ਸਿੱਖ ਵਿਰੋਧੀ ਸੰਸਥਾ ਆਰ ਐਸ ਐਸ ਵਲੋਂ ਹੁਣ ਫਿਰ ਸਿੱਖੀ ਤੇ ਹਮਲਾ ਕੀਤਾ ਗਿਆ ਹੈ ਅਤੇ ਬਕਵਾਸ ਕੀਤੀ ਗਈ ਹੈ। ਰਤਨ ਸ਼ਾਰਦਾ ਨਾਮ ਦੇ ਸੰਘੀ ਨੇ ਟਵਿਟਰ ਤੇ ਲਿਖਿਆ ਕਿ ਗੁਰੂ ਨਾਨਕ ਨੇ ਸਿਰਫ ਵੇਦਾਂ ਨੁੰ ਸਾਧਾਰਣ ਬੋਲੀ ਵਿਚ ਲਿਖਿਆ।
ਅੱਜ ਵਿਸ਼ਵ ਪੱਧਰ ‘ਤੇ ਮਨੁੱਖ ਜਾਤੀ ਵੱਡੀਆਂ ਚੁਣੌਤੀਆਂ ਦੇ ਰੂਬਰੂ ਹੈ। ਇਹ ਚੁਣੌਤੀਆਂ ਮਨੁੱਖੀ ਲਾਲਸਾਵਾਂ, ਹਉਮੈ, ਨਫ਼ਰਤ, ਮਜ਼੍ਹਬ ਅਤੇ ਦੇਸ਼-ਦੇਸ਼ਾਂਤਰਾਂ ਦੀਆਂ ਹੱਦਾਂ-ਬੰਨ੍ਹਿਆਂ ਨੂੰ ਲੈ ਕੇ ਹਨ। ਮਨੁੱਖ ਦੇ ਹੰਕਾਰ, ਲੋਭ ਅਤੇ ਦਵੈਤ ਕਾਰਨ ਹੀ ਅੱਜ ਸਾਰਾ ਸੰਸਾਰ ਵਿਕਾਰਮੁਖੀ ਅੱਗ ਵਿਚ ਸੜ ਰਿਹਾ ਹੈ। ਅਜਿਹੀ ਨੌਬਤ ਮਨੁੱਖ ਦੇ ਆਪਣੇ ‘ਮੂਲ’ ਨਾਲੋਂ ਟੁੱਟਣ ਕਾਰਨ ਹੀ ਆਈ ਹੈ। ‘ਮੂਲ’ ਅਰਥਾਤ ਸਰਬਵਿਆਪਕਤਾ, ਜਿਸ ਵਿਚੋਂ ਮਨੁੱਖ ਉਪਜਿਆ ਹੈ ਅਤੇ ਉਸ ਦਾ ਉਹ ਇਕ ਅੰਸ਼ ਹੈ, ਉਸ ਨੂੰ ਭੁੱਲ ਕੇ ਮਨੁੱਖ ਦਵੈਤ, ਮਾਇਆਵੀ ਲਾਲਸਾਵਾਂ ਅਤੇ ਹੰਕਾਰ ਵਿਚ ਨੱਕੋ-ਨੱਕ ਡੁੱਬਿਆ ਹੋਇਆ ਹੈ। ਹੰਕਾਰ ਵਿਚ ਮਨੁੱਖ ਨੇ ਮਨੁੱਖ ਨੂੰ ਹੀ ਖ਼ਤਮ ਕਰ ਲਈ ਅਜਿਹੇ ਐਟਮੀ ਹਥਿਆਰ ਤੱਕ ਤਿਆਰ ਕਰ ਰੱਖੇ ਹਨ, ਜਿਹੜੇ ਸਾਰੀ ਦੁਨੀਆ ਨੂੰ ਇਕੋ ਪਲ ਵਿਚ ਮੁਰਦਾਘਰ ਵਿਚ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਹਨ। ਮਨੁੱਖਤਾਵਾਦੀ ਸਫ਼ਾਂ ਮਨੁੱਖ ਦੇ ਇਸੇ ਹੰਕਾਰ ਦੀ ਜੰਗ ਤੋਂ ਬੇਹੱਦ ਭੈਅ-ਭੀਤ ਵੀ ਹਨ ਅਤੇ ਇਸ ਦਾ ਕੋਈ ਸਦੀਵੀ ਹੱਲ ਲੱਭਣ ਲਈ ਤਤਪਰ ਵੀ ਹਨ।
ਅਜੋਕੀਆਂ ਵਿਸ਼ਵ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਮਨੁੱਖਤਾ ਦੇ ਸਰਬਪੱਖੀ ਵਿਕਾਸ ਦਾ ਕੋਈ ਨਵਾਂ ਨਮੂਨਾ ਲੱਭਣ ਦੀ ਲੋੜ ਹੈ ਅਤੇ ਇਹ ਨਮੂਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ‘ਚੋਂ ਭਾਲਿਆ ਜਾ ਸਕਦਾ ਹੈ। ਜਿਸ ਤਰ੍ਹਾਂ ਦੇ ਅੱਜ ਸੰਸਾਰਿਕ ਪੱਧਰ ‘ਤੇ ਹਾਲਾਤ ਬਣੇ ਹੋਏ ਹਨ, ਬਿਲਕੁਲ ਉਸੇ ਤਰ੍ਹਾਂ ਦੇ ਹੀ 15ਵੀਂ ਸਦੀ ਵਿਚ ਭਾਰਤ ਦੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਹਾਲਾਤ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਪੂਰੀ ਲੋਕਾਈ ਨੂੰ ਇਕ ਸਾਂਝਾ ਤੇ ਬਰਾਬਰਤਾ ਵਾਲਾ ਮਨੁੱਖੀ ਜੀਵਨ-ਜਾਚ ਦਾ ਸਿਧਾਂਤ ਦਿੱਤਾ। ਜੇਕਰ ਉਸ ਸਿਧਾਂਤ ‘ਤੇ ਚੱਲਿਆ ਜਾਵੇ ਤਾਂ ਯਕੀਨਨ ਅੱਜ ਵੀ ਦੁਨੀਆ ਭਰ ਵਿਚ ਸਾਰੇ ਝਗੜੇ-ਝੇੜਿਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।