Breaking News
Home / ਸਾਹਿਤ / ਬਾਬਾ ਬੋਤਾ ਸਿੰਘ ਦੀ ਸ਼ਹੀਦੀ, ਸਿੱਖ ਪੰਥ ਦੀ ਮਹਾਨ ਗਾਥਾ

ਬਾਬਾ ਬੋਤਾ ਸਿੰਘ ਦੀ ਸ਼ਹੀਦੀ, ਸਿੱਖ ਪੰਥ ਦੀ ਮਹਾਨ ਗਾਥਾ

ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਹਰ ਪ੍ਰਕਾਰ ਦੇ ਰਾਜਨੀਤਕ ਜ਼ੁਲਮ, ਸਮਾਜਿਕ ਪੱਖਪਾਤ, ਧਾਰਮਿਕ ਅਨਿਆਂ ਅਤੇ ਹਰ ਤਰ੍ਹਾਂ ਦੇ ਮਨੁੱਖੀ ਸ਼ੋਸ਼ਣ ਵਿਰੁੱਧ ਸੁਚੱਜੇ ਸਮਾਜ ਦੀ ਸਥਾਪਨਾ ਲਈ ਜੂਝਦੇ ਹੋਏ ਆਪਣੀ ਮੌਤ ਨੂੰ ਆਪ ਗਲੇ ਮਿਲਦੇ ਹਨ। ਅਜਿਹੇ ਲੋਕਾਂ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਸ਼ਹੀਦ ਮੌਤ ਦੇ ਡਰ ਤੋਂ ਕੋਹਾਂ ਦੂਰ ਹੁੰਦਾ ਹੈ ਅਤੇ ਉਹ ਹਮੇਸ਼ਾ ਉੱਚੀਆਂ ਕੀਮਤਾਂ ਦੀ ਰਖਵਾਲੀ ਕਰਦਾ ਹੋਇਆ ਆਪਣੀ ਜ਼ਿੰਦਗੀ ਦੀ ਕੀਮਤ ਤੇ ਵੀ ਨੈਤਿਕ ਆਦਰਸ਼ ਬਹਾਲ ਕਰਨ ਲਈ ਤਤਪਰ ਰਹਿੰਦਾ ਹੈ। ਉਸ ਦਾ ਨਿਸ਼ਾਨਾ ਹੀ ਮਾਨਵ ਸਨਮਾਨ ਦੀ ਬਹਾਲੀ ਹੁੰਦਾ ਹੈ। ਅਜਿਹੇ ਹੀ ਇਕ ਸਿੱਖ ਸੂਰੇ ਦੀ ਜੀਵਨ ਗਾਥਾ ਨੂੰ ਅਸੀਂ ਇੱਥੇ ਵਿਚਾਰਨ ਦੀ ਕੋਸ਼ਿਸ ਕਰਾਂਗੇ ਜਿਸ ਨੇ ਜ਼ਿੰਦਗੀ ਅਤੇ ਮੌਤ ਨੂੰ ਇਕੋ ਜਿਹਾ ਪ੍ਰਵਾਨ ਕਰਦੇ ਹੋਏ ਮੈਦਾਨ-ਏ-ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ। ਸਿੱਖ ਜਗਤ ਵਿੱਚ ਇਸ ਯੋਧੇ ਨੂੰ ਬਾਬਾ ਬੋਤਾ ਸਿੰਘ ਦੇ ਨਾਂ ਨਾਲ ਸਨਮਾਨਿਆ ਜਾਂਦਾ ਹੈ। ਬਾਬਾ ਬੋਤਾ ਸਿੰਘ ਪੰਜਾਬ ਦੀ ਧਰਤੀ ‘ਤੇ ਪੈਦਾ ਹੋਇਆ ਉਹ ਯੋਧਾ ਸੀ, ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ”ਸਵਾ ਲਾਖ ਸੇ ਏਕ ਲੜਾਊਂ’ ਦੇ ਮਹਾਂਵਾਕ ਨੂੰ ਸੱਚ ਕਰਦਿਆਂ ਜਾਬਰ ਹਕੂਮਤ ਨਾਲ ਟੱਕਰ ਲਈ। ਬਾਬਾ ਬੋਤਾ ਸਿੰਘ ਦਾ ਜਨਮ ਸੰਮਤ 1756 ਨੂੰ ਸਾਵਣ ਦੇ ਮਹੀਨੇ ਵਿੱਚ ਪਿੰਡ ਭੜਾਨਾ (ਜ਼ਿਲਾ ਅੰਮ੍ਰਿਤਸਰ) ਵਿੱਚ ਹੋਇਆ ਮੰਨਿਆ ਜਾਂਦਾ ਹੈ। ਆਪ ਕਿਸਾਨ ਪਰਿਵਾਰ ਨਾਲ ਸਬੰਧਤ ਸਨ। ਬਾਬਾ ਬੋਤਾ ਸਿੰਘ ਜਦੋਂ ਵੱਡੇ ਹੋਏ ਤਾਂ ਇਹ ਵੀ ਆਪਣੇ ਪਿਤਾ-ਪੁਰਖੀ ਕਿੱਤੇ ਨਾਲ ਜੁੜ ਗਏ।

ਬਚਪਨ ਤੋਂ ਹੀ ਨਿਡਰ ਸੁਭਾਅ ਦੇ ਮਾਲਕ ਮੰਨੇ ਜਾਂਦੇ ਸਨ। ਆਪ ਦਾ ਖੂਬਸੂਰਤ ਸਵਾ ਛੇ ਫੁੱਟ ਲੰਮਾ ਜਿਸਮ ਹਰ ਇਕ ਨੂੰ ਪ੍ਰਭਾਵਿਤ ਕਰਦਾ ਸੀ। ਘੁਲਣਾ ਤੇ ਕਬੱਡੀ ਇਨ੍ਹਾਂ ਦੀਆਂ ਮਨ-ਭਾਉਂਦੀਆਂ ਖੇਡਾਂ ਸਨ। ਇਹ ਉਹ ਸਮਾਂ ਸੀ ਜਦੋਂ ਮੁਗਲੀਆ ਹਕੂਮਤ ਆਏ ਸਿੱਖਾਂ ਦੀ ਸਿਰਧੜ ਦੀ ਬਾਜ਼ੀ ਲੱਗੀ ਹੋਈ ਸੀ। ਮੁੱਠੀ ਭਰ ਸਿੱਖ ਸਖਤੀਆਂ ਦੇ ਬਾਵਜੂਦ ਮੌਕਾ ਮਿਲਦੇ ਹੀ ਹੁਕਮਰਾਨਾਂ ਨੂੰ ਲੋਹੇ ਦੇ ਚਣੇ ਚਬਾ ਦਿੰਦੇ ਸਨ। ਜਿਉਂ-ਜਿਉਂ ਹਕੂਮਤ ਦੁਆਰਾ ਸਖਤੀ ਦਾ ਜ਼ੋਰ ਸ਼ੁਰੂ ਹੁੰਦਾ, ਸਿੱਖ ਉਨੇ ਹੀ ਨਿਰਭੈਅ ਹੋ ਕੇ ਵਿਚਰਦੇ। ਇਸ ਗੱਲ ਤੋਂ ਬਾਬਾ ਬੋਤਾ ਸਿੰਘ ਬਹੁਤ ਪ੍ਰਭਾਵਤ ਹੁੰਦੇ ਸਨ। ਹਕੂਮਤ ਨੇ ਜੁਲਮ ਦੀ ਅਤਿ ਕਰ ਦਿੱਤੀ ਸੀ। ਕਿਉਂਕਿ ਉਹ ਹਰ ਹਾਲਤ ਵਿੱਚ ਸਿੱਖਾਂ ਦਾ ਖੁਰਾ ਖੋਜ ਮੁਕਾਉਣਾ ਚਾਹੁੰਦੀ ਸੀ। ਇਸੇ ਸਮੇਂ ਵਿੱਚ ਵਿਦੇਸ਼ੀ ਹਮਲਾਵਰ ਵੀ ਲਗਾਤਾਰ ਹਿੰਦੋਸਤਾਨ ‘ਤੇ ਹਮਲਾ ਕਰ ਰਹੇ ਸਨ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਵਿਦੇਸ਼ੀ ਧਾੜਵੀ ਸਮੁੱਚੇ ਹਿੰਦੋਸਤਾਨ ਦੀ ਇੱਜ਼ਤ ਆਬਰੂ ਨੂੰ ਮਿੱਟੀ ਵਿੱਚ ਮਿਲਾਉਂਦੇ ਹੋਏ, ਧੁਰ ਦੱਖਣ ਤੱਕ ਪਹੁੰਚ ਜਾਂਦੇ ਪਰ ਉਨ੍ਹਾਂ ਦਾ ਕੋਈ ਵਿਰੋਧ ਹੀ ਨਹੀਂ ਸੀ ਕੀਤਾ ਜਾਂਦਾ। ਜਿਉਂ ਹੀ ਲੁੱਟ ਦੇ ਮਾਲ ਨਾਲ ਉਹ ਵਾਪਸ ਮੁੜਦੇ ਪੰਜਾਬ ਦੀ ਧਰਤੀ ‘ਤੇ ਥਾਂ ਥਾਂ ਉਨ੍ਹਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਸਿੱਖ ਲੁਟੇਰਿਆਂ ਨੂੰ ਲੁੱਟਦੇ ਅਤੇ ਹਰਨ ਹੋ ਜਾਂਦੇ। ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਖਤਰਨਾਕ ਧਾੜਵੀਆਂ ਨੂੰ ਸਿੱਖ ਪੈਰਾਂ ਹੇਠ ਲਤਾੜ ਕੇ ਨਿਕਲ ਜਾਂਦੇ ਅਤੇ ਉਹ ਦੰਦੀਆਂ ਕਰੀਚਦੇ ਰਹਿ ਜਾਂਦੇ। ਇਸ ਤੋਂ ਬਿਨਾਂ ਲਾਹੌਰ ਉੱਤੇ ਅਬਦੁੱਲ ਸੁਮੰਦ ਖਾਨ, ਜ਼ਕਰੀਆ ਖਾਨ, ਮੀਰ ਮਨੂੰ ਆਦਿ ਵਰਗੇ ਸ਼ਕਤੀਸ਼ਾਲੀ ਸੂਬੇਦਾਰ ਨਿਯੁਕਤ ਹੁੰਦੇ ਰਹੇ ਜਿਹੜੇ ਸਿੱਖਾਂ ਨੂੰ ਬਹੁਤ ਨਫਰਤ ਕਰਦੇ ਸਨ ਅਤੇ ਹਰ ਵਕਤ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਨਵੇਂ ਨਵੇਂ ਤਰੀਕਿਆਂ ਦੀ ਭਾਲ ਵਿੱਚ ਰਹਿੰਦੇ। ਫਲਸਰੂਪ ਸਿੱਖਾਂ ਨੂੰ ਅਕਹਿ ਅਤੇ ਅਸਹਿ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਅਜਿਹੇ ਹਾਲਾਤ ਵਿੱਚ ਬੋਤਾ ਸਿੰਘ ਜਨਮਿਆਂ ਤੇ ਜਵਾਨ ਹੋਇਆ। ਸਿੱਖਾਂ ਉੱਤੇ ਹੁੰਦੇ ਜ਼ੁਲਮਾਂ ਨੂੰ ਉਸ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਮੁਸਲਮ ਹਾਕਮਾਂ ਦੇ ਜ਼ੁਲਮਾਂ ਨੂੰ ਵੱਖ ਕੇ ਉਸ ਦਾ ਅੰਦਰ ਵਲੂੰਧਰਿਆ ਜਾਂਦਾ ਪਰ ਬੇਬਸੀ ਦੇ ਆਲਮ ਵਿੱਚ ਉਹ ਹੱਥ ਮਲਦਾ ਰਹਿ ਜਾਂਦਾ। ਉਸ ਸਮੇਂ ਲਾਹੌਰ ਦੀ ਸੂਬੇਦਾਰੀ ਉੱਪਰ ਜ਼ਕਰੀਆ ਖਾਨ ਦੀ ਮਾਲਕੀ ਸੀ।ਜ਼ਕਰੀਆ ਖਾਨ ਸਿੱਖਾਂ ਦਾ ਕੱਟੜ ਵਿਰੋਧੀ ਸੀ। ਇਸੇ ਦੀ ਦੇਖ-ਰੇਖ ਵਿੱਚ ਭਾਈ ਤਾਰੂ ਸਿੰਘ ਵਰਗੇ ਸਿਦਕਵਾਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਫਲਸਰੂਪ ਸਿੱਖ ਜ਼ਕਰੀਆਂ ਖਾਨ ਨੂੰ ਬੇਹੱਦ ਨਫਰਤ ਕਰਦੇ ਸਨ ਅਤੇ ਜਦੋਂ ਵੀ ਮੌਕਾ ਮਿਲਦਾ ਉਹ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਨ ਤੋਂ ਵੀ ਨਾ ਝਿਜਕਦੇ। ਬਾਬਾ ਬੋਤਾ ਸਿੰਘ ਦਾ ਮੇਲ ਭਾਈ ਮਨੀ ਸਿੰਘ ਨਾਲ ਹੋਇਆ, ਜਿਹੜੇ ਉਸ ਵਕਤ ਹਰਿਮੰਦਰ ਸਾਹਿਬ ਵਿੱਚ ਮੁੱਖ ਪ੍ਰਬੰਧਕ ਸਨ। ਭਾਈ ਸਾਹਿਬ ਦੇ ਹੱਥੋਂ ਅੰਮ੍ਰਿਤਪਾਨ ਕਰਕੇ ਬੋਤਾ ਸਿੰਘ ਨੂੰ ਖਾਲਸਾ ਪੰਥ ਦੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ। ਗੁਰੂ ਦਾ ਪੂਰਨ ਸਿੰਘ ਬਣਨ ਉਪਰੰਤ ਬਾਬਾ ਬੋਤਾ ਸਿੰਘ ਦੇ ਨਿੱਤ ਪ੍ਰਤੀ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਮੁਗਲੀਆਂ ਹਕੂਮਤ ਦੇ ਜ਼ੁਲਮ ਨੂੰ ਵੇਖ ਕੇ ਉਸ ਦੇ ਮਨ ਵਿੱਚ ਲੂਹਰੀਆਂ ਉੱਠਦੀਆਂ। ਉਹ ਤੁਰਿਆ ਫਿਰਦਾ ਗੱਲਾਂ ਕਰਦਾ, ਗੁਰੂ ਅੱਗੇ ਅਰਜੋਈਆਂ ਕਰਦਾ, ਕੁਝ ਕਰ ਮਰਨ ਦੀ ਸ਼ਕਤੀ ਲਈ ਅਰਦਾਸਾਂ ਕਰਦਾ। ਹੁਣ ਉਸ ਨੇ ਆਪਣੀ ਜ਼ਿੰਦਗੀ ਦਾ ਨਿਤਪ੍ਰਤੀ ਦਾ ਨਿਯਮ ਬਣਾ ਲਿਆ ਕਿ ਹਰ-ਹੀਲੇ ਹਰਿਮੰਦਰ ਦੇ ਦਰਸ਼ਨ ਕਰਨੇ ਅਤੇ ਸਰੋਵਰ ਵਿੱਚ ਚੁਭੀ ਲਾਉਣੀ। ਜ਼ਿੰਦਗੀ ਦੇ ਇਸ ਨਿਸ਼ਚੇ ਨੂੰ ਨਿਭਾਉਂਦਿਆਂ ਹੀ ਉਸ ਨਾਲ ਇਕ ਵਾਰ ਅਜਿਹੀ ਘਟਨਾ ਵਾਪਰੀ ਜਿਸ ਨੇ ਉਸ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ। ਰੋਜ਼ ਵਾਂਗ ਜਦੋਂ ਉਹ ਇਕ ਦਿਨ ਛੁਪਦਾ-ਛੁਪਾਉਂਦਾ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ, ਰਸਤੇ ਵਿੱਚ ਕੁਝ ਮੁਗਲੀਆ ਅਹਿਲਕਾਰ ਆਪਣੀਆਂ ਰੰਗੀਨੀਆਂ ਵਿੱਚ ਮਸਤ ਸ਼ਰਾਬ ਅਤੇ ਸ਼ਬਾਬ ਨਾਲ ਦੋ-ਚਾਰ ਹੋ ਰਹੇ ਸਨ। ਬਾਬਾ ਜੀ ਦੇ ਪੈਰਾਂ ਦੀ ਅਵਾਜ਼ ਅਤੇ ਝਾੜੀਆਂ ਦੇ ਖੜਕੇ ਨੇ ਉਨ੍ਹਾਂ ਦੇ ਕੰਨ ਖੜ੍ਹੇ ਕਰ ਦਿੱਤੇ। ਉਨ੍ਹਾਂ ਵਿੱਚੋਂ ਇਕ ਜਲਦੀ ਨਾਲ ਉੱਠਿਆ ਅਤੇ ਸ਼ਰਾਬੀ ਆਵਾਜ਼ ਵਿੱਚ ਬੋਲਿਆ, ”ਲਗਦਾ, ਕੋਈ ਸਿੱਖ ਹੈ?” ਉਸ ਦੇ ਦੂਸਰੇ ਸਾਥੀ ਨੇ ਉਸ ਦੀ ਬਾਂਹ ਖਿੱਚਦੇ ਕਿਹਾ, ”ਬੈਠ ਜਾਹ, ਬੈਠ ਜਾਹ! ਇਥੇ ਕੋਈ ਸਿੱਖ ਨਹੀਂ ਆ ਸਕਦਾ। ਉਹ ਤੇ ਇਸਲਾਮ ਦੇ ਰੱਖਿਅਕ, ਅੱਲਾ ਦੇ ਬੰਦੇ ਅਤੇ ਸਾਡੇ ਮਿਹਰਬਾਨ ਜਨਾਬ ਜ਼ਕਰੀਆਂ ਖਾਂ ਨੇ ਲਗਭਗ ਖਤਮ ਹੀ ਕਰ ਦਿੱਤੇ ਹਨ। ਇਹ ਤੇ ਕੋਈ ਚੋਰ-ਉਚੱਕਾ ਜਾਂ ਕਾਇਰ ਹੋਵੇਗਾ। ਜਿਹੜਾ ਲੁਕ-ਛਿੱਪ ਕੇ ਜਾ ਰਿਹਾ ਹੈ। ਤੂੰ ਇਸ ਗੱਲ ਤੋਂ ਭਲੀਭਾਂਤ ਜਾਣੂ ਹੈਂ ਕਿ ਸਿੱਖ ਕੀ ਤੇ ਕਾਇਰਤਾ ਕੀ! ਸਿੱਖ ਨਾ ਤੇ ਲੜਨੋਂ ਡਰਦੇ ਹਨ ਤੇ ਨਾ ਹੀ ਮਰਨੋਂ।” ਅਜਿਹੀਆਂ ਗੱਲਾਂ ਕਰਦੇ ਕਰਦੇ ਉਹ ਫਿਰ ਆਪਣੇ ਰੰਗ ਤਮਾਸ਼ੇ ਵਿੱਚ ਮਸਤ ਹੋ ਗਏ। ਪਰ ਬੋਤਾ ਸਿੰਘ ਦੇ ਕੰਨਾਂ ਵਿੱਚ ਇਹ ਸ਼ਬਦ ਵਾਰ ਵਾਰ ਗੂੰਜ ਰਹੇ ਸਨ, ਇਹ ਕੋਈ ਚੋਰ-ਉਚੱਕਾ ਜਾਂ ਕਾਇਰ ਹੋਵੇਗਾ ਸਿੱਖ ਨਹੀਂ ਹੋ ਸਕਦਾ।ਬਾਬਾ ਬੋਤਾ ਸਿੰਘ ਦੇ ਪੈਰ ਥਾਂਏਂ ਜਮ ਗਏ। ਉਹ ਸੋਚਣ ਲੱਗਾ, ਚੌਧਰੀ ਠੀਕ ਹੀ ਕਹਿ ਰਹੇ ਹਨ। ਮੈਂ ਗੁਰੂ ਦਾ ਸਿੱਖ ਤੇ ਹੋ ਹੀ ਨਹੀਂ ਸਕਦਾ। ਗੁਰੂ ਦਾ ਸਿੱਖ ਕੀ ਤੇ ਛੁਪਣ-ਛੁਪਾਣਾ ਕੀ। ਉਸ ਦਾ ਅੰਦਰਲਾ ਝੰਜੋੜਿਆ ਗਿਆ। ਬਾਬਾ ਜੀ ਆਪਣੇ-ਆਪ ਨੂੰ ਲਾਹਣਤਾਂ ਪਾਉਣ ਲੱਗਾ। ਅੱਗੇ ਪੈਰ ਪੁੱਟਿਆਂ ਵੀ ਪੁੱਟਿਆ ਨਾ ਜਾਵੇ। ਅਖੀਰ ਸਥਿਤੀ ਅਜਿਹੀ ਬਣੀ ਕਿ ਬਾਬਾ ਬੋਤਾ ਸਿੰਘ ਉੱਚੀ ਉੱਚੀ ਗੁਰੂ ਦਾ ਜੈਕਾਰਾ ਗੂੰਜਾਉਂਦਾ ਹੋਇਆ ਬਾਹਰ ਨਿਕਲ ਆਇਆ। ਮੁਸਲਮਾਨ ਅਹਿਲਕਾਰਾਂ ਦੀ ਜੈਕਾਰਾ ਸੁਣਦਿਆਂ ਹੀ ਜਾਨ ਨਿਕਲ ਗਈ ਅਤੇ ਉਨ੍ਹਾਂ ਨੇ ਉਥੋਂ ਪਤਰਾ ਵਾਚਣ ਵਿੱਚ ਹੀ ਆਪਣਾ ਭਲਾ ਸੋਚਿਆ। ਬਾਬਾ ਬੋਤਾ ਸਿੰਘ ਨੇ ਅੱਗੇ ਹਰਿਮੰਦਰ ਸਾਹਿਬ ਜਾਣ ਦਾ ਵਿਚਾਰ ਤਿਆਗ ਦਿੱਤਾ ਅਤੇ ਦਿੱਲੀ ਤੋਂ ਲਾਹੌਰ ਜਾਂਦੀ ਸੜਕ ਉੱਪਰ ਸਥਿਤ ਸਰਾਏ ਨੂਰਦੀਨ ‘ਤੇ ਕਬਜ਼ਾ ਕਰਕੇ ਉਥੇ ਨਾਕਾ ਲਾ ਦਿੱਤਾ। ਹੁਣ ਦਿੱਲੀ ਤੋਂ ਲਾਹੌਰ ਨੂੰ ਆਪਣਾ ਮਾਲ ਲੈ ਕੇ ਜਾਣ ਵਾਲੇ ਹਰ ਵਪਾਰੀ ਕੋਲੋਂ ਬਾਬਾ ਬੋਤਾ ਸਿੰਘ ਨੇ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਰਾਜ ਦੀ ਸਥਾਪਤੀ ਹੋ ਗਈ ਹੈ। ਇਸ ਲਈ ਉਸ ਦਾ ਟੈਕਸ ਇੱਥੇ ਅਦਾ ਕਰਨਾ ਪਵੇਗਾ। ਸਾਰੇ ਲੋਕ ਬਿਨਾਂ ਕਿੰਤੂ ਕੀਤਿਆਂ ਟੈਕਸ ਦਿੰਦੇ ਅਤੇ ਚੁੱਪ-ਚਾਪ ਲੰਘ ਜਾਂਦੇ। ਗੁਰੂ ਦੇ ਖਾਲਸੇ ਨੂੰ ਵੇਖ ਕੇ ਕਿਸੇ ਨੇ ਉਲਝਣ ਦਾ ਹੌਸਲਾ ਹੀ ਨਾ ਕੀਤਾ। ਇਸੇ ਦੌਰਾਨ ਇਕ ਹੋਰ ਗਰਜਾ ਸਿੰਘ ਨਾਂ ਦਾ ਸਿੱਖ ਜਿਸ ਦਾ ਸਬੰਧ ਰੰਘਰੇਟੇ ਪਰਿਵਾਰ ਨਾਲ ਸੀ, ਬਾਬਾ ਬੋਤਾ ਸਿੰਘ ਦੇ ਨਾਲ ਆਣ ਖਲੋਤਾ। ਹੁਣ ਦੋਵਾਂ ਨੇ ਟੈਕਸ ਇਕੱਤਰ ਕਰਨ ਦੇ ਨਾਲ ਨਾਲ ਉਥੇ ਲੰਗਰ ਵੀ ਸ਼ੁਰੂ ਕਰ ਦਿੱਤਾ। ਆਲੇ-ਦੁਆਲੇ ਦੇ ਕੁਝ ਹਿੰਮਤੀ ਲੋਕਾਂ ਨੇ ਬਾਬਿਆਂ ਦਾ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਲੰਮਾ ਸਮਾਂ ਬਤੀਤ ਹੋ ਗਿਆ ਪਰ ਕਿਸੇ ਵੀ ਕਿਸਮ ਦਾ ਵਿਰੋਧ ਨਾ ਸਰਕਾਰ ਵੱਲੋਂ ਅਤੇ ਨਾ ਹੀ ਆਮ ਮੁਸਲਮਾਨਾਂ ਵੱਲੋਂ ਹੋਇਆ। ਫਲਸਰੂਪ ਬਾਬਾ ਬੋਤਾ ਸਿੰਘ ਨੇ ਇਕ ਲੰਮਾ ਖਤ ਜ਼ਖਰੀਆ ਖਾਂ ਨੂੰ ਲਿਖਿਆ ਜਿਸ ਵਿੱਚ ਉਸ ਦਾ ਚਿਤਰਣ ਉਸ ਔਰਤ ਵਾਂਗ ਕੀਤਾ ਜਿਹੜੀ ਘਰ ਦੀ ਚਾਰਦੀਵਾਰੀ ਵਿੱਚੋਂ ਬਾਹਰ ਆਉਣ ਤੋਂ ਸੰਗਦੀ ਹੈ। ਇਸ ਖਤ ਨੂੰ ਸਿੱਖ ਇਤਿਹਾਸ ਵਿੱਚ ਇਸ ਤਰ੍ਹਾਂ ਸੰਭਾਲਿਆ ਹੋਇਆ ਹੈ-

ਲਿਖੇ ਸਿੰਘ ਬੋਤਾ, ਹੱਥ ਵਿੱਚ ਸੋਟਾ ਰਾਹ ‘ਚ ਖਲੋਤਾ।
ਆਨਾ ਲਗੇ ਗੱਡੇ ਨੂੰ ਤੇ ਪੈਸਾ ਲਗੇ ਖੋਤਾ।
ਜਾਉ ਆਖੋ ਭਾਬੀ ਖਾਨੌਂ ਨੂੰ ਜੋ ਆਖੇ ਸਿੰਘ ਬੋਤਾ।

ਚਿੱਠੀ ਪੜ੍ਹਦੇ ਜ਼ਕਰੀਆਂ ਖਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਐਨਾ ਸ਼ਮਰਸ਼ਾਰ ਹੋਇਆ ਕਿ ਦਰਬਾਰ ਬਰਖਾਸਤ ਕਰਕੇ ਪਹੁੰਚ ਗਿਆ। ਪਰ ਪਹੁੰਚ ਕੇ ਉਸ ਨੇ ਆਪਣੇ ਵਫਾਦਾਰ ਨਾਇਬ ਜਲਾਲਦੀਨ ਨੂੰ ਹੁਕਮ ਕੀਤਾ ਕਿ ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਜ਼ੰਜੀਰਾਂ ਨਾਲ ਜਕੜ ਕੇ ਗਰਜਾ ਸਿੰਘ ਨੂੰ ਜ਼ੰਜੀਰਾਂ ਨਾਲ ਜਕੜ ਕੇ ਮੇਰੇ ਸਾਹਮਣੇ ਪੇਸ਼ ਕਰੋ। ਮੁਗਲੀਆ ਸੈਨਿਕ ਵਾਹੋਦਾਰੀ ਨੂਰਦੀਨ ਦੀ ਸਰਾਂ ਵੱਲ ਚੱਲ ਪਏ ਜਿੱਥੇ ਬਾਬਾ ਜੀ ਦਾ ਸਾਥੀ ਲੰਗਰ ਦੀ ਸੇਵਾ ਵਿੱਚ ਜੁਟਿਆ ਹੋਇਆ ਸੀ। ਉਹ ਸਿੱਖ ਰਾਜ ਦਾ ਟੈਕਸ ਇਕੱਠਾ ਕਰਨ ਵਿੱਚ ਮਗਨ ਸਨ। ਫੌਜ ਨੂੰ ਆਪਣੇ ਵੱਲ ਆਉਂਦੀਆਂ ਵੇਖ ਕੇ ਉਨ੍ਹਾਂ ਹਥਲੇ ਕੰਮ ਛੱਡ ਦਿੱਤੇ ਅਤੇ ਡਾਗਾਂ ਲੈ ਕੇ ਮੈਦਾਨ ਵਿੱਚ ਨਿੱਤਰ ਪਏ। ਜਲਾਲਦੀਨ ਨੇ ਬਾਬਾ ਜੀ ਨੂੰ ਕਿਹਾ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਉ। ਇਹ ਹੁਕਮ ਸੁਣ ਕੇ ਦੋਵੇਂ ਬਾਬੇ ਉੱਚੀ ਉੱਚੀ ਹੱਸੇ ਅਤੇ ਕਿਹਾ ਕਿ ਅਸੀਂ ਇੱਥੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਨਹੀਂ ਖੜ੍ਹੇ। ਜੇ ਤੇਰੇ ਵਰਗੇ ਗਿੱਦੜ ਸ਼ੇਰਾਂ ਨੂੰ ਆਪਣੇ ਪਿੰਜਰੇ ਵਿੱਚ ਪਾ ਲੈਣ ਤਾਂ ਦੁਨੀਆਂ ਦਾ ਇਤਿਹਾਸ ਦੀ ਬਦਲ ਜਾਵੇ। ਆ ਸਾਹਮਣੇ ਆ ਕੇ ਦੋ ਹੱਥ ਕਰ ਗਿੱਦੜ ਵਾਲੀ ਆਵਾਜ਼ ਵਿੱਚ ਸਾਨੂੰ ਨਾ ਲਲਕਾਰ। ਜਲਾਲਦੀਨ ਕਰੋਧ ਵਿੱਚ ਆ ਕੇ ਆਪਣੇ ਸੈਨਿਕਾਂ ਨਾਲ ਸਿੰਘਾਂ ਵੱਲ ਵਧਿਆ। ਗਹਿਗੱਚ ਲੜਾਈ ਸ਼ੁਰੂ ਹੋ ਗਈ। ਜਲਾਲਦੀਨ ਗਰਜਾ ਸਿੰਘ ਦੇ ਹੱਥੋਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਅਤੇ ਮੈਦਾਨ-ਏ-ਜੰਗ ਵਿੱਚ ਡਿੱਗ ਪਿਆ। ਬਾਕੀ ਸੈਨਿਕਾਂ ਨੇ ਹੁਣ ਬਾਬਿਆਂ ਨੂੰ ਘੇਰ ਲਿਆ ਜਿੱਥੇ ਸਿਦਕੀ ਸਿੱਖ ਆਪਣੇ ਲਹੂ ਦੇ ਆਖਰੀ ਕਤਰੇ ਤੱਕ ਦੁਸ਼ਮਣ ਦੇ ਵਿਰੁੱਧ ਡਟੇ ਰਹੇ। ਅਖੀਰ ਸਿੱਖੀ ਦੇ ਇਸ ਮਹਾਨ ਬੂਟੇ ਨੂੰ ਲਹੂ ਨਾਲ ਸਿੰਜਦੇ ਹੋਏ ਦੋਵੇਂ ਸਿੰਘ ਸੂਰਮੇ ਲੜਾਈ ਦੇ ਮੈਦਾਨ ਵਿੱਚ ਸ਼ਹੀਦੀਆਂ ਪਾ ਗਏ।

– ਡਾ. ਸਰਬਜਿੰਦਰ ਸਿੰਘ

Check Also

29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਿਰਾਂ ਤੋਂ ਕੀਤੀ …

%d bloggers like this: