Breaking News
Home / ਸਾਹਿਤ / ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਰਨੈਲ

ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਰਨੈਲ

ਬਲਰਾਜ ਸਿੰਘ ਸਿੱਧੂ ਐਸ.ਪੀ (ਸੰਪਰਕ: 98151-24449)
ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਕਰੀਬ 38 ਸਾਲ ਪੰਜਾਬ ਉੱਤੇ ਰਾਜ ਕੀਤਾ। 1809 ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਦਰਮਿਆਨ ਅੰਮ੍ਰਿਤਸਰ ਦੀ ਸੰਧੀ ਹੋਣ ਜਾ ਰਹੀ ਸੀ। ਕੰਪਨੀ ਦੇ ਨੁਮਾਇੰਦੇ ਚਾਰਲਸ ਮੈੱਟਕਾਫ ਨੇ ਆਪਣੀਆਂ ਫ਼ੌਜੀ ਟੁਕੜੀਆਂ ਨਾਲ ਅੰਮ੍ਰਿਤਸਰ ਪੜਾਅ ਕੀਤਾ ਸੀ। ਉਸ ਦੀ ਫ਼ੌਜ ਵਿੱਚ ਕੁਝ ਪੂਰਬੀ ਮੁਸਲਿਮ ਪਲਟਣਾਂ ਵੀ ਸਨ। ਉਨ੍ਹੀਂ ਦਿਨੀਂ ਮੁਹੱਰਮ ਆ ਗਿਆ। ਉਸ ਵੇਲੇ ਅਕਾਲੀ ਫੂਲਾ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਸਨ। ਦਰਬਾਰ ਸਾਹਿਬ ਦੇ ਨਜ਼ਦੀਕ ਤਾਜ਼ੀਆ ਕੱਢਣ ਤੋਂ ਨਿਹੰਗ ਸਿੰਘਾਂ ਤੇ ਮੁਸਲਿਮ ਪਲਟਣਾਂ ਵਿੱਚ ਝਗੜਾ ਹੋ ਗਿਆ। ਅਕਾਲੀਆਂ ਨੇ ਰਵਾਇਤੀ ਹਥਿਆਰਾਂ ਨਾਲ ਕੰਪਨੀ ਦੀ ਫ਼ੌਜ ’ਤੇ ਹਮਲਾ ਬੋਲ ਦਿੱਤਾ। ਪੱਛਮੀ ਤਰੀਕੇ ਨਾਲ ਟਰੇਂਡ ਪੂਰਬੀਆਂ ਨੇ ਅਕਾਲੀ ਟੁਕੜੀਆਂ ਦਾ ਭਾਰੀ ਨੁਕਸਾਨ ਕੀਤਾ। ਮਹਾਰਾਜਾ ਰਣਜੀਤ ਸਿੰਘ ਤੇ ਮੈੱਟਕਾਫ ਨੇ ਵਿੱਚ ਪੈ ਕੇ ਝਗੜਾ ਖ਼ਤਮ ਕਰਵਾਇਆ।

ਖ਼ਾਲਸਾ ਫ਼ੌਜ ਦੀ ਹਰੇਕ ਜੰਗ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਅਕਾਲੀਆਂ ਦੀ ਦੁਰਦਸ਼ਾ ਵੇਖ ਕੇ ਮਹਾਰਾਜਾ ਪ੍ਰੇਸ਼ਾਨ ਹੋ ਗਿਆ। ਉਸ ਦੀ ਫਰਮਾਇਸ਼ ’ਤੇ ਮੈੱਟਕਾਫ ਨੇ ਉਸ ਨੂੰ ਆਪਣੀ ਫ਼ੌਜ ਦੀ ਪਰੇਡ ਵਿਖਾਈ। ਕਮਾਂਡਰਾਂ ਦੇ ਹੁਕਮਾਂ ’ਤੇ ਅਨੁਸ਼ਾਸਿਤ ਫ਼ੌਜੀ ਪਲਟਣਾਂ ਨੂੰ ਸੱਜੇ, ਖੱਬੇ, ਅੱਗੇ, ਪਿੱਛੇ ਲੈਅਬੱਧ ਤਰੀਕੇ ਨਾਲ ਮੁੜਦਿਆਂ ਅਤੇ ਹਥਿਆਰ ਵਰਤਦਿਆਂ ਵੇਖ ਕੇ ਮਹਾਰਾਜਾ ਹੈਰਾਨ ਰਹਿ ਗਿਆ। ਉਹ ਸਮਝ ਗਿਆ ਕਿ ਜੇ ਨੇੜਲੇ ਭਵਿੱਖ ਵਿੱਚ ਈਸਟ ਇੰਡੀਆ ਕੰਪਨੀ ਨਾਲ ਪੰਗਾ ਪੈ ਗਿਆ ਤਾਂ ਉਸ ਦੀ ਪੁਰਾਤਨ ਤਰੀਕੇ ਵਾਲੀ ਅਸਿੱਖਿਅਤ ਫ਼ੌਜ ਨੇ ਅੰਗਰੇਜ਼ਾਂ ਦਾ ਇੱਕ ਝਟਕਾ ਵੀ ਨਹੀਂ ਝੱਲਣਾ। ਇਸ ਲਈ ਮਹਾਰਾਜੇ ਨੇ ਵੀ ਆਪਣੀ ਫ਼ੌਜ ਪੱਛਮੀ ਤਰੀਕੇ ਨਾਲ ਸਿੱਖਿਅਤ ਕਰਨ ਲਈ ਵਿਦੇਸ਼ੀ ਉਸਤਾਦ ਲੱਭਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਕਈ ਪੱਛਮੀ ਜਨਰਲ ਉਸ ਨੇ ਆਪਣੀ ਫ਼ੌਜ ਵਿੱਚ ਭਾਰੀ ਤਨਖ਼ਾਹਾਂ ’ਤੇ ਭਰਤੀ ਕਰ ਲਏ, ਜਿਨ੍ਹਾਂ ਵਿੱਚ ਪ੍ਰਮੁੱਖ ਸਨ:

**ਯਾਂ ਫਰਾਂਸਿਸ ਅਲਾਰਡ: **

ਯਾਂ ਫਰਾਂਸਿਸ ਫਰਾਂਸੀਸੀ ਸੈਨਿਕ ਤੇ ਸਾਹਸੀ ਯਾਤਰੀ ਸੀ। ਉਸ ਦਾ ਜਨਮ ਫਰਾਂਸ ਦੇ ਸ਼ਹਿਰ ਸੇਂਟ ਟਰੌਪਿਜ਼ ਵਿੱਚ ਹੋਇਆ। 16 ਸਾਲ ਦੀ ਉਮਰ ਵਿੱਚ ਉਹ ਫਰਾਂਸ ਦੀ ਫ਼ੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਇਆ। ਉਹ ਫਰਾਂਸ ਦੇ ਸ਼ਹਿਨਸ਼ਾਹ ਨੈਪੋਲੀਅਨ ਲਈ ਲੜਦਾ ਹੋਇਆ ਦੋ ਵਾਰ ਯੁੱਧ ਵਿੱਚ ਜ਼ਖ਼ਮੀ ਹੋਇਆ। 1815 ਵਿੱਚ ਵਾਟਰਲੂ ਦੀ ਜੰਗ ਹਾਰਨ ਵੇਲੇ ਉਹ ਨੈਪੋਲੀਅਨ ਦੀ ਫ਼ੌਜ ਵਿੱਚ ਸੀ। ਇਸ ਪਿੱਛੋਂ ਉਸ ਦਾ ਦਿਲ ਟੁੱਟ ਗਿਆ ਤੇ ਉਸ ਨੇ ਫਰਾਂਸ ਛੱਡ ਦਿੱਤਾ। ਕਈ ਥਾਵਾਂ ’ਤੇ ਭਟਕਦਾ ਹੋਇਆ ਉਹ ਇਰਾਨ ਦੇ ਬਾਦਸ਼ਾਹ ਅੱਬਾਸ ਮਿਰਜ਼ਾ ਦੇ ਦਰਬਾਰ ਪਹੁੰਚਿਆ। ਉਸ ਨੂੰ ਕਰਨਲ ਦਾ ਰੈਂਕ ਦੇ ਕੇ ਭਰਤੀ ਕੀਤਾ ਗਿਆ ਪਰ ਬਣਦਾ ਮਾਨ ਸਨਮਾਨ ਨਾ ਮਿਲਣ ਕਾਰਨ ਉਹ ਵੈਨਤੂਰਾ ਸਮੇਤ 1820 ਵਿੱਚ ਪੰਜਾਬ ਵੱਲ ਚੱਲ ਪਿਆ। 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਖ਼ਾਲਸਾ ਫ਼ੌਜ ਵਿੱਚ ਭਰਤੀ ਕਰ ਕੇ ਘੋੜ ਸਵਾਰ ਟੁਕੜੀਆਂ ਨੂੰ ਪੱਛਮੀ ਤਰੀਕੇ ਨਾਲ ਸਿੱਖਿਅਤ ਕਰਨ ਦੀ ਡਿਊਟੀ ਲਗਾਈ। ਸਿਖਲਾਈ ਪੂਰੀ ਹੋਣ ਪਿੱਛੋਂ ਜਦੋਂ ਉਸ ਨੇ ਮਹਾਰਾਜੇ ਨੂੰ ਪਰੇਡ ਦਿਖਾਈ ਤਾਂ ਖ਼ੁਸ਼ ਹੋ ਕੇ ਮਹਾਰਾਜੇ ਨੇ ਉਸ ਨੂੰ ਜਨਰਲ ਦਾ ਰੈਂਕ ਪ੍ਰਦਾਨ ਕੀਤਾ। ਉਹ 1839 ਤਕ ਸਿੱਖ ਫ਼ੌਜ ਵਿੱਚ ਨੌਕਰੀ ਕਰਦਾ ਰਿਹਾ। ਮਹਾਰਾਜੇ ਦੀ ਮੌਤ ਮਗਰੋਂ ਦਰਬਾਰ ਵਿੱਚ ਹੋਣ ਵਾਲੀਆਂ ਸਾਜ਼ਿਸ਼ਾਂ ਤੋਂ ਤੰਗ ਆ ਕੇ ਉਹ ਵਾਪਸ ਫਰਾਂਸ ਚਲਾ ਗਿਆ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ।

**ਯਾਂ ਬੈਪਟਾਈਜ਼ ਵੈਨਤੂਰਾ: **

ਵੈਨਤੂਰਾ ਦਾ ਬਚਪਨ ਦਾ ਨਾਮ ਰੂਬੀਨੋ ਬੇਨ ਤੋਰਾਹ ਸੀ। ਉਸ ਦਾ ਜਨਮ 25 ਮਈ 1794 ਨੂੰ ਇਟਲੀ ਦੇ ਸੂਬੇ ਮੌਡੇਨਾ ਦੇ ਸ਼ਹਿਰ ਫਾਈਨੇਲ ਐਮੀਲੀਆ ਵਿੱਚ ਇੱਕ ਮੱਧ ਵਰਗੀ ਯਹੂਦੀ ਪਰਿਵਾਰ ਵਿੱਚ ਹੋਇਆ। 17 ਸਾਲ ਦੀ ਉਮਰ ਵਿੱਚ ਉਹ ਇਟਲੀ ਦੀ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਬਾਅਦ ਵਿੱਚ ਫਰਾਂਸ ਦੀ ਫ਼ੌਜ ਵਿੱਚ ਚਲਾ ਗਿਆ। ਵਾਟਰਲੂ ਦੀ ਜੰਗ ਤੇ ਨੈਪੋਲੀਅਨ ਦੇ ਪਤਨ ਤੋਂ ਬਾਅਦ ਉਹ ਇਟਲੀ ਵਾਪਸ ਆ ਗਿਆ ਪਰ 1817 ਵਿੱਚ ਉਹ ਇਟਲੀ ਛੱਡ ਕੇ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਚਲਾ ਗਿਆ। ਉੱਥੇ ਉਸ ਨੇ ਕੁਝ ਦੇਰ ਸਮੁੰਦਰੀ ਜਹਾਜ਼ਾਂ ਦੀ ਦਲਾਲੀ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਫਿਰ ਉਹ ਵੀ ਬਾਕੀ ਯੂਰਪੀਅਨਾਂ ਵਾਂਗ ਇਰਾਨ ਦੀ ਫ਼ੌਜ ਨੂੰ ਸਿਖਲਾਈ ਦੇਣ ਲਈ ਭਰਤੀ ਹੋ ਗਿਆ ਤੇ ਕਰਨਲ ਦਾ ਰੈਂਕ ਪ੍ਰਾਪਤ ਕੀਤਾ। ਇਰਾਨ ਦੀ ਫ਼ੌਜ ਵਿੱਚ ਬਹੁਤ ਸਾਰੇ ਬ੍ਰਿਟਿਸ਼ ਅਫ਼ਸਰ ਵੀ ਨੌਕਰੀ ਕਰ ਰਹੇ ਸਨ। ਉਹ ਅਲਾਰਡ, ਐਵਾਟਾਈਬਲ, ਕੋਰਟ ਤੇ ਵੈਨਤੂਰਾ ਨਾਲ ਨੈਪੋਲੀਅਨ ਦੀ ਫ਼ੌਜ ਵਿੱਚ ਨੌਕਰੀ ਕਰਨ ਕਰਕੇ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਸ਼ਾਹ ਇਰਾਨ ਅੱਬਾਸ ਮਿਰਜ਼ਾ ਦੇ ਕੰਨ ਭਰ ਦਿੱਤੇ। ਬਾਕੀ ਫਰਾਂਸੀਸੀਆਂ ਦੇ ਨਾਲ ਉਸ ਨੂੰ ਵੀ ਇਰਾਨ ਛੱਡਣਾ ਪਿਆ। 1822 ਵਿੱਚ ਉਹ ਤੇ ਅਲਾਰਡ ਸਭ ਤੋਂ ਪਹਿਲੇ ਵਿਦੇਸ਼ੀ ਸੈਨਿਕ ਸਨ, ਜਿਨ੍ਹਾਂ ਨੇ ਲਾਹੌਰ ਦਰਬਾਰ ਵਿੱਚ ਨੌਕਰੀ ਪ੍ਰਾਪਤ ਕੀਤੀ। ਉਸ ਨੇ ਬਹੁਤ ਵਫ਼ਾਦਾਰੀ ਨਾਲ ਖ਼ਾਲਸਾ ਫ਼ੌਜ ਨੂੰ ਪੱਛਮੀ ਪਰੇਡ, ਯੁੱਧ ਕਲਾ ਅਤੇ ਪੈਦਲ ਲੜਾਈ ਵਿੱਚ ਨਿਪੁੰਨ ਕੀਤਾ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ੇਸ਼ ਦਸਤੇ, ਫ਼ੌਜ-ਏ-ਖ਼ਾਸ ਬ੍ਰਿਗੇਡ ਦੀ ਸਥਾਪਨਾ ਕੀਤੀ। ਜਨਰਲ ਦੇ ਅਹੁਦੇ ਤੋਂ ਇਲਾਵਾ ਮਹਾਰਾਜੇ ਨੇ ਉਸ ਨੂੰ ਲਾਹੌਰ ਦੇ ਕਾਜ਼ੀ ਦੀ ਪਦਵੀ ਦਿੱਤੀ ਤੇ ਕਈ ਸੂਬਿਆਂ ਦੀ ਗਵਰਨਰੀ ਵੀ ਬਖ਼ਸ਼ੀ ਸੀ। ਉਹ ਪੰਜਾਬ ਦਾ ਮੁੱਢਲਾ ਸਿੱਕਾ ਖੋਜੀ ਸੀ। ਉਸ ਨੇ ਵਫ਼ਾਦਾਰੀ ਨਾਲ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦੀ ਸੇਵਾ ਕੀਤੀ। ਮਹਾਰਾਜਾ ਸ਼ੇਰ ਸਿੰਘ ਦੀ ਹੱਤਿਆ ਤੋਂ ਬਾਅਦ ਉਸ ਨੇ 1843 ਵਿੱਚ ਪੰਜਾਬ ਛੱਡ ਦਿਤਾ ਤੇ ਫਰਾਂਸ ਚਲਾ ਗਿਆ। 3 ਅਪਰੈਲ 1858 ਨੂੰ ਫਰਾਂਸ ਦੇ ਸ਼ਹਿਰ ਲਾਰਡੈਨ ਵਿੱਚ ਉਸ ਦੀ ਮੌਤ ਹੋ ਗਈ।

**ਪਾਵਲੋ ਐਵੀਟੈਬਾਈਲ: **

ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਆਲੀਵਾਲ ਦੀ ਲੜਾਈ ਵਿੱਚ ਜਨਰਲ ਐਵੀਟੈਬਾਈਲ ਦੀਆਂ ਪਲਟਣਾਂ ਨੇ ਹੀ ਬ੍ਰਿਟਿਸ਼ ਫ਼ੌਜ ਦਾ ਸਾਹਮਣਾ ਕੀਤਾ ਸੀ। ਐਵੀਟੈਬਾਈਲ ਦਾ ਪੂਰਾ ਨਾਂ ਪਾਵਲੋ ਕਰੈਸੈਨਜ਼ੋ ਮਾਰਟੀਨੋ ਐਵੀਟੈਬਾਈਲ ਸੀ। ਉਸ ਦਾ ਜਨਮ 25 ਅਕਤੂਬਰ 1791 ਨੂੰ ਇਟਲੀ ਦੇ ਕਸਬੇ ਅਗੇਰੋਲਾ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਨੇ ਫਰਾਂਸ ਦੀ ਸੈਨਾ ਵਿੱਚ ਭਰਤੀ ਹੋ ਕੇ ਨੈਪੋਲੀਅਨ ਵੱਲੋਂ ਅਨੇਕਾਂ ਯੁੱਧਾਂ ਵਿੱਚ ਹਿੱਸਾ ਲਿਆ। ਵਾਟਰਲੂ ਦੇ ਯੁੱਧ ਤੋਂ ਬਾਅਦ ਉਹ ਪੂਰਬ ਵੱਲ ਚੱਲ ਪਿਆ। 1827 ਵਿੱਚ ਉਹ ਖ਼ਾਲਸਾ ਫ਼ੌਜ ਵਿੱਚ ਭਰਤੀ ਹੋ ਗਿਆ। ਮਹਾਰਾਜੇ ਨੇ ਉਸ ਨੂੰ ਫ਼ੌਜ ਦੇ ਨਾਲ ਨਾਲ ਕਈ ਦੀਵਾਨੀ ਜ਼ਿੰਮੇਵਾਰੀਆਂ ਵੀ ਸੌਂਪੀਆਂ। 1829 ਵਿੱਚ ਉਸ ਨੂੰ ਵਜ਼ੀਰਾਬਾਦ ਤੇ 1837 ਵਿੱਚ ਹਰੀ ਸਿੰਘ ਨਲਵਾ ਤੋਂ ਬਾਅਦ ਪਿਸ਼ਾਵਰ ਦਾ ਗਵਰਨਰ ਥਾਪਿਆ ਗਿਆ। ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਉਹ ਇਟਲੀ ਚਲਾ ਗਿਆ। ਉਸ ਨੇ ਸਾਨ ਲਜ਼ੈਰੋ ਵਿੱਚ ਇੱਕ ਵਿਸ਼ਾਲ ਮਹਿਲ ਤਾਮੀਰ ਕਰਵਾਇਆ ਪਰ ਜਲਦੀ ਉਸ ਦੀ ਮੌਤ ਹੋ ਗਈ।

**ਕਲੌਡ ਔਗਸਟੇ ਕੋਰਟ: **

ਕੋਰਟ ਦਾ ਜਨਮ 24 ਸਤੰਬਰ 1793 ਨੂੰ ਫਰਾਂਸ ਦੇ ਸ਼ਹਿਰ ਸੇਂਟ ਸੇਜ਼ਾਰੇ ਸੁਰ ਸੀਆਨੇ ਵਿੱਚ ਇੱਕ ਕੁਲੀਨ ਪਰਿਵਾਰ ਵਿੱਚ ਹੋਇਆ ਸੀ। 1813 ਵਿੱਚ 20 ਸਾਲ ਦੀ ਉਮਰ ਵਿੱਚ ਉਹ ਫਰਾਂਸ ਦੀ ਪੈਦਲ ਫ਼ੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋ ਗਿਆ। 1815 ਵਿੱਚ ਵਾਟਰਲੂ ਦੀ ਜੰਗ ਤੋਂ ਬਾਅਦ ਨਵੀਂ ਫਰਾਂਸੀਸੀ ਸਰਕਾਰ ਨੇ ਉਸ ਨੂੰ ਨੈਪੋਲੀਅਨ ਦੇ ਹੋਰ ਵਫ਼ਾਦਾਰ ਅਫ਼ਸਰਾਂ ਸਮੇਤ ਫ਼ੌਜ ਵਿੱਚੋਂ ਬਰਖ਼ਾਸਤ ਕਰ ਦਿੱਤਾ। 1827 ਵਿੱਚ ਉਹ ਲਾਹੌਰ ਦਰਬਾਰ ਪਹੁੰਚ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਖ਼ਾਲਸਾ ਤੋਪਖ਼ਾਨੇ ਨੂੰ ਆਧੁਨਿਕ ਲੀਹਾਂ ਉੱਤੇ ਢਾਲਣ ਦੀ ਜ਼ਿੰਮੇਵਾਰੀ ਸੌਂਪੀ। ਨਵੀਆਂ ਤੋਪਾਂ ਢਾਲਣਾ, ਗੋਲਾ ਬਾਰੂਦ ਦੀ ਤਿਆਰੀ, ਤੋਪਚੀਆਂ ਦੀ ਸਿਖਲਾਈ ਤੇ ਯੁੱਧ ਖੇਤਰ ਵਿੱਚ ਦਾਗਣ ਦੀ ਜ਼ਿੰਮੇਵਾਰੀ ਉਸ ਕੋਲ ਸੀ। ਉਸ ਨੇ ਇਹ ਕੰਮ ਵਫ਼ਾਦਾਰੀ ਤੇ ਨਿਪੁੰਨਤਾ ਨਾਲ ਸਿਰੇ ਚੜ੍ਹਾਇਆ। ਉਸ ਨੇ ਪੇਸ਼ਾਵਰ ਤੇ ਜਮਰੌਦ ਦੀ ਜੰਗ ਵਿੱਚ ਬੇਮਿਸਾਲ ਬਹਾਦਰੀ ਵਿਖਾਈ। 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਅਤੇ ਜਨਰਲ ਵੈਨਤੂਰਾ ਨੇ ਸੱਤਾ ਸੰਘਰਸ਼ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਸਾਥ ਦਿੱਤਾ। ਸਤੰਬਰ 1843 ਵਿੱਚ ਮਹਾਰਾਜਾ ਸ਼ੇਰ ਸਿੰਘ ਤੇ ਸ਼ਹਿਜ਼ਾਦਾ ਪ੍ਰਤਾਪ ਸਿੰਘ ਦੇ ਕ ਤ ਲ ਤੋਂ ਬਾਅਦ ਉਸ ਨੇ ਅੰਗਰੇਜ਼ਾਂ ਦੇ ਇਲਾਕੇ ਫ਼ਿਰੋਜ਼ਪੁਰ ਵਿੱਚ ਸ਼ਰਨ ਲੈ ਲਈ। 1844 ਵਿੱਚ ਉਹ ਵਾਪਸ ਫਰਾਂਸ ਚਲਾ ਗਿਆ। 1880 ਵਿੱਚ ਉਸ ਦੀ ਪੈਰਿਸ ਵਿੱਚ ਮੌਤ ਹੋ ਗਈ।

**ਕਰਨਲ ਅਲੈਗਜ਼ੈਂਡਰ ਗਾਰਡਨਰ: **

ਗਾਰਡਨਰ ਦਾ ਪੂਰਾ ਨਾਂ ਅਲੈਗਜ਼ੈਂਡਰ ਹੌਟਨ ਕੈਂਪਬੈਲ ਗਾਰਡਨਰ ਸੀ। ਉਸ ਦਾ ਜਨਮ ਅਮਰੀਕਾ ਦੇ ਸੂਬੇ ਵਿਸਕੌਨਸਿਨ ਵਿੱਚ ਹੋਇਆ। 1809 ਵਿੱਚ ਉਹ ਆਇਰਲੈਂਡ ਚਲਾ ਗਿਆ ਤੇ 1817 ਵਿੱਚ ਰੂਸ ਪਹੁੰਚ ਗਿਆ। ਉਸ ਨੇ ਰੂਸੀ ਫ਼ੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ। 1831 ਵਿੱਚ ਉਹ ਲਾਹੌਰ ਦਰਬਾਰ ਪੁੱਜਿਆ ਤੇ ਉਸ ਨੂੰ ਕਰਨਲ ਰੈਂਕ ਦੇ ਕੇ ਇੱਕ ਤੋਪਖ਼ਾਨਾ ਬ੍ਰਿਗੇਡ ਦਾ ਕਮਾਂਡਰ ਥਾਪਿਆ ਗਿਆ। ਗਾਰਡਨਰ ਦੀ ਡੋਗਰਿਆਂ ਨਾਲ ਬਹੁਤ ਬਣਦੀ ਸੀ। ਧਿਆਨ ਸਿੰਘ ਡੋਗਰਾ, ਮਹਾਰਾਜਾ ਖੜਕ ਸਿੰਘ ਦੇ ਦੋਸਤ ਚੇਤ ਸਿੰਘ ਬਾਜਵਾ ਨੂੰ ਕਤਲ ਕਰਨ ਵੇਲੇ ਗਾਰਡਨਰ ਨੂੰ ਨਾਲ ਲੈ ਕੇ ਗਿਆ ਸੀ। ਉਸ ਦੀ ਮੌਤ 1877 ਵਿੱਚ ਕਸ਼ਮੀਰ ਵਿੱਚ ਹੋਈ।

**ਜੇਸੀਆ ਹਰਲੇਨ: **

ਹਰਲੇਨ ਦਾ ਜਨਮ 12 ਜੂਨ 1799 ਨੂੰ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੇ ਸ਼ਹਿਰ ਨਿਊਲਿਨ ਟਾਊਨਸ਼ਿਪ ਵਿੱਚ ਹੋਇਆ। ਉਸ ਦੀ ਮੈਡੀਕਲ ਸਾਇੰਸ ਵਿੱਚ ਰੁਚੀ ਸੀ ਪਰ ਮੈਡੀਕਲ ਕਾਲਜ ਵਿੱਚ ਦਾਖ਼ਲਾ ਹਾਸਲ ਨਾ ਕਰ ਸਕਿਆ। ਉਹ ਆਪਣੇ ਆਪ ਨੂੰ ਡਾਕਟਰ ਕਹਾਉਣਾ ਪਸੰਦ ਕਰਦਾ ਸੀ। 1820 ਉਸ ਨੇ ਇੱਕ ਸਮੁੰਦਰੀ ਜਹਾਜ਼ ਵਿੱਚ ਨੌਕਰੀ ਪ੍ਰਾਪਤ ਕਰ ਲਈ ਤੇ ਚੀਨ ਅਤੇ ਕਲਕੱਤਾ ਦੀ ਯਾਤਰਾ ਕੀਤੀ। ਉਸ ਵੇਲੇ ਈਸਟ ਇੰਡੀਆ ਕੰਪਨੀ ਦਾ ਬਰਮਾ ਨਾਲ ਯੁੱਧ ਸ਼ੁਰੂ ਹੋਣ ਵਾਲਾ ਸੀ ਤੇ ਕੰਪਨੀ ਨੂੰ ਡਾਕਟਰਾਂ ਦੀ ਜ਼ਰੂਰਤ ਸੀ। ਉਸ ਨੇ ਬਿਨਾਂ ਕਿਸੇ ਡਿਗਰੀ ਤੋਂ ਕੰਪਨੀ ਵਿੱਚ ਮੈਡੀਕਲ ਸਰਜਨ ਦੀ ਨੌਕਰੀ ਪ੍ਰਾਪਤ ਕਰ ਲਈ। ਉਹ ਜੰਗ ਵਿੱਚ ਜ਼ਖ਼ਮੀ ਹੋ ਗਿਆ ਤੇ ਵਾਪਸ ਕਲਕੱਤੇ ਆ ਗਿਆ।

ਕੁਝ ਸਾਲਾਂ ਬਾਅਦ ਉਸ ਨੇ ਕੰਪਨੀ ਛੱਡ ਦਿੱਤੀ ਤੇ ਵੈਨਤੂਰਾ ਦੀ ਸਿਫ਼ਾਰਸ਼ ਨਾਲ 1929 ਵਿੱਚ ਲਾਹੌਰ ਦਰਬਾਰ ਵਿੱਚ ਨੌਕਰੀ ਪ੍ਰਾਪਤ ਕਰ ਲਈ। ਮਹਾਰਾਜੇ ਨੇ ਉਸ ਨੂੰ ਪਹਿਲਾਂ ਨੂਰਪੂਰ-ਜਸਰੋਟਾ ਤੇ 1832 ਵਿੱਚ ਗੁਜਰਾਤ ਦਾ ਗਵਰਨਰ ਥਾਪ ਦਿੱਤਾ। ਉਹ ਮਹਾਰਾਜੇ ਦਾ ਨਿੱਜੀ ਡਾਕਟਰ ਸੀ। ਮਹਾਰਾਜੇ ਦੀ ਮੌਤ ਤੋਂ ਬਾਅਦ ਕੁਝ ਦੇਰ ਅਫ਼ਗਾਨਿਸਤਾਨ ਰਹਿ ਕੇ ਉਹ ਵਾਪਸ ਅਮਰੀਕਾ ਚਲਾ ਗਿਆ। ਉਹ ਸਾਂ-ਫਰਾਂਸਿਸਕੋ ਵਿੱਚ ਵਸ ਗਿਆ। 1871 ਵਿੱਚ ਟੀ.ਬੀ. ਕਾਰਨ ਉਸ ਦੀ ਮੌਤ ਹੋ ਗਈ।

**ਬਲਭੱਦਰ ਕੁੰਵਰ: **

ਬਲਭੱਦਰ ਦਾ ਜਨਮ ਨੇਪਾਲ ਦੇ ਸ਼ਹਿਰ ਭਾਵਨਕੋਟ ਵਿੱਚ 1785 ਦੇ ਆਸ ਪਾਸ ਹੋਇਆ ਸੀ। ਉਸ ਦੇ ਪਿਤਾ ਤੇ ਦਾਦੇ ਨੇਪਾਲ ਦੀ ਸੈਨਾ ਵਿੱਚ ਨੌਕਰੀ ਕਰਦੇ ਸਨ। ਜਵਾਨ ਹੋਣ ਉੱਤੇ ਬਲਭੱਦਰ ਵੀ ਨੇਪਾਲੀ ਫ਼ੌਜ ਵਿੱਚ ਭਰਤੀ ਹੋ ਗਿਆ। 1814-1816 ਵਿੱਚ ਹੋਏ ਐਂਗਲੋ-ਨੇਪਾਲ ਯੁੱਧਾਂ ਵਿੱਚ ਗੋਰਖੇ ਹਾਰ ਗਏ। ਉਨ੍ਹਾਂ ਨੂੰ ਸਾਰਾ ਭਾਰਤੀ ਖੇਤਰ ਛੱਡਣਾ ਪਿਆ। ਬਲਭੱਦਰ ਇਸ ਜੰਗ ਵਿੱਚ ਕਈ ਵਾਰ ਜ਼ਖ਼ਮੀ ਹੋਇਆ। ਜੰਗ ਤੋਂ ਬਾਅਦ ਉਹ ਹੋਰ ਅਨੇਕਾਂ ਗੋਰਖਿਆਂ ਸਮੇਤ ਲਾਹੌਰ ਦਰਬਾਰ ਪਹੁੰਚ ਗਿਆ। ਮਹਾਰਾਜੇ ਨੇ ਕਈ ਗੋਰਖਾ ਰੈਜਮੈਂਟਾਂ ਤਿਆਰ ਕੀਤੀਆਂ ਤੇ ਬਲਭੱਦਰ ਨੂੰ ਉਨ੍ਹਾਂ ਦਾ ਜਨਰਲ ਨਿਯੁੱਕਤ ਕਰ ਦਿੱਤਾ। ਉਸ ਨੇ ਕਈ ਯੁੱਧਾਂ ਵਿੱਚ ਹਿੱਸਾ ਲਿਆ ਤੇ ਮਾਰਚ 1823 ਨੂੰ ਨੌਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਸਮੇਤ ਸ਼ਹੀਦੀ ਪ੍ਰਾਪਤ ਕਰ ਗਿਆ।

**ਜੌਹਨ ਹੋਮਜ਼: **

ਅੰਗਰੇਜ਼ ਪਿਤਾ ਤੇ ਭਾਰਤੀ ਮਾਤਾ ਦਾ ਪੁੱਤਰ ਹੋਮਜ਼ ਐਂਗਲੋ ਇੰਡੀਅਨ ਸੀ। ਉਹ ਖ਼ਾਲਸਾ ਫ਼ੌਜ ਵਿੱਚ ਸ਼ਾਮਲ ਹੋਣ ਵਾਲਾ ਆਖ਼ਰੀ ਵਿਦੇਸ਼ੀ ਸੀ। ਉਹ ਈਸਟ ਇੰਡੀਆ ਕੰਪਨੀ ਦੀ ਬੰਗਾਲ ਹਾਰਸ ਆਰਟਿਲਰੀ ਵਿੱਚ ਬਤੌਰ ਬਿਗਲਰ (ਸਿਪਾਹੀ) ਭਰਤੀ ਹੋਇਆ ਸੀ। ਤਰੱਕੀ ਨਾ ਹੁੰਦੀ ਵੇਖ ਕੇ 1829 ਵਿੱਚ ਅਸਤੀਫ਼ਾ ਦੇ ਕੇ ਲਾਹੌਰ ਪਹੁੰਚ ਗਿਆ ਤੇ ਖ਼ਾਲਸਾ ਫ਼ੌਜ ਵਿੱਚ ਭਰਤੀ ਹੋ ਗਿਆ। ਉਸ ਨੇ ਪਿਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਵਿੱਚ ਹਿੱਸਾ ਲਿਆ। ਉਸ ਨੇ 2 ਸਾਲ ਗੁਜਰਾਤ ਦੇ ਦੀਵਾਨ ਦਾ ਕੰਮ ਵੀ ਕੀਤਾ। ਉਹ ਗੱਦਾਰ ਸੀ। ਕੰਪਨੀ ਨੇ ਉਸ ਨੂੰ ਖ਼ੁਦ ਹੀ ਲਾਹੌਰ ਦਰਬਾਰ ਵਿੱਚ ਫਿੱਟ ਕੀਤਾ ਸੀ। ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਲਾਲ ਸਿੰਘ, ਤੇਜ ਸਿੰਘ ਨਾਲ ਮਿਲ ਕੇ ਉਸੇ ਨੇ ਸਾਰੀ ਜਾਣਕਾਰੀ ਅੰਗਰੇਜ਼ਾਂ ਨੂੰ ਪਹੁੰਚਾਈ ਸੀ। 1848 ਵਿੱਚ ਉਸ ਨੂੰ ਕਰਨਲ ਦਾ ਰੈਂਕ ਦੇ ਕੇ ਬੰਨੂ ਦਾ ਗਵਰਨਰ ਥਾਪਿਆ ਗਿਆ ਪਰ ਉਸ ਦੇ ਅਧੀਨ ਸਿੱਖ ਫ਼ੌਜ ਨੇ ਬਗਾਵਤ ਕਰ ਦਿੱਤੀ ਤੇ ਉਸ ਨੂੰ ਕ ਤ ਲ ਕਰ ਦਿੱਤਾ।

Check Also

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

-ਸਨਦੀਪ ਸਿੰਘ ਤੇਜਾ ਇਨ੍ਹਾਂ ਕਿਸਾਨੀ ਕਾਨੂੰਨਾਂ ਦਾ ਸਿਰਫ਼ ਕਿਸਾਨਾਂ ਤੇ ਹੀ ਭਾਰ ਪਵੇਗਾ ਕਿ ਹੋਰ …

%d bloggers like this: