ਮੋਦੀ ਸਰਕਾਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੰਸਦ ਨੂੰ ਦੱਸਿਆ ਕਿ ਕੇਂਦਰ ਨੇ ਜਨਵਰੀ ਤੱਕ ਕੁੱਲ ਪੰਜ ਮਹੀਨੇ ਨਵੇਂ ਖੇਤੀਬਾੜੀ ਕਾਨੂੰਨਾਂ ਸਬੰਧੀ ਪ੍ਰਚਾਰ ਮੁਹਿੰਮ ਚਲਾਈ ਅਤੇ ਇਸ ਦੌਰਾਨ 7.95 ਕਰੋੜ ਰੁਪਏ ਖ਼ਰਚ ਕੀਤੇ ਗਏ। ਤਾਂਕਿ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨਾਲ ਜੁੜੀਆਂ ਅਫ਼ਵਾਹਾਂ ਅਤੇ ਗਲ਼ਤ ਜਾਣਕਾਰੀਆਂ ਨੂੰ ਲੈ ਕੇ ਲੋਕਾਂ ਦਾ ਵਹਿਮ ਦੂਰ ਕੀਤਾ ਜਾ ਸਕੇ।
ਨਰਿੰਦਰ ਸਿੰਘ ਤੋਮਰ ਨੇ ਰਾਜਸਭਾ ਵਿਚ ਇਕ ਲਿਖਤ ਜਵਾਬ ਵਿਚ ਸ਼ੁੱਕਰਵਾਰ ਨੂੰ ਦੱਸਿਆ ਕਿ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਵੱਲੋਂ ਸਤੰਬਰ-20 ਅਤੇ ਜਨਵਰੀ-21 ਵਿਚ ਵਿਗਿਆਪਨਾਂ ਲਈ 7,25,57,246 ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਮੰਤਰਾਲੇ ਨੇ 67,99,750 ਰੁਪਏ ਦੇ ਖ਼ਰਚ ਨਾਲ ਇਸ ਮੁੱਦੇ ਉੱਤੇ ਦੋ ਫਿਲਮਾਂ ਬਣਾਈਆਂ ਅਤੇ ਇਲੈਕਟ੍ਰਾਨਿਕ ਮੀਡੀਆ ਅਤੇ ਇੰਟਰਨੈੱਟ ਮੀਡੀਆ ਉੱਤੇ ਇਸ ਦਾ ਜੰਮ ਕੇ ਪ੍ਰਚਾਰ-ਪ੍ਰਸਾਰ ਵੀ ਕੀਤਾ। ਦੱਸ ਦੇਈਏ ਕਿ ਸੰਸਦ ਦੇ ਦੋਵਾਂ ਸਦਨਾਂ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ। ਕਿਸਾਨ ਅੰਦੋਲਨ ਨੂੰ ਅੱਜ 80 ਦਿਨ ਹੋ ਗਏ ਹਨ। ਉਹ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹਨ। ਉਨ੍ਹਾਂ ਦੀ ਮੰਗ ਤਿੰਨੋਂ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਹੈ।