Breaking News
Home / ਮੁੱਖ ਖਬਰਾਂ / ਕਿਸਾਨੀ ਅੰਦੋਲਨ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦਾ ਭਵਿੱਖ

ਕਿਸਾਨੀ ਅੰਦੋਲਨ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦਾ ਭਵਿੱਖ

ਹਰ ਵਾਰ ਚੋਣਾਂ ਤੋਂ ਪਹਿਲਾ ਦਾ ਸਾਲ ਰਾਜਨੀਤਕ ਪਾਰਟੀਆਂ ਲਈ ਉੱਥਲ ਪੁੱਥਲ ਵਾਲਾ ਹੁੰਦਾ ਹੈ । ਇਸ ਸਾਲ ਵਿੱਚ ਕਈ ਰਾਜਨੀਤਕ ਸਮੀਕਰਨ ਬਣਦੇ ਹੁੰਦੇ ਹਨ । ਵਿਰੋਧੀ ਧਿਰ ਜੋਰ ਸ਼ੋਰ ਨਾਲ ਮੁੱਦੇ ਉਠਾਉਣ ਦੀ ਤਾਕ ਵਿੱਚ ਹੁੰਦੀ ਹੈ ਅਤੇ ਸੱਤਾਧਾਰੀ ਧਿਰ ਆਪਣੇ ਕੀਤੇ ਹੋਏ ਕੰਮਾਂ ਦੇ ਸੋਹਿਲੇ ਗਾਉਣ ਵਿੱਚ ਮਗਰੂਰ ਹੁੰਦੀ ਹੈ। ਸੱਤਾਧਾਰੀ ਧਿਰ ਅਖੀਰਲੇ ਸਾਲ ਵਿੱਚ ਨੌਕਰੀਆਂ ਦਾ ਪਿਟਾਰਾ ਵੀ ਖੋਲਦੀ ਹੁੰਦੀ ਹੈ। ਪਿਛਲੀਆਂ ਕਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਸਭ ਕੁਝ ਹੋਣਾਂ ਇਕ ਆਮ ਵਰਤਾਰਾ ਬਣ ਚੁੱਕਿਆ ਹੈ।

ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਕਿਸਾਨ ਅੰਦੋਲਨ ਨੇ ਅਜਿਹੀ ਤਵਾਰੀਖ ਨੂੰ ਤੋੜ ਦਿੱਤਾ ਹੈ । ਜਿੱਥੇ ਮੌਜੂਦਾ ਕੈਪਟਨ ਸਰਕਾਰ ਨੂੰ ਇਸ ਅੰਦੋਲਨ ਨੇ ਇਹ ਫਾਇਦਾ ਪਹੁੰਚਾਇਆ ਹੈ ਕਿ ਵਿਰੋਧੀ ਧਿਰਾਂ ਕਿਸਾਨ ਅੰਦੋਲਨ ਤੋਂ ਬਾਹਰ ਕੋਈ ਹੋਰ ਮੁੱਦਾ ਚੁੱਕਣਾ ਇਸ ਸਮੇਂ ਵਾਜਿਬ ਨਹੀਂ ਸਮਝ ਰਹੀਆਂ ਉੱਥੇ ਹੀ ਮੁਲਾਜ਼ਮ ਜਥੇਬੰਦੀਆਂ ਵੀ ਛੇਵੇਂ ਤਨਖਾਹ ਕਮਿਸ਼ਨ ਨੂੰ ਹਜੇ ਤੱਕ ਲਾਗੂ ਨਾ ਹੋਣ ਨੂੰ ਲੈ ਕੇ ਕੋਈ ਤਿੱਖਾ ਵਿਦਰੋਹ ਕਰਨ ਨੂੰ ਲੈ ਕੇ ਦੁਚਿੱਤੀ ਵਿੱਚ ਹਨ।

ਕਿਸਾਨੀ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਅੰਦੋਲਨ ਉਹਨਾਂ ਦੇ ਰਾਜਨੀਤੀ ਕਰਨ ਦੇ ਢੰਗ ਨੂੰ ਇੰਨਾ ਬਦਲ ਦੇਵੇਗਾ ।

ਅਕਾਲੀ ਦਲ ਵਿਚੋਂ ਢੀਂਡਸਾ ਧੜੇ ਦੇ ਟੁੱਟਣ ਤਕ ਇਹ ਰਵਾਇਤੀ ਰਾਜਨੀਤੀ ਹੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਣੀ ਸਹਿਯੋਗੀ ਪਾਰਟੀ ਭਾਜਪਾ ਨਾਲੋਂ ਤੋੜ ਵਿਛੋੜਾ ਸਾਰੇ ਸਮੀਕਰਨ ਬਦਲ ਗਿਆ । ਢੀਂਡਸਾ ਧੜੇ ਦਾ ਬਾਦਲ ਧੜੇ ਨਾਲੋਂ ਟੁੱਟ ਕੇ ਅਲੱਗ ਹੋਣਾ, ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲੋਂ ਟੁੱਟਣ ਦੇ ਸਾਹਮਣੇ ਬੌਣਾ ਪੈ ਗਿਆ । ਕਿਸਾਨੀ ਅੰਦੋਲਨ ਵਿੱਚ ਕੇਜਰੀਵਾਲ ਦਾ ਕਿਸਾਨਾਂ ਦੇ ਹਕ ਵਿੱਚ ਖੁੱਲ ਕੇ ਬੋਲਣਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਨਵੀਂ ਰੂਹ ਫੂਕ ਗਿਆ । ਰਾਘਵ ਚੱਢਾ ਨੂੰ ਪੰਜਾਬ ਦਾ ਸਹਿ-ਪ੍ਰਬੰਧਕ ਲਾਉਣਾ ਵੀ ਇਸੇ ਲੜੀ ਦਾ ਇਕ ਮਣਕਾ ਹੈ। ਆਮ ਆਦਮੀ ਪਾਰਟੀ ਕਿਸਾਨ ਆਗੂਆਂ ਨੂੰ ਆਪਣੇ ਸੰਭਾਵੀ ਨੇਤਾ ਵਜੋਂ ਦੇਖ ਰਹੀ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਰੜਕਦੀ ਲੀਡਰਸ਼ਿਪ ਦੀ ਘਾਟ ਕਿਸਾਨ ਆਗੂਆਂ ਦੇ ਰੂਪ ਵਿੱਚ ਪੂਰੀ ਹੁੰਦੀ ਨਜਰ ਆ ਰਹੀ ਹੈ। ਅਸਲ ਵਿੱਚ ਪਿੱਛਲੇ ਲੰਮੇ ਸਮੇਂ ਤੋਂ ਕਿਸਾਨ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਆ ਰਹੇ ਹਨ । ਆਮ ਆਦਮੀ ਪਾਰਟੀ ਇਹ ਸਮਝਦੀ ਹੈ ਕਿ ਇਸ ਅੰਦੋਲਨ ਵਿੱਚ ਚਮਕੇ ਕਿਸਾਨ ਆਗੂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਨਾਲ ਨਹੀਂ ਤੁਰ ਸਕਦੇ । ਇਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਿੱਖ ਆਗੂਆਂ ਦੀ ਘਾਟ ਇਹਨਾਂ ਕਿਸਾਨ ਆਗੂਆਂ ਦੇ ਰੂਪ ਵਿੱਚ ਪੂਰੀ ਹੁੰਦੀ ਨਜਰ ਆ ਰਹੀ ਹੈ । ਓਧਰ ਕਿਸਾਨ ਆਗੂ ਆਪਣੇ ਆਪ ਨੂੰ ਸਾਰੀਆਂ ਰਾਜਨੀਤਕ ਪਾਰਟੀਆਂ ਨਾਲੋਂ ਅਲੱਗ ਰਖ ਕੇ ਆਪਣੇ ਪੱਤੇ ਨਹੀਂ ਖੋਲ ਰਹੇ ਹਨ। ਇਹ ਸੰਘਰਸ਼ ਦੇ ਨਤੀਜਿਆਂ ਤੇ ਨਿਰਭਰ ਕਰੇਗਾ ਕਿ ਊਠ ਕਿਸ ਕਰਵਟ ਬੈਠੇਗਾ । ਕਿਸਾਨ ਆਗੂ ਫਿਲਹਾਲ ਪੂਰੀ ਤਰ੍ਹਾਂ ਸੰਘਰਸ਼ ਵਿੱਚ ਰੁੱਝੇ ਹੋਏ ਹਨ ਪਰ ਰਾਜਨੀਤਕ ਪਾਰਟੀਆਂ ਕਿਸਾਨਾਂ ਦੇ ਰੂਪ ਵਿੱਚ ਆਪੋ ਆਪਣੀ ਰਾਜਨੀਤਕ ਜ਼ਮੀਨ ਲੱਭਣ ਵਿੱਚ ਲਗੀਆਂ ਹੋਈਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਇਹ ਗਲ ਚੰਗੀ ਤਰ੍ਹਾਂ ਸਮਝ ਚੁੱਕੀਆਂ ਹਨ ਕਿ ਕਿਸਾਨਾਂ ਨੂੰ ਐਨੇ ਲੰਮੇ ਸਮੇਂ ਤੋਂ ਅੱਖੋਂ ਪਰੋਖੇ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ । ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਵੀ ਸੰਘਰਸ਼ ਦੇ ਇੰਨਾ ਤੀਬਰ ਹੋਣ ਦੀ ਉਮੀਦ ਨਹੀਂ ਸੀ । ਕਿਸਾਨ ਆਗੂਆਂ ਨੂੰ ਦੇਸ਼ ਵਿਆਪੀ ਮਿਲੇ ਸਹਿਯੋਗ ਨੇ ਕਿਸਾਨ ਯੂਨੀਅਨਾਂ ਤੇ ਲਗਦੇ ਇਲਜ਼ਾਮ ਪੂਰੀ ਤਰ੍ਹਾਂ ਧੋ ਦਿੱਤੇ ਹਨ। ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਦੇ ਰੂਪ ਵਿੱਚ ਇਕ ਨਵੀਂ ਧਿਰ ਖੜੀ ਹੁੰਦੀ ਵੇਖ ਰਹੀਆਂ ਹਨ। ਪੰਜਾਬ ਵਿੱਚ ਪਹਿਲਾਂ ਹੀ ਇਕ ਰਾਜਨੀਤਕ ਖਲਾਅ ਪੈਦਾ ਹੋਇਆ ਪਿਆ ਹੈ ਜਿਸਦਾ ਸਾਰੀਆਂ ਰਾਜਨੀਤਕ ਪਾਰਟੀਆਂ ਫਾਇਦਾ ਲੈਣਾ ਚਾਹੁੰਦੀਆਂ ਹਨ ਪਰ ਕਿਸਾਨ ਆਗੂਆਂ ਦਾ ਕਿਸੇ ਨੂੰ ਆਪਣੇ ਅੰਦੋਲਨ ਵਿੱਚ ਘੁਸਪੈਠ ਨਾ ਕਰਨ ਦੇਣਾ ਸਭ ਪਾਰਟੀਆਂ ਨੂੰ ਸੂਲ ਦੀ ਤਰਾਂ ਚੁੱਭ ਰਿਹਾ ਹੈ । ਪਰਮਾਤਮਾ ਕਰੇ ਕਿ ਇਹ ਅੰਦੋਲਨ ਜਿੱਤ ਪ੍ਰਾਪਤ ਕਰੇ ਅਤੇ ਪੰਜਾਬੀਆਂ ਦਾ ਕੁਝ ਸਾਲ ਖੂਨ ਪੀਣੀਆਂ ਜੋਕਾ ਤੋਂ ਬਚਾਅ ਹੋ ਸਕੇ ।

ਪ੍ਰੋ ਹਰਭਿੰਦਰ ਸਿੰਘ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ।

Check Also

ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਗੁਰਦੁਆਰਾ ਨਾਂਦੇੜ ਸਾਹਿਬ ਦੀ ਸੋਨਾ ਦਾਨ ਕਰਕੇ ਹਸਪਤਾਲ ਬਣਾਉਣ ਦੀ ਝੂਠੀ ਖਬਰ ਪਿੱਛੋਂ ਗੁਰਦੁਆਰਾ ਕਮੇਟੀਆਂ …

%d bloggers like this: