ਐਬਟਸਫੋਰਡ ਤੋਂ ਕੁਝ ਵਿੱਥ ‘ਤੇ ਲੈਂਗਲੀ ਦੇ 268 ਤੇ 5800 ਬਲਾਕ ‘ਤੇ ਸਥਿਤ ਘਰ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਵਿਆਹ ਤੋਂ ਪਹਿਲੇ ਜਸ਼ਨਾਂ ‘ਚ ਸੋਗਮਈ ਮਾਹੌਲ ਦੀ ਦੁੱਖਦਾਈ ਖਬਰ ਹੈ।ਘਟਨਾ ਦੌਰਾਨ ਘਰ ਦੇ ਡੈਕ ਦੇ ਡਿੱਗਣ ਨਾਲ ਚਾਲੀ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ RCMP ਅਨੁਸਾਰ ਜ਼ਖ਼ਮੀਆਂ ‘ਚੋਂ ਕੁੱਝ ਦੀਆਂ ਸੱਟਾਂ ਗੰਭੀਰ ਹਨ, ਜਦਕਿ ਕਈ ਜ਼ਖ਼ਮੀਆਂ ਨੂੰ ਸਨਿੱਚਰਵਾਰ ਨੂੰ ਮੁੱਢਲੇ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ ਹੈ।
ਘਟਨਾ ਉਸ ਵੇਲੇ ਵਾਪਰੀ ਜਦੋਂ ਰਾਤ ਦੇ ਜਸ਼ਨਾਂ ‘ਚ ਸੌ ਤੋਂ ਵੱਧ ਵਿਅਕਤੀ ਖ਼ੁਸ਼ੀ ਮੌਕੇ ਸ਼ਾਮਲ ਸਨ ਕਿ ਅਚਾਨਕ ਘਰ ਦੇ ਡੈੱਟਕ ਦੇ ਡਿੱਗਣ ਨਾਲ ਹਫੜਾ- ਦਫੜੀ ਮੱਚ ਗਈ। ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਨਹੀਂ ਹੋਇਆ। ਵਿਆਂਦੜ ਰਿੰਕੂ ਗਰਚਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੁੱਖ ਪ੍ਰਗਟਾਇਆ ਕਿ ਇਸ ਘਟਨਾ ਨਾਲ ਘਰ ਦੀਆਂ ਖੁਸ਼ੀਆਂ ਉਦਾਸੀ ‘ਚ ਬਦਲ ਗਈਆਂ ਹਨ ਤੇ ਸਾਰੇ ਹੀ ਬੜੇ ਦੁਖੀ ਹਨ।
ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਹਾਲੇ ਤੱਕ ਦੁਰਘਟਨਾ ਵਾਪਰਨ ਦੇ ਪੂਰੇ ਵੇਰਵੇ ਸਾਹਮਣੇ ਨਹੀਂ ਆਏ। ਇੱਥੋਂ ਦੇ MLA ਰਿਚ ਕੋਲਮੈਨ ਸਮੇਤ ਹੋਰਨਾਂ ਵਿਅਕਤੀਆਂ ਨੇ ਘਟਨਾ ਸਥਾਨ ‘ਤੇ ਜਾ ਕੇ ਪੀੜਤਾਂ ਦੀ ਸਾਰ ਲਈ ਅਤੇ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ।ਵਿਆਹ ਵਿੱਚ ਸ਼ਾਮਲ ਹੋਣ ਆਏ ਮਹਿਮਾਨਾਂ ਮਹਿੰਦਰ ਗਿੱਲ ਤੇ ਅਮਰਜੀਤ ਗਿੱਲ ਨੇ ਦੱਸਿਆ ਕਿ ਚਬੂਤਰੇ ‘ਤੇ ਕਾਫੀ ਲੋਕ ਚੜ੍ਹੇ ਹੋਏ ਸਨ। ਅਚਾਨਕ ਛੱਤ ਇੱਕ ਪਾਸਿਓਂ ਟੁੱਟ ਕੇ ਹੇਠਾਂ ਵੱਲ ਝੁਕ ਗਈ। ਲੋਕ ਉੱਪਰੋਂ ਰੁੜ੍ਹਦੇ ਹੋਏ ਹੇਠਾਂ ਡਿੱਗੇ ਤੇ ਇੱਕ ਦੂਜੇ ਦੇ ਉੱਪਰ ਚੜ੍ਹਨ ਕਾਰਨ ਕਾਫੀ ਜਣੇ ਜ਼ਖ਼ਮੀ ਹੋ ਗਏ। ਜ਼ਿਆਦਾਤਰ ਲੋਕਾਂ ਨੂੰ ਲੱਤਾਂ, ਗੋਡਿਆਂ, ਚੂਲੇ ਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਾਤਰ ਜਣਿਆਂ ਦੀਆਂ ਹੱਡੀਆਂ ਟੁੱਟੀਆਂ ਹਨ। ਅੰਦਾਜ਼ੇ ਮੁਤਾਬਕ ਵਿਆਹ ‘ਤੇ ਤਕਰੀਬਨ 100 ਮਹਿਮਾਨ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ।
