ਪਟਿਆਲਾ : ਪਟਿਆਲਾ ਘਟਨਾਕ੍ਰਮ ਸਬੰਧੀ ਜੋ ਕਾਲੀ ਮਾਤਾ ਮੰਦਰ ਦੇ ਬਾਹਰ ਸ਼ਿਵ ਸੈਨਾ ਆਗੂਆਂ ਵਲੋਂ ਧਰਨਾ ਲਗਾਇਆ ਗਿਆ ਸੀ ਉਹ ਖ਼ਤਮ ਕਰਵਾ ਦਿਤਾ ਗਿਆ ਹੈ। ਦੱਸ ਦੇਈਏ ਕਿ ਐਸ.ਐਸ.ਪੀ. ਨਾਨਕ ਸਿੰਘ ਵਲੋਂ ਧਰਨੇ ਵਾਲੀ ਜਗ੍ਹਾ ‘ਤੇ ਜਾ ਕੇ ਧਰਨਾ ਲਗਾਉਣ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਹੱਥ ਜੋੜ ਕੇ ਅਪੀਲ ਕੀਤੀ ਕਿ ਇਹ ਧਰਨਾ ਖ਼ਤਮ ਕੀਤਾ ਜਾਵੇ।
ਪੁਲਿਸ ਵਲੋਂ ਦਿਤੇ ਭਰੋਸੇ ਮਗਰੋਂ ਸ਼ਿਵ ਸੈਨਾ ਵਲੋਂ ਧਰਨਾ ਖ਼ਤਮ ਕਰ ਦਿਤਾ ਗਿਆ ਹੈ ਅਤੇ ਸਰਕਾਰ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਮੰਦਰ ‘ਤੇ ਹਮਲਾ ਕਰਨ ਵਾਲੀ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਇਨ੍ਹਾਂ ਦੋ ਦਿਨਾਂ ਅਦੰਰ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ਼ਿਵ ਸੈਨਾ ਵਲੋਂ ਮੁੜ ਤੋਂ ਧਰਨਾ ਲਗਾਇਆ ਜਾਵੇਗਾ।
ਦੱਸ ਦੇਈਏ ਕਿ ਅੱਜ ਹਿੰਦੂ ਸੰਗਠਨਾਂ ਵਲੋਂ ਬੰਦ ਦਾ ਸੱਦਾ ਦਿਤਾ ਗਿਆ ਸੀ। ਇਸ ਮੌਕੇ ਜਦੋਂ ਐਸ.ਐਸ.ਪੀ ਨਾਨਕ ਨੇ ਧਰਨਾ ਦੇ ਰਹੇ ਸ਼ਿਵ ਸੈਨਾ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਮੰਦਰ ‘ਤੇ ਹਮਲਾ ਕਰਨ ਵਾਲੀ ਖ਼ਿਲਾਫ਼ ਹੋਣ ਵਾਲੀ ਕਾਰਵਾਈ ਦੀ ਤਸੱਲੀ ਦਿਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੰਦਰ ‘ਤੇ ਹਮਲਾ ਕਰਨ ਤੋਂ ਪਹਿਲਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਇਹ ਹਮਲਾ ਕੀਤਾ ਗਿਆ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਇਸ ਮਗਰੋਂ ਐਸ.ਐਸ.ਪੀ ਨਾਨਕ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਘੋਖ ਕੀਤੀ ਜਾ ਰਹੀ ਹੈ ਅਤੇ ਹਮਲੇ ਦੇ ਸਾਜ਼ੀਸ਼ਘਾੜਿਆਂ ਨੂੰ ਜ਼ਰੂਰ ਕਾਬੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਐਸ.ਐਸ.ਪੀ ਵਲੋਂ 48 ਘੰਟੇ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਵਲੋਂ ਭਰੋਸਾ ਦਿਵਾਉਣ ਮਗਰੋਂ ਧਰਨਾ ਖ਼ਤਮ ਕਰ ਦਿਤਾ ਗਿਆ ਹੈ। ਇਸ ਮੌਕੇ ਧਰਨਾ ਦੇ ਰਹੇ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਇਹ ਇਕ ਸਾਜ਼ਿਸ਼ ਦੇ ਤਹਿਤ ਹੋਇਆ ਹਮਲਾ ਹੈ ਜੋ ਹਿੰਦੂ ਸਿੱਖਾਂ ਵਿਚ ਪਾੜ ਪਾਉਣ ਦੀ ਨੀਅਤ ਨਾਲ ਕੀਤਾ ਗਿਆ ਸੀ। ਉਨ੍ਹਾਂ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ।
ਜਦੋ ਸੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋ ਪਟਿਆਲਾ ਬਾਬਤ ਚੈਲੰਜ ਕੀਤੇ ਜਾ ਰਹੇ ਸਨ ਅਤੇ ਵੀਡੀਓ ਪਾਈਆਂ ਜਾ ਰਹੀਆ ਸਨ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆ ਕਿਸੇ ਵੀ ਧਿਰ ਨੂੰ ਉਥੇ ਫੜਕਣ ਨਾ ਦਿੰਦੇ । ਪ੍ਰਸ਼ਾਸਨ ਦੀ ਨਾਕਾਮੀ ਹੈ ਕਿ ਉਨਾ ਸਮੇਂ ਸਿਰ ਬਣਦੇ ਕਦਮ ਨਹੀ ਚੁੱਕੇ। ਹੁਣ ਦੋਵਾ ਧਰਮਾ ਦੇ ਸੁਹਿਰਦ ਬੰਦਿਆ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਕੇ ਸਾਂਝੀਵਾਲਤਾ ਦੀ ਗੱਲ ਕਰਨ ਅਤੇ ਰਾਜਨੀਤਕ ਦਲ ਮਾਹੌਲ ਨੂੰ ਆਮ ਵਰਗਾ ਬਣਾਉਣ ਦੀਆਂ ਕੋਸ਼ਿਸ਼ ਕਰਨ। ਮੀਡੀਆ ਟੀਆਰਪੀ ਲਈ ਐਵੇ ਹਰ ਜਣੇ ਖਣੇ ਅੱਗੇ ਮਾਈਕ ਲੈਕੇ ਬਲਦੀ ਚ ਤੇਲ ਪਾਉਣ ਵਾਲਾ ਕੰਮ ਕਰਨ ਤੋਂ ਗੁਰੇਜ ਕਰੇ।
ਕੁਲਤਰਨ ਸਿੰਘ ਪਧਿਆਣਾ
ਨਵੀਂ ਦਿੱਲੀ: ਪਟਿਆਲਾ ਝੜਪ ਹੋਣ ਤੋਂ ਇਕ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋਸ਼ੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀਆਂ ਅਤੇ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਸਾਂਝੀ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੋ ਵੀ ਪੰਜਾਬ ਦੀ ਸ਼ਾਂਤੀ ਭੰਗ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੇਸ਼ ਵਿਚ ਵੱਧ ਰਹੇ ਬਿਜਲੀ ਸੰਕਟ ਬਾਰੇ ਗੱਲ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ “ਸਥਿਤੀ ਨੂੰ ਕਾਬੂ ਵਿਚ” ਕਰ ਲਿਆ ਹੈ ਪਰ ਇਹ ਪੂਰੇ ਦੇਸ਼ ਦੀ ਸਮੱਸਿਆ ਹੈ। ਇਹ ਕੋਈ ਸਿਆਸੀ ਵਿਸ਼ਾ ਨਹੀਂ ਹੈ, ਇਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।”
ਪਟਿਆਲਾ ਵਿਚ ਹੋਏ ਘਟਨਾਕ੍ਰਮ ਬਾਰੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ ‘ਚ ਫਿਲਹਾਲ ਸ਼ਾਂਤੀ ਹੈ ਅਤੇ ਪੁਲਿਸ ਵਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ।ਪਟਿਆਲਾ ਵਿਚ ਹੋਈ ਘਟਨਾ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਉਥੇ ਸ਼ਿਵ ਸੈਨਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਨ ਅਤੇ ਜਿਨ੍ਹਾਂ ਦਾ ਆਪਸ ਵਿਚ ਟਕਰਾਅ ਹੋਇਆ ਹੈ ਉਹ ਇਨ੍ਹਾਂ ਪਾਰਟੀਆਂ ਦੇ ਹੀ ਵਰਕਰ ਸਨ।