ਸੰਸਾਰ ਦੀ ਕਣਕ-ਚੌਲਾਂ ਦੀ ਘਾਟ ਨੂੰ ਕੀ ਭਾਰਤ ਪੂਰਾ ਕਰ ਸਕੇਗਾ

0
534

ਪਿਛਲੇ ਹਫ਼ਤੇ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਕਿਹਾ ਕਿ ਯੂਕਰੇਨ ਵਿੱਚ ਜੰਗ ਕਾਰਨ ਸਪਲਾਈ ਦੇ ਝਟਕਿਆਂ ਅਤੇ ਵਧਦੀਆਂ ਕੀਮਤਾਂ ਤੋਂ ਬਾਅਦ ਭਾਰਤ ਬਾਕੀ ਦੁਨੀਆਂ ਨੂੰ ਭੋਜਨ ਭੇਜਣ ਲਈ ਤਿਆਰ ਹੈ।ਮੋਦੀ ਨੇ ਕਿਹਾ ਕਿ ਭਾਰਤ ਕੋਲ ਆਪਣੇ 1.4 ਅਰਬ ਲੋਕਾਂ ਲਈ “ਕਾਫ਼ੀ ਭੋਜਨ” ਹੈ ਅਤੇ ਜੇਕਰ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਇਜਾਜ਼ਤ ਦਿੰਦਾ ਹੈ ਤਾਂ ਇਹ “ਕੱਲ੍ਹ ਤੋਂ ਦੁਨੀਆ ਨੂੰ ਭੋਜਨ ਸਟਾਕ ਸਪਲਾਈ ਕਰਨ ਲਈ ਤਿਆਰ ਹੈ।”ਵਿਸ਼ਵ ਵਿਆਪੀ ਫ਼ਸਲੀ ਝਾੜ ਦੇ ਮੁੱਦੇ ਕਾਰਨ ਯੂਕਰੇਨ ਵਿੱਚ ਜੰਗ ਤੋਂ ਪਹਿਲਾਂ ਹੀ ਵਸਤੂਆਂ ਦੀਆਂ ਕੀਮਤਾਂ 10 ਸਾਲ ਦੇ ਉੱਚੇ ਪੱਧਰ ‘ਤੇ ਸਨ।

ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰਲ ਆਰਗੇਨਾਈਜ਼ੇਸ਼ਨ (UNFAO) ਦੇ ਭੋਜਨ-ਕੀਮਤ ਸੂਚਕ ਅੰਕ ਦੇ ਅਨੁਸਾਰ, ਯੁੱਧ ਤੋਂ ਬਾਅਦ ਹੋਰ ਕੀਮਤਾਂ ਹੋ ਵਧ ਰਹੀਆਂ ਹਨ ਅਤੇ ਪਹਿਲਾਂ ਹੀ 1990 ਤੋਂ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਹਨ।ਰੂਸ ਅਤੇ ਯੂਕਰੇਨ ਵਿਸ਼ਵ ਦੇ ਦੋ ਪ੍ਰਮੁੱਖ ਕਣਕ ਬਰਾਮਦਕਰਤਾ ਹਨ ਅਤੇ ਵਿਸ਼ਵ ਦੀ ਸਾਲਾਨਾ ਕਣਕ ਦੀ ਵਿਕਰੀ ਦਾ ਲਗਭਗ ਇੱਕ ਤਿਹਾਈ ਹਿੱਸਾ ਇਨ੍ਹਾਂ ਦੇਸ਼ਾਂ ਦਾ ਹੈ।ਦੋਵੇਂ ਦੇਸ਼ ਵਿਸ਼ਵ ਦੇ ਸਾਲਾਨਾ ਸੂਰਜਮੁਖੀ ਤੇਲ ਦੇ ਬਰਾਮਦ ਦਾ 55%, ਅਤੇ ਮੱਕੀ ਅਤੇ ਜੌਂ ਦੇ ਬਾਰਮਦ ਵਿੱਚ 17% ਲਈ ਵੀ ਯੋਗਦਾਨ ਪਾਉਂਦੇ ਹਨ।

ਯੂਐੱਨਐੱਫਓ ਮੁਤਾਬਕ, ਉਨ੍ਹਾਂ ਨੂੰ ਮਿਲ ਕੇ ਇਸ ਸਾਲ 14 ਮਿਲੀਅਨ ਟਨ ਕਣਕ ਅਤੇ 16 ਮਿਲੀਅਨ ਟਨ ਮੱਕੀ ਬਰਾਮਦ ਕਰਨ ਦੀ ਉਮੀਦ ਸੀ।ਯੂਐੱਨਐੱਫਓ ਵਿੱਚ ਰੋਮ ਦੇ ਅਰਥ ਸ਼ਾਸਤਰੀ ਓਪਾਲੀ ਗਲਕੇਟੀ ਅਰਾਚਕੀਲੇਜ ਮੁਤਾਬਕ, “ਸਪਲਾਈ ਵਿੱਚ ਵਿਘਨ ਅਤੇ ਰੂਸ ਨੂੰ ਦਰਪੇਸ਼ ਪਾਬੰਦੀਆਂ ਦੇ ਖ਼ਤਰੇ ਦਾ ਮਤਲਬ ਹੈ ਕਿ ਇਸ ਨਿਰਯਾਤ ਨੂੰ ਸਮੀਕਰਨ ਤੋਂ ਬਾਹਰ ਲਿਆ ਜਾਣਾ ਚਾਹੀਦਾ ਹੈ। ਭਾਰਤ ਹੋਰ ਨਿਰਯਾਤ ਕਰਨ ਲਈ ਕਦਮ ਵਧਾ ਸਕਦਾ ਹੈ, ਖ਼ਾਸ ਕਰਕੇ ਜਦੋਂ ਉਸ ਕੋਲ ਕਣਕ ਦਾ ਕਾਫ਼ੀ ਸਟਾਕ ਹੋਵੇ।”

ਦੁਨੀਆਂ ਵਿੱਚ ਭਾਰਤ ਕਣਕ ਅਤੇ ਚੌਲਾਂ ਦਾ ਦੂਜਾ ਵੱਡਾ ਉਤਪਾਦਕ ਹੈ।ਅਪ੍ਰੈਲ ਦੇ ਸ਼ੁਰੂ ਤੱਕ, ਇਸ ਕੋਲ ਕਣਕ ਤੇ ਚੌਲਾਂ ਦੇ 74 ਮਿਲੀਅਨ ਟਨ ਸਟਾਕ ਸੀ। ਇਸ ਵਿੱਚੋਂ 21 ਮਿਲੀਅਨ ਟਨ ਇਸ ਦੇ ਰਣਨੀਤਕ ਰਿਜ਼ਰਵ ਅਤੇ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਲਈ ਰੱਖੀ ਗਈ ਹੈ, ਜੋ 700 ਮਿਲੀਅਨ ਤੋਂ ਵੱਧ ਗਰੀਬ ਲੋਕਾਂ ਨੂੰ ਸਸਤੇ ਭੋਜਨ ਤੱਕ ਪਹੁੰਚ ਪ੍ਰਦਾਨ ਕਰਦੀ ਹੈ।ਭਾਰਤ ਕਣਕ ਅਤੇ ਚੌਲਾਂ ਦੇ ਸਭ ਤੋਂ ਸਸਤੇ ਆਲਮੀ ਸਪਲਾਇਰਾਂ ਵਿੱਚੋਂ ਇੱਕ ਹੈ, ਇਹ ਪਹਿਲਾਂ ਹੀ ਲਗਭਗ 150 ਦੇਸ਼ਾਂ ਨੂੰ ਚੌਲ ਅਤੇ 68 ਦੇਸ਼ਾਂ ਨੂੰ ਕਣਕ ਨਿਰਯਾਤ ਕਰ ਰਿਹਾ ਹੈ।

ਇਸ ਨੇ 2020-2021 ਵਿੱਚ ਲਗਭਗ 7 ਮਿਲੀਅਨ ਟਨ ਕਣਕ ਦੀ ਬਰਾਮਦ ਕੀਤੀ।ਅਧਿਕਾਰੀਆਂ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧਦੀ ਮੰਗ ‘ਤੇ ਪ੍ਰਤੀਕਿਰਿਆ ਕਰਦੇ ਹੋਏ ਵਪਾਰੀਆਂ ਨੇ ਅਪ੍ਰੈਲ ਤੋਂ ਜੁਲਾਈ ਦੌਰਾਨ 3 ਮਿਲੀਅਨ ਟਨ ਤੋਂ ਵੱਧ ਕਣਕ ਦੀ ਬਰਾਮਦ ਲਈ ਪਹਿਲਾਂ ਹੀ ਸਮਝੌਤੇ ਕੀਤੇ ਹਨ।ਖੇਤੀ ਨਿਰਯਾਤ 2021-22 ਵਿੱਚ ਰਿਕਾਰਡ 50 ਬਿਲੀਅਨ ਡਾਲਰ ਤੋਂ ਵੱਧ ਗਿਆ।

ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਦੇ ਖੇਤੀਬਾੜੀ ਦੇ ਪ੍ਰੋਫੈਸਰ ਅਸ਼ੋਕ ਗੁਲਾਟੀ ਮੁਤਾਬਕ, ਭਾਰਤ ਕੋਲ ਇਸ ਵਿੱਤੀ ਸਾਲ ਵਿੱਚ 22 ਮਿਲੀਅਨ ਟਨ ਚੌਲ ਅਤੇ 16 ਮਿਲੀਅਨ ਟਨ ਕਣਕ ਦੀ ਬਰਾਮਦ ਕਰਨ ਦੀ ਸਮਰੱਥਾ ਹੈ।ਉਹ ਕਹਿੰਦੇ ਹਨ, “ਜੇ ਡਬਲਿਊਟੀਓ ਸਰਕਾਰੀ ਸਟਾਕਾਂ ਨੂੰ ਨਿਰਯਾਤ ਕਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਇਹ ਹੋਰ ਵੀ ਵੱਧ ਹੋ ਸਕਦਾ ਹੈ। ਇਸ ਨਾਲ ਵਿਸ਼ਵਵਿਆਪੀ ਕੀਮਤਾਂ ਨੂੰ ਠੰਢਾ ਕਰਨ ਅਤੇ ਦੁਨੀਆ ਭਰ ਦੇ ਆਯਾਤ ਕਰਨ ਵਾਲੇ ਦੇਸ਼ਾਂ ਦੇ ਬੋਝ ਨੂੰ ਘਟਾਉਣ ਵਿੱਚ ਮਦਦ ਮਿਲੇਗੀ।”ਹਾਲਾਂਕਿ ਕੁਝ ਰਾਖਵਾਂ ਸਟਾਕ ਹੈ। ਦਿੱਲੀ ਸਥਿਤ ਥਿੰਕ ਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਸੀਨੀਅਰ ਫੈਲੋ ਹਰੀਸ਼ ਦਾਮੋਦਰਨ ਕਹਿੰਦੇ ਹਨ, “ਸਾਡੇ ਕੋਲ ਇਸ ਸਮੇਂ ਕਾਫ਼ੀ ਸਟਾਕ ਹੈ। ਪਰ ਕੁਝ ਚਿੰਤਾਵਾਂ ਵੀ ਹਨ ਅਤੇ ਸਾਨੂੰ ਦੁਨੀਆਂ ਨੂੰ ਭੋਜਨ ਦੇਣ ਬਾਰੇ ਵਾਧੂ ਉਤਸ਼ਾਹਿਤ ਹੋਣ ਦੀ ਲੋੜ ਨਹੀਂ।”

ਪਹਿਲਾਂ, ਉਮੀਦ ਤੋਂ ਘੱਟ ਵਾਢੀ ਦੇ ਡਰ ਹਨ। ਭਾਰਤ ਵਿੱਚ ਕਣਕ ਦਾ ਨਵਾਂ ਸੀਜ਼ਨ ਚੱਲ ਰਿਹਾ ਹੈ ਅਤੇ ਅਧਿਕਾਰੀਆਂ ਨੇ ਇਸ ਵਾਰ ਰਿਕਾਰਡ 111 ਮਿਲੀਅਨ ਟਨ ਦੀ ਵਾਢੀ ਹੋਣ ਦਾ ਅਨੁਮਾਨ ਲਗਾਇਆ ਹੈ, ਲਗਾਤਾਰ ਛੇਵਾਂ ਬੰਪਰ ਫਸਲ ਸੀਜ਼ਨ।ਪਰ ਦਾਮੋਦਰਨ ਵਰਗੇ ਮਾਹਿਰ ਇਸ ਗੱਲ ‘ਤੇ ਯਕੀਨ ਨਹੀਂ ਕਰਦੇ।ਉਨ੍ਹਾਂ ਦਾ ਮੰਨਣਾ ਹੈ ਕਿ ਖਾਦ ਦੀ ਘਾਟ ਅਤੇ ਮੌਸਮ ਦੀਆਂ ਅਸਪੱਸ਼ਟਤਾਵਾਂ, ਜਿਵੇਂ ਬਹੁਤ ਜ਼ਿਆਦਾ ਮੀਂਹ ਅਤੇ ਗਰਮੀ ਕਾਰਨ ਝਾੜ ਬਹੁਤ ਘੱਟ ਹੋਵੇਗਾ।ਉਹ ਕਹਿੰਦੇ ਹਨ, “ਅਸੀਂ ਉਤਪਾਦਨ ਦਾ ਬਹੁਤ ਜ਼ਿਆਦਾ ਅੰਦਾਜ਼ਾ ਲਗਾ ਰਹੇ ਹਾਂ। ਹੋਰ 10 ਦਿਨਾਂ ਵਿੱਚ ਹਾਲਾਤ ਸਾਫ਼ ਹੋ ਜਾਣਗੇ।”

ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਹੋਰ ਸਵਾਲੀਆ ਨਿਸ਼ਾਨ ਖਾਦਾਂ ਉੱਤੇ ਹੈ, ਜੋ ਕਿ ਖੇਤੀ ਦਾ ਇੱਕ ਬੁਨਿਆਦੀ ਹਿੱਸਾ ਹਨ।ਯੁੱਧ ਤੋਂ ਬਾਅਦ ਭਾਰਤ ਦਾ ਸਟਾਕ ਘੱਟ ਗਿਆ ਹੈ। ਭਾਰਤ ਡਾਈ-ਅਮੋਨੀਅਮ ਫਾਸਫੇਟ ਅਤੇ ਨਾਈਟ੍ਰੋਜਨ, ਫਾਸਫੇਟ, ਸਲਫਰ ਅਤੇ ਪੋਟਾਸ਼ ਵਾਲੀਆਂ ਖਾਦਾਂ ਦੀ ਦਰਾਮਦ ਕਰਦਾ ਹੈ।ਵਿਸ਼ਵ ਦੇ ਪੋਟਾਸ਼ ਨਿਰਯਾਤ ਦਾ 40% ਰੂਸ ਅਤੇ ਬੇਲਾਰੂਸ ਦਾ ਹੈ। ਵਿਸ਼ਵ ਪੱਧਰ ‘ਤੇ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਖਾਦ ਦੀਆਂ ਕੀਮਤਾਂ ਪਹਿਲਾਂ ਹੀ ਉੱਚੀਆਂ ਹਨ।ਅਗਲੇ ਵਾਢੀ ਦੇ ਸੀਜ਼ਨ ਵਿੱਚ ਖਾਦਾਂ ਦੀ ਕਮੀ ਆਸਾਨੀ ਨਾਲ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਦਾਮੋਦਰਨ ਕਹਿੰਦੇ ਹਨ, ਇਸ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਭਾਰਤ ਲਈ ਮਿਸਰ ਅਤੇ ਅਫਰੀਕਾ ਵਰਗੇ ਦੇਸ਼ਾਂ ਨਾਲ “ਕਣਕ ਦੇ ਬਦਲੇ ਖਾਦ ਸੌਦਿਆਂ” ਦੀ ਖੋਜ ਕਰਨ ਵਿੱਚ ਹੈ।ਇਸ ਦੇ ਨਾਲ ਹੀ, ਜੇਕਰ ਜੰਗ ਲੰਮੀ ਹੋ ਜਾਂਦੀ ਹੈ, ਤਾਂ ਭਾਰਤ ਨੂੰ ਨਿਰਯਾਤ ਵਧਾਉਣ ਵਿੱਚ ਲੌਜਿਸਟਿਕ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਅਰਾਚਕੀਲੇਜ ਕਹਿੰਦੇ ਹਨ, “ਅਨਾਜ ਦੀ ਵੱਡੀ ਮਾਤਰਾ ਨੂੰ ਨਿਰਯਾਤ ਕਰਨ ਵਿੱਚ ਆਵਾਜਾਈ, ਸਟੋਰੇਜ, ਜਹਾਜ਼ਾਂ ਵਰਗਾ ਵਿਸ਼ਾਲ ਬੁਨਿਆਦੀ ਢਾਂਚਾ ਸ਼ਾਮਲ ਹੁੰਦਾ ਹੈ। ਇਸ ਦੇ ਨਾਲ ਹੀ ਉੱਚ ਮਾਤਰਾ ਵਿੱਚ ਸ਼ਿਪਿੰਗ ਸ਼ੁਰੂ ਕਰਨ ਦੀ ਸਮਰੱਥਾ।”

ਇਸ ਤੋਂ ਇਲਾਵਾ ਵੱਧ ਭਾੜੇ ਦੀ ਲਾਗਤ ਦਾ ਸਵਾਲ ਵੀ ਹੈ।ਅਖ਼ੀਰ ਵਿੱਚ, ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਭੋਜਨ ਦੀਆਂ ਕੀਮਤਾਂ ਚਿੰਤਾ ਦਾ ਕਾਰਨ ਹਨ, ਭੋਜਨ ਮਹਿੰਗਾਈ ਮਾਰਚ ਵਿੱਚ 16-ਮਹੀਨੇ ਦੇ ਉੱਚੇ ਪਾਇਦਾਨ – 7.68% – ‘ਤੇ ਪਹੁੰਚ ਗਈ ਹੈ।ਇਹ ਮੁੱਖ ਤੌਰ ‘ਤੇ ਖਾਣ ਵਾਲੇ ਤੇਲ, ਸਬਜ਼ੀਆਂ, ਅਨਾਜ, ਦੁੱਧ, ਮੀਟ ਅਤੇ ਮੱਛੀ ਦੀਆਂ ਕੀਮਤਾਂ ‘ਚ ਵਾਧੇ ਤੋਂ ਪ੍ਰੇਰਿਤ ਹੈ।ਇੱਕ ਥਿੰਕ ਟੈਂਕ ਆਈਐੱਫ ਪੀਆਰਆਈ ਮੁਤਾਬਕ, ਰੂਸੀ ਹਮਲੇ ਦੇ ਗਲੋਬਲ ਭੋਜਨ ਸੁਰੱਖਿਆ ਲਈ “ਗੰਭੀਰ ਸਿੱਟਿਆਂ” ਦੀ ਸੰਭਾਵਨਾ ਹੈ।ਯੂਐੱਨਐੱਫਏਓ ਦਾ ਅੰਦਾਜ਼ਾ ਹੈ ਕਿ ਰੂਸ ਅਤੇ ਯੂਕਰੇਨ ਤੋਂ ਕਣਕ, ਖਾਦ ਅਤੇ ਹੋਰ ਵਸਤੂਆਂ ਦੇ ਨਿਰਯਾਤ ਵਿੱਚ ਲੰਬੇ ਸਮੇਂ ਤੱਕ ਵਿਘਨ ਪੈਣ ਨਾਲ ਦੁਨੀਆਂ ਵਿੱਚ ਕੁਪੋਸ਼ਣ ਵਾਲੇ ਲੋਕਾਂ ਦੀ ਗਿਣਤੀ ਅੱਠ ਤੋਂ 13 ਮਿਲੀਅਨ ਤੱਕ ਵਧ ਸਕਦੀ ਹੈ।ਰੂਸ ਅਤੇ ਯੂਕਰੇਨ ਦੀਆਂ ਵਸਤੂਆਂ ਦੁਨੀਆਂ ਵਿੱਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ 8 ਤੋਂ 13 ਮਿਲੀਅਨ ਤੱਕ ਵਧਾ ਸਕਦੀਆਂ ਹਨ।ਸਰਕਾਰ ਦੇ ਆਪਣੇ ਦਾਖ਼ਲੇ ਮੁਤਾਬਕ, ਭਰਪੂਰ ਫਸਲਾਂ ਅਤੇ ਭਰਪੂਰ ਭੋਜਨ ਭੰਡਾਰਾਂ ਦੇ ਬਾਵਜੂਦ ਭਾਰਤ ਵਿੱਚ 30 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। (ਪ੍ਰਧਾਨ ਮੰਤਰੀ ਮੋਦੀ ਦੇ ਜੱਦੀ ਸੂਬੇ, ਗੁਜਰਾਤ ਵਿੱਚ ਅਜਿਹੇ ਬੱਚਿਆਂ ਦੀ ਤੀਸਰੀ ਸਭ ਤੋਂ ਵੱਧ ਗਿਣਤੀ ਹੈ।)ਦਾਮੋਦਰਨ ਕਹਿੰਦੇ ਹਨ, “ਤੁਸੀਂ ਭੋਜਨ ਸੁਰੱਖਿਆ ਬਾਰੇ ਬੇਪਰਵਾਹ ਨਹੀਂ ਹੋ ਸਕਦੇ। ਤੁਸੀਂ ਸਬਸਿਡੀ ਵਾਲੇ ਭੋਜਨ ਪ੍ਰਣਾਲੀ ਲਈ ਨਿਰਧਾਰਤ ਭੋਜਨ ਨਾਲ ਨਹੀਂ ਖੇਡ ਸਕਦੇ।”ਜੇਕਰ ਭਾਰਤ ਦੇ ਸਿਆਸਤਦਾਨਾਂ ਨੂੰ ਇੱਕ ਗੱਲ ਪਤਾ ਹੈ ਤਾਂ ਉਹ ਇਹ ਹੈ ਕਿ ਭੋਜਨ ਜਾਂ ਇਸ ਦੀ ਘਾਟ, ਉਨ੍ਹਾਂ ਦੀ ਕਿਸਮਤ ਤੈਅ ਕਰਦੀ ਹੈ ਕਿਉਂਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਅਤੀਤ ਵਿੱਚ ਸੂਬਾ ਅਤੇ ਕੇਂਦਰੀ ਸਰਕਾਰਾਂ ਡਿੱਗ ਗਈਆਂ ਸਨ।