Breaking News
Home / ਸਾਹਿਤ / ਭਾਈ ਮਨੀ ਸਿੰਘ ਦੀ ਸ਼ਹਾਦਤ

ਭਾਈ ਮਨੀ ਸਿੰਘ ਦੀ ਸ਼ਹਾਦਤ

ਭਾਈ ਮਨੀ ਸਿੰਘ ਦਾ ਜਨਮ 1644 ਈ: ਨੂੰ ਹੋਇਆ। ‘ਸ਼ਹੀਦ ਬਿਲਾਸ’ ਵਿਚ ਅੰਕਿਤ ਕੁਲ ਪਰੰਪਰਾ ਅਨੁਸਾਰ ਆਪ ਦੇ ਵੱਡੇ-ਵਡੇਰਿਆਂ ਦਾ ਸਬੰਧ ਉਦੇ ਦੀਪ ਬੰਸ ਦੇ ਪਵਾਰ ਰਾਜਪੂਤ ਘਰਾਣੇ ਨਾਲ ਸੀ, ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇਸ ਬੰਸ ਦਾ ਗੁਰੂ-ਘਰ ਨਾਲ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜ ਜਾਂਦਾ ਹੈ, ਕਿਉਂਕਿ ਇਨ੍ਹਾਂ ਦੇ ਦਾਦਾ ਭਾਈ ਬਾਲੂ ਰਾਉ ਛੇਵੇਂ ਪਾਤਸ਼ਾਹ ਦੀ ਸੈਨਾ ਦੇ ਪ੍ਰਸਿੱਧ ਜਰਨੈਲ ਸਨ। ਇਹ ਖਾਨਦਾਨ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ।90 ਸਾਲ ਦੀ ਉਮਰ ਭੋਗਣ ਵਾਲੇ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਦਸਮ ਪਿਤਾ ਦੇ ਵਿਸ਼ਵਾਸਪਾਤਰ ਭਾਈ ਮਨੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ, ਕਥਾਵਾਚਕ, ਗਿਆਨ ਰਤਨਾਵਲੀ ਤੇ ਸਿੱਖਾਂ ਦੀ ਭਗਤ ਮਾਲਾ ਜਿਹੀਆਂ ਵੱਡ-ਆਕਾਰੀ ਰਚਨਾਵਾਂ ਦੇ ਕਰਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਗੁਰੂ-ਘਰ ਨਾਲ ਸਬੰਧਤ ਰਹੇ।
ਪ੍ਰਸਿੱਧ ਵਿਦਵਾਨ ਡਾ: ਜਸਬੀਰ ਸਿੰਘ ਸਾਬਰ ਨੇ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਇਕ ਪਰਚੇ ‘ਚ ਵਿਸਥਾਰਤ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ‘ਭਾਈ ਮਨੀ ਸਿੰਘ ਦੇ ਪਿਤਾ ਮਾਈ ਦਾਸ ਨੇ ਦੋ ਸ਼ਾਦੀਆਂ ਕੀਤੀਆਂ ਸਨ, ਜਿਨ੍ਹਾਂ ਦੀ ਪਹਿਲੀ ਪਤਨੀ ਦੀ ਕੁੱਖੋਂ ਭਾਈ ਮਨੀ ਸਿੰਘ ਸਮੇਤ 7 ਪੁੱਤਰ ਅਤੇ ਦੂਜੀ ਦੀ ਕੁੱਖੋਂ 5 ਪੁੱਤਰ ਪੈਦਾ ਹੋਏ। ਭਾਈ ਮਾਈ ਦਾਸ ਨੇ 13 ਸਾਲ ਦੀ ਉਮਰ ਦੇ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਦਰਬਾਰ ਭੇਟ ਕਰ ਦਿੱਤਾ, ਜਿਥੇ ਇਹ ਮੁੱਖ ਤੌਰ ‘ਤੇ ਗੁਰੂ-ਘਰ ਦੇ ਦਰਬਾਰ ਅਤੇ ਲੰਗਰ ਵਿਚ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਦਿਆਂ ਮਨ ਦੀ ਮੈਲ ਧੋਂਦੇ ਰਹੇ। 15 ਸਾਲ ਦੀ ਉਮਰ ਵਿਚ ਆਪ ਦੀ ਸ਼ਾਦੀ ਖੈਰਪੁਰ ਦੇ ਯਾਦਵ ਬੰਸੀ ਲਖੀ ਰਾਇ ਦੀ ਬੇਟੀ ਬੀਬੀ ਸੀਤੋ ਨਾਲ ਹੋ ਗਈ। ਬੀਬੀ ਸੀਤੋ ਦੀ ਕੁੱਖੋਂ ਆਪ ਦੇ ਘਰ 7 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂਅ ਭਾਈ ਚਿਤਰ ਸਿੰਘ, ਭਾਈ ਬਚਿਤਰ ਸਿੰਘ, ਭਾਈ ਉਦੇ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ ਤੇ ਭਾਈ ਗੁਰਬਖਸ਼ ਸਿੰਘ ਸਨ। ਇਨ੍ਹਾਂ ਵਿਚੋਂ 5 ਦੀ ਸ਼ਹੀਦੀ ਮੈਦਾਨੇ ਜੰਗ ਵਿਚ ਹੋ ਗਈ ਅਤੇ 2 ਪੁੱਤਰ ਚਿਤਰ ਸਿੰਘ ਤੇ ਗੁਰਬਖਸ਼ ਸਿੰਘ ਆਪ ਦੇ ਨਾਲ ਹੀ 1734 ਈ: ਨੂੰ ਲਾਹੌਰ ਵਿਚ ਸ਼ਹੀਦ ਕਰ ਦਿੱਤੇ ਗਏ। ਬਾਕੀ ਦਾ ਪਰਿਵਾਰ ਵੀ ਸਮੇਂ-ਸਮੇਂ ਧਰਮ ਦੀ ਖ਼ਾਤਰ ਆਪਣਾ ਜੀਵਨ ਬਲੀਦਾਨ ਕਰਦਾ ਰਿਹਾ। ਭਾਈ ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਸੰਗ ਦਿੱਲੀ ਰਹੇ ਅਤੇ ਉਥੋਂ ਹੀ ਮਾਤਾ ਸੁਲੱਖਣੀ ਦੇ ਨਾਲ ਬਾਬਾ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਪਹੁੰਚੇ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਜਦੋਂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਤਾਂ ਭਾਈ ਸਾਹਿਬ ਦਸਮੇਸ਼ ਗੁਰੂ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ।

ਸ੍ਰੀ ਅਨੰਦਪੁਰ ਸਾਹਿਬ ਵਿਚ ‘ਮਸਤ ਹਾਥੀ’ ਨਾਲ ਯੁੱਧ ਕਰਨ ਵਾਲਾ ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ ਦਾ ਹੀ ਬੇਟਾ ਸੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੁੱਤਰ ਵੀ ਸ਼ਾਮਿਲ ਸਨ। ਡਾ: ਸਾਬਰ ਅਨੁਸਾਰ ‘ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿਚ ਜੋਤੀ-ਜੋਤਿ ਸਮਾਉਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਦੁਸ਼ਟ-ਦਮਨ ਲਹਿਰ ਨੇ ਜਿਥੇ ਵੈਰੀਆਂ ਦੀ ਨੀਂਦ ਹਰਾਮ ਕਰ ਦਿੱਤੀ, ਉਥੇ ਖਾਲਸੇ ਦੀ ਫਿਰ ਜੈ ਜੈਕਾਰ ਹੋਣ ਲੱਗ ਪਈ। ਦਸਮ ਗੁਰੂ ਜੀ ਨੇ ਸਿੱਖ ਧਰਮ ਵਿਚ ਦੇਹਧਾਰੀ ਗੁਰੂ ਦੀ ਪ੍ਰਥਾ ਸਮਾਪਤ ਕਰਦਿਆਂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਅਤੇ ਖਾਲਸੇ ਨੂੰ ਇਸੇ ‘ਪ੍ਰਗਟ ਗੁਰਾਂ ਕੀ ਦੇਹ’ ਮੰਨਣ ਦਾ ਆਦੇਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿਊਂਦੇ-ਜੀਅ ਤਾਂ ਖਾਲਸਾ ਪੰਥ ਇਕਮੁੱਠ ਰਿਹਾ, ਪਰ 1716 ਈ: ਨੂੰ ਆਪ ਦੀ ਸ਼ਹਾਦਤ ਉਪਰੰਤ ਪੰਥ ਵਿਚ ਦੋ ਧੜੇ ਬਣ ਗਏ। ਮਾਤਾ ਸੁੰਦਰੀ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਦੋਵਾਂ ਧੜਿਆਂ ਨੂੰ ਇਕ ਕਰਕੇ ਖਾਲਸਾ ਪੰਥ ਦੀ ਸ਼ਕਤੀ ਨੂੰ ਮੁੜ ਇਕ ਕਰ ਦਿੱਤਾ।’
1733 ਈ: ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ ਅਤੇ ਸੰਗਤਾਂ ਦੀ ਤੀਬਰ ਇੱਛਾ ਸੀ ਕਿ ਇਸ ਵਾਰ ਇਹ ਪੁਰਬ ਧੂਮਧਾਮ ਨਾਲ ਮਨਾਇਆ ਜਾਵੇ। ਇਸ ਮਕਸਦ ਲਈ ਭਾਈ ਮਨੀ ਸਿੰਘ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਲਾਹੌਰ ਦੇ ਸੂਬੇਦਾਰ ਪਾਸੋਂ ਇਜਾਜ਼ਤ ਪ੍ਰਾਪਤ ਕਰ ਲਈ ਅਤੇ ਇਵਜ਼ਾਨੇ ਵਜੋਂ ਮੇਲੇ ਪਿੱਛੋਂ 10 ਹਜ਼ਾਰ ਰੁਪਏ ਜਜ਼ੀਏ ਵਜੋਂ ਦੇਣੇ ਪ੍ਰਵਾਨ ਕਰ ਲਏ। ਪਰ ਮੀਣਿਆਂ, ਪੰਥ ਵਿਰੋਧੀ ਤਾਕਤਾਂ ਅਤੇ ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜ਼ਿਸ਼ ਅਧੀਨ ਸਿੰਘਾਂ ਨੂੰ ਖਤਮ ਕਰਨ ਦਾ ਪ੍ਰੋਗਰਾਮ ਉਲੀਕਿਆ, ਜੋ ਭਾਈ ਮਨੀ ਸਿੰਘ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਸਿਰੇ ਨਾ ਚੜ੍ਹ ਸਕਿਆ। ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਬਦਲੇ ਭਾਈ ਸਾਹਿਬ ਨੇ ਕੌਮ ਨੂੰ ਆਪਣੀ ਸੂਝ-ਬੂਝ ਨਾਲ ਬਚਾਅ ਲਿਆ।
ਪਰ ਭਾਈ ਸਾਹਿਬ ਪ੍ਰਵਾਨ ਕੀਤਾ ਹੋਇਆ ਜਜ਼ੀਆ ਲਾਹੌਰ ਦਰਬਾਰ ਨੂੰ ਨਾ ਦੇ ਸਕੇ, ਕਿਉਂਕਿ ਭਾਈ ਸਾਹਿਬ ਵੱਲੋਂ ਭੇਜੇ ਗੁਪਤ ਸਨੇਹਿਆਂ ਖ਼ਾਤਰ ਸੰਗਤਾਂ ਇਸ ਪੁਰਬ ‘ਤੇ ਬਹੁਤ ਘੱਟ-ਗਿਣਤੀ ਵਿਚ ਇਕੱਤਰ ਹੋਈਆਂ ਸਨ। ਪਰ ਹਕੂਮਤ ਨੂੰ ਬਹਾਨਾ ਚਾਹੀਦਾ ਸੀ ਮਹਾਨ ਦੂਰ-ਅੰਦੇਸ਼ੀ ਤੇ ਦੂਲੇ ਮਰਜੀਵੜੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦਾ। ਇਸ ਤਰ੍ਹਾਂ ਭਾਈ ਮਨੀ ਸਿੰਘ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਅਕਹਿ ਤੇ ਅਸਹਿ ਕਸ਼ਟ ਦਿੰਦਿਆਂ ਲਾਹੌਰ ਦੇ ਨਿਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ, ਜਿਥੇ ਅੱਜਕਲ੍ਹ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ।

Check Also

29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਿਰਾਂ ਤੋਂ ਕੀਤੀ …

%d bloggers like this: