ਸਿੱਖ ਗੁਰੂ ਵੱਲੋਂ ਬਖ਼ਸ਼ੇ ਜ਼ਾਬਤੇ ‘ਚ ਰਹਿ ਕੇ ਸਵੈ ਰੱਖਿਆ ਦੀ ਤਿਆਰੀ ਜ਼ਰੂਰ ਕਰਨ

0
1695

ਜਿਸ ਹਿਸਾਬ ਹਿੰਦੂਤਵੀ ਭਾਰਤ ਦੇ ਹਰ ਸਮਾਜ ‘ਚ ਜ਼ਹਿਰ ਫੈਲਾ ਰਹੇ ਹਨ, ਭਾਰਤ ‘ਚ ਸਿਵਲ ਵਾਰ ਲੱਗਣੀ ਤੇ ਦੰਗੇ ਫੈਲਣੇ ਤੈਅ ਹਨ। ਅਜਿਹੇ ਹਾਲਾਤ ‘ਚ ਕੇਵਲ ਸਿੱਖਾਂ ਨੂੰ ਨਹੀਂ, ਬਲਕਿ ਹਰ ਘੱਟਗਿਣਤੀ ਨੂੰ ਸਵੈ-ਰੱਖਿਆ ਲਈ ਹਥਿਆਰ ਅਤੇ ਆਪਣੇ ਘਰ ਦੀ ਇਸ ਤਰੀਕੇ ਤਿਆਰੀ ਜ਼ਰੂਰੀ ਹੈ ਕਿ ਕੋਈ ਬਾਹਰੋਂ ਅੰਦਰ ਨਾ ਆ ਸਕੇ।

ਪੰਜਾਬ ਤੋਂ ਬਾਹਰਲੇ ਸਿੱਖਾਂ ਵੱਲੋਂ ਜਥੇਦਾਰ ਨਾਲ ਮੁਲਾਕਾਤਾਂ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਵੇਖਦਿਆਂ ਜਥੇਦਾਰ ਵੱਲੋਂ ਲਾਇਸੰਸੀ ਹਥਿਆਰ ਰੱਖਣ ਲਈ ਕਹਿਣਾ ਆਪਣੀ ਰੱਖਿਆ ਲਈ ਸਾਵਧਾਨੀ ਰੱਖਣ ਵਾਲਾ ਆਦੇਸ਼ ਹੈ।

ਨਾਲ ਪਿਛਲੇ ਹਫ਼ਤੇ ਦੀ ਪੋਸਟ ਸਾਂਝੀ ਕਰ ਰਿਹਾਂ, ਹਿੰਦੂਤਵੀ ਅਜਿਹੀ ਟਰੇਨਿੰਗ ਪੂਰੇ ਭਾਰਤ ‘ਚ ਦੇ ਰਹੇ ਹਨ, ਭਗਵੰਤ-ਕੇਜਰੀਵਾਲ-ਰਾਜਾ ਵੜਿੰਗ ਦੀ ਜੀਭ ਨੂੰ ਵਲ਼ ਪਿਆ ਹੋਇਆ ਸੀ, ਬੋਲ ਨਾ ਸਕੇ ਪਰ ਅੱਜ ਜਦ ਸਿੱਖਾਂ ਨੂੰ ਜਥੇਦਾਰ ਨੇ ਸਾਵਧਾਨ ਕੀਤਾ ਤਾਂ ਅੱਗ ਕੱਢ ਰਹੇ ਹਨ।

ਕੀ ਇਹ ਸਿੱਖਾਂ ਨੂੰ “ਸਿਟਿੰਗ ਡੱਕਸ” ਜਾਣੀਕਿ ਨਿਹੱਥੇ ਬਣਾ ਕੇ ਮਰਵਾਉਣਾ ਚਾਹੁੰਦੇ ਹਨ? ਰਾਜੇ ਵੜਿੰਗ ਦੀ ਕਾਂਗਰਸ ਤਾਂ 1984 ਦੌਰਾਨ ਪੂਰੇ ਭਾਰਤ ‘ਚ ਨਿਹੱਥੇ ਸਿੱਖਾਂ ਦਾ ਸ਼ਿਕਾਰ ਖੇਡ ਚੁੱਕੀ ਹੈ। ਸਭ ਨੇ ਦੇਖਿਆ ਕਿ ਸਿੱਖ ਉੱਥੇ ਹੀ ਬਚੇ ਸਨ, ਜਿੱਥੇ ਉਨ੍ਹਾਂ ਕੋਲ ਭੀੜ ਦਾ ਮੁਕਾਬਲਾ ਕਰਨ ਲਈ ਹਥਿਆਰ ਸਨ।

ਯੂਕਰੇਨ ਦੇ ਲੋਕਾਂ ਕੋਲ ਹਥਿਆਰ ਸਨ ਤੇ ਉਹ ਚਲਾਉਣਾ ਜਾਣਦੇ ਸਨ, ਇਸੇ ਲਈ ਰੂਸੀ ਫ਼ੌਜਾਂ ਦਾ ਮੁਕਾਬਲਾ ਕਰ ਗਏ। ਕੈਨੇਡਾ-ਅਮਰੀਕਾ-ਇੰਗਲੈਂਡ ਨੇ ਹਥਿਆਰਾਂ ਦੇ ਨਾਲ ਨਾਲ ਟਰੇਨਿੰਗ ਦੇਣ ਵਾਲੇ ਵੀ ਭੇਜੇ। ਹੋਰ ਤਾਂ ਹੋਰ “ਵੌਲਵਰੀਨ” ਨਾਮ ਹੇਠ ਸਾਬਕਾ ਫੌਜੀ ਵੀ ਜਾ ਕੇ ਲੜੇ।

ਵੈਸੇ ਵੀ ਅਮਰੀਕਾ-ਕੈਨੇਡਾ ਦੇ ਘਰ ਘਰ ਹਥਿਆਰ ਪਏ ਹਨ, ਬੱਚੇ ਤੱਕ ਨਾਲ ਚਲਾਉਣ ਜਾਂਦੇ ਹਨ। ਨਾਲੇ ਸਿੱਖਾਂ ਨੂੰ ਤਾਂ ਛੇਵੇਂ ਪਾਤਸ਼ਾਹ ਤੋਂ ਚੰਗਾ ਘੋੜਾ ਤੇ ਚੰਗਾ ਹਥਿਆਰ ਰੱਖਣ ਅਤੇ ਭੇਟ ਕਰਨ ਦੇ ਆਦੇਸ਼ ਹਨ। ਦਸਮ ਪਾਤਸ਼ਾਹ ਨੇ ਕਿਰਪਾਨ ਪੱਕੀ ਪੁਆ ਦਿੱਤੀ। ਉਦੋਂ ਆਮ ਬੰਦੇ ਦੀ ਪਹੁੰਚ ਹੀ ਕਿਰਪਾਨ ਤੱਕ ਸੀ, ਪਿਸਤੌਲ ਤੱਕ ਹੁੰਦੀ ਤਾਂ ਸ਼ਾਇਦ ਉਹ ਪੁਆ ਦਿੰਦੇ।

ਗੁਰੂ ਸਾਹਿਬ ਨੇ ਹਥਿਆਰ ਨੂੰ ਜ਼ਾਬਤਾ ਵੀ ਦਿੱਤਾ ਕਿ ਇਹ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਉੱਠੇਗੀ।

ਜੇ ਅੱਜ ਜਥੇਦਾਰ ਸਵੈ-ਰੱਖਿਆ ਲਈ ਹਥਿਆਰ ਰੱਖਣ ਲਈ ਕਹਿ ਰਿਹਾ ਤਾਂ ਇਹ ਉਸੇ ਆਦੇਸ਼ ਦੀ ਲਗਾਤਾਰਤਾ ਹੈ। ਬਲਕਿ ਆਪਣੇ ਘਰ ਦੀ ਕਿਲ੍ਹਾਬੰਦੀ ਦੇ ਆਦੇਸ਼ ਵੀ ਦੇਣੇ ਚਾਹੀਦੇ ਤਾਂ ਕਿ ਕੋਈ ਚੋਰ-ਡਾਕੂ ਜਾਂ ਦੰਗਈਆਂ ਦੀ ਭੀੜ ਤੋਂ ਆਪਣਾ ਤੇ ਪਰਿਵਾਰ ਦਾ ਬਚਾਅ ਕੀਤਾ ਜਾ ਸਕੇ।

ਕੈਨੇਡਾ ਤੋਂ ਗਏ ਮੇਰੇ ਦੋਸਤ ਦਾ ਪੰਜਾਬ ਵਸਦਾ ਭਰਾ ਦੀਵਾਲੀ ਦੀ ਰਾਤ ਆਪਣੀਆਂ ਬੰਦੂਕਾਂ ਦੇ ਫ਼ਾਇਰ ਕੱਢ ਰਿਹਾ ਸੀ। ਸ਼ਾਂਤੀ ਦਾ ਪੁਜਾਰੀ ਮੇਰਾ ਦੋਸਤ ਕਹਿੰਦਾ ਕਿਓਂ ਇਹ ਫੁਕਰੀਆਂ ਮਾਰੀ ਜਾਨਾਂ? ਭਰਾ ਅੱਗਿਓਂ ਬੋਲਿਆ ਕਿ ਇਹ ਮੈਂ ਆਂਢ-ਗਵਾਂਢ ਨੂੰ ਡਰਦਾ ਹੀ ਦੱਸ ਰਿਹਾਂ ਕਿ ਮੇਰੇ ਕੋਲ ਅਸਲਾ ਹੈਗਾ ਤੇ ਮੈਨੂੰ ਚਲਾਉਣਾ ਆਉਂਦਾ।


ਜਿਹੜੇ ਗਾਂਧੀ ਦੇ ਸਿੱਖ ਬਣਦੇ ਹਨ, ਉਹ ਨਾ ਰੱਖਣ ਹਥਿਆਰ ਤੇ ਰੋਹਿੰਗੀਆਂ ਮੁਸਲਮਾਨਾਂ ਵਾਂਗ ਮਰਨ ਲਈ ਤਿਆਰ ਰਹਿਣ, ਜਿਨ੍ਹਾਂ ਨੂੰ ਸ਼ਾਂਤੀ ਦੇ ਪੁਜਾਰੀ ਬੋਧੀਆਂ ਨੇ ਕੋਹ ਕੋਹ ਕੇ ਮਾਰਿਆ ਹੈ। ਬਾਕੀ ਗੁਰੂ ਵੱਲੋਂ ਬਖ਼ਸ਼ੇ ਜ਼ਾਬਤੇ ‘ਚ ਰਹਿ ਕੇ ਸਵੈ ਰੱਖਿਆ ਦੀ ਤਿਆਰੀ ਜ਼ਰੂਰ ਕਰਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


Disclaimer – [Punjab Spectrum] does not endorse the opinions of Speakers, individuals , Social Media Personalities
& influencers, political & religious leaders. All Content provided is for Information Purpose Only.

ਅਸੀਂ ਪੰਜਾਬ ‘ਚ ਸ਼ਾਂਤੀ, ਭਾਈਚਾਰੇ ਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨਾ ਕਿ ਮਾਡਰਨ ਹਥਿਆਰਾਂ ਦੇ : CM ਭਗਵੰਤ ਮਾਨ ਦੀ ਜਥੇਦਾਰ ਸਾਹਿਬ ਬਿਆਨ ਤੇ ਟਿੱਪਣੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਕਿ ਹਰ ਇਕ ਸਿੱਖ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅੱਜ ਦੇ ਸਮੇਂ ’ਚ ਲਾਇਸੈਂਸੀ ਹਥਿਆਰ ਰੱਖਣ ਦੀ ਜ਼ਰੂਰਤ ਹੈ।ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ।


ਇਸ ਪ੍ਰਤੀਕਿਰਿਆ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਕ ਟਵੀਟ ਸਾਂਝਾ ਕੀਤਾ ਗਿਆ ਹੈ ਜਿਸ ‘ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਤੇ ਇਸ ਬਿਆਨ ਦਾ ਹਵਾਲਾ ਦਿੰਦਿਆ ਹੋਇਆ ਕਿ ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆਂ। ਉਨ੍ਹਾਂ ਕਿਹਾ ਕਿ ਜਥੇਦਾਰ ਜੀ ਤੁਹਾਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦੇਣਾ ਚਾਹੀਦਾ ਹੈ ਨਾ ਕਿ ਹਥਿਆਰ ਰੱਖਣ ਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਥੇਦਾਰ ਜੀ ਅਸੀਂ ਪੰਜਾਬ ਵਿੱਚ ਸ਼ਾਂਤੀ, ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਹਨ ਨਾ ਕਿ ਮਾਡਰਨ ਹਥਿਆਰਾਂ ਦੇ।

ਅੰਮ੍ਰਿਤਸਰ, 23 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਜਾਰੀ ਕੀਤੇ ਇਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਹਰ ਸਿੱਖ ਨੂੰ ਨਾ ਕੇਵਲ ਆਪਣੇ ਬੱਚੇ ਬੱਚੀਆਂ ਨੂੰ ਗਤਕੇ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਆਦਿ ਦੀ ਸਿੱਖ਼ਿਆ ਦਿਵਾਉਣੀ ਚਾਹੀਦੀ ਹੈ, ਸਗੋਂ ਹਰ ਮਾਡਰਨ ਸਿੱਖ ਨੂੰ ਕਾੂਨੀ ਤਰੀਕੇ ਨਾਲ ਮਾਡਰਨ ਲਾਇੰਸਸੀ ਹਥਿਆਰ ਰੱਖਣਾ ਚਾਹੀਦਾ ਹੈ।


ਅਕਾਲ ਤਖ਼ਤ ਦੇ ਜਥੇਦਾਰ ਦੇ ਇਸ ਬਿਆਨ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਸਿਆਸੀ ਤੇ ਸਮਾਜਿਕ ਧਿਰਾਂ ਇਸ ਦੇ ਪੱਖ ਅਤੇ ਵਿਰੋਧ ਵਿੱਚ ਨਿੱਤਰਣੀਆਂ ਸ਼ੁਰੂ ਹੋ ਗਈਆਂ ਹਨ।

ਅੱਜ ਜਾਰੀ ਇਥ ਵੀਡੀਓ ਸੁਨੇਹੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੇ ਹੇਠ ਲਿਖ਼ਿਆ ਸੁਨੇਹਾ ਦਿੱਤਾ ਹੈ:

‘‘ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਗੁਰਿਆਈ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਜਥੇਦਾਰ ਨੇ ਕਿਹਾ ਕਿ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੰਜ ਭੌਤਕ ਤਨ ਦੇ ਵਿੱਚ ਵਿੱਚਰਦਿਆਂ ਵਕਤ ਦੀ ਹਕੂਮਤ ਨਾਲ ਚਾਰ ਯੁੱਧ ਲੜੇ ਅਤੇ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ। ਪੂਰੇ ਹਿੰਦੁਸਤਾਨ ਦੇ ਅੰਦਰ ਗੈਰ ਮੁਸਲਮਾਨ ਲੋਕਾਂ ਦੇ ਅੰਦਰ ਇਹ ਧਾਰਨਾ ਸੀ ਕਿ ਇਸ ਸ਼ਕਤੀਸ਼ਾਲੀ ਸਾਮਰਾਜ ਨੂੰ, ਹਕੂਮਤ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਾਰ ਯੁੱਧ ਲੜ ਕੇ ਚਾਰਾਂ ਵਿੱਚ ਜਿੱਤ ਪ੍ਰਾਪਤ ਕਰਕੇ ਇਸ ਧਾਰਨਾ ਨੂੰ ਤੋੜਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ, ਨਾਲ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼ ਸਿੱਖ਼ਿਆ ਦਿੱਤੀ ਕਿ ਹੁਣ ਵਕਤ ਆ ਗਿਆ ਹੈ ਕਿ ਜਿੱਥੇ ਹਰ ਸਿੱਖ ਗੁਰੁਬਾਣੀ ਪੜ੍ਹਕੇ ਬਲਵਾਨ ਹੋਵੇ, ਉੱਥੇ ਸ਼ਸ਼ਤਰ ਧਾਰੀ ਜ਼ਰੂਰ ਹੋਵੇ, ਘੋੜ ਸਵਾਰੀ, ਸ਼ਸਤਰ ਵਿਦਿਆ, ਇਹ ਗੁਣ, ਇਹ ਕਲਾਵਾਂ ਹਰ ਸਿੱਖ ਜ਼ਰੂਰ ਸਿੱਖੇੇ। ਗੁਰੂ ਹਰਿਗਬਿੰਦ ਸਾਹਿਬ ਦਾ ਇਹ ਉਪਦਸ਼ ਅੱਜ ਵੀ ਕਾਰਗਰ ਹੈ।


ਅੱਜ ਵੀ ਜ਼ਰੂਰਤ ਹੈ, ਖ਼ਾਸ ਤੌਰ ’ਤੇ ਸਿੱਖ ਨੌਜਵਾਨ ਬੱਚੇ ਬੱਚੀਆਂ ਨੂੰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ, ਸ਼ਸ਼ਤਰਧਾਰੀ ਹੋਈਏ, ਗਤਕੇਬਾਜ਼ੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਜਿਹੀਆਂ ਕਲਾਵਾਂ ਵਿੱਚ ਸਿੱਖ਼ਿਅਤ ਹੋਈਏ ਅਤੇ ਹਰ ਸਿੱਖ ਲਾਇਸੰਸੀ, ਮਾਡਰਨ ਹਥਿਆਰ ਲੀਗਲ ਤਰੀਕੇ ਦੇ ਨਾਲ ਰੱਖਣ ਦਾ ਹਰ ਸਿੱਖ ਯਤਨ ਕਰੇ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਆ ਰਿਹਾ, ਹਾਲਾਤ ਐਸੇ ਬਣੇ ਰਹੇ ਕਿ ਹਰ ਸਿੱਖ ਆਪਣੇ ਆਪ ਨੂੰ ਬਾਣੀ ਪੜ੍ਹ ਕੇ, ਨਾਮ ਜਪ ਕੇ, ਭਜਨ ਕਰਕੇ, ਬਲਵਾਨ ਬਣਾਵੇ, ਨਾਲ ਨਾਲ ਤੰਦਰੁਸਤ ਹੋਵੇ, ਕਿਉਂਕਿ ਨਸ਼ੇ ਸਰੀਰ ਗਾਲ ਰਹੇ, ਨਸ਼ੇ ਸਾਡੇ ਪਰਿਵਾਰਾਂ ਨੂੰ ਘਰਾਂ ਨੂੰ ਬਰਬਾਦ ਕਰ ਰਹੇ, ਸਾਡੀ ਜ਼ਮੀਰ ਮਾਰ ਰਹੇ ਨੇ, ਸਾਡੀ ਮੱਤ ਮਾਰ ਰਹੇ ਹਨ।


ਅਸੀਂ ਨਸ਼ਿਆਂ ਤੋਂ ਖਹਿੜਾ ਛੁਡਾਈਏ ਤੇ ਨਸ਼ਿਆਂ ਤੋਂ ਖਹਿੜਾ ਛੁਡਾਉਣ ਦਾ ਇਕੋ ਤਰੀਕਾ ਕਿ ਅਸੀਂ ਬਾਣੇ ਵਾਲੇ ਪਾਸੇ ਆਈਏ, ਬਾਣੇ ਦੇ ਧਾਰਨੀ ਬਣੀਏ, ਸਤਿਸੰਗਤ ਕਰੀਏ, ਇਹੋ ਹੀ ਹਰਗੋਬਿੰਦ ਸਾਹਿਬ ਜੀ ਦਾ ਆਦੇਸ਼ ਹੈ।’’


Akal Takht Jathedar Giani Harpreet Singh Message on the Gurgaddi Diwas of Guru Hargobind Sahib ji.