ਹਰਿਆਣੇ ਦੇ ਜਾਟਾਂ ਨਾਲ ਹੋਏ ਧੱਕੇ ਤੋਂ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿੱਖਣ ਦੀ ਲੋੜ

0
1220

ਪੰਜਾਬ ‘ਚ ਕਿਸਾਨਾਂ ਦਾ ਭਵਿੱਖ
ਭਾਜਪਾ ਨੇ ਹਰਿਆਣੇ ‘ਚ ਸਰਕਾਰ ਬਣਾਉਣ ਲਈ ਸਭ ਜਾਤਾਂ ਨੂੰ ਇਹ ਗੱਲ ਜਚਾਈ ਕਿ ਹਰਿਆਣੇ ਦਾ ਬੇੜਾ ਗਰਕ ਕਰਨ ਲਈ ਜਾਟ ਜ਼ਿੰਮੇਵਾਰ ਨੇ, ਜਿਹੜੇ 70 ਸਾਲ ਤੋੰ ਰਾਜਨੀਤੀ ਤੇ ਸਮਾਜ ਦੇ ਉਤੇ ਹਾਵੀ ਨੇ। ਜਾਟਾਂ ਨੂੰ ਬਦਮਾਸ਼, ਜ਼ਮੀਨਾਂ ਦੱਬਣ ਵਾਲੇ, ਗੁੰਡੇ ਅਨਸਰ ਤੇ ਆਖਰ ਬਲਾਤਕਾਰੀ ਤੱਕ ਦੇ ਖਿਤਾਬ ਦੇ ਦਿੱਤੇ ਗਏ।

ਕਈ ਮਹੀਨੇ ਇਹ ਨੈਰੇਟਿਵ ਚਲਾਈ ਰੱਖਿਆ ਤੇ ਲੋਕਾਂ ਦੇ ਮਨਾਂ ‘ਚ ਗੱਲ ਘਰ ਕਰ ਗਈ ਕਿ ਉਨ੍ਹਾਂ ਦੀਆਂ ਸਭ ਸਮੱਸਿਆਵਾਂ ਦਾ ਕਾਰਨ ਜਾਟ ਹਨ।

ਫਿਰ ਸਮਾਂ ਬਣਾਇਆ ਗਿਆ, ਰਾਖਵੇਂਕਰਨ ਦੀ ਪੁਰਾਣੀ ਮੰਗ ਉਤੇ ਪ੍ਰਦਰਸ਼ਨ ਕਰਦੇ ਜਾਟ ਸਿੱਧੀਆਂ ਗੋਲੀਆ ਮਾਰ ਕੇ ਮਾਰੇ ਗਏ। ਸਾਰੇ ਭਾਰਤ ਨੇ, ਸਣੇ ਹਰਿਆਣੇ ਨੇ ਇਹ ਸਰਕਾਰੀ ਕਤਲ ਜਾਇਜ਼ ਠਹਿਰਾਏ। ਹਜ਼ਾਰਾਂ ਜਾਟ ਮੁੰਡੇ ਜੇਲਾਂ ‘ਚ ਸੁੱਟੇ ਗਏ ਤੇ ਦੇਸ਼ ਧਰੋਹ ਦੇ ਪਰਚੇ ਕੀਤੇ। ਸਰਕਾਰੀ ਨੌਕਰੀਆਂ ‘ਤੇ ਕੰਮ ਕਰਦੇ ਜਾਟਾਂ ‘ਤੇ ਪਰਚੇ ਦੇ ਕੇ ਨੌਕਰੀਆਂ ਤੋੰ ਬਰਖਾਸਤ ਕੀਤੇ ਗਏ।

ਇਉੰ ਹਰਿਆਣੇ ਦੇ ਸੈਣੀ, ਰੋੜ੍ਹ, ਪੰਜਾਬੀ ਹਿੰਦੂ, ਗੁੱਜਰ ਤੇ ਹੋਰ ਨਿਕ ਸੁਕ ਭਾਜਪਾ ਦਾ ਰਾਮ ਰਾਜ ਲੈ ਕੇ ਆਏ। ਗੈਰਤਮੰਦ ਜਾਟ ਸਾਰੇ ਕੁਝ ‘ਤੇ ਕਾਂਟਾ ਮਾਰ ਸਿੱਖੀ ਦੇ ਨਿਸ਼ਾਨ ਥੱਲੇ ਆ ਜੁੜੇ।

ਇਹੋ ਮਾਡਲ ਪੰਜਾਬ ‘ਚ ਆਮ ਆਦਮੀ ਪਾਰਟੀ ਰਾਹੀਂ ਲਾਗੂ ਕਰਨ ਦੀ ਤਿਆਰੀ ਆ। ਜਿਵੇੰ ਨਾੜ ਦੀ ਅੱਗ ਨੂੰ ਭਗਵੰਤ ਮਾਨ ਬੱਚਿਆ ਦੀ ਕਾਤਲ ਬਿਆਨ ਕਰ ਰਿਹਾ ਉਸ ਤੋੰ ਲੱਗਦਾ ਕਿ ਲੇਟ ਬੀਜੇ ਝੋਨੇ ਦੀ ਗਿੱਲੀ ਪਰਾਲੀ ਵੇਲੇ ਪੰਜਾਬ ਦਾ ਅੰਬੇਦਕਰਵਾਦੀ, ਕਾਮਰੇਡ, ਹਿੰਦੂ ਤੇ ਹੋਰ ਗ਼ੈਰ-ਕਾਸ਼ਤਕਾਰ ਜਾਤਾਂ ਸਰਕਾਰ ਦੀ ਸ਼ਹਿ ‘ਤੇ ਪੰਜਾਬ ‘ਚ ਸਿੱਖ ਜੱਟਾਂ ਦੇ ਖਿਲਾਫ ਜਾਟ ਅੰਦੋਲਨ ਵਾਂਗੂ ਚੜ੍ਹ ਕੇ ਆਉਣਗੀਆਂ।
ਹਰਿਆਣੇ ਵਾਲੇ Manoj Singh Duhan ਨੂੰ ਪੁੱਛ ਲਉ ਕਿ ਸਥਾਨਕ ਕਿਸਾਨ ਯੂਨੀਅਨਾਂ ਤੇ ਕਾਮਰੇਡਾਂ ਨੇ ਉਨ੍ਹਾਂ ਦਾ ਕਿੰਨਾ ਕੁ ਬਚਾਅ ਕੀਤਾ ਸੀ।

ਨਿਸ਼ਾਨ ਸਾਹਿਬ ਇਕੋ ਇਕ ਟੇਕ ਆ, ਜਾਟ ਸਮਝਗੇ ਪਰ ਜੱਟ ਅਜੇ ਵੀ ਭੁਲੇਖੇ ‘ਚ ਫਿਰਦੇ ਨੇ। ਲੜਾਈ ਗੈਰ ਕਾਸ਼ਤਕਾਰ ਜਾਤਾਂ ਨਾਲ ਨਹੀਂ, ਹਿੰਦੂ ਰਾਸ਼ਟਰ ਨਾਲ ਹੈ, ਇਨ੍ਹਾਂ ਜਾਤਾਂ ਦਾ ਤਾਂ ਮੋਢਾ ਵਰਤਣਾ।
ਪੰਜਾਬ ‘ਚ ਸਿੱਖ ਕਿਸਾਨ ਦੀ ਹੋ ਰਹੀ ਕਿਰਦਾਰਕੁਸ਼ੀ ਅੱਗੇ ਚੱਲ ਕੇ ਉਸਦੇ ਕੁਟਾਪੇ ਦੇ ਲੱਛਣ ਹਨ। ਸਮਾਂ ਰਹਿੰਦਿਆਂ ਸਮਝ ਕੇ ਤਕੜੇ ਹੋ ਜਾਓ। ਜਿਹੜੇ ਸਿੱਖ ਖੇਤੀ ਨਹੀਂ ਕਰਦੇ ਤੇ ਪੰਜਾਬ ਦੇ ਹੋਰ ਵਰਗ, ਜਿਨ੍ਹਾਂ ਦਿੱਲੀ ਕਿਸਾਨ ਮੋਰਚੇ ਵੇਲੇ ਤੁਹਾਡੀ ਬਾਂਹ ਫੜੀ ਸੀ, ਨਾਲ ਖੜ੍ਹੇ ਸੀ, ਉਨ੍ਹਾਂ ਨੂੰ ਨਾਲ ਰੱਖੋ। ਉਹ ਤੁਹਾਡੀ ਵੱਡੀ ਤਾਕਤ ਹਨ।

ਕਿਸਾਨ ਆਗੂਆਂ ਮਗਰ ਲੱਗ ਕੇ ਨਾੜ ਨੂੰ ਅੱਗ ਲਾਉਣ ਜਾਂ ਜਲਦੀ ਝੋਨਾ ਬੀਜਣ ਦੀਆਂ ਖ਼ੁਦ ਉਹ ਗਲਤੀਆਂ ਨਾ ਕਰੋ, ਜੋ ਤੁਹਾਨੂੰ ਸਮਾਜ ਨਾਲ਼ੋਂ ਤੋੜਨ। ਇਸ ਸਾਜ਼ਿਸ਼ ਬਾਰੇ ਆਪ ਵੀ ਜਾਗਰੂਕ ਹੋਵੋ ਤੇ ਹੋਰਾਂ ਨੂੰ ਵੀ ਕਰੋ। ਹਰਿਆਣੇ ਦੇ ਜਾਟਾਂ ਨਾਲ ਮੇਲਜੋਲ ਵਧਾਓ।

ਮੋਦੀ ਨੇ ਤੁਹਾਡੇ ਤੋਂ ਮੰਗੀ ਮਾਫ਼ੀ ਦਾ ਬਦਲਾ ਲੈਣਾ, ਤੁਸੀਂ ਭੁੱਲ ਗਏ ਓਂ, ਓਹ ਨੀ ਭੁੱਲੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਵਾਇਆ ਚਰਨਜੀਤ ਸਿੰਘ