ਖੜੇ ਹਨ, ਉਹ ਕਹਿੰਦੇ ਕਿ ਜਿਹੜੇ ”ਅਕਾਲੀਆਂ ਵਿਚ ਭਾਜਪਾ ਦੇ ਵਧੇਰੇ ਲਾਗੇ” ਹਨ, ਉਹ ਚਾਹੁੰਦੇ ਕਿ ਸੁਖਬੀਰ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਭਾਜਪਾ ਨੂੰ ਸੁਖਬੀਰ ‘ਤੇ ਯਕੀਨ ਨਹੀਂ ਕਿ ਇਹ ਉਨ੍ਹਾਂ ਦੇ ਆਖੇ ਚੱਲੂਗਾ, ਜਿਵੇਂ ਕਿ ਵੱਡਾ ਬਾਦਲ ਚਲਦਾ ਸੀ। ਇਹੀ ਕਾਰਨ ਹੈ ਕਿ ਸੁਖਬੀਰ ਨੂੰ ਬੰਦੀ ਸਿੰਘਾਂ ਵਾਲੀ ਕਮੇਟੀ ‘ਚੋਂ ਵੀ ਬਾਹਰ ਕਢਵਾਉਣ ਲਈ ਭਾਜਪਾ ਕਾਲਕਾ ਅਤੇ ਦਾਦੂਵਾਲ ਰਾਹੀਂ ਦਬਾਅ ਪਵਾ ਰਹੀ ਹੈ ਕਿ ਇਹਨੂੰ ਨੀ ਹੁਣ ਕਿਤੇ ਅੱਗੇ ਲੱਗਣ ਦੇਣਾ। ਦੇਖੋ ਕਿੱਦਾਂ ਦਾ ਸਮਾਂ ਆ ਗਿਆ, ਭਾਜਪਾ ਨੂੰ ਸੁਖਬੀਰ ‘ਤੇ ਹੀ ਯਕੀਨ ਨੀ ਰਿਹਾ, ਕਿਉਂਕਿ ਬਾਦਲਾਂ ਦੇ ਟੱਬਰ ਤੋਂ ਵੀ ਵੱਧ ਭਾਜਪਾ ਦਾ ਹੁਕਮ ਵਜਾਉਣ ਵਾਲੇ ਸਿੱਖਾਂ ‘ਚ ਜੰਮ ਪਏ। ਉਹ ਕਹਿੰਦੇ ਹੁਣ ਉਹੀ ਅੱਗੇ ਕਰਾਂਗੇ।

ਇੱਕ ਨਹੀਂ, ਇਹ ਦੋ ਨਹੀਂ, ਨਹੀਂ ਚਾਰ ਡੋਗਰੇ, ਕੌਮ ਦੇ ਵਿੱਚ ਨੇ ਕਈ ਹਜ਼ਾਰ ਡੋਗਰੇ।
ਹਰ ਵੱਡੇ ਡੋਗਰੇ ਦਾ ਇੱਕ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ