Breaking News
Home / ਅੰਤਰ ਰਾਸ਼ਟਰੀ / ਪਾਕਿ ਦੇ ਗੁ: ਕਰਤਾਰਪੁਰ ਸਾਹਿਬ ‘ਚ ਮਿਲਿਆ ਨਾਨਕਸ਼ਾਹੀ ਇੱਟਾਂ ਦਾ ਖੂਹ

ਪਾਕਿ ਦੇ ਗੁ: ਕਰਤਾਰਪੁਰ ਸਾਹਿਬ ‘ਚ ਮਿਲਿਆ ਨਾਨਕਸ਼ਾਹੀ ਇੱਟਾਂ ਦਾ ਖੂਹ

ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ‘ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ‘ਚ ਚੱਲ ਰਹੀ ਖੁਦਾਈ ਦੌਰਾਨ ਇਕ 500 ਸਾਲ ਪੁਰਾਣਾ ਖੂਹ ਮਿਲਿਆ ਹੈ | ਨਾਨਕਸ਼ਾਹੀ ਇੱਟਾਂ ਨਾਲ ਬਣਿਆ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਨਜ਼ਦੀਕ ਚੱਲ ਰਹੀ ਖੁਦਾਈ ਦੌਰਾਨ ਖੂਹ ਦੇ ਮਿਲਣ ਦਾ ਦਾਅਵਾ ਕਰਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਗੋਬਿੰਦ ਸਿੰਘ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦੌਰਾਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖੁਦਾਈ ਦੇ ਚੱਲਦਿਆਂ ਉਕਤ ਖੂਹ ਬਾਰੇ ਪਤਾ ਲੱਗਾ |
ਉਨ੍ਹਾਂ ਦੱਸਿਆ ਕਿ ਨਾਨਕਸ਼ਾਹੀ ਇੱਟਾਂ ਦਾ ਬਣਿਆ ਇਹ ਖੂਹ 20 ਫੁੱਟ ਡੂੰਘਾ ਹੈ ਤੇ ਨਵਉਸਾਰੀ ਦੇ ਬਾਅਦ ਇਹ ਸੰਗਤ ਲਈ ਖੋਲਿ੍ਹਆ ਜਾਵੇਗਾ | ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਵਿਚਲੇ ਖੂਹ ਸਾਹਿਬ ਸਿੱਖ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਣਗੇ ਤੇ ਵਿਸਾਖੀ ਸਮੇਤ ਹੋਰਨਾਂ ਧਾਰਮਿਕ ਦਿਹਾੜਿਆਂ ਮੌਕੇ ਪਾਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਇਸ ਖੂਹ ਦਾ ਮਿੱਠਾ ਜਲ ਲੈ ਕੇ ਜਾ ਸਕੇਗੀ |

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਖੂਹ ਦੇ ਜਲ ‘ਚ ਬਹੁਤ ਸਾਰੇ ਗੁਣ ਹਨ | ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਇਕ ਸੇਵਾਦਾਰ ਨੇ ਅਪ੍ਰੈਲ ਮਹੀਨੇ ਦੇ ਸ਼ੁਰੂ ‘ਚ ਸੋਸ਼ਲ ਮੀਡੀਆ ‘ਤੇ ਉਕਤ ਖੂਹ ਦੀਆਂ ਰੰਗਦਾਰ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਸੀ ਕਿ ਇਹ ਖੂਹ ਕੁਝ ਵਰੇ੍ਹ ਪਹਿਲਾਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖੁਦਾਈ ਦੌਰਾਨ ਮਿਲਿਆ ਸੀ ਤੇ ਉਨ੍ਹਾਂ ਨੇ ਖ਼ੁਦ ਉਕਤ ਇਤਿਹਾਸਕ ਖੂਹ ਦੀ ਸੇਵਾ ਕਰਵਾਈ ਸੀ | ਜਦਕਿ ਹੁਣ ਇਕ ਵਾਰ ਮੁੜ ਤੋਂ ਇਸ ਖੂਹ ਦਾ ਖੁਦਾਈ ਦੌਰਾਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ | ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਹੋਰ ਵੀ ਪੁਰਾਤਨ ਖੂਹ ਮੌਜੂਦ ਹਨ, ਜੋ ਕਿ ਪਹਿਲੀ ਪਾਤਸ਼ਾਹੀ ਦੇ ਜੀਵਨਕਾਲ ਦੇ ਦੱਸੇ ਜਾ ਰਹੇ ਹਨ |

ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਡੋਡਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਸ਼ਕਰਗੜ ਵਿਚ ਆਉਂਦਾ ਸੀ, ਹੁਣ ਮੌਜੂਦਾ ਸਮੇਂ ਲਾਹੌਰ-ਨਾਰੋਵਾਲ ਰੇਲਵੇ ਲਾਈਨ ‘ਤੇ ਰਾਵੀ ਦਰਿਆ ਦੇ ਕੰਢੇ ਤਹਿਸੀਲ ਨਾਰੋਵਾਲ ਦੇ ਪਿੰਡ ਜੱਸਰ ਨਜ਼ਦੀਕ ਸਥਿਤ ਹੈ | ਇਹ ਅਸਥਾਨ ਡੇਰਾ ਬਾਬਾ ਨਾਨਕ ਸਰਹੱਦ ਤੋਂ ਸਿਰਫ਼ 3 ਕਿੱਲੋਮੀਟਰ ਅਤੇ ਲਾਹੌਰ ਤੋਂ 120 ਕਿੱਲੋਮੀਟਰ ਦੀ ਦੂਰੀ ‘ਤੇ ਦਰਿਆ ਰਾਵੀ ਦੇ ਐਨ ਪਰਲੇ ਕਿਨਾਰੇ ‘ਤੇ ਸਥਿਤ ਹੈ | ਗੁਰੂ ਨਾਨਕ ਨਾਮ ਲੇਵਾ ਸੰਗਤ 1947 ਤੋਂ ਬਾਅਦ ਰੋਜ਼ਾਨਾ ਦੀ ਅਰਦਾਸ ਵਿਚ ਪੰਥ ਤੋਂ ਵਿਛੋੜੇ ਗਏ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ੍ਹ ਦਰਸ਼ਨ-ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖ਼ਸ਼ਣ ਦੀ ਕਿ੍ਪਾਲਤਾ ਕਰਨ ਹਿਤ ਵਾਹਿਗੁਰੂ ਪਾਸ ਅਰਦਾਸ ਕਰਦੇ ਆ ਰਹੇ ਹਨ, ਉਨ੍ਹਾਂ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਵਿਸ਼ੇਸ਼ ਸਥਾਨ ਰਿਹਾ ਹੈ |

Check Also

ਦੋ ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਇਟਲੀ ਗਏ ਪਿੰਡ ਉਮਰਪੁਰ ਦੇ ਨੌਜਵਾਨ ਦੀ ਮੌਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਜਾਣ …

%d bloggers like this: