Breaking News
Home / ਪੰਜਾਬ / ਕੇਂਦਰ ਵੱਲੋਂ ਇਕ ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਨ ਤੇ ਕਮੇਟੀ ਬਣਾਉਣ ਦੀ ਪੇਸ਼ਕਸ਼

ਕੇਂਦਰ ਵੱਲੋਂ ਇਕ ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਨ ਤੇ ਕਮੇਟੀ ਬਣਾਉਣ ਦੀ ਪੇਸ਼ਕਸ਼

ਕੇਂਦਰ ਦੀ ਕਿਸਾਨਾਂ ਨੂੰ ਵੱਡੀ ਪੇਸ਼ਕਸ਼- ਇਕ ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਕੇ ਕਮੇਟੀ ਬਣਾ ਲਵੋ, ਜੇ ਕਮੇਟੀ 2 ਸਾਲ ਸਮਾਂ ਵੀ ਲੈਂਦੀ ਹੈ ਤਾਂ ਵੀ ਕਾਨੂੰਨ ਰੱਦ ਰਹਿਣਗੇ

ਕੇਂਦਰ ਸਰਕਾਰ ਅਤੇ ਮੰਤਰੀਆਂ ਵਿਚਾਲੇ ਵਿਗਿਆਨ ਭਵਨ ਵਿਖੇ ਚੱਲ ਰਹੀ ਮੀਟਿੰਗ ਦੌਰਾਨ ਕੇਂਦਰੀ ਮੰਤਰੀਆਂ ਵੱਲੋਂ ਪ੍ਰਸਤਾਵ ਦਿੱਤਾ ਗਿਆ ਹੈ ਕਿ ਕਾਨੂੰਨ ਸਾਲ ਲਈ ਰੋਕ ਲਾਏ ਜਾਣ ਤੇ ਕਮੇਟੀ ਬਣਾ ਲਈ ਜਾਵੇ ,ਪਰ ਕਿਸਾਨ ਆਗੂਆਂ ਵੱਲੋਂ ਸਰਕਾਰ ਦਾ ਇਹ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਹੈ ।

ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਰਕਾਰ ਨਾਲ 10ਵੇਂ ਦੌਰ ਦੀ ਮੀਟਿੰਗ ਦੌਰਾਨ ਸਰਕਾਰ ਕਾਫੀ ਨਰਮ ਪੈਂਦੀ ਨਜ਼ਰ ਆ ਰਹੀ ਹੈ। ਮੀਟਿੰਗ ਵਿਚ ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ਕਾਨੂੰਨਾਂ ਨੂੰ ਇਕ ਸਾਲ ਲਈ ਸਸਪੈਂਡ ਕਰਕੇ ਕਮੇਟੀ ਬਣਾਈ ਜਾ ਸਕਦਾ ਹੈ।

ਜੇਕਰ ਇਹ ਕਮੇਟੀ ਇਕ ਸਾਲ ਤੋਂ ਵੱਧ ਸਮਾਂ ਲੈਂਦੀ ਹੈ ਤਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਦੀ ਮਿਆਦ ਹੋਰ ਵਧਾਈ ਜਾ ਸਕਦਾ ਹੈ। ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ਜਦੋਂ ਤੱਕ ਕਮੇਟੀ ਕੰਮ ਕਰਦੀ ਰਹੇਗੀ, ਕਾਨੂੰਨਾਂ ਉਤੇ ਰੋਕ ਜਾਰੀ ਰਹੇਗੀ। ਭਾਵੇਂ ਕਿਸਾਨ ਇਸ ਪੇਸ਼ਕਸ਼ ਉਤੇ ਵੀ ਨਾਂਹ-ਨੁੱਕਰ ਕਰਦੇ ਨਜ਼ਰ ਆਏ ਪਰ ਸਰਕਾਰ ਨੇ ਕਿਹਾ ਹੈ ਕਿ ਉਹ ਖੁੱਲ੍ਹੇ ਮਨ ਨਾਲ ਇਸ ਪੇਸ਼ਕਸ਼ ਉਤੇ ਵਿਚਾਰ ਕਰਨ।

ਖੇਤੀ ਕਾਨੂੰਨਾਂ ਤੇ ਹੋਰ ਅਹਿਮ ਮੰਗਾਂ ’ਤੇ ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ 10ਵੇਂ ਗੇੜ ਦੀ ਬੈਠਕ ਸ਼ੁਰੂ ਹੋ ਗਈ। ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ, ਵਣਜ ਅਤੇ ਖੁਰਾਕ ਮੰਤਰੀ ਪੀਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਜੋ ਪੰਜਾਬ ਤੋਂ ਸੰਸਦ ਮੈਂਬਰ ਹਨ, ਇਥੇ ਵਿਗਿਆਨ ਭਵਨ ਵਿਖੇ ਤਕਰੀਬਨ 40 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੇ ਹਨ। ਮੀਟਿੰਗ ਦੌਰਾਨ ਸਰਕਾਰ ਨੇ ਖੇਤੀ ਕਾਨੂੰਨਾਂ ਵਿੱਚ ਸੋਧਾਂ ਕਰਨ ਦੀ ਪੇਸ਼ਕਸ਼ ਕੀਤੀ ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਕਾਨੂੰਨ ਰੱਦ ਕੀਤੇ ਜਾਣ ਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਮੀਟਿੰਗ ਦੇ ਪਹਿਲੇ ਸੈਸ਼ਨ ਵਿੱਚ ਗੱਲਬਾਤ ਅੱਗੇ ਨਹੀਂ ਵਧੀ। ਗੱਲਬਾਤ ਦਾ ਦਸਵਾਂ ਦੌਰ ਸ਼ੁਰੂ ਵਿੱਚ 19 ਜਨਵਰੀ ਨੂੰ ਤੈਅ ਕੀਤਾ ਗਿਆ ਸੀ ਪਰ ਬਾਅਦ ਵਿੱਚ ਬੁੱਧਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਹਿੱਸਾ ਲੈਣ ਲਈ ਸਿੰਘੂ ਬਾਰਡਰ ਤੋਂ ਕਿਸਾਨ ਬੱਸ ਵਿੱਚ ਸਵਾਰ ਹੋ ਕੇ ਵਿਗਿਆਨ ਭਵਨ ਪੁੱਜੇ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: