ਨਵੀਂ ਦਿੱਲੀ- ਕੇਂਦਰੀ ਵਿਦੇਸ਼ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਸ ਵਾਰ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਮੌਕੇ ਕੋਈ ਵੀ ਵਿਦੇਸ਼ੀ ਸ਼ਖ਼ਸੀਅਤ ਮੁੱਖ ਮਹਿਮਾਨ ਵਜੋਂ ਹਾਜ਼ਰ ਨਹੀਂ ਹੋਵੇਗੀ। ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨੇ ਦੁਨੀਆ ਭਰ ਵਿਚ ਫੈਲੇ ਕਰੋਨਾਵਾਇਰਸ ਦਾ ਹਵਾਲਾ ਦਿੱਤਾ ਹੈ।
ਬੀਤੇ ਕਈ ਦਹਾਕਿਆਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਗਣਤੰਤਰ ਦਿਵਸ ਮੌਕੇ ਇਸ ਵਾਰ ਕੋਈ ਵੀ ਵਿਦੇਸ਼ੀ ਮਹਿਮਾਨ ਨਹੀਂ ਹੋਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਤੋਂ ਪਹਿਲਾਂ, ਭਾਰਤ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਗਣਤੰਤਰ ਦਿਵਸ ਸਮਾਗਮ ਲਈ ਸੱਦਾ ਦਿੱਤਾ ਸੀ, ਪਰ ਬ੍ਰਿਟੇਨ ਵਿੱਚ ਫੈਲ ਰਹੇ ਨਵੇਂ ਕੋਰੋਨਵਾਇਰਸ new ਸਟ੍ਰੈਨ ਦੇ ਮੱਦੇਨਜ਼ਰ, ਜਾਨਸਨ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕਾਪ੍ਰਸਾਦ ਸੰਤੋਖੀ ਨੂੰ ਸੱਦਾ ਦੇਣ ਦੀਆਂ ਵੀ ਖ਼ਬਰਾਂ ਆਈਆਂ ਸਨ, ਪਰ ਇਸ ਗੱਲ ਦੀ ਵੀ ਕੋਈ ਪੁਸ਼ਟੀ ਨਹੀਂ ਹੋਈ।