Breaking News
Home / ਸਾਹਿਤ / ਸਿੱਖ ਪੰਥ ਨੇ “ਪਾਤਸ਼ਾਹੀ ਦਾ ਦਾਅਵਾ” ਬਰਕਰਾਰ ਰੱਖਦੇ ਹੋਏ “ਨਵਾਬੀ” ਕਿਵੇਂ ਪ੍ਰਵਾਨ ਕੀਤੀ ?

ਸਿੱਖ ਪੰਥ ਨੇ “ਪਾਤਸ਼ਾਹੀ ਦਾ ਦਾਅਵਾ” ਬਰਕਰਾਰ ਰੱਖਦੇ ਹੋਏ “ਨਵਾਬੀ” ਕਿਵੇਂ ਪ੍ਰਵਾਨ ਕੀਤੀ ?

ਜਦ ਸਿੱਖਾਂ ਨੇ ਜ਼ਕਰੀਆ ਖਾਨ ਦੇ ਨੱਕ’ਚ ਦਮ ਕਰ ਦਿੱਤਾ ਤਾਂ ਉਸ ਨੇ ਬਾਦਸ਼ਾਹ ਨਾਲ ਸਲਾਹ ਕਰਕੇ ਸਿੱਖਾਂ ਨੂੰ ਨਵਾਬੀ ਦੇ ਕੇ ਸੁਲਹ ਸਫ਼ਾਈ ਕਰਨ ਦੀ ਵਿਉਂਤ ਬਣਾਈ। ਜ਼ਕਰੀਆ ਖ਼ਾਨ ਨੇ ਸਰਕਾਰੀ ਅਹੁਦੇਦਾਰ ਭਾਈ ਸੁਬੇਗ ਸਿੰਘ ਨੂੰ 29 ਮਾਰਚ 1733 ਈ: ਨੂੰ ਸਿੱਖਾਂ ਨਾਲ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ।
ਸਿੱਖਾਂ ਨੇ ਪਹਿਲਾਂ ਤਾਂ ਆਉਂਦਿਆਂ ਹੀ ਭਾਈ ਸੁਬੇਗ ਸਿੰਘ ਨੂੰ ਬੰਨ ਲਿਆ ਕਿ ਉਹ ਜ਼ਕਰੀਏ ਦੇ ਨੌਕਰੀ ਕਿਉਂ ਕਰਦਾ ਹੈ ? ਅਕਾਲ ਤਖ਼ਤ ਵੱਲੋਂ ਸੁਬੇਗ ਸਿੰਘ ਨੂੰ ਤਨਖ਼ਾਹ ਲਗਾਈ ਗਈ; ਜਿਹੜੀ ਉਸ ਵੱਲੋਂ ਹੱਥ ਜੋੜ ਕੇ ਪ੍ਰਵਾਨ ਕਰ ਲਈ ਗਈ। ਫਿਰ ਉਸ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਕਿ ਸਰਕਾਰ ਸਿੱਖਾਂ ਨਾਲ ਸੁਲਾਹ ਕਰਨੀ ਚਾਹੀਦੀ ਹੈ ਅਤੇ ਸਿੱਖਾਂ ਨੂੰ “ਨਵਾਬੀ” ਦੀ ਪੇਸ਼ਕਸ ਕੀਤੀ ਗਈ ਹੈ।ਸਿੱਖ ਸਰਦਾਰ ਸੋਚ ਵਿਚਾਰ ਕਰਨ ਮਗਰੋਂ ਸੁਲਾਹ ਲਈ ਤਾਂ ਰਾਜ਼ੀ ਹੋ ਗਏ ਪਰ “ਨਵਾਬੀ” ਲੈਣ ਲਈ ਕੋਈ ਤਿਆਰ ਨਾ ਹੋਇਆ। ਫਿਰ ਦੁਬਾਰਾ ਕਹਿਣ’ਤੇ ਸਿੰਘਾਂ ਨੇ ਵਿਚਾਰ ਕੀਤੀ ਕਿ ਨਵਾਬੀ ਪੰਥ ਦੇ ਬੁਜ਼ਰਗ ਆਗੂ “ਦੀਵਾਨ ਦਰਬਾਰਾ ਸਿੰਘ” ਨੂੰ ਦੇ ਦਿੱਤੀ ਜਾਵੇ। ਪਰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ।ਜਦ ਕੋਈ ਸਰਦਾਰ “ਨਵਾਬੀ” ਪ੍ਰਵਾਨ ਕਰਨ ਲਈ ਤਿਆਰ ਨਾ ਹੋਇਆ ਤਾਂ ਭਾਈ ਸੁਬੇਗ ਸਿੰਘ ਨੇ ਇੱਕ ਵਾਰ ਫੇਰ ਬੇਨਤੀ ਕੀਤੀ। ਅਕਾਲ ਤਖ਼ਤ ਦੇ ਸਨਮੁਖ 32 ਸਿੱਖ ਸਰਦਾਰ ਆਗੂ ਬੈਠੇ ਸਨ। ਭਾਈ ਸੁਬੇਗ ਸਿੰਘ ਨੇ ਉਹਨਾਂ ਸਰਦਾਰਾਂ ਦੇ ਸਾਹਮਣੇ ਚਾਂਦੀ ਦੀ ਪਰਾਤ ਰੱਖ ਦਿੱਤੀ ਜਿਸ’ਚ ਸਰਕਾਰ ਵੱਲੋਂ ਭੇਜੀ ਰੇਸ਼ਮੀ ਦਸਤਾਰ, ਕਲਗੀ, ਪੁਸ਼ਾਕ, ਕਿਰਪਾਨ, ਖ਼ਿਲਅਤ, ਕਮਰਬੰਦ, ਖੁਸ਼ਕ ਮੇਵੇ ਅਤੇ ਬਦਸ਼ਾਹ ਦੀ ਮੋਹਰ ਵਾਲੀ ਚਿੱਠੀ ਪਈ ਸੀ।

ਜਦ ਭਾਈ ਸੁਬੇਗ ਸਿੰਘ ਨੇ ਇਹ ਪਰਾਤ ਸਿੱਖ ਸਰਦਾਰਾਂ ਅੱਗੇ ਰੱਖੀ ਤਾਂ ਪਹਿਲੇ ਸਰਦਾਰ ਨੇ ਪੈਰ ਨਾਲ ਧੱਕ ਕੇ ਅੱਗੇ ਕਰ ਦਿੱਤੀ। ਇਸ ਤਰਾਂ ਹੀ ਅਗਲਿਆਂ ਨੇ ਕੀਤਾ; ਕਿਸੇ ਨੇ ਇਸ ਪੇਸ਼ਕਸ ਨੂੰ ਸਵਿਕਾਰ ਨਾ ਕੀਤਾ ਸਗੋਂ ਠੁੱਡੇ ਮਾਰ ਕੇ ਅੱਗੇ ਧੱਕਦੇ ਰਹੇ। **ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਸਿੱਖ ਨਵਾਬੀਆਂ ਨੂੰ ਠੋਕਰ ਮਾਰਦੇ ਰਹੇ ਸਨ**
ਫਿਰ ਸੁਬੇਗ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੋਈ ਬਾਦਸ਼ਾਹ ਦੀ ਬਖ਼ਸ਼ਿਸ਼ ਨਹੀਂ, ਸਗੋਂ ਖਾਲਸੇ ਲਈ ਭੇਟਾ ਹੈ। ਸਰਦਾਰਾਂ ਜਵਾਬ ਦਿੱਤਾ ਕਿ ਖਾਲਸੇ ਨੂੰ ਗੁਰੂ ਨੇ ਪਾਤਸ਼ਾਹੀ ਬਖ਼ਸ਼ੀ ਹੈ, ਇਹ ਨਵਾਬੀ ਖ਼ਰਾਬੀ ਹੈ। ਕਹਿੰਦੇ ਹਨ ਕਿ ਗੱਲ ਅੱਗੇ ਨਾ ਤੁਰਦੀ ਦੇਖ ਕੁਝ ਚਿਰ ਸਨਾਟਾ ਸ਼ਾਅ ਗਿਆ। ਫਿਰ ਇੱਕ ਬਿਰਧ ਸਿੰਘ ਨੇ ਸਰਦਾਰਾਂ ਨੂੰ ਬੇਨਤੀ ਕੀਤੀ ਕਿ ਖਾਲਸਾ ਜੀ ਆਪਣਾ ਪਾਤਸ਼ਾਹੀ ਦਾ ਦਾਅਵਾ ਨਾ ਛੱਡੋ ਅਤੇ ਇਹ ਭੇਟਾ ਪ੍ਰਵਾਨ ਕਰੋ। ਇਹ ਖਾਲਸੇ ਦੇ ਦਾਅਵੇ ਨੂੰ ਘਟਾ ਨਹੀਂ ਸਕਦੀ; ਅਸੀਂ ਆਪਣਾ “ਪਾਤਸ਼ਾਹੀ ਦਾਅਵਾ” ਕਾਇਮ ਰੱਖਾਂਗੇ।ਅਖੀਰ ਫੈਸਲਾ ਗੁਰੂ ਤੇ ਛੱਡਿਆ ਗਿਆ ਤੇ ਹੁਕਮ ਹੋਇਆ:
ਟਹਲ ਮਹਲ ਤਾ ਕਉ ਮਿਲੈ,ਜਾ ਸਾਧ ਸੰਗਤਿ ਤਉ ਬਸੈ, ਜਉ ਆਪਨ ਹੋਇ ਦਇਆਲ।।255, ਗੁਰੂ ਅਰਜਨ ਸਾਹਿਬ ਜੀ, ਰਾਗ ਗਉੜੀ

ਘੋੜਿਆਂ ਅਤੇ ਲੰਗਰ ਦੀ ਸੇਵਾ ਕਰਨ ਵਾਲੇ ਸਰਦਾਰ ਕਪੂਰ ਸਿੰਘ ਉਸ ਸਮੇਂ ਸੰਗਤ ਨੂੰ ਪੱਖਾ ਝੱਲ ਰਹੇ ਸਨ; ਸਰਬੱਤ ਖਾਲਸੇ ਦੀ ਨਿਗਾ ਉਨ੍ਹਾਂ’ਤੇ ਪਈ ਅਤੇ ਸਮੂਹ ਸੰਗਤ ਨੇ ਜੈਕਾਰਾ ਛੱਡ ਕੇ ਪ੍ਰਵਾਨਗੀ ਦੇ ਦਿੱਤੀ। ਹੁਣ ਉਹ ਨਾਂਹ ਨਹੀਂ ਕਰ ਸਕਦੇ ਸਨ; ਉਹਨਾਂ ਨੇ ਸਿਰ ਨਿਵਾ ਕੇ ਇਸ ਨੂੰ ਪ੍ਰਵਾਨ ਕੀਤਾ ਅਤੇ ਕਿਹਾ ਕਿ ਪੰਜ ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਬਖਸ਼ੀ ਜਾਵੇ।ਫਿਰ ਕਪੂਰ ਸਿੰਘ ਨੇ ਕਿਹਾ ਮੈਨੂੰ ਨਵਾਬੀ ਖਾਲਸਾ ਪੰਥ ਨੇ ਬਖ਼ਸ਼ੀ ਹੈ ਮੈਂ ਸੂਬੇਦਾਰ ਜਾਂ ਬਾਦਸ਼ਾਹ ਦੀ ਹਾਜ਼ਰੀ ਨਹੀਂ ਭਰਾਂਗਾ। ਸੰਗਤ, ਲੰਗਰ ਅਤੇ ਘੋੜਿਆਂ ਦੀ ਸੇਵਾ ਕਰਨ’ਤੇ ਮੇਰਾ ਹੱਕ ਰਹੇਗਾ। ਇਹ ਸਭ ਸ਼ਰਤਾਂ ਸਰਬੱਤ ਖਾਲਸੇ ਨੇ ਪ੍ਰਵਾਨ ਕੀਤੀਆਂ ਅਤੇ ਇਸ ਤਰਾਂ “ਨਵਾਬ ਦੀ ਪਦਵੀ” ਖਾਲਸਾ ਪੰਥ ਵੱਲੋਂ ਪ੍ਰਵਾਨ ਕੀਤੀ ਗਈ।- ਸਤਵੰਤ ਸਿੰਘ

Check Also

ਜਾਣੋ ਕਿਉਂ- ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ

ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ ਹੀ ਹੈ। ਸਿੱਖਾਂ ਨੇ ਹੀ …

%d bloggers like this: