ਨਿਊਯਾਰਕ : ਸੈਰ ਕਰਨ ਗਏ ਬਜ਼ੁਰਗ ਸਿੱਖ ‘ਤੇ ਹੋਇਆ ਹਮਲਾ

0
931

ਨਿਊਯਾਰਕ ਦੇ ਕੁਈਨਜ਼ ‘ਚ ਸਵੇਰ ਦੀ ਸੈਰ ਕਰਨ ਗਏ ਇੱਕ 75 ਸਾਲਾ ਸਿੱਖ ਵਿਅਕਤੀ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਨੱਕ ਦੀ ਹੱਡੀ ਟੁੱਟ ਗਈ। ਇਸ ਹਮਲੇ ਦੌਰਾਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ‘ਤੇ ਇਹ ਹਮਲਾ ਰਿਚਮੰਡ ਹਿੱਲ ਇਲਾਕੇ ਵਿਚ ਹੋਇਆ ਜਿਸ ਬਾਰੇ ਉਨ੍ਹਾਂ ਨੇ ਜਾਣਕਾਰੀ ਦਿਤੀ ਹੈ। ਨਿਰਮਲ ਸਿੰਘ ਸਥਾਨਕ ਗੁਰਦੁਆਰਾ ਸਾਹਿਬ ਵਲੋਂ ਦਿੱਤੀ ਰਿਹਾਇਸ਼ ਵਿਚ ਰਹਿੰਦੇ ਹਨ ਅਤੇ ਉਹ ਸਵੇਰ ਦੀ ਸੈਰ ਕਰਨ ਗਏ ਸਨ ਜਿਥੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਵੈਨਕੂਵਰ ਰਹਿੰਦੇ ਨਿਰਮਲ ਸਿੰਘ ਦੇ ਪੁੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਆਪਣੇ ਛੋਟੇ ਭਰਾ ਤੋਂ ਪਤਾ ਲੱਗਾ ਹੈ।

ਭਾਰਤ ਵਿਚ ਕੋਰੋਨਾ ਪਾਬੰਦੀਆਂ ਵਿਚ ਮਿਲੀ ਢਿੱਲ ਦੌਰਾਨ ਹੀ ਉਨ੍ਹਾਂ ਨੇ ਨਿਊਯਾਰਕ ਆਉਣ ਦਾ ਫ਼ੈਸਲਾ ਲਿਆ ਸੀ ਅਤੇ ਮਹਿਜ਼ ਦੋ ਹਫ਼ਤੇ ਪਹਿਲਾਂ ਹੀ ਇਥੇ ਆਏ ਸਨ। ਇਸ ਹਮਲੇ ਬਾਰੇ ਉਹ ਅੱਜ ਆਪਣੇ ਪੁੱਤਰ ਦੇ ਦੋਸਤ ਨਾਲ ਪੁਲਿਸ ਸਟੇਸ਼ਨ ਬਿਆਨ ਦੇਣ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਉਹ ਹੀ ਖੂਨ ਨਾਲ ਭਿੱਜੀ ਜੈਕੇਟ ਪਾਈ ਹੋਈ ਸੀ ਅਤੇ ਉਹ ਪੰਜਾਬੀ ਬੋਲ ਰਹੇ ਸਨ।

ਨਿਰਮਲ ਸਿੰਘ ਨੇ ਦੱਸਿਆ ਕਿ ਰਿਚਮੰਡ ਹਿੱਲ ਦੇ 95ਵੇਂ ਐਵੇਨਿਊ ਵਿਖੇ ਉਹ ਐਤਵਾਰ 7 ਵਜੇ ਦੇ ਕਰੀਬ ਸਵੇਰ ਦੀ ਸੈਰ ਕਰਨ ਗਏ ਸਨ ਜਿਸ ਦੌਰਾਨ ਉਨ੍ਹਾਂ ਨੂੰ ਕਥਿਤ ਤੌਰ ‘ਤੇ ਪਿੱਛੇ ਤੋਂ ਮੁੱਕਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਪਰ ਅਚਾਨਕ ਹੋਏ ਇਸ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨੂੰ ਨਿਊਯਾਰਕ ‘ਚ ਆਏ ਸਿਰਫ਼ ਦੋ ਹਫ਼ਤੇ ਹੋਏ ਹਨ ਅਤੇ ਉਹ ਵਿਜ਼ਟਰ ਵੀਜ਼ੇ ‘ਤੇ ਇਥੇ ਆਏ ਸਨ।