ਗੁਆਚਿਆ ਸਾਮਾਨ ਲੱਭਣ ਲਈ ਬੰਦੇ ਨੇ ਇੰਡੀਗੋ ਏਅਰਲਾਈਨਸ ਦੀ ਵੈੱਬਸਾਈਟ ਕੀਤੀ ‘ਹੈਕ’!

0
686

ਏਅਰਪੋਰਟ ‘ਤੇ ਸਾਮਾਨ ਗਾਇਬ ਹੋਣ ਤੋਂ ਨਾਰਾਜ਼ ਬੇਂਗਲੁਰੂ ਦੇ ਇੱਕ ਬੰਦੇ ਨੇ ਏਅਰਲਾਈਨਸ ਕੰਪਨੀ ਇੰਡੀਗੋ ਦੀ ਵੈੱਬਸਾਈਟ ਹੀ ਹੈਕ ਕਰ ਲਈ। ਜਾਣਕਾਰੀ ਮੁਤਾਬਕ ਨੰਦਨ ਕੁਮਾਰ ਨਾਂ ਦੇ ਇਸ ਬੰਦੇ ਨੇ ਪਟਨਾ ਤੋਂ ਬੇਂਗਲੁਰੂ ਜਾਣ ਲਈ ਇੰਡਿਗੋ ਦੀ ਫਲਾਈਟ ਲਈ ਸੀ। ਫਲਾਈਟ ਵਿੱਚ ਉਸ ਦਾ ਸਾਮਾਨ ਦੂਜੇ ਯਾਤਰੀ ਨਾਲ ਬਦਲ ਗਿਆ, ਜੋ ਵੇਖਣ ਵਿੱਚ ਲਗਭਗ ਇਕੋ ਜਿਹਾ ਸੀ।

ਨੰਦਨ ਕੁਮਾਰ ਮਤਾਬਕ ਉਸ ਨੇ ਇੰਡਿਗੋ ਦੀ ਕਸਟਮਰ ਕੇਅਰ ਸਰਵਿਸ ਨਾਲ ਸੰਪਰਕ ਕੀਤਾ ਪਰ ਇੰਡੀਗੋ ਕਸਟਮਰ ਕੇਅਰ ਸਰਵਿਸ ਨੇ ਪ੍ਰਾਈਵੇਸੀ ਦਾ ਹਵਾਲਾ ਦਿੰਦੇ ਹੋਏ ਉਸ ਬੰਦੇ ਨਾਲ ਨੰਦਨ ਕੁਮਾਰ ਦਾ ਸੰਪਰਕ ਨਹੀਂ ਕਰਵਾਇਆ, ਜਿਸ ਦੇ ਨਾਲ ਉਸ ਦਾ ਸਾਮਾਨ ਬਦਲਿਆ ਗਿਆ ਸੀ।

ਨੰਦਨ ਕੁਮਾਰ, ਜੋਕਿ ਇੱਕ ਇੰਜੀਨੀਅਰ ਹੈ, ਮੁਤਾਬਕ ਕਸਟਮਰ ਕੇਅਰ ਸਰਵਿਸ ਨਾਲ ਕਈ ਵਾਰ ਸੰਪਰਕ ਕਰਨ ਮਗਰੋਂ ਅਖੀਰ ਉਸ ਨੂੰ ਇੰਡੀਗੋ ਕਸਟਮਰ ਕੇਅਰ ਸੈਂਟਰ ਤੋਂ ਇਹ ਭਰੋਸਾ ਮਿਲਿਆ ਕਿ ਜਿਸ ਦੇ ਨਾਲ ਉਸ ਦਾ ਸਾਮਾਨ ਬਦਲਿਆ ਗਿਆ ਹੈ ਉਸ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ, ਪਰ ਇੰਡਿਗੋ ਨੇ ਅਜਿਹਾ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਨੰਦਨ ਕੁਮਾਰ ਨੇ ਮਾਮਲਾ ਆਪਣੇ ਹੱਥਾਂ ਵਿੱਚ ਲਿਆ।

ਨੰਦਨ ਕੁਮਾਰ ਨੇ ਕੰਪਿਊਟਰ ਦਾ ਹੈਕਰ ਮੋਡ ਆਨ ਕੀਤਾ ਤੇ ਅਖੀਰ ਵੈੱਬਸਾਈਟ ਤੋਂ ਉਸ ਪੈਸੇਂਜਰ ਦਾ ਨੰਬਰ ਕੱਢ ਹੀ ਲਿਆ ਜਿਸ ਦੇ ਨਾਲ ਉਸ ਦਾ ਸਮਾਨ ਬਦਲਿਆ ਗਿਆ ਸੀ। ਨੰਦਨ ਕੁਮਾਰ ਨੇ ਖੁਦ ਇਹ ਪੂਰਾ ਕਿੱਸਾ ਟਵਿੱਟਰ ‘ਤੇ ਸ਼ੇਅਰ ਕੀਤਾ।

ਇਸ ‘ਤੇ ਇੰਡੀਗੋ ਵੱਲੋਂ ਵੀ ਟਵਿੱਟਰ ‘ਤੇ ਨੰਦਨ ਕੁਮਾਰ ਨੂੰ ਜਵਾਬ ਦਿੰਦੇ ਹੋਏ ਅਸੁਵਿਧਾ ਲਈ ਮਾਫੀ ਮੰਗੀ ਗਈ। ਇੰਡੀਗੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਵੈੱਬਸਾਈਟ ਵਿੱਚ ਸਕਿਓਰਿਟੀ ਨੂੰ ਲੈ ਕੇ ਕੋਈ ਕਮੀ ਨਹੀਂ ਹੈ।ਨੰਦਨ ਕੁਮਾਰ ਨੇ ਇੰਡੀਗੋ ਦੇ ਟਵੀਟ ‘ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਕੀ ਤੁਸੀਂ ਪੂਰੀ ਕਹਾਣੀ ਜਾਣਨਾ ਚਾਹੁੰਦੇ ਹੋ? ਇਨ੍ਹਾਂ ਸਾਰਿਆਂ ਦੇ ਅਖੀਰ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਸਿਸਟਮ ਵਿੱਚ ਕਿਥੇ ਕਮੀ ਹੈ।

ਕੰਪਨੀ ਨੇ ਸਫਾਈ ਦਿੱਤੀ ਕਿ ਵੈੱਬਸਾਈਟ ਨੂੰ ਹੈਕ ਨਹੀਂ ਕੀਤਾ ਗਿਆ ਸੀ, ਕੋਈ ਵੀ ਪੈਸੇਂਜਰ ਆਪਣੀ ਬੁਕਿੰਗ ਡਿਟੇਲਸ PNR, ਲਾਸਟ ਨੇਮ, ਫੋਨ ਨੰਬਰ ਜਾਂ ਈਮੇਲ ਰਾਹੀਂ ਚੈੱਕ ਕਰ ਸਕਦਾ ਹੈ। ਇਹ ਬਹੁਤ ਆਮ ਹੈ।