ਕਿਰਪਾਨ ਪਹਿਨਣ ਕਾਰਨ ਮੈਟਰੋ ਸਟੇਸ਼ਨ ‘ਤੇ ਰੋਕਿਆ ਸਿੱਖ ਨੌਜਵਾਨ

0
675

ਨਵੀਂ ਦਿੱਲੀ : ਦਿੱਲੀ ਵਿਖੇ ਮੈਟਰੋ ਸਟੇਸ਼ਨ ‘ਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਨੂੰ ਕਿਰਪਾਨ ਸਮੇਤ ਅੰਦਰ ਜਾਣ ਤੋਂ ਰੋਕਣ ਦੀ ਘਟਨਾ ਸਾਹਮਣੇ ਆਈ ਹੈ।ਇਹ ਮਾਮਲਾ ਨਹਿਰੂ ਮੈਟਰੋ ਇਨਕਲੇਵ ਦਾ ਹੈ। ਇਹ ਨੌਜਵਾਨ ਨੋਇਡਾ ਜਾ ਰਿਹਾ ਸੀ ਜਿਸ ਦੇ ਕਿਰਪਾਨ ਪਾਈ ਹੋਈ ਸੀ। ਉੱਥੇ ਮੌਜੂਦ CISF ਦੇ ਸਟਾਫ਼ ਨੇ ਉਸ ਨੌਜਵਾਨ ਨੂੰ ਕਿਹਾ ਕਿ ਅਪਣੀ ਕਿਰਪਾਨ ਉਤਾਰ ਕੇ ਦਿਖਾ ਤਾਂਕਿ ਅਸੀਂ ਇਸ ਨੂੰ ਨਾਪ ਸਕੀਏ ਕਿ ਇਸ ਦੀ ਕੀ ਲੰਬਾਈ ਹੈ।

ਇਸ ਤੋਂ ਬਾਅਦ ਸਿੱਖ ਨੌਜਵਾਨ ਨੇ ਕਿਹਾ ਕਿ ਮੈਂ ਕਿਰਪਾਨ ਨਹੀਂ ਉਤਾਰ ਸਕਦਾ ਕਿਉਂਕਿ ਇਹ ਸਾਡੀ ਮਰਿਆਦਾ ਦੇ ਖਿਲਾਫ਼ ਹੈ ਪਰ CISF ਸਟਾਫ਼ ਫਿਰ ਵੀ ਹਟਿਆ ਤੇ ਉਸ ਨੇ ਇਹੀ ਰਟ ਲਗਾਈ ਹੋਈ ਸੀ ਕਿ ਨਹੀਂ ਅਪਣੀ ਕਿਰਪਾਨ ਉਤਾਰ ਤੇ ਦਿਖਾ। ਸਟਾਫ਼ ਨੇ ਲੜਕੇ ਦਾ ਮੋਬਾਇਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਕਿਉਂਕਿ ਲੜਕਾ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਨੌਜਵਾਨ ਨਾਲ ਧੱਕਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਕਿਰਪਾਨ ਉਤਾਰ ਕੇ ਦਿਖਾਵੇ ਜਾਂ ਫਿਰ ਇੱਥੋਂ ਬਾਹਰ ਚਲਾ ਜਾਵੇ।

ਇਸ ਮਾਮਲੇ ਤੋਂ ਬਾਅਦ ਸਿੱਖ ਜਗਤ ਵਿਚ ਇਕ ਵਾਰ ਫਿਰ ਤੋਂ ਰੋਸ ਹੈ। ਸਿੱਖਾਂ ਨੂੰ ਕਈ ਵਾਰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਨਾਲ ਹੁਣ ਅਜਿਹਾ ਨਹੀਂ ਹੋਵੇਗਾ ਉਹਨਾਂ ਨੂੰ ਕਿਰਪਾਨ ਪਾ ਕੇ ਜਾਣ ਦੀ ਇਜ਼ਾਜਤ ਹੈ ਪਰ ਆਏ ਦਿਨ ਫਿਰ ਤੋਂ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਦੱਸ ਦਈਏ ਕਿ ਇਸ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਖ਼ਤ ਨਿੰਦਾ ਕੀਤੀ ਹੈ। ਇਕ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੇ ਵਾਰ-ਵਾਰ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਅਜਿਹਾ ਕਰਨ ਵਾਲਿਆਂ ‘ਤੇ ਕੋਈ ਮਿਸਾਲੀ ਕਾਰਵਾਈ ਨਹੀਂ ਕਰ ਰਹੀਆਂ।

ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਅੰਦਰ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ‘ਤੇ ਪਹਿਰਾ ਦੇਣ ਦੀ ਖੁੱਲ ਹੈ ਪਰ ਇਸ ਦੇ ਬਾਵਜੂਦ ਵੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੇ ਸਵਾਲ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਹਵਾਈ ਅੱਡਿਆਂ ’ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਣ ਕੇ ਜਾਣ ਤੇ ਪਾਬੰਦੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਵਿਰੋਧ ਮਗਰੋਂ ਮੰਤਰਾਲੇ ਨੇ ਵਾਪਸ ਲੈ ਲਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੇ ਇਕ ਮੈਟਰੋ ਸਟੇਸ਼ਨ ’ਤੇ ਅੰਮ੍ਰਿਤਧਾਰੀ ਨੌਜਵਾਨ ਨੂੰ ਇਕ ਪੁਲਿਸ ਮੁਲਾਜਮ ਵੱਲੋਂ ਕਿਰਪਾਨ ਉਤਾਰ ਕੇ ਸਾਈਜ਼ ਚੈੱਕ ਕਰਵਾਉਣ ਲਈ ਮਜ਼ਬੂਰ ਕੀਤਾ ਗਿਆ ਹੈ। ਦਿੱਲੀ ਵਿਚ ਨੱਡੀ ਗਿਣਤੀ ਵਿਚ ਸਿੱਖ ਵਸਦੇ ਹਨ ਪਰ ਫਿਰ ਵੀ ਇਸ ‘ਤੇ ਕੋਈ ਖ਼ਾਸ ਕਾਰਵਾਈ ਨਹੀਂ ਕੀਤੀ ਗਈ।