Breaking News
Home / ਸਾਹਿਤ / ਕੰਵਰ ਨੌਨਿਹਾਲ ਸਿੰਘ ਅਤੇ ਡਿਓੜੀਆਂ

ਕੰਵਰ ਨੌਨਿਹਾਲ ਸਿੰਘ ਅਤੇ ਡਿਓੜੀਆਂ

ਜਦ ਮਹਾਰਾਜਾ ਖੜਕ ਸਿੰਘ ਦੇ ਸੰਸਕਾਰ ਮੌਕੇ ਡੋਗਰਿਆਂ ਨੂੰ ਆਪਸ’ਚ ਸਲਾਹਾਂ ਕਰਦੇ ਦੇਖਿਆ; ਤਾਂ ਕੰਵਰ ਨੌਨਿਹਾਲ ਸਿੰਘ ਨੂੰ ਸ਼ੱਕ ਪੈ ਗਿਆ। ਉਹ ਸੰਸਕਾਰ ਤੋਂ ਬਾਅਦ ਡੋਗਰੇ ਗੁਲਾਬ ਸਿੰਘ ਦੇ ਪੁੱਤਰ ਊਧਮ ਸਿੰਘ ਨੂੰ ਨਾਲ ਲੈ ਕਿਲ੍ਹੇ ਵੱਲ ਨੂੰ ਤੁਰ ਪਿਆ।ਕਿਲ੍ਹੇ ਦੀ ਜਿਸ ਡਿਓੜੀ’ਚੋਂ ਨੌਨਿਹਾਲ ਸਿੰਘ ਨੇ ਲੰਘਣਾ ਸੀ; ਡੋਗਰਿਆਂ ਨੇ ਉਸ ਦੇ ਛੱਜੇ ਦੀਆਂ ਦਾੜ੍ਹਾਂ ਪੱੁਟ ਕੇ ਵਿੱਚ ਬਾਰੂਦ ਭਰ ਦਿੱਤਾ ਸੀ। ਦਰਵਾਜ਼ੇ’ਚ ਕਰਨਲ ਬਿਜੈ ਸਿੰਘ ਨੂੰ ਬਿਠਾਇਆ ਗਿਆ ਅਤੇ ਕਿਹਾ ਗਿਆ ਜਦ ਡੋਗਰਾ ਹੀਰਾ ਸਿੰਘ ਰੁਮਾਲ ਨਾਲ ਇਸ਼ਾਰਾ ਕਰੇ ਤਾਂ ਬਿਜੈ ਸਿੰਘ ਦੇ ਸਿਪਾਹੀ ਬਾਰੂਦ ਨੂੰ ਅੱਗ ਲਗਾ ਦੇਣ।ਕੰਵਰ ਨੌਨਿਹਾਲ ਸਿੰਘ ਡੋਗਰਿਆਂ ਦੀਆਂ ਚਾਲਾਂ ਨੂੰ ਸਮਝ ਚੁੱਕਿਆ ਸੀ; ਉਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਸ’ਤੇ ਕੋਈ ਹਮਲਾ ਹੋਣ ਵਾਲਾ ਹੈ। ਇਸ ਲਈ ਕੰਵਰ ਨੌਨਿਹਾਲ ਸਿੰਘ ਊਧਮ ਸਿੰਘ ਡੋਗਰੇ ਨੂੰ ਨਾਲ ਲੈ ਕੇ ਹੀ ਕਿਲ੍ਹੇ ਵੱਲ ਨੂੰ ਜਾ ਰਿਹਾ ਸੀ। ਹੀਰਾ ਸਿੰਘ ਡੋਗਰੇ ਨੇ ਰਾਜਾ ਧਿਆਨ ਸਿੰਘ ਡੋਗਰੇ ਵੱਲ ਇਸ਼ਾਰਾ ਕੀਤਾ ਕਿ ਆਪਣਾ ਊਧਮ ਸਿੰਘ ਨਾਲ ਆ ਰਿਹਾ ਹੈ। ਧਿਆਨ ਸਿੰਘ ਡੋਗਰੇ ਨੇ ਇਸ਼ਾਰੇ’ਚ ਿਕਹਾ ਕਿ ਊਧਮ ਸਿੰਘ ਮਰਦਾ ਤਾਂ ਮਰ ਜਾਵੇ ਪਰ ਕੰਵਰ ਨੌਨਿਹਾਲ ਸਿੰਘ ਨਹੀਂ ਬਚਣਾ ਚਾਹੀਦਾ।

ਊਧਮ ਸਿੰਘ ਨੂੰ ਵੀ ਇਸ ਵਿਊਂਤ ਦੀ ਭਿਣਕ ਸੀ ਉਸ ਨੇ ਖਹਿੜਾ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੰਵਰ ਨੌਨਿਹਾਲ ਸਿੰਘ ਨੇ ਉਸ ਦਾ ਹੱਥ ਫੜ ਲਿਆ। ਜਦ ਡਿਓੜੀ’ਚ ਪਹੁੰਚੇ ਤਾਂ ਹੀਰਾ ਸਿੰਘ ਡੋਗਰੇ ਨੇ ਇਸ਼ਾਰਾ ਕੀਤਾ ਅਤੇ ਬਿਜੈ ਸਿੰਘ ਦੇ ਸਿਪਾਹੀਆਂ ਨੇ ਬਾਰੂਦ ਨੂੰ ਅੱਗ ਲਗਾ ਦਿੱਤੀ। ਧਮਾਕੇ ਨਾਲ ਛੱਜਾ ਕੰਵਰ ਨੌਨਿਹਾਲ ਸਿੰਘ ਅਤੇ ਊਧਮ ਸਿੰਘ ਦੇ ਉੱਪਰ ਡਿੱਗ ਪਿਆ। ਊਧਮ ਸਿੰਘ ਤਾਂ ਥਾਂ ਹੀ ਮਾਰਿਆ ਗਿਆ ਪਰ ਬੇਹੋਸ਼ ਹੋਏ ਕੰਵਰ ਨੌਨਿਹਾਲ ਸਿੰਘ ਨੂੰ ਡੋਗਰਿਆਂ ਨੇ ਬੰਦ ਕਮਰੇ’ਚ ਲਿਜਾ ਕੇ ਸਿਰ’ਚ ਸੱਟਾਂ ਮਾਰ ਕੇ ਮਾਰ ਦਿੱਤਾ।ਇਸ ਉੱਨੀ ਸਾਲਾਂ ਦੇ ਸਹਿਜ਼ਾਦੇ ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦੇ ਸਨ ; ਮਹਾਰਾਜਾ ਸਾਹਿਬ ਨੇ ਇਸ ਦਾ ਵਿਆਹ ਅੰਮ੍ਰਿਤਸਰ’ਚ ਬਹੁਤ ਸ਼ਾਨੋ-ਸ਼ੌਕਤ ਨਾਲ ਕੀਤਾ ਸੀ।

ਕੰਵਰ ਨੌਨਿਹਾਲ ਸਿੰਘ ਰਾਜਨੀਤੀ ਦੀ ਡੂੰਘੀ ਸਮਝ ਰੱਖਦਾ ਸੀ ਅਤੇ ਉਹ ਕਈ ਮਹਿੰਮਾਂ’ਚ ਬਹਾਦਰੀ ਦੇ ਜੌਹਰ ਵੀ ਦਿਖਾ ਚੁੱਕਿਆ ਸੀ। ਮਹਾਰਾਜਾ ਰਣਜੀਤ ਸਿੰਘ ਆਉਣ ਵਾਲੇ ਸਮੇਂ ਵਿੱਚ ਉਸ ਦੀ ਅਗਵਾਈ’ਚ ਖਾਲਸਾ ਰਾਜ ਦਾ ਉੱਜਲ ਭਵਿੱਖ ਦੇਖਦੇ ਸਨ।ਅੱਜ ਚਰਚਾ ਦਾ ਵਿਸ਼ਾ ਬਣੀ ਦਰਬਾਰ ਸਾਹਿਬ ਤਰਨ-ਤਰਨ ਸਾਹਿਬ ਦੀ 113 ਫੁੱਟ ਉੱਚੀ ਡਿਓੜੀ ਦੀ ਉਸਾਰੀ ਕੰਵਰ ਨੌਨਿਹਾਲ ਸਿੰਘ ਨੇ ਆਪਣੀ ਦੇਖ-ਰੇਖ ਹੇਠ ਕਰਵਾਈ ਸੀ। ਕਹਿੰਦੇ ਹਨ ਸ਼ਹਿਜਾਦਾ ਕੰਵਰ ਨੌਨਿਹਾਲ ਸਿੰਘ ਚਾਰੇ ਦਿਸ਼ਾਵਾਂ’ਚ ਇਹੋ ਜਿਹੀਆਂ ਤਿੰਨ ਹੋਰ ਡਿਓੜੀਆਂ ਦੀ ਉਸਾਰੀ ਕਰਵਾਉਣਾ ਚਾਹੁੰਦੇ ਸਨ। ਅੱਜ ਜਦੋਂ ਕਾਰ-ਸੇਵਾ ਵਾਲਿਆਂ ਨੇ ਇਸ ਡਿਓੜੀ ਦਾ ਗੁੰਮਦ ਅਤੇ ਛੱਜਾ ਸੁਟਿਆ ਤਾਂ ਇਸੇ ਤਰਾਂ ਮਹਿਸੂਸ ਹੋਇਆ ਕਿ ਇਹਨਾਂ ਨੇ ਕੰਵਰ ਨੌਨਿਹਾਲ ਸਿੰਘ ਦੇ ਸਿਰ ਉੱਪਰ ਸੁੱਟ ਕੇ ਖਾਲਸਾ ਰਾਜ ਦੇ ਇਸ ਵਾਹਿਦ ਸ਼ਹਿਜਾਦੇ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕਰੀ ਹੋਵੇ। ਜਿਸ ਤਰਾਂ ਗ਼ਦਾਰਾਂ ਨੇ “ਖਾਲਸਾ ਰਾਜ” ਦੇ ਇਸ ਸ਼ਹਿਜਾਦੇ ਨੂੰ ਬਹੁਤਾ ਸਮਾਂ ਜਿਉਣ ਨਹੀੰ ਦਿੱਤਾ ਸੀ; ਉਸੇ ਤਰਾਂ ਅੱਜ ਇਹ ਲੋਕ “ਖਾਲਸਾ ਰਾਜ” ਨਾਲ ਸਬੰਧਤ ਨਿਸ਼ਾਨੀਆਂ ਨੂੰ ਸਦਾ ਲਈ ਖ਼ਤਮ ਕਰ ਦੇਣਾ ਚਾਹੁੰਦੇ ਹਨ
– ਸਤਵੰਤ ਸਿੰਘ

Check Also

ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਰਨੈਲ

ਬਲਰਾਜ ਸਿੰਘ ਸਿੱਧੂ ਐਸ.ਪੀ (ਸੰਪਰਕ: 98151-24449) ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਕਰੀਬ …

%d bloggers like this: