Breaking News
Home / ਸਾਹਿਤ / ਪੰਜਾਬ ਸਿੰਆਂ ਤੇਰੇ ਆਗੂ ਹੀ ਨਿਕਲੇ ਗੱਦਾਰ…..

ਪੰਜਾਬ ਸਿੰਆਂ ਤੇਰੇ ਆਗੂ ਹੀ ਨਿਕਲੇ ਗੱਦਾਰ…..

ਇਕ ਭਲੇ ਪੁਰਸ਼ ਤੋਂ ਕਥਾ ਸੁਣੀ ਕਿ ਸੋਹਣੀ ਪੁਸ਼ਾਕ ਤਿਆਰ ਕਰਨ ਲਈ ਜਿਹੜੀਆਂ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਉਹ ਹੈ ਇਕ ਸੂਈ ਤੇ ਦੂਜਾ ਧਾਗਾ ।ਭਾਵ ਇਕ ਨਰਮ ਦੇ ਦੂਜਾ ਸਖ਼ਤ ਦੋਹਾਂ ਚੋ, ਇਕ ਚੀਜ਼ ਨਾਲ ਪੁਸ਼ਾਕ ਤਿਆਰ ਕਰਨਾਂ ਅਸੰਭਵ ਹੈ, ਦੋਵੇਂ ਹੀ ਜ਼ਰੂਰੀ ਨੇ ਨਰਮਾਈ ਤੇ ਸਖ਼ਤਾਈ ।ਪਰ ਇਕ ਹੋਰ ਅਤਿਅੰਤ ਜ਼ਰੂਰੀ ਚੀਜ਼ ਹੈ ਉਹ ਹੈ ਕੈੰਚੀ ਜੋ ਕਿਸੇ ਅਣਜਾਣ ਦਰਜ਼ੀ ਦੇ ਹੱਥ ਆ ਜਾਵੇ ਤਾਂ ਉਹ ਪੁਸ਼ਾਕ ਦੀ ਬਜਾਏ ਖੱਫਣ ਬਣਾ ਦੇਵੇਗਾ। ਗਿਆਨ ਰੂਪੀ ਕੈੰਚੀ ਕਿਹੇ ਮਾੜੇ ਅਤੇ ਕਹਿਣੀ ਕਰਨੀ ਤੋਂ ਹੀਣੇ ਆਗੂ ਦੇ ਹੱਥ ਦਿਓਗੇ ਤਾਂ ਪੁਸ਼ਾਕ ਦੀ ਆਸ ਨਾਂ ਰੱਖਿਓ ਖੱਫਣ ਜ਼ਰੂਰ ਤਿਆਰ ਸਮਝੋ । ਕਿਸਾਨ ਮੋਰਚੇ ਦੇ ਆਗੂ ਹੁਣ ਤੱਕ ਦੋ ਸੌ ਤੋਂ ਵੱਧ ਖੱਫਣ ਤਿਆਰ ਕਰਕੇ ਲਾਸ਼ਾਂ ਘਰਾਂ ਨੂੰ ਭੇਜ ਚੁੱਕੇ ਹਨ ਤੇ ਹੁਣ ਜੇ ਰਾਕੇਸ਼ ਟਿਕੈਤ ਦੇ ਬਿਆਨ ਦੇ ਭਾਵ ਅਰਥ ਸਮਝੀਏ ਤਾਂ ਇਹ ਲਾਸ਼ਾਂ ਭੇਜਣ ਦਾ ਟੀਚਾ ਆਗਾਂਹ ਅਕਤੂਬਰ ਤੱਕ ਦਾ ਹੈ। ਜਿਸ ਦ੍ਰਿੜਤਾ ਅਤੇ ਖਾਲਸਈ ਜਜ਼ਬੇ ਨਾਲ ਨੌਜਵਾਨ ਇਹਨਾਂ ਨੂੰ ਸ਼ੰਭੂ ਤੋਂ ਬੈਰੀਆਰ ਤੋੜਦੇ ਦਿੱਲੀ ਦੀਆਂ ਬਰੂਹਾਂ ਤੱਕ ਨਰਮ ਭਾਵ ਕਿ ਸ਼ਾਂਤੀ ਵਾਲਾ ਸੰਘਰਸ਼ ਕਰਨ ਤੱਕ ਲੈਕੇ ਆਏ, ਇਹਨਾਂ ਆਗੂਆਂ ਨੇ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਸਮਝਣ ਵਿੱਚ ਭਾਰੀ ਭਾਰੀ ਕੁਤਾਹੀ ਕੀਤੀ। ਸਿੱਟੇ ਵੱਜੋਂ ਅੱਜ ਸਰਗਰਮ ਨੌਜਵਾਨ ਧਿਰਾਂ ਇਸ ਸੰਘਰਸ਼ ਤੋਂ ਦੂਰੀ ਬਣਾਉਂਦੀਆਂ ਜਾ ਰਹਿਆਂ ਹਨ ਅਤੇ ਸੰਘਰਸ਼ ਦੀ ਚਾਲਕ ਸਰਗਰਮ ਸ਼ਕਤੀ ਹੀਣ ਹੁੰਦੀ ਜਾ ਰਹੀ ਹੈ।

ਮੈਦਾਨ-ਏ-ਜੰਗ ਹੋਵੇ ਜਾਂ ਸ਼ਾਂਤਮਈ ਸੰਘਰਸ਼ ਆਰ ਪਾਰ ਦੀ ਲਕੀਰ ਖਿੱਚਣੀ ਹੀ ਪੈੰਦੀ ਹੈ ਪਰ ਆਗੂ ਜਿਸ ਤਰ੍ਹਾਂ ਨਾਲ ਹੁਣ ਸਰਕਾਰੀ ਸੁਰੱਖਿਆ ਛੱਤਰੀ ਦਾ ਅਨੰਦ ਲੈਣ ਵਿੱਚ ਰੁੱਝ ਰਹੇ ਹਨ ਉਸ ਤੋਂ ਇਹ ਸੰਘਰਸ਼ ਹੁਣ ਫਿਕਸ ਮੈਚ ਵਰਗਾ ਲੱਗ ਰਿਹਾ ਹੈ। 80 ਸਾਲ ਤੋ ਵੱਧ ਉਮਰ ਦੇ ਬਾਬਾ ਦੀਪ ਸਿੰਘ ਜੀ ਨੇ ਕਦੇ ਲਕੀਰ ਖਿੱਚ ਮੈਦਾਨੇ ਜੰਗ ਵਿੱਚ ਖੰਡਾ ਖੜਕਾਇਆ ਉਹ ਸਮੇਂ ਦੀ ਮੰਗ ਸੀ। ਬੀਤੇ ਦਹਾਕਿਆਂ ਦੇ ਜੇਕਰ ਸ਼ਾਂਤਮਈ ਸੰਘਰਸ਼ ਦੀ ਗੱਲ ਕਰੀਏ ਤਾਂ ਸ਼ਹੀਦ ਬਾਪੂ ਦਰਸ਼ਨ ਸਿੰਘ ਜੀ ਫੇਰੂਮਾਨ ਹੋਣਾ ਨੇ ਵੀ ਲਕੀਰ ਖਿੱਚ ਆਰ ਪਾਰ ਦੀ ਲੜਾਈ ਲੜੀ ਤੇ ਸ਼ਹਾਦਤ ਦਿੱਤੀ।

ਉਹ ਆਗੂ ਸੰਘਰਸ਼ਾਂ ਨੂੰ ਸਮਰਪਿਤ ਸਨ ਤੇ ਕਹਿਣੀ ਕਰਨੀ ਦੇ ਪੂਰੇ ਸਨ। ਉਦਾਹਰਣਾਂ ਤੇ ਸ਼ਹਾਦਤਾਂ ਨਰਮ/ਗਰਮ ਦਲ਼ੀਆਂ ਦੀਆਂ ਬਹੁਤ ਨੇ ਪਰ ਗੱਲ ਲੰਮੀ ਹੋ ਜਾਣੀ ਹੈ। ਸੀਮਤ ਸ਼ਬਦਾਂ ਵਿੱਚ ਸਵਾਲ ਕਰਨਾ ਹੋਵੇ ਤਾਂ ਆਹ ਜਿਹੜੇ ਕਿਸਾਨ ਯੂਨੀਅਨ ਵਾਲੇ ਸ਼ਾਂਤੀ ਦਾ ਰਾਗ ਅਲਾਪ ਰਹੇ ਆ ਹਨ ਇਹ ਲੋਕਾਂ ਨੂੰ ਦੱਸਣ ਕਿ ਕਿੱਦਾਂ ਦਾ ਸ਼ਾਂਤਮਈ ਅੰਦੋਲਨ ਚਹੁੰਦੇ ਹਨ। ਮੋਮਬੱਤੀਆਂ ਜਗਾਕੇ, ਥਾਲੀਆਂ ਖੜਕਾ ਕੇ, ਚਾਰ ਘੰਟੇ ਵਰਤ ਰੱਖਕੇ ਜਾਂ ਦੋ ਤਿੰਨ ਘੰਟੇ ਦਾ ਚੱਕਾ ਜਾਮ ਕਰਕੇ ਬਿੱਲ ਰੱਦ ਕਰਵਾਉਣੇ ਆਂ। ਦੋ ਤਿੰਨ ਘੰਟੇ ਤਾਂ ਟੋਲ ਪਲਾਜ਼ਿਆਂ ਤੇ ਵੈਸੇ ਵੀ ਚੱਕੇ ਜਾਮ ਰਹਿੰਦੇ ਹਨ।

ਦੋ ਸੌ ਤੋ ਵੱਧ ਜਾਨਾਂ ਜਾ ਚੁਕੀਆਂ ਹਨ ਸਾਡੇ ਲੋਕਾਂ ਦੀਆਂ ਤੇ ਪਰ ਆਗੂਆਂ ਨੇ ਬੱਸ ਸਟੇਜਾਂ ਉਪਰੋਂ ਪੈਸੇ ਹੀ ਇਕੱਤਰ ਕੀਤੇ ਹਨ। ਸੱਚ ਇਹ ਹੈ ਕਿ ਸੰਘਰਸ਼ ਵੀ ਮਾਇਆ ਕਰਕੇ ਹੀ ਲੰਮਾ ਕੀਤਾ ਜਾ ਰਿਹਾ ਹੋਰ ਕੋਈ ਮਕਸਦ ਨਹੀਂ ਹੈ।
ਜਦੋਂ ਕੁਝ ਵੀਰ ਇਹਨਾਂ ਕਿਸਾਨ ਆਗੂਆਂ ਨੂੰ ਸਵਾਲ ਕਰਦੇ ਜਾਂ ਤੱਤੇ ਲਫ਼ਜ਼ ਬੋਲਦੇ ਹਨ ਤਾਂ ਲੋਕ ਕਹਿੰਦੇ ਕਿ ਇਹਨਾਂ ਦੀ ਇਜ਼ਤ ਕਰੋ।ਸਾਡੇ ਬਜ਼ੁਰਗ ਸੜਕਾਂ ਉਤੇ ਠਰੂੰ ਠਰੂੰ ਕਰਦੇ ਮਰਨ ਤੇ ਇਹ ਹੋਟਲਾਂ ਵਿੱਚ ਰਾਤਾਂ ਗੁਜ਼ਾਰਨ ।

ਖ਼ੈਰ ! ਸਰਬੱਤ ਦਾ ਭਲਾ ਤਾਂ ਸਾਡਾ ਕੌਮੀ ਸੰਕਲਪ ਹੈ ਜਿਹੜੇ ਲੋਕ ਸਾਡੇ ਵਿਰਸੇ ਤੋਂ ਉਹ ਜਾਣਦੇ ਆ ਕਿ ਜਾਣੂ ਸਾਡੀ ਤਾਂ ਸਵੇਰੇ ਅੱਖ ਖੁੱਲਦਿਆਂ ਪਹਿਲਾ ਅਵਾਜ਼ਾ ਈ ‘ਵਾਹਿਗੁਰੂ ਸਭ ਦਾ ਭਲਾ ਕਰੀਂ’ ਦਾ ਨਿਕਲਦਾ ।

ਖ਼ੈਰ ਗੱਲ ਕਰ ਰਹੇ ਆਂ ਅੰਦੋਲਨ ਦੀ ਕਿ ਜਿੱਤਣ ਲਈ ਆਰ ਪਾਰ ਦੀ ਲੜਾਈ ਕਿੱਦਾਂ ਲੜਨੀ ਹੈ ।ਸ਼ਾਂਤੀ ਸ਼ਾਂਤੀ ਦਾ ਰੌਲਾ ਪਾਉਣ ਵਾਲੇ ਰੱਖਣ ਸ਼ਾਂਤੀ, ਕੋਈ ਵੀ ਸਰਬੱਤ ਦਾ ਭਲਾ ਮੰਗਣ ਵਾਲਾ ਗੜਬੜ ਨਹੀਂ ਚਹੁੰਦਾ ।ਕਿਸਾਨ ਯੂਨੀਅਨ ਦੇ ਅਲੀ ਬਾਬਾ ਤੇ ਬਾਕੀ ਸਾਥੀ ਪਹਿਲਾਂ ਸ਼ਾਤੀ ਨਾਲ ਮਰਨ ਵਰਤ ਉੱਪਰ ਬੈਠਣ ਜਦੋਂ ਤੀਹ ਅਮਰ ਸ਼ਹੀਦ ਬਣ ਜਾਣਗੇ ਤਾਂ ਹੋਰ ਤਿੰਨ ਸੌ ਇਹਨਾਂ ਦੀ ਥਾਂ ਤੇ ਬੈਠ ਜਾਵੇਗਾ। ਦਲੇਰੀ ਕਰਨੀ ਚਾਹੀਦੀ ਆ ਕਿਉਂ ਨੌਜਵਾਨ ਮਰਵਾ ਰਹੇ ਹਨ ਇਹਨਾਂ ਵਿੱਚੋਂ ਤਾਂ ਵੈਸੇ ਵੀ ਬਹੁਤਿਆਂ ਦੀਆਂ ਕਬਰ ਵਿੱਚ ਲੱਤਾਂ ਹਨ।

ਦੇਣ ਸ਼ਹਾਦਤ ਧਰਤੀ ਮਾਂ ਲਈ ਫੇਰ ਮੌਕਾ ਨਹੀਂ ਆਉਣਾ …. ਕਰਾਉਣ ਨਾਂ ਦਰਜ ਸ਼ਹੀਦਾਂ ਵਿੱਚ ਨਹੀਂ ਤੇ ਦੱਸਣ ਕਿਉਂ ਲੋਕਾਂ ਨੂੰ ਗੁਮਰਾਹ ਕਰ ਕਹੇ ਹਨ। ਖੇਤੀ ਮੰਤਰੀ ਤੋਮਰ ਨੇ ਕਹਿ ਦਿੱਤਾ ਸਾਡੇ ਵੱਲੋਂ ਪੱਕੀ ਨਾਂਹ ਸਮਝੋ ਅਤੇ ਮੋਦੀ ਪਾਰਲੀਮੈਂਟ ਵਿੱਚ ਟਿੱਚਰਾਂ ਕਰ ਗਿਆ। ਪੁਲਿਸ ਵਾਲਿਆਂ ਸੜਕਾਂ ਵਿੱਚ, ਕਿੱਲ ਠੋਕ ਕੇ ਪੱਕੇ ਲੈੰਟਰ ਪਾ ਦਿੱਤੇ ਨੇ ਅਤੇ ਇਹ ਗਾਂਧੀ ਦੇ ਜਨਮ ਦਿਹਾੜੇ ਤੱਕ ਆਸਾਂ ਲਾਈ ਬੈਠੇ ਹਨ।ਪਰ ਸੱਚ ਇਹ ਆ ਝੂਠਾ ਤੇ ਮਕਾਰ ਅਤੇ ਗੱਦਾਰ ਬੰਦਾ ਮਰਦਾ ਨਹੀਂ ਦੂਜਿਆਂ ਨੂੰ ਮਰਾਉੰਦਾ। ਭਲਾ ਹੋਵੇ ਨੈੱਟ ਦਾ ਸੱਭ ਕੁਹ ਸਾਹਮਣੇ ਆ ਗਿਆ ।ਛੱਬੀ ਜਨਵਰੀ ਤੋਂ ਪਹਿਲਾਂ ਦਾ ਇਹਨਾਂ ਦਾ ਬੱਕੜ ਬੱਕੜ ਸੁਣਨ ਵਾਲਾ ਹੈ। ਲਾਲ ਕਿਲ੍ਹੇ ਉਤੇ ਜਾਵਾਂਗੇ, ਮੋਦੀ ਦੀ ਹਿੱਕ ਉਤੇ ਟ੍ਰੈਕਟਰ ਚਾੜਾਂਗੇ, ਝੰਡਾ ਚਾੜਾਂਵਗੇ ਤੇ ਹੁਣ ਦੂਜਿਆਂ ਸਿਰ ਭਾਂਡਾ ਭੰਨੀ ਜਾਂਦੇ ਹਨ।ਇਕ ਮੀਣਾ ਜਿਹਾ ਆਖਦਾ ਕਿ , “ਏਕ ਔਰ ਟਰੈਕਟਰ ਚੱਲੇਂਗੇ ਔਰ ਦੂਸਰੀ ਔਰ ਟੈੰਕ ਚਲੇੰਗੇ ਇੰਡੀਆ ਗੇਟ ਪੇ।”

ਇਹਨਾਂ ਦੇ ਇਹਨਾਂ ਬਿਆਨਾਂ ਨਾਲ ਉਕਸਾਏ ਅਤੇ ਭੜਕਾਏ ਗਏ ਨੌਜਵਾਨ ਛੱਬੀ ਜਨਵਰੀ ਨੂੰ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋਏ। ਸੰਯੁਕਤ ਮੋਰਚੇ ਨੇ ਇਸ ਸਾਰੇ ਘਟਨਾਕ੍ਰਮ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ,ਦੀਪ ਸਿੱਧੂ ਅਤੇ ਡਾ: ਉਦੋਕੇ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਦੇ ਨਾਮ ਲੈ ਲੈ ਕੇ ਉਹਨਾਂ ਖਿਲਾਫ ਨਾਅਰੇ ਵੀ ਲਗਵਾਏ ਗਏ ਅਤੇ ਪੋਸਟਰ ਵੀ ਛਪਵਾ ਕੇ ਵੰਡੇ ਅਤੇ ਲਗਵਾਏ ਗਏ।
ਜ਼ਿਕਰਯੋਗ ਹੈ ਕਿ ਕਿਸਾਨ ਸੰਘਰਸ਼ ਕਮੇਟੀ ਦੇ ਮੰਚ ਉੱਪਰੋਂ ਤਾਂ ਇਕ ਵਾਰ ਵੀ ਐਸਾ ਬਿਆਨ ਨਹੀਂ ਦਾਗਿਆ ਗਿਆ ਸੀ ਕਿ ਅਸੀਂ ਲਾਲ ਕਿਲ੍ਹੇ ਉੱਪਰ ਜਾਵਾਂਗੇ ਜਾਂ ਉੱਥੇ ਝੰਡਾ ਝੁਲਾਵਾਂਗੇ। ਉਹ ਤਾਂ ਸਿਰਫ ਰਿੰਗ ਰੋਡ ਵਾਲੇ ਆਪਣੇ ਬਿਆਨ ਉੱਪਰ ਕਾਇਮ ਸਨ। ਲਾਲ ਕਿਲ੍ਹੇ ਉੱਪਰ ਝੰਡਾਂ ਝਲਾਉਣ ਦੀ ਬਿਆਨਬਾਜ਼ੀ ਸੰਯੁਕਤ ਮੋਰਚੇ ਦੇ ਮੰਚ ਉੱਪਰੋਂ ਕੀਤੀ ਗਈ। ਹੁਣ ਕੱਲ ਦੀ ਇਕ ਵੀਡੀਓ ਸਾਹਮਣੇ ਆਉਣ ਨਾਲ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਦੀ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਨੀਤੀ ਦਾ ਖੁਲਾਸਾ ਹੋਇਆ ਹੈ। ਉਸ ਵੀਡੀਓ ਵਿੱਚ ਸ:ਰਾਜੇਵਾਲ ਦੀ ਕਿਸਾਨ ਜਥੇਬੰਦੀ ਨਾਲ ਸੰਬੰਧਿਤ ਮਾਝੇ ਦਾ ਇਕ ਆਗੂ ਜਿਥੇ ਲਾਲ ਕਿਲ੍ਹੇ ਉੱਪਰ ਰਾਜੇਵਾਲ ਵਾਲੀ ਜਥੇਬੰਦੀ ਦਾ ਝੰਡਾ ਨਿਸ਼ਾਨ ਸਾਹਿਬ ਦੇ ਨਾਲ ਬੰਨ ਰਿਹਾ ਹੈ ਉੱਥੇ ਬੋਲ ਕੇ ਵੀ ਸਭ ਕੁਝ ਦੱਸ ਰਿਹਾ ਹੈ। ਉਸ ਆਗੂ ਦਾ, ਬੋਲਣ ਵਾਲੇ ਦਾ, ਅਤੇ ਝੰਡਾ ਝਲਾਉਣ ਵਾਲੇ ਦਾ ਨਾਮ ਵੀ ਨਸ਼ਰ ਹੋ ਚੁੱਕਾ ਹੈ।

ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਜਦੋਂ ਲਾਲ ਕਿਲ੍ਹੇ ਉੱਪਰ ਝੰਡਾ ਸ: ਰਾਜੇਵਾਲ ਦੀ ਕਿਸਾਨ ਜਥੇਬੰਦੀ ਦਾ ਝੁਲਾਇਆ ਜਾ ਰਿਹਾ ਹੈ ਅਤੇ ਇਕ ਜ਼ੁੰਮੇਵਾਰ ਆਗੂ ਝੁਲਵਾ ਰਿਹਾ ਹੈ ਤਾਂ ਫਿਰ ਇਸ ਸਾਰੀ ਖੇਡ ਦੇ ਪਿੱਛੇ ਸਾਜਿਸ਼ ਕਿਸਦੀ ਹੈ?
ਜੇਕਰ ਝੰਡਾ ਸ:ਰਾਜੇਵਾਲ ਦੀ ਜਥੇਬੰਦੀ ਦਾ ਝੁਲਿਆ ਹੈ ਤਾਂ ਲਾਲ ਕਿਲ੍ਹੇ ਜਾਣ ਦੀ ਅਵੱਗਿਆ ਕਿਸ ਜਥੇਬੰਦੀ ਨੇ ਕੀਤੀ ਅਤੇ ਇਸ ਦੇ ਪਿਛੇ ਸਾਜਿਸ਼ ਕਰਤਾ ਕੌਣ ਹੈ?

ਜਦੋਂ ਝੰਡਾ ਸ: ਰਾਜੇਵਾਲ ਦੀ ਜਥੇਬੰਦੀ ਦੇ ਜਿਲ੍ਹਾ ਪੱਧਰ ਦੇ ਆਗੂਆਂ ਨੇ ਝੁਲਾਇਆ ਤਾਂ ਫਿਰ ਕਿਸਾਨ ਸੰਘਰਸ਼ ਕਮੇਟੀ ਨੂੰ ਗੱਦਾਰੀ ਦੇ ਫ਼ਤਵੇ ਕਿਸ ਆਧਾਰ ਉੱਪਰ ਦਿੱਤੇ ਗਏ?
ਜੇਕਰ ਲਾਲ ਕਿਲ੍ਹੇ ਉੱਪਰ ਜਾਣ ਕਰਕੇ ਦੀਪ ਸਿੱਧੂ ਅਤੇ ਰਿੰਗ ਰੋਡ ਉਪਰ ਜਾਣ ਕਰਕੇ ਡਾ: ਉਦੋਕੇ ਗੱਦਾਰ ਹਨ ਤਾਂ ਉਸੇ ਹੀ ਰਿੰਗ ਰੋਡ ਦੇ ਰਸਤੇ ਲਾਲ ਕਿਲ੍ਹੇ ਪਹੁੰਚ ਕੇ ਝੰਡਾ ਝਲਾਉਣ ਵਾਲੀ ਰਾਜੇਵਾਲ ਦੀ ਕਿਸਾਨ ਜਥੇਬੰਦੀ ਗੱਦਾਰ ਕਿਉਂ ਨਹੀਂ?
ਜੇਕਰ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਸੁਰਜੀਤ ਫੂਲ ਅਤੇ ਹਰਪਾਲ ਸੰਘਾ ਇਸ ਆਧਾਰ ਉਮਰ ਮੁਅੱਤਲ ਕੀਤੇ ਜਾਂਦੇ ਹਨ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਿਯਮ ਤੋੜ ਕੇ ਰਿੰਗ ਰੋਡ ਉੱਪਰ ਗਏ ਤਾਂ, ਲਾਲ ਕਿਲ੍ਹੇ ਉੱਪਰ ਝੰਡਾ ਝਲਾਉਣ ਵਾਲੀ ਜਥੇਬੰਦੀ ਤਾਂ ਫਿਰ ਸਭ ਤੋਂ ਵੱਡੀ ਗੱਦਾਰ ਅਤੇ ਦੋਸ਼ੀ ਹੈ। ਹੁਣ ਇਸ ਨੂੰ ਸੰਯੁਕਤ ਮੋਰਚੇ ਵਿੱਚ ਰਹਿਣ ਦਾ ਕੀ ਹੱਕ ਹੈ?

ਦਰਅਸਲ ਸਰਕਾਰ ਨਾਲ ਹੋ ਰਹੀ ਵਾਰਤਾਲਾਪ ਜੋ ਕਿ ਸੋਧਾਂ ਅਤੇ ਮੁਅੱਤਲੀ ਉੱਪਰ ਹੀ ਮੁੱਕਦੀ ਸੀ ਉਸ ਵਿੱਚ ਇਹ ਨੌਜਵਾਨ ਹੀ ਇਹਨਾਂ ਦੇ ਗਲੇ ਦੀ ਹੱਡੀ ਬਣਦੇ ਸਨ। ਸਭ ਕੁਝ ਸੋਚੀ ਸਮਝੀ ਸਿਆਸਤ ਅਤੇ ਸਾਜਿਸ਼ ਨਾਲ ਕੀਤਾ ਗਿਆ। ਦੀਪ ਸਿੱਧੂ ਦੇ ਉੱਥੇ ਪਹੁੰਚਣ ਤੋਂ ਹੀ ਪਹਿਲਾਂ ਰਾਜੇਵਾਲ ਦੀ ਜਥੇਬੰਦੀ ਨੇ ਆਪਣਾ ਝੰਡਾ ਬੰਨ ਕੇ ਬਾਕੀਆਂ ਵਾਸਤੇ ਵੀ ਰਾਹ ਖੋਹਲ ਦਿੱਤਾ ਅਤੇ ਦੀਪ ਸਿੱਧੂ ਦੇ ਨਿਸ਼ਾਨ ਸਾਹਿਬ ਝਲਾਉਣ ਨੂੰ ਮੁੱਦਾ ਬਣਾ ਦਿੱਤਾ ਗਿਆ। ਹੁਣ ਜੇਕਰ ਇਸ ਸਾਰੀ ਸਾਹਮਣੇ ਆਈ ਵੀਡੀਓ ਦੇ ਪਰਿਪੇਖ ਵਿੱਚ ਸਾਰੇ ਘਟਨਾਕ੍ਰਮ ਦਾ ਅਧਿਐਨ ਕਰੀਏ ਤਾਂ ਇਹ ਬੱਸ ਇਕ ਤਾਂ ਜਾਗਰੂਕ ਨੌਜਵਾਨਾਂ ਨੂੰ ਸੰਘਰਸ਼ ਤੋਂ ਲ਼ਾਂਭੇ ਕਰਨ ਦਾ ਜਰੀਆ ਸੀ ਅਤੇ ਦੂਸਰਾ ਲੋਕਾਂ ਵਿੱਚ ਸੰਘਰਸ਼ ਪ੍ਰਤੀ ਨਿਰਾਸ਼ਤਾ ਪੈਦਾ ਕਰਕੇ ਸਰਕਾਰ ਨਾਲ ਸਮਝੌਤੇ ਦਾ ਰਾਹ ਪੱਧਰਾ ਕਰਨ ਦੀ ਕਵਾਇਦ।

ਅਰਪਿੰਦਰ ਸਿੰਘ ਬਿੱਟੂ/ ਡਾ:ਸੁਖਪ੍ਰੀਤ ਸਿੰਘ ਉਦੋਕੇ

Check Also

21 ਨਵੰਬਰ 2002 ਨੂੰ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕਰਦਿਆਂ…….!

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਰਾਮ ਚੰਦਰ ਛਤਰਪਤੀ ਹਰਿਆਣਾ ਦੇ ਸਿਰਸਾ ਤੋਂ …

%d bloggers like this: