Breaking News
Home / ਪੰਜਾਬ / ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਸਮੇਂ ਉਹ ਆਪਣੀ ਨਿੱਜੀ ਰਾਇ ਅਲੱਗ ਰੱਖਣਗੇ, ਭਾਵੇਂ ਕਿ ਉਨ੍ਹਾਂ ਸੰਕੇਤ ਦਿੱਤਾ ਕਿ ਪੂਰੀ ਤਰ੍ਹਾਂ ਕਾਨੂੰਨ ਰੱਦ ਕਰਨਾ ਭਵਿੱਖ ਦੇ ਜ਼ਰੂਰੀ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ ਹੋਵੇਗਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰ ਜਾਂ ਕਿਸੇ ਦੇ ਪੱਖ ‘ਚ ਨਹੀਂ ਹਨ | ਕਮੇਟੀ ਦੇ ਪ੍ਰਮੁੱਖ ਮੈਂਬਰ ਅਨਿਲ ਘਨਵਤ ਨੇ ਕਿਹਾ ਕਿ ਖੇਤੀ ਕਾਨੂੰਨਾਂ ‘ਚ ਸੁਧਾਰ ਦੀ ਬਹੁਤ ਲੋੜ ਹੈ ਅਤੇ ਜੇਕਰ ਹੁਣ ਇਹ ਰੱਦ ਹੋ ਜਾਂਦੇ ਹਨ ਤਾਂ ਕੋਈ ਵੀ ਸਿਆਸੀ ਪਾਰਟੀ ਆਉਣ ਵਾਲੇ 50 ਸਾਲਾਂ ਤੱਕ ਮੁੜ ਅਜਿਹੀ ਕੋਸ਼ਿਸ਼ ਨਹੀਂ ਕਰੇਗੀ | ਹਾਲਾਂਕਿ ਉਨ੍ਹਾਂ ਕਿਹਾ ਕਿ ਕਮੇਟੀ ਸਾਰੇ ਕਿਸਾਨਾਂ ਦੇ ਵਿਚਾਰ ਸੁਣੇਗੀ, ਜਿਨ੍ਹਾਂ ‘ਚ ਕਾਨੂੰਨਾਂ ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲੇ ਲੋਕ ਵੀ ਸ਼ਾਮਿਲ ਹਨ ਅਤੇ ਉਸ ਦੇ ਅਨੁਸਾਰ ਹੀ ਸੁਪਰੀਮ ਕੋਰਟ ‘ਚ ਪੇਸ਼ ਕਰਨ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 70 ਸਾਲਾਂ ‘ਚ ਲਾਗੂ ਕੀਤੇ ਕਾਨੂੰਨ ਕਿਸਾਨਾਂ ਦੇ ਹੱਕ ‘ਚ ਨਹੀਂ ਸਨ ਅਤੇ ਕਰੀਬ 4.5 ਲੱਖ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ |

ਉਨ੍ਹਾਂ ਕਿਹਾ ਕਿ ਕਿਸਾਨ ਗ਼ਰੀਬ ਹੋ ਰਹੇ ਹਨ ਅਤੇ ਉਹ ਕਰਜ਼ੇ ‘ਚ ਡੁੱਬੇ ਹੋਏ ਹਨ, ਕੁਝ ਬਦਲਾਅ ਦੀ ਲੋੜ ਹੈ | ਉਹ ਬਦਲਾਅ ਹੋ ਰਹੇ ਸਨ ਪਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ | ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਨਵਤ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਅਸੀਂ ਕਿਸਾਨਾਂ ਅਤੇ ਹੋਰ ਹਿੱਤਧਾਰਕਾਂ ਨਾਲ ਪਹਿਲੀ ਮੀਟਿੰਗ 21 ਜਨਵਰੀ ਨੂੰ ਸਵੇਰੇ 11 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ | ਕਮੇਟੀ ਵਲੋਂ ਕਿਸਾਨਾਂ ਦੇ ਇਲਾਵਾ ਹੋਰ ਹਿੱਤਧਾਰਕਾਂ ਕੇਂਦਰ ਤੇ ਸੂਬਾ ਸਰਕਾਰਾਂ, ਖੇਤੀ ਨਿਰਯਾਤਕਾਂ, ਵਪਾਰੀਆਂ, ਮਿੱਲਰ, ਡੇਅਰੀ, ਪੋਲਟਰੀ ਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਉਦਯੋਗਪਤੀਆਂ ਦੀ ਰਾਇ ਵੀ ਇਸ ਸਬੰਧੀ ਲਈ ਜਾਵੇਗੀ | ਕਮੇਟੀ ਦੀ ਸਭ ਤੋਂ ਵੱਡੀ ਚੁਣੌਤੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗੱਲਬਾਤ ਲਈ ਤਿਆਰ ਕਰਨ ਦੀ ਹੋਵੇਗੀ ਅਤੇ ਉਹ ਇਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਦੀ ਠੀਕ ਤਰ੍ਹਾਂ ਪਾਲਣਾ ਕਰ ਰਹੇ ਹਾਂ | ਇਸ ਮੌਕੇ ਕਮੇਟੀ ਦੀ ਦੂਸਰੇ ਮੈਂਬਰ ਅਸ਼ੋਕ ਗੁਲਾਟੀ ਨੇ ਕਿਹਾ ਕਮੇਟੀ ਦੇ ਸਾਰੇ ਮੈਂਬਰ ਬਰਾਬਰ ਹਨ ਅਤੇ ਉਨ੍ਹਾਂ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ | ਕਮੇਟੀ ਦੇ ਤੀਸਰੇ ਮੈਂਬਰ ਪ੍ਰਮੋਦ ਕੁਮਾਰ ਜੋਸ਼ੀ ਨੇ ਕਿਹਾ ਕਿ ਸਾਡੇ ਵਿਚਾਰ ਵੱਖ ਹੋ ਸਕਦੇ ਹਨ | ਜਦੋਂ ਅਦਾਲਤ ਵਲੋਂ ਅਜਿਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਪੈਂਦਾ ਹੈ | ਰਿਪੋਰਟ ‘ਚ ਅਸੀਂ ਆਪਣੇ ਵਿਚਾਰ ਨਹੀਂ ਦੇ ਸਕਦੇ ਅਤੇ ਇਹ ਬਹੁਤ ਸਪੱਸ਼ਟ ਹੈ | ਕਮੇਟੀ ਨੂੰ ਪੂਰੀ ਉਮੀਦ ਹੈ ਕਿ ਉਹ ਦੋ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਦੇ ਦੇਵੇਗੀ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: